ਚੰਡੀਗੜ੍ਹ, 11 ਮਾਰਚ - ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਦੇ 18 ਸਾਲਾ ਬੇਟੇ ਅਰਜੁਨ ਸਿੰਘ ਬਾਦਲ ਦੇ ਸਾਬਕਾ ਪੁਲਿਸ ਮੁਖੀ ਕੇ. ਪੀ. ਐੱਸ. ਗਿੱਲ ਦੇ ਭਤੀਜੇ ਹਰਿਵੰਸ਼ ਸਿੰਘ ਗਿੱਲ (25) ਨਾਲ ਸ਼ਨੀਵਾਰ ਅਤੇ ਐਤਵਾਰ ਵਿਚਕਾਰਲੀ ਰਾਤ ਚੰਡੀਗੜ੍ਹ ਦੇ ਸਨਬੀਮ ਹੋਟਲ 'ਚ ਹੋਏ ਝਗੜੇ ਦਾ ਉਸ ਵੇਲੇ ਅੰਤ ਹੋ ਗਿਆ, ਜਦੋਂ ਦੋਵਾਂ ਧਿਰਾਂ ਨੇ ਆਪਸ ਵਿਚ ਸਮਝੌਤਾ ਕਰ ਲਿਆ | ਸ. ਮਨਪ੍ਰੀਤ ਸਿੰਘ ਬਾਦਲ ਅਤੇ ਹਰਿਵੰਸ਼ ਸਿੰਘ ਗਿੱਲ ਦੇ ਪਿਤਾ ਵੀਰਇੰਦਰ ਸਿੰਘ ਗਿੱਲ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵੇਂ ਪਾਸੇ ਆਪਣੇ ਹੀ ਬੱਚੇ ਸਨ ਇਸ ਲਈ ਸਾਰੇ ਬੱਚਿਆਂ ਨੂੰ ਇਕੱਠੇ ਬਿਠਾ ਦਿੱਤਾ ਅਤੇ ਗਲਤੀ ਕਰਨ ਵਾਲਿਆਂ ਨੇ ਗਲਤੀ ਮੰਨ ਲਈ ਹੈ ਕਿ ਜਿਸ ਪਿੱਛੋਂ ਉਨ੍ਹਾਂ ਦੋਵਾਂ ਧਿਰਾਂ ਨੇ ਹੀ ਪੁਲਿਸ ਨੂੰ ਲਿਖਤੀ ਸਮਝੌਤਾ ਸੌਾਪਦਿਆਂ ਕਹਿ ਦਿੱਤਾ ਹੈ ਕਿ ਉਹ ਅੱਗੇ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ | ਇਸ ਸਬੰਧੀ ਚੰਡੀਗੜ੍ਹ ਪੁਲਿਸ ਦੇ ਡੀ.ਐੱਸ.ਪੀ. ਸ੍ਰੀ ਅਸੀਸ਼ ਕਪੂਰ ਨੇ ਸਮਝੌਤੇ ਬਾਰੇ ਕੋਈ ਪੁਸ਼ਟੀ ਕਰਨ ਦੀ ਥਾਂ ਇਹ ਹੀ ਕਿਹਾ ਕਿ ਦੋਵਾਂ ਧਿਰਾਂ ਵਿਚ ਗੱਲਬਾਤ ਚੱਲ ਰਹੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਇਹ ਸੀ ਮਾਮਲਾ?
ਜ਼ਿਕਰਯੋਗ ਹੈ ਕਿ ਉਸ ਰਾਤ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਦੇ ਛੋਟੇ ਭਰਾ ਸ. ਵੀਰ ਇੰਦਰ ਸਿੰਘ ਗਿੱਲ ਦਾ ਬੇਟਾ ਹਰਿਵੰਸ਼ ਸਿੰਘ ਗਿੱਲ ਜੋ ਕਿ ਚੰਡੀਗੜ੍ਹ ਵਿਖੇ ਇਕ ਨਿੱਜੀ ਕੰਪਨੀ 'ਚ ਅਧਿਕਾਰੀ ਹੈ, ਆਪਣੀਆਂ ਦੋ ਮਿੱਤਰ ਲੜਕੀਆਂ ਨਾਲ ਸੈਕਟਰ 22 'ਚ ਪੈਂਦੇ ਸਨਬੀਮ ਹੋਟਲ ਵਿਚ ਪਾਰਟੀ ਕਰਨ ਲਈ ਗਿਆ ਸੀ, ਉੱਥੇ ਉਸ ਨੂੰ ਮਨਪ੍ਰੀਤ ਸਿੰਘ ਬਾਦਲ ਦਾ ਬੇਟਾ ਅਰਜੁਨ ਸਿੰਘ ਬਾਦਲ, ਐੱਸ.ਐੱਸ.ਪੀ ਪੱਧਰ ਦੇ ਇਕ ਅਧਿਕਾਰੀ ਦਾ ਭਤੀਜਾ ਅਹਿਸਾਸ ਸਿੰਘ ਭੁੱਲਰ ਅਤੇ ਫਤਿਹ ਸਿੰਘ ਮਿਲ ਪਏ, ਸਾਰੇ ਪੁਰਾਣੇ ਜਾਣਕਾਰ ਹੋਣ ਕਾਰਨ ਇਕੱਠੇ ਹੀ ਪਾਰਟੀ 'ਚ ਮਸ਼ਗੂਲ ਹੋ ਗਏ, ਬਾਅਦ ਵਿਚ ਜਦੋਂ ਪਾਰਟੀ ਸਿਖ਼ਰ 'ਤੇ ਪੁੱਜੀ ਤਾਂ ਅਹਿਸਾਸ ਭੁੱਲਰ ਅਤੇ ਹਰਿਵੰਸ਼ ਗਿੱਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਇੱਕ ਦੂਜੇ ਨੂੰ ਵੇਖ ਲੈਣ ਦੀਆਂ ਧਮਕੀਆਂ ਦਿੰਦੇ ਦੋਵੇਂ ਹੋਟਲ ਦੀ ਛੱਤ 'ਤੇ ਚਲੇ ਗਏ, ਜਿੱਥੇ ਕਿ ਕਥਿਤ ਤੌਰ 'ਤੇ ਹਰਿਵੰਸ਼ ਗਿੱਲ ਦੀ ਕੁੱਟਮਾਰ ਹੋਈ, ਇਸ ਪਿੱਛੋਂ ਅਹਿਸਾਸ ਗਿੱਲ ਹੇਠਾਂ ਉੱਤਰ ਆਇਆ ਅਤੇ ਆਪਣੇ ਨਾਲ ਚਾਰ ਗੰਨਮੈਨ ਲੈ ਕੇ ਹੋਟਲ ਅੱਗੇ ਪੁੱਜਾ, ਉੱਥੇੇ ਹਰਿਵੰਸ਼ ਗਿੱਲ ਨੇ ਬੇਇਜ਼ਤੀ ਦਾ ਬਦਲਾ ਲੈਣ ਦੀ ਗੱਲ ਕਹੀ ਤਾਂ ਉਨ੍ਹਾਂ ਕਥਿਤ ਤੌਰ 'ਤੇ ਗੰਨਮੈਨਾਂ ਨੂੰ ਨਾਲ ਲੈ ਕੇ ਮੁੜ ਹਰਿਵੰਸ਼ ਦੀ ਕੁੱਟਮਾਰ ਕਰ ਦਿੱਤੀ, ਉਪਰੰਤ ਹਰਿਵੰਸ਼ ਦੀਆਂ ਮਿੱਤਰ ਲੜਕੀਆਂ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਤਾਂ ਭੁੱਲਰ, ਅਰਜੁਨ ਸਿੰਘ ਬਾਦਲ ਅਤੇ ਫਤਿਹ ਸਿੰਘ ਉੱਥੋਂ ਚਲੇ ਗਏ | ਪੁਲਿਸ ਨੇ ਸੈਕਟਰ 16 ਦੇ ਸਰਕਾਰੀ ਹਸਪਤਾਲ ਤੋਂ ਹਰਿਵੰਸ਼ ਦਾ ਮੈਡੀਕਲ ਕਰਾਉਣ ਉਪਰੰਤ ਡੀ. ਡੀ. ਆਰ. ਦਰਜ ਕਰ ਲਈ ਅਤੇ ਅੱਜ ਦੋਵਾਂ ਧਿਰਾਂ ਨੂੰ ਡੀ.ਐੱਸ. ਪੀ. ਅਸੀਸ਼ ਕਪੂਰ ਨੇ ਆਪਣੇ ਦਫ਼ਤਰ ਬੁਲਾਇਆ ਸੀ | ਦੋਵਾਂ ਧਿਰਾਂ ਨੇ ਪੁਲਿਸ ਨੂੰ ਆਪਸ ਵਿਚ ਗੱਲ ਨਿਬੇੜਨ ਬਾਰੇ ਕਿਹਾ ਤਾਂ ਪੂਰਾ ਦਿਨ ਚੱਲੀ ਕਸ਼ਮਕਸ਼ ਉਪਰੰਤ ਸ਼ਾਮ ਨੂੰ ਦੋਵਾਂ ਧਿਰਾਂ ਵਿਚ ਸਮਝੌਤਾ ਹੋ ਗਿਆ | ਦੱਸਣਯੋਗ ਹੈ ਕਿ ਅਰਜੁਨ ਸਿੰਘ ਬਾਦਲ ਨੇ ਇਕ ਦਿਨ ਪਹਿਲਾਂ ਹੀ ਚੰਡੀਗੜ੍ਹ ਵਿਖੇ ਆਪਣੀ ਇਕ ਕਿਤਾਬ ਜਾਰੀ ਕੀਤੀ ਸੀ, ਜਿਸ ਦਾ ਵਿਸ਼ਾ ਲੋਕਾਂ ਨੂੰ ਇਹ ਦੱਸਣਾ ਸੀ ਕਿ ਪੰਜਾਬ ਦੇ ਲੋਕ ਦਾਰੂ ਪੀ ਕੇ ਮਹਿੰਗੀਆਂ ਲਗਜ਼ਰੀ ਗੱਡੀਆਂ ਝੂਟਣ ਵਾਲੇ ਲੋਕ ਹੀ ਨਹੀਂ ਹਨ, ਬਲਕਿ ਉਹ ਹੋਰ ਵੀ ਅਨੇਕਾਂ ਗੁਣਾਂ ਦੀ ਖ਼ਾਨ ਹਨ |