'ਇਕ ਨੂੰ ਕੀ ਰੋਨੀ ਏ, ਸਾਰੇ ਮਰਨਗੇ... ਇਥੇ ਬਾਂਦਰ ਕਲੋਲਾਂ ਕਰਨਗੇ
ਸਵਾਲ : ਤੁਸੀਂ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਕਿਉਂ ਹੋ ਰਹੇ ਹੋ?
ਜਵਾਬ : ਮੈਂ ਬੀਤੇ 45 ਸਾਲ ਤੋਂ ਅਕਾਲੀ ਦਲ 'ਚ ਕੰਮ ਕਰ ਰਿਹਾ ਹਾਂ। ਅਸਲ 'ਚ ਮੇਰਾ ਜਨਮ ਹੀ ਅਕਾਲੀ ਦਲ 'ਚ ਹੋਇਆ। ਮੇਰਾ ਪੁੱਤਰ ਰਾਜਨ ਗਰਗ ਜੋ ਅਜੇ ਹਾਲ ਹੀ 'ਚ ਬਠਿੰਡਾ ਜ਼ਿਲਾ ਬਾਰ ਐਸੋਸੀਏਸ਼ਨ ਦਾ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ ਉਹ ਵੀ ਅਕਾਲੀ ਦਲ ਦਾ ਹੀ ਮੈਂਬਰ ਹੈ। ਇਥੋਂ ਤਕ ਕਿ ਮੇਰਾ ਪੋਤਾ ਵੀ ਅਕਾਲੀ ਦਲ ਦਾ ਮੈਂਬਰ ਹੈ ਪਰ ਬੀਤੇ 5 ਸਾਲ ਮੇਰੇ ਲਈ ਬਹੁਤ ਨਮੋਸ਼ੀ ਭਰੇ ਰਹੇ ਤੇ ਮੈਨੂੰ ਜ਼ਲੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਤੋਂ ਤੰਗ ਆ ਕੇ ਮੈਂ ਕਾਂਗਰਸ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਸਵਾਲ : ਤੁਸੀਂ ਅਕਾਲੀ ਦਲ 'ਚ ਆਪਣੀ ਦੁਰਦਸ਼ਾ ਦਾ ਜ਼ਿਕਰ ਕਰੋ?
ਜਵਾਬ : ਸਾਲ 2007 'ਚ ਮੈਨੂੰ ਅਕਾਲੀ ਦਲ ਨੇ ਵਿਧਾਨ ਸਭਾ ਦੀ ਚੋਣ ਲੜਨ ਲਈ ਟਿਕਟ ਦੇਣ ਦਾ ਐਲਾਨ ਕੀਤਾ। ਅਰਦਾਸ ਵੀ ਕੀਤੀ ਗਈ ਤੇ ਮੇਰੇ ਚੋਣ ਦਫਤਰ ਦਾ ਉਦਘਾਟਨ ਵੀ ਕਰ ਦਿੱਤਾ ਗਿਆ ਪਰ ਕੁਝ ਹੀ ਦੇਰ ਬਾਅਦ ਟਿਕਟ ਕਿਸੇ ਹੋਰ ਨੂੰ ਇਹ ਕਹਿ ਕੇ ਦੇ ਦਿੱਤੀ ਗਈ ਕਿ ਇਕ ਸਰਵੇਖਣ ਅਨੁਸਾਰ ਮੈਂ ਚੋਣਾਂ 5000 ਵੋਟਾਂ ਨਾਲ ਹਾਰ ਜਾਵਾਂਗਾ ਜਦਕਿ ਜਿਸ ਨੂੰ ਟਿਕਟ ਦਿੱਤੀ ਗਈ ਉਹ 16000 ਵੋਟਾਂ ਨਾਲ ਹਾਰ ਗਿਆ।
ਸਵਾਲ : ਅਜੇ ਹਾਲ ਹੀ 'ਚ ਤੁਹਾਨੂੰ ਪਾਰਟੀ ਤੋਂ ਕੱਢੇ ਜਾਣ 'ਤੇ ਫਿਰ ਵਾਪਸ ਲਏ ਜਾਣ ਪਿੱਛੇ ਕੀ ਘਟਨਾਕਰਮ ਹੈ?
ਜਵਾਬ : ਇਹ ਘਟਨਾਕ੍ਰਮ ਇਹ ਦਰਸਾਉਂਦਾ ਹੈ ਕਿ ਪਾਰਟੀ ਦੀ ਕਾਰਜਸ਼ੈਲੀ ਠੀਕ ਨਹੀਂ ਹੈ। ਪਾਰਟੀ ਦੇ ਉਪ ਪ੍ਰਧਾਨ, ਪੀ. ਏ. ਸੀ. ਦੇ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਨੂੰ ਇਸ ਤਰ੍ਹਾਂ ਕੱਢਿਆ ਜਾਣਾ ਕੋਈ ਮਜ਼ਾਕ ਹੈ? ਪਾਰਟੀ ਕਿਸੇ ਇਕ ਦੀ ਨਹੀਂ ਬਲਕਿ ਸਭ ਦੀ ਹੁੰਦੀ ਹੈ।
ਸਵਾਲ : ਪਾਰਟੀ ਲੀਡਰਸ਼ਿਪ ਵਲੋਂ ਤੁਹਾਡੇ ਨਾਲ ਕੋਈ ਹੋਰ ਬਦਸਲੂਕੀ ਹੋਈ?
ਜਵਾਬ : ਮੈਨੂੰ ਬਿਨਾਂ ਕਿਸੇ ਕਾਰਨ ਥਾਣੇ 'ਚ ਬੁਲਾਇਆ ਗਿਆ। ਜਦ ਮੈਂ ਐੱਸ. ਐੱਚ. ਓ ਤੋਂ ਪੁੱਛਿਆ ਕਿ ਦੱਸੋ ਕਿ ਮੇਰੇ ਵਿਰੁੱਧ ਕੀ ਦੋਸ਼ ਹਨ, ਕਿਹੜੀ ਐੱਫ. ਆਈ. ਆਰ. ਹੈ ਤੇ ਕੀ ਵਰੰਟ ਵੀ ਹੈ ਜਾਂ ਨਹੀਂ ਤਾਂ ਐੱਸ. ਐੱਚ. ਓ. ਨੇ ਕਿਹਾ ਕਿ ਸਾਨੂੰ ਤਾਂ ਉਪਰ ਤੋਂ ਆਰਡਰ ਹੈ ਤੁਹਾਨੂੰ ਥਾਣੇ 'ਚ ਬੁਲਾਉਣ ਦਾ।
ਸਵਾਲ : ਕੀ ਤੁਹਾਡੇ ਨਾਲ ਹੋਰ ਅਕਾਲੀ ਵੀ ਕਾਂਗਰਸ 'ਚ ਸ਼ਾਮਲ ਹੋਣਗੇ?
ਜਵਾਬ : ਤੁਸੀਂ ਦੇਖਦੇ ਰਹੋ। ਹਫਤੇ-ਦਸ ਦਿਨਾਂ 'ਚ ਹੀ ਲਾਈਨ ਲੱਗ ਜਾਏਗੀ। ਪੰਜਾਬੀ 'ਚ ਇਕ ਕਹਾਵਤ ਹੈ 'ਇਕ ਨੂੰ ਰੋਨੀ ਏ, ਸਾਰੇ ਮਰਨਗੇ, ਇਥੇ ਬਾਂਦਰ ਕਲੋਲਾਂ ਕਰਨਗੇ।'