ਦਿਨੋਂ-ਦਿਨ ਵਧ ਰਿਹੈ ਲੁੱਟਾਂ-ਖੋਹਾਂ ਤੇ ਦੁਰਘਟਨਾਵਾਂ ਦਾ ਗਰਾਫ਼
ਚੰਡੀਗੜ੍ਹ, 25 ਮਾਰਚ - ਜੁਰਮ ਦਾ ਗੜ੍ਹ
ਬਣ ਚੁੱਕੀ ਰਾਜਧਾਨੀ ਚੰਡੀਗੜ੍ਹ 'ਚ ਲੁੱਟਾਂ-ਖੋਹਾਂ ਤੇ ਦੁਰਘਟਨਾਵਾਂ ਦਾ ਗਰਾਫ਼ ਵੱਧਦਾ
ਹੀ ਜਾ ਰਿਹਾ ਹੈ। ਸ਼ਹਿਰ 'ਚ ਟ੍ਰੈਵਲ ਏਜੰਟਾਂ, ਜੂਏਬਾਜ਼ਾਂ, ਅੰਨ੍ਹੇਵਾਹ ਕਾਰਾਂ ਭਜਾਉਣ
ਵਾਲਿਆਂ ਤੇ ਲੜਕੀਆ ਨਾਲ ਛੇੜਛਾੜ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁਲੰਦ
ਹਨ। ਟ੍ਰੈਵਲ ਏਜੰਟਾਂ ਦੀ ਗੱਲ ਕਰੀਏ ਤਾਂ ਸ਼ਹਿਰ 'ਚ ਇਕ ਇਮੀਗ੍ਰੇਸ਼ਨ ਕੰਪਨੀ ਵੱਲੋਂ
ਕਥਿਤ ਤੌਰ 'ਤੇ ਲੁਧਿਆਣਾ ਵਾਸੀ ਨਾਲ 4 ਲੱਖ 70 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ
ਸਾਮ੍ਹਣੇ ਆਇਆ ਹੈ। ਲੁਧਿਆਣੇ ਦੇ ਪਿੰਡ ਲਾਡੀਆਂ ਕਲਾਂ ਦੇ ਰਹਿਣ ਵਾਲੇ ਦਵਿੰਦਰ ਸਿੰਘ
ਦਿਓਲ ਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਕਿ ਚੰਡੀਗੜ੍ਹ 'ਚ ਸੈਕਟਰ 40 ਸਥਿਤ
ਐਜੂਸਿਟੀ ਇਮੀਗ੍ਰੇਸ਼ਨ ਕੰਪਨੀ ਦੇ ਨਿਰਦੇਸ਼ਕ ਨਿਤਿਨ ਸ਼ਰਮਾ, ਮੇਜਰ ਪਲਸ ਮਲਹੋਤਰਾ ਤੇ
ਮਿਸ ਸਵਿਤਾ ਨੇ ਉਸ ਨਾਲ ਠੱਗੀ ਕੀਤੀ। ਦਿਓਲ ਨੇ ਦੱਸਿਆ ਕਿ ਕੰਪਨੀ ਅਧਿਕਾਰੀਆਂ ਨੇ
ਸਿੰਗਾਪੁਰ ਸਟੱਡੀ ਵੀਜ਼ਾ ਲਵਾਉਣ ਦੇ ਨਾਮ 'ਤੇ ਉਸ ਤੋਂ 4 ਲੱਖ 70 ਹਜ਼ਾਰ ਰੁਪਏ ਲੈ ਲਏ
ਪਰ ਸਟੱਡੀ ਵੀਜ਼ੇ ਦੀ ਥਾਂ ਟੂਰਿਸਟ ਵੀਜ਼ਾ ਲਵਾ ਦਿੱਤਾ। ਪੁਲਿਸ ਨੇ ਦਿਓਲ ਦੀ ਸ਼ਿਕਾਇਤ
ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਸ਼ਹਿਰ 'ਚ ਝਪਟਮਾਰਾਂ ਦੀਆਂ
ਗਤੀਵਿਧੀਆਂ ਵੀ ਜਾਰੀ ਹਨ। ਸੈਕਟਰ 49 ਦੇ ਅਸ਼ੋਕ ਕੁਮਾਰ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ
ਦੱਸਿਆ ਕਿ ਅੱਜ ਜਦੋਂ ਉਹ ਸੈਕਟਰ 45/46/49/50 ਚੌਂਕ ਨੇੜਿਉਂ ਲੰਘ ਰਿਹਾ ਸੀ ਤਾਂ 2
ਅਣਪਛਾਤੇ ਵਿਅਕਤੀਆਂ ਨੇ ਚਾਕੂ ਦੀ ਨੋਕ 'ਤੇ ਉਸ ਤੋਂ 600 ਰੁਪਏ ਲੁੱਟ ਲਏ। ਇਸੇ ਤਰ੍ਹਾਂ
ਮਨੀਮਾਜਰਾ ਦੇ ਰਹਿਣ ਵਾਲੇ ਜਿਤੇਸ਼ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਕਿ ਅੱਜ
ਜਦੋਂ ਉਹ ਮਨੀਮਾਜਰਾ ਸਥਿਤ ਤਨਿਸ਼ਕ ਸ਼ੋਅਰੂਮ ਦੇ ਪਿਛਲੇ ਪਾਸਿਉਂ ਲੰਘ ਰਿਹਾ ਸੀ, ਉਸ
ਵੇਲੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਤੋਂ ਮੋਬਾਈਲ ਤੇ 1 ਹਜ਼ਾਰ ਰੁਪਏ ਝਪਟੇ ਤੇ
ਫਰਾਰ ਹੋ ਗਏ। ਪੁਲਿਸ ਨੇ ਅੱਜ ਸੈਕਟਰ 26 ਦੇ ਰਹਿਣ ਵਾਲੇ ਪੰਕਜ ਤੇ ਰਾਜ ਕੁਮਾਰ ਨੂੰ
ਸਨਅਤੀ ਖੇਤਰ ਫੇਸ 3 ਤੋਂ ਜੂਏ ਦੀਆਂ ਬਾਜ਼ੀਆਂ ਲਾਉਂਦਿਆਂ ਨੂੰ ਕਾਬੂ ਕੀਤਾ। ਪੁਲਿਸ ਨੇ
ਪੰਕਜ ਤੋਂ 1510 ਰੁਪਏ ਜਦਕਿ ਰਾਜਕੁਮਾਰ ਤੋਂ 3020 ਰੁਪਏ ਬਰਾਮਦ ਕੀਤੇ। ਪੁਲਿਸ ਨੇ
ਦੋਹਾਂ ਖਿਲਾਫ਼ ਜੂਆ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਲੜਕੀਆਂ ਨਾਲ ਛੇੜਛਾੜ
ਦੀਆਂ ਘਟਨਾਵਾਂ ਵੀ ਜਾਰੀ ਹਨ। ਇਕ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ
ਸੈਕਟਰ 22ਬੀ ਦੇ ਰਹਿਣ ਵਾਲੇ ਮਨੀਸ਼ ਰਾਜਨ ਮਿਸ਼ਰਾ ਨੇ ਉਸ ਨਾਲ ਛੇੜਛਾੜ ਕੀਤੀ ਤੇ
ਮੋਬਾਈਲ 'ਤੇ ਧਮਕਾਇਆ। ਇਸੇ ਤਰ੍ਹਾਂ ਇਕ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਸੈਕਟਰ 26 ਦੇ
ਰਹਿਣ ਵਾਲੇ ਟਿੰਕੂ ਨੇ ਉਸ ਨਾਲ ਛੇੜਛਾੜ ਕੀਤੀ, ਛੇੜਛਾੜ ਦੇ ਉਪਰੋਕਤ ਦੋਹਾਂ ਮਾਮਲਿਆਂ 'ਚ
ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।