ਮੁੱਖ ਮੰਤਰੀ ਲੜਨਗੇ ਲੰਬੀ ਤੋਂ ਚੋਣ
ਸੇਖਵਾਂ ਨੂੰ ਛੱਡ ਕੇ ਸਾਰੇ ਮੰਤਰੀਆਂ ਨੂੰ ਮਿਲਿਆ ਟਿਕਟ
ਗੁਰੂ ਨੂੰ ਭਦੌੜ ਤੇ ਸਾਬਕਾ ਡੀ. ਜੀ. ਪੀ. ਗਿੱਲ ਨੂੰ ਮੋਗਾ ਤੋਂ ਮਿਲੀ ਟਿਕਟ

ਚੰਡੀਗੜ੍ਹ, 23 ਦਸੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀਰਵਾਰ ਨੂੰ 94 'ਚੋਂ 48 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 12 ਨਵੇਂ ਚਿਹਰਿਆਂ ਨੂੰ ਮੈਦਾਨ 'ਤੇ ਉਤਾਰਿਆ ਗਿਆ ਹੈ।
ਜਾਰੀ ਸੂਚੀ  ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਵੀ ਲੰਬੀ ਵਿਧਾਨ ਸਭਾ ਹਲਕੇ ਤੋਂ ਹੀ ਚੋਣ ਲੜਨਗੇ। ਇਸ ਤੋਂ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਮੁੱਖ ਮੰਤਰੀ ਸ਼ਾਇਦ ਗਿੱਦੜਬਾਹਾ ਤੋਂ ਚੋਣ ਲੜਣਗੇ ਕਿਉਂਕਿ  ਮਨਪ੍ਰੀਤ ਬਾਦਲ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਜੇਕਰ ਮੁੱਖ ਮੰਤਰੀ ਲੰਬੀ ਤੋਂ ਚੋਣ ਲੜਨਗੇ ਤਾਂ ਉਨ੍ਹਾਂ ਦੇ ਪਿਤਾ ਗੁਰਦਾਸ ਬਾਦਲ ਉਨ੍ਹਾਂ ਦੇ ਮੁਕਾਬਲੇ 'ਚ ਉਮੀਦਵਾਰ ਹੋਣਗੇ। ਮੁੱਖ ਮੰਤਰੀ ਦੇ ਸਾਬਕਾ ਪ੍ਰਧਾਨ  ਸਕੱਤਰ ਦਰਬਾਰਾ ਸਿੰਘ ਗੁਰੂ ਤੇ ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਨੂੰ ਵੀ ਉਮੀਦਵਾਰ ਐਲਾਨ ਕੇ ਉਨ੍ਹਾਂ ਦੇ ਨਾਂ 'ਤੇ ਚੱਲ ਰਹੀਆਂ ਚਰਚਾਵਾਂ 'ਤੇ ਰੋਕ ਲਗਾ ਦਿੱਤੀ।
ਸੁਖਬੀਰ ਬਾਦਲ ਨੇ ਵੀਰਵਾਰ ਨੂੰ ਜੋ ਸੂਚੀ ਜਾਰੀ ਕੀਤੀ ਉਸ 'ਚ ਸਿੱਖਿਆ ਮੰਤਰੀ ਸੇਵਾ ਸੰਘ ਸੇਖਵਾਂ ਨੂੰ ਛੱਡ ਕੇ ਸਾਰੇ ਮੰਤਰੀਆਂ ਨੂੰ ਟਿਕਟ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਨੂੰ ਲੰਬੀ, ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਫਤਿਹਗੜ੍ਹ ਚੂੜੀਆਂ, ਸੁੱਚਾ ਸਿੰਘ ਲੰਗਾਹ ਨੂੰ ਡੇਰਾ ਬਾਬਾ ਨਾਨਕ, ਗੁਲਜਾਰ ਸਿੰਘ ਰਣੀਕੇ  ਨੂੰ ਅਟਾਰੀ, ਰਣਜੀਤ ਸਿੰਘ ਬ੍ਰਹਮਪੁਰਾ ਨੂੰ ਖਡੂਰ ਸਾਹਿਬ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ, ਬੀਬੀ ਉਪਿੰਦਰਜੀਤ ਕੌਰ  ਸੁਲਤਾਨਪੁਰ ਲੋਧੀ, ਅਜੀਤ ਸਿੰਘ ਕੋਹਾੜ ਨੂੰ ਸ਼ਾਹਕੋਟ, ਹੀਰਾ ਸਿੰਘ ਗਾਬੜੀਆ ਨੂੰ ਆਤਮਨਗਰ ਲੁਧਿਆਣਾ, ਪਰਮਿੰਦਰ ਸਿੰਘ ਢੀਂਡਸਾ  ਨੂੰ ਸੁਨਾਮ ਤੇ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਮੰਡੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਜਾਰੀ ਸੂਚੀ 'ਚ 12 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚ ਮੁੱਖ ਮੰਤਰੀ ਇਨ੍ਹਾਂ 'ਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਹੇ ਦਰਬਾਰਾ ਸਿੰਘ ਗੁਰੂ ਨੂੰ ਭਦੌੜ (ਰਿਜ਼ਰਵ), ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਨੂੰ ਮੋਗਾ, ਲੁਧਿਆਣਾ ਤੋਂ ਬਲਵਿੰਦਰ ਸਿੰਘ ਬੈਂਸ, ਦਾਖਾ ਤੋਂ ਮਨਪ੍ਰੀਤ ਸਿੰਘ ਅਯਾਲੀ, ਸਰਦੂਲਗੜ੍ਹ ਤੋਂ ਦਿਲਰਾਜ ਸਿੰਘ ਭੂੰਦੜ, ਪਟਿਆਲਾ ਰੂਰਲ ਤੋਂ ਕੁਲਦੀਪ ਕੌਰ ਟੋਹੜਾ, ਘਨੌਰ ਤੋਂ ਹਰਪ੍ਰੀਤ ਕੌਰ ਮੁਖਮੇਲਪੁਰ, ਫਰੀਦਕੋਟ ਤੋਂ ਦੀਪ ਮਲਹੋਤਰਾ, ਗੁਰੂ ਹਰਸਹਏ ਤੋਂ ਬਰਦੇਵ ਸਿੰਘ ਮਾਨ ਤੇ ਜਗਰਾਓਂ ਤੋਂ ਰਿਟਾਇਰ ਪੀ. ਸੀ. ਐਸ. ਅਧਿਕਾਰੀ ਸ਼ਿਵਰਾਮ ਕਲੇਰ , ਸ਼ੁਤਰਾਣਾ ਤੋਂ ਵਨਿੰਦਰ ਕੌਰ ਤੇ ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ, ਰਾਜਾਸਾਂਸੀ ਤੋਂ ਵੀਰ ਸਿੰਘ ਲੋਪੋਕੇ, ਮਜੀਠਾ ਤੋਂ ਵਿਕਰਮ ਮਜੀਠੀਆ, ਅੰਮ੍ਰਿਤਸਰ ਸਾਊਥ ਤੋਂ ਇੰਦਰਬੀਰ ਸਿੰਘ ਬੁਲਾਰੀਆ, ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਭੁਲੱਥ ਤੋਂ ਬੀਬੀ ਜਗੀਰ ਕੌਰ, ਕਪੂਰਥਲਾ ਤੋਂ ਸਰਬਜੀਤ ਸਿੰਘ ਮੱਕੜ, ਸ਼ਾਮ ਚੁਰਾਸੀ (ਰਿਜ਼ਰਵ) ਤੋਂ ਮਹਿੰਦਰ ਕੌਰ ਜੋਸ਼, ਚੱਬੇਵਾਲੀ (ਰਿਜ਼ਰਵ) ਸੋਹਨ ਸਿੰਘ ਠੰਡਲ, ਬਲਾਚੌਰ ਤੋਂ ਨੰਦ ਲਾਲ ਗਿੱਲ, ਦਰਸ਼ਨ ਸਿੰਘ ਸ਼ਿਵਾਲਿਕ, ਕੋਟਕਪੂਰਾ ਮੋਂਤਾਰ ਸਿੰਘ ਬਰਾੜ, ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਬਠਿੰਡਾ ਸ਼ਹਿਰੀ ਸਰੂਪ ਚੰਦ ਸਿੰਗਲਾ, ਤਲਵੰਡੀ ਸਾਬੋ ਅਮਰਜੀਤ ਸਿੰਘ ਸਿੱਧੂ, ਬਰਨਾਲਾ ਮਲਕੀਤ ਸਿੰਘ ਕੀਤੂ, ਸਨੌਰ ਤੋਂ ਤਜਿੰਦਰ ਸਿੰਘ ਸੰਧੂ, ਸਮਾਣਾ ਤੋਂ ਸੁਰਜੀਤ ਸਿੰਘ ਰਖੜਾ, ਜੀਰਾ ਤੋਂ ਹਰੀ ਸਿੰਘ ਜ਼ੀਰਾ, ਧਰਮਕੋਟ ਤੋਂ ਤੋਤਾ ਸਿੰਘ, ਖਰੜ ਤੋਂ ਉਜਾਗਰ ਸਿੰਘ ਵਡਾਲੀ, ਮਲੋਟ ਤੋਂ ਹਰਪ੍ਰੀਤ ਸਿੰਘ, ਜੈਤੋ ਤੋਂ ਗੁਰਦੇਵ ਸਿੰਘ ਬਾਦਲ ਤੇ ਸਾਹਨੇਵਾਲ ਤੋਂ ਸ਼ਰਨਜੀਤ ਸਿੰਘ ਢਿੱਲੋਂ  ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਅਕਾਲੀ ਦਲ ਨੇ 6 ਮਹਿਲਾਵਾਂ ਨੂੰ ਟਿਕਟ ਦਿੱਤਾ ਹੈ ਜਿਨ੍ਹਾਂ 'ਚ 3 ਨਵੇਂ ਚਿਹਰੇ ਹਨ। ਨਵੇਂ ਚਿਹਰਿਆਂ 'ਚ ਗੁਰਚਰਨ ਸਿੰਘ ਟੌਹੜਾ ਦੀ ਪੁੱਤਰੀ ਕੁਲਦੀਪ ਕੌਰ ਟੌਹੜਾ, ਹਰਪ੍ਰੀਤ ਕੌਰ ਮੁਖਮੇਲਪੁਰ ਤੇ ਵਨਿੰਦਰ ਕੌਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ  ਡਾ. ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ, ਮਹਿੰਦਰ ਕੌਰ ਜੋਸ਼ ਨੂੰ ਵੀ ਉਮੀਦਵਾਰ ਐਲਾਨਿਆ ਗਿਆ ਹੈ।
  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਧਾਨ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਹੈ। ਉਧਰ ਉਨਾਂ ਦੀ ਥਾਂ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਐਸ. ਕੇ. ਸੰਧੂ ਨੂੰ ਮੁੱਖ ਮੰਤਰੀ ਦਾ ਪ੍ਰਧਾਨ ਸਕੱਤਰ  ਲਗਾ ਦਿੱਤਾ ਗਿਆ ਹੈ। ਗੁਰੂ ਨੇ ਅਕਾਲੀ ਦਲ ਤੋਂ ਟਿਕਟ ਲੈਣ ਤੋਂ ਪਹਿਲਾਂ ਵੀਰਵਾਰ ਨੂੰ ਰਿਟਾਇਰਮੈਂਟ ਲੈ ਲਈ ਸੀ।