Wednesday, December 28, 2011

ਕੁਝ ਤਾਂ ਬੋਲਦੇ ਐਮ.ਐਲ.ਏ ਸਾਹਿਬ !

  
                                
ਬਠਿੰਡਾ : ਏਦਾ ਦੇ ਪੰਜਾਬ ਦੇ ਸੱਤ ਵਿਧਾਇਕ ਹਨ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ ਹੈ। ਵਿਰੋਧੀ ਧਿਰ 'ਦੇ ਇਨ੍ਹਾਂ ਚੋਂ ਚਾਰ ਵਿਧਾਇਕ ਹਨ ਜਦੋਂ ਕਿ ਹਾਕਮ ਧਿਰ ਦੇ ਤਿੰਨ ਵਿਧਾਇਕ ਹਨ। ਇਸ ਤਰ੍ਹਾਂ ਦੇ ਸੱਤ ਹੋਰ ਵਿਧਾਇਕ ਹਨ ਜਿਨ੍ਹਾਂ ਨੇ ਵਿਧਾਨ ਸਭਾ 'ਚ ਸੁਆਲ ਪੁੱਛਣ ਤੋਂ ਸੰਕੋਚ ਹੀ ਕੀਤੀ ਹੈ। ਮੌਜੂਦਾ ਵਿਧਾਇਕਾਂ ਦੀ ਲੰਘੇ ਸਾਢੇ ਚਾਰ ਵਰ੍ਹਿਆਂ ਦੀ ਪੰਜਾਬ ਅਸੈਂਬਲੀ 'ਚ ਜੋ ਕਾਰਗੁਜ਼ਾਰੀ ਸੂਚਨਾ ਅਧਿਕਾਰ ਕਾਨੂੰਨ ਨਾਲ ਜੱਗ ਜ਼ਾਹਰ ਹੋਈ ਹੈ, ਉਸ 'ਚ 14 ਵਿਧਾਇਕਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ ਜਦੋਂ ਕਿ 14 ਵਿਧਾਇਕਾਂ ਦੀ ਅਸੈਂਬਲੀ 'ਚ ਰੋਲ ਅੱਵਲ ਦਰਜੇ ਦਾ ਰਿਹਾ ਹੈ। ਇਹ ਕਾਰਗੁਜ਼ਾਰੀ ਵਿਧਾਇਕਾਂ ਵਲੋਂ ਵਿਧਾਨ ਸਭਾ 'ਚ ਪੁੱਛੇ ਲਿਖਤੀ ਸੁਆਲਾਂ ਦੇ ਅਧਾਰ 'ਤੇ ਕੱਢੀ ਗਈ ਹੈ। ਮਾੜੀ ਕਾਰਗੁਜ਼ਾਰੀ ਵਾਲੇ 14 ਵਿਧਾਇਕਾਂ ਚੋਂ ਅੱਠ ਵਿਧਾਇਕ ਕਾਂਗਰਸ ਦੇ ਹਨ ਜਦੋਂ ਕਿ ਅੱਧੀ ਦਰਜਨ ਅਕਾਲੀ ਵਿਧਾਇਕ ਹਨ। ਅਜ਼ਾਦ ਵਿਧਾਇਕਾਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਵਿਰੋਧੀ ਧਿਰ ਕਾਂਗਰਸ ਦੇ ਕਈ ਵਿਧਾਇਕਾਂ 'ਚ ਅਸੈਂਬਲੀ 'ਚ ਸੁਸਤੀ ਛਾਈ ਰਹੀ। ਵਿਧਾਇਕਾਂ ਵਲੋਂ ਅਸੈਂਬਲੀ ਸੈਸ਼ਨ ਦੌਰਾਨ ਲੋਕ ਮਸਲਿਆਂ 'ਤੇ ਅਧਾਰਿਤ ਸਟਾਰਡ ਅਤੇ ਅਣਸਟਾਰਡ ਸੁਆਲ ਪੁੱਛੇ ਜਾਣੇ ਹੁੰਦੇ ਹਨ। ਬਹੁਤੇ ਵਿਧਾਇਕਾਂ ਨੇ ਅਸੈਂਬਲੀ 'ਚ ਲੋਕ ਮੁੱਦੇ ਉਠਾਉਣ ਦੀ ਖੇਚਲਾ ਹੀ ਨਹੀਂ ਕੀਤੀ। ਇਨ੍ਹਾਂ 'ਚ ਤਿੰਨ ਮਹਿਲਾ ਵਿਧਾਇਕ ਵੀ ਸ਼ਾਮਲ ਹਨ। ਆਮ ਲੋਕ ਇਸ ਮਾਮਲੇ 'ਚ ਆਮ ਤੌਰ 'ਤੇ ਵਿਰੋਧੀ ਧਿਰ ਤੋਂ ਵਧੇਰੇ ਉਮੀਦ ਰੱਖਦੇ ਹਨ। ਲੇਕਿਨ ਇਹ ਵਿਧਾਇਕ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਹੀ ਨਹੀਂ ਉਤਰ ਸਕੇ ਹਨ।
          ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਪੱਤਰ ਨੰਬਰ 26/ਪੀ.ਆਈ.ਓ/2011/8798 ਤਹਿਤ ਦਿੱਤੀ ਸਰਕਾਰੀ ਸੂਚਨਾ ਅਨੁਸਾਰ ਮਾਝੇ ਤੇ ਦੁਆਬੇ ਦੇ ਵਿਧਾਇਕ ਅਸੈਂਬਲੀ 'ਚ ਢਿੱਲੇ ਰਹੇ ਹਨ। ਇਸ ਸੂਚਨਾ ਅਨੁਸਾਰ ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸੀ ਵਿਧਾਇਕ ਓ.ਪੀ.ਸੋਨੀ ਨੇ ਲੰਘੇ ਸਾਢੇ ਚਾਰ ਵਰ੍ਹਿਆਂ 'ਚ ਅਸੈਂਬਲੀ 'ਚ ਇੱਕ ਵੀ ਸੁਆਲ ਨਹੀਂ ਪੁੱਛਿਆ ਹੈ ਜਦੋਂ ਕਿ ਇਸੇ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆਂ ਵੀ ਅਸੈਂਬਲੀ 'ਚ ਸੁਆਲਾਂ ਦਾ ਖਾਤਾ ਨਹੀਂ ਖੋਲ ਸਕੇ ਹਨ। ਲੁਧਿਆਣਾ ਜ਼ਿਲ੍ਹੇ ਦੇ ਪਾਇਲ ਹਲਕੇ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦੇ ਅਸੈਂਬਲੀ 'ਚ ਸੁਆਲਾਂ ਦੀ ਗਿਣਤੀ 'ਜ਼ੀਰੋ' ਰਹੀ ਹੈ। ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਰਾਜਬੰਸ ਕੌਰ ਨੇ ਵੀ ਅਸੈਂਬਲੀ 'ਚ ਇੱਕ ਸੁਆਲ ਵੀ ਨਹੀਂ ਪੁੱਛਿਆ ਹੈ। ਵਿਰੋਧੀ ਧਿਰ ਦੇ ਇਹ ਵਿਧਾਇਕ ਸੁਆਲ ਪੁੱਛਣ ਦੇ ਮਾਮਲੇ 'ਚ ਚੁੱਪ ਹੀ ਰਹੇ ਹਨ। ਹਾਕਮ ਧਿਰ ਦੇ ਗੁਰਦਾਸਪੁਰ ਤੋਂ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵੀ ਇਸ ਮਾਮਲੇ 'ਚ ਪਿਛੇ ਨਹੀਂ ਰਹੇ ਹਨ। ਉਨ੍ਹਾਂ ਨੇ ਵੀ ਅਸੈਂਬਲੀ 'ਚ ਕੋਈ ਸੁਆਲ ਨਹੀਂ ਪੁੱਛਿਆ ਹੈ। ਤਰਨਤਾਰਨ ਤੋਂ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਸੁਆਲਾਂ ਦੀ ਗਿਣਤੀ ਵੀ 'ਜ਼ੀਰੋ' ਹੀ ਰਹੀ ਹੈ। ਜਲੰਧਰ ਦੇ ਨੂਰਮਹਿਲ ਹਲਕੇ ਤੋਂ ਮਹਿਲਾ ਅਕਾਲੀ ਵਿਧਾਇਕ ਰਾਜਵਿੰਦਰ ਕੌਰ ਭੁੱਲਰ ਨੇ ਵੀ ਅਸੈਂਬਲੀ 'ਚ ਸੁਆਲ ਪੁੱਛਣ ਦੇ ਮਾਮਲੇ 'ਚ ਚਾਰ ਵਰ੍ਹੇ ਚੁੱਪ ਕਰਕੇ ਹੀ ਲੰਘਾਏ ਹਨ।
            ਏਦਾ ਹੀ ਰੋਪੜ ਦੇ ਮੋਰਿੰਡਾ ਹਲਕੇ ਤੋਂ ਅਕਾਲੀ ਵਿਧਾਇਕ ਉਜਾਗਰ ਸਿੰਘ ਬਡਾਲੀ ਦੀ ਸੁਆਲ ਪੁੱਛਣ 'ਚ ਕਾਰਗੁਜ਼ਾਰੀ 'ਜ਼ੀਰੋ' ਹੀ ਰਹੀ ਹੈ। ਇਸ ਤੋਂ ਸਾਫ ਹੈ ਕਿ ਇਨ੍ਹਾਂ ਵਿਧਾਇਕਾਂ ਦੇ ਹਲਕਿਆਂ ਦੇ ਲੋਕ ਮਸਲਿਆਂ ਦੀ ਅਸੈਂਬਲੀ 'ਚ ਕੋਈ ਗੱਲ ਹੀ ਨਹੀਂ ਚੱਲ ਸਕੀ ਹੈ। ਇਸੇ ਤਰ੍ਹਾਂ ਦੇ ਸੱਤ ਹੋਰ ਵਿਧਾਇਕ ਹਨ ਜਿਨ੍ਹਾਂ ਨੇ ਅਸੈਂਬਲੀ ਚੋਂ ਇੱਕ,ਦੋ ਜਾਂ ਤਿੰਨ ਸੁਆਲ ਹੀ ਪੁੱਛੇ ਹਨ। ਇਸ ਮਾਮਲੇ 'ਚ ਮਾਲਵੇ ਦੇ ਵਿਧਾਇਕ ਮੋਹਰੀ ਰਹੇ ਹਨ। ਬਨੂੜ ਹਲਕੇ ਤੋਂ ਅਕਾਲੀ ਵਿਧਾਇਕ ਜਸਜੀਤ ਸਿੰਘ ਬਨੀ ਅਤੇ ਮਲੇਰਕੋਟਲਾ ਹਲਕੇ ਤੋਂ ਮਹਿਲਾ ਕਾਂਗਰਸੀ ਵਿਧਾਇਕ ਸ੍ਰੀਮਤੀ ਰਜ਼ੀਆ ਸੁਲਤਾਨਾ ਸੁਆਲ ਪੁੱਛਣ ਦੇ ਮਾਮਲੇ 'ਚ ਇੱਕੋ ਜੇਹੇ ਹਨ। ਇਨ੍ਹਾਂ ਦੋਹਾਂ ਵਿਧਾਇਕਾਂ ਨੇ ਕੇਵਲ ਇੱਕ ਇੱਕ ਸੁਆਲ ਹੀ  ਵਿਧਾਨ ਸਭਾ 'ਚ ਕੀਤਾ ਹੈ। ਲੁਧਿਆਣਾ ਉੱਤਰੀ ਤੋਂ ਭਾਜਪਾ ਵਿਧਾਇਕ ਹਰੀਸ਼ ਬੇਦੀ ਅਤੇ ਸੰਗਰੂਰ ਤੋਂ ਕਾਂਗਰਸੀ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਅਸੈਂਬਲੀ 'ਚ ਕੇਵਲ ਦੋ ਦੋ ਸੁਆਲ ਹੀ ਪੁੱਛੇ ਹਨ। ਫਰੀਦਕੋਟ ਦੇ ਪੰਜਗਰਾਈ ਹਲਕੇ ਤੋਂ ਵਿਧਾਇਕ ਜੋਗਿੰਦਰ ਸਿੰਘ ਅਤੇ ਮਾਨਸਾ ਦੇ ਬੁਢਲਾਡਾ ਹਲਕੇ ਤੋਂ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੇ ਵੀ ਸਿਰਫ਼ ਤਿੰਨ ਤਿੰਨ ਸੁਆਲ ਇਸ ਸਮੇਂ ਦੌਰਾਨ ਅਸੈਂਬਲੀ 'ਚ ਉਠਾਏ ਹਨ। ਦੂਸਰੀ ਤਰਫ਼ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ 'ਚ ਮਾਲਵਾ ਖਿੱਤਾ ਮੋਹਰੀ ਹੈ। ਸੁਆਲ ਪੁੱਛਣ ਦੇ ਮਾਮਲੇ 'ਚ ਪੰਜਾਬ ਭਰ ਦੇ ਵਿਧਾਇਕਾਂ ਚੋਂ ਬਠਿੰਡਾ ਜ਼ਿਲ੍ਹੇ ਦੇ ਹਲਕਾ ਪੱਕਾ ਕਲਾਂ ਦੇ ਕਾਂਗਰਸੀ ਵਿਧਾਇਕ ਮੱਖਣ ਸਿੰਘ ਜੋ ਕਿ ਪੁਰਾਣੇ ਕਾਮਰੇਡ ਹਨ, ਨੇ ਬਾਜੀ ਮਾਰ ਲਈ ਹੈ। ਉਹ ਇਸ ਮਾਮਲੇ 'ਚ ਪੰਜਾਬ ਭਰ ਚੋਂ ਪਹਿਲੇ ਨੰਬਰ 'ਤੇ ਹਨ ਜਿਨ੍ਹਾਂ ਨੇ ਕਿ 141 ਸੁਆਲ ਪੁੱਛੇ ਹਨ। ਇਨ੍ਹਾਂ 'ਚ 120 ਸਟਾਰਡ ਸੁਆਲ ਹਨ ਜਦੋਂ ਕਿ 21 ਅਣਸਟਾਰਡ ਹਨ।
           ਪੰਜਾਬ ਭਰ ਚੋਂ ਸੁਆਲ ਪੁੱਛਣ 'ਚ ਦੂਸਰੇ ਨੰਬਰ 'ਤੇ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਤੋਂ ਆਜ਼ਾਦ ਵਿਧਾਇਕ ਅਜੀਤ ਸਿੰਘ ਸ਼ਾਂਤ ਹਨ ਜਿਨ੍ਹਾਂ ਨੇ 125 ਸੁਆਲ ਪੁੱਛੇ ਹਨ। ਤੀਸਰੇ ਨੰਬਰ 'ਤੇ ਸਰਦੂਲਗੜ ਹਲਕੇ ਤੋਂ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਤਰਨਤਾਰਨ ਦੇ ਵਲਟੋਹਾ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਹਨ ਜਿਨ੍ਹਾਂ ਨੇ ਅਸੈਂਬਲੀ 'ਚ 125-125 ਸੁਆਲ ਪੁੱਛੇ ਹਨ। ਕਾਂਗਰਸ ਦੇ ਤੇਜ ਤਰਾਰ ਅਤੇ ਹਲਕਾ ਭਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੌਥੇ ਨੰਬਰ 'ਤੇ ਹਨ ਜਿਨ੍ਹਾਂ ਦੇ ਸੁਆਲਾਂ ਦੀ ਗਿਣਤੀ 121 ਹੈ। 118 ਸੁਆਲ ਪੁੱਛ ਕੇ ਖਰੜ ਤੋਂ ਕਾਂਗਰਸੀ ਵਿਧਾਇਕ ਬਲਵੀਰ ਸਿੰਘ ਸਿੱਧੂ ਪੰਜਵੇਂ ਨੰਬਰ 'ਤੇ ਰਹੇ ਹਨ। ਚੰਗੀ ਕਾਰਗੁਜ਼ਾਰੀ ਵਾਲੇ 14 ਵਿਧਾਇਕਾਂ ਚੋਂ ਅਕਾਲੀ ਦਲ ਦੇ ਚਾਰ ਵਿਧਾਇਕ,ਕਾਂਗਰਸ ਦੇ ਪੰਜ ,ਆਜ਼ਾਦ ਵਿਧਾਇਕ ਚਾਰ ਅਤੇ ਭਾਜਪਾ ਦਾ ਇੱਕ ਵਿਧਾਇਕ ਹੈ। ਭਾਜਪਾ ਦੇ ਦਸੂਹਾ ਤੋਂ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਨੇ ਅਸੈਂਬਲੀ 'ਚ 94 ਸੁਆਲ ਪੁੱਛੇ ਹਨ ਜਦੋਂ ਕਿ ਧੂਰੀ ਤੋਂ ਆਜ਼ਾਦ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ 81 ਸੁਆਲ ਕੀਤੇ ਹਨ। ਸ੍ਰੀ ਹਰਗੋਬਿੰਦ ਸਾਹਿਬ ਹਲਕੇ ਤੋਂ ਅਕਾਲੀ ਵਿਧਾਇਕ ਕੈਪਟਨ ਬਲਵੀਰ ਸਿੰਘ ਬਾਠ ਨੇ 85 ਸੁਆਲ ਕੀਤੇ ਹਨ। ਸੂਤਰ ਆਖਦੇ ਹਨ ਕਿ ਵਿਧਾਇਕ ਹੁਣ ਆਪਣੇ ਫਰਜ਼ਾਂ ਨੂੰ ਭੁੱਲ ਬੈਠੇ ਹਨ ਜਿਸ ਕਰਕੇ ਉਹ ਲੋਕ ਹਿੱਤ ਨੂੰ ਭੁੱਲ ਬੈਠੇ ਹਨ। ਬਹੁਤੇ ਵਿਧਾਇਕ ਤਾਂ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਤਿਆਰੀ ਨਾਲ ਵੀ ਨਹੀਂ ਆਉਂਦੇ ਜਦੋਂ ਕਿ ਕਾਫੀ ਵਿਧਾਇਕ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਹਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>