Tuesday, March 26, 2013

ਜਾਇਦਾਦ ਟੈਕਸ ਜ਼ਰੂਰ ਪਰ ਘੱਟ ਲੱਗੇਗਾ-ਸ਼ਰਮਾ

ਚੰਡੀਗੜ੍ਹ, 25 ਮਾਰਚ  -ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਠੋਕ ਵਜਾ ਕੇ ਕਿਹਾ ਹੈ ਕਿ ਰਾਜ ਵਿਚ ਜਾਇਦਾਦ ਟੈਕਸ ਤਾਂ ਜ਼ਰੂਰ ਲੱਗੇਗਾ, ਪਰ ਸਾਡੀ ਭਰਪੂਰ ਕੋਸ਼ਿਸ਼ ਹੈ ਕਿ ਇਹ ਘੱਟ ਤੋਂ ਘੱਟ ਲੱਗੇ। ਇਸ ਬਾਰੇ ਹਰਿਆਣਾ ਦੀ ਕਾਂਗਰਸ ਅਤੇ ਗੁਜਰਾਤ ਦੀ ਭਾਜਪਾ ਸਰਕਾਰ ਦੇ ਇਸ ਤਰ੍ਹਾਂ ਦੇ ਲਾਏ ਗਏ ਟੈਕਸਾਂ ਦੇ ਮਾਡਲ ਮੰਗਵਾਏ ਗਏ ਹਨ ਤਾਂ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਪੰਜਾਬ ਵਿਚ ਲੋਕਾਂ 'ਤੇ ਬਹੁਤਾ ਭਾਰ ਨਾ ਪਾਇਆ ਜਾਏ ਤਾਂ ਕਿ ਸ਼ਹਿਰੀ ਇਹ ਨਾ ਮਹਿਸੂਸ ਕਰਨ ਕਿ ਉਨ੍ਹਾਂ 'ਤੇ ਜਾਇਦਾਦ ਟੈਕਸ ਠੋਸ ਦਿੱਤਾ ਗਿਆ ਹੈ। ਸ੍ਰੀ ਸ਼ਰਮਾ ਅੱਜ ਇਥੇ ਭਾਜਪਾ ਪੰਜਾਬ ਦੀ ਨਵੀਂ ਕਾਰਜਕਾਰਨੀ ਅਤੇ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਦੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅੱਜ ਦੀ ਮੀਟਿੰਗ ਵਿਚ ਪਾਰਟੀ ਜਥੇਬੰਦੀ ਨੂੰ ਮਜ਼ਬੂਤ ਬਣਾਉਣ, ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਿਚਾਲੇ ਤਾਲਮੇਲ ਚੰਗੀ ਤਰ੍ਹਾਂ ਕਾਇਮ ਕਰਨ ਅਤੇ ਰਾਜ ਦੀ ਤਾਜ਼ਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਜਾਇਦਾਦ ਟੈਕਸ ਦੀ ਵਿਸ਼ੇਸ਼ ਤੌਰ 'ਤੇ ਚੀਰ-ਫਾੜ ਕੀਤੀ ਗਈ। ਬਹੁਤੇ ਆਗੂਆਂ ਦੀ ਇਹ ਰਾਏ ਸੀ ਕਿ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਤੋਂ ਕੁਝ ਹੀ ਸਮਾਂ ਪਹਿਲਾਂ ਸ਼ਹਿਰੀ ਲੋਕਾਂ 'ਤੇ ਜਾਇਦਾਦ ਟੈਕਸ ਦੀ ਸ਼ਕਲ ਵਿਚ ਵਾਧੂ ਬੋਝ ਨਾ ਪਾਇਆ ਜਾਏ। ਇਕ ਸਵਾਲ ਦੇ ਉੱਤਰ ਵਿਚ ਸ੍ਰੀ ਸ਼ਰਮਾ ਨੇ ਕਿਹਾ ਕਿ ਅਜੇ ਤੱਕ ਵਧਾਇਆ ਹੋਇਆ ਜਾਇਦਾਦ ਟੈਕਸ ਲਾਗੂ ਨਹੀਂ ਕੀਤਾ ਗਿਆ। ਹਾਲਾਂਕਿ ਇਸ ਬਾਰੇ ਸਾਰੀਆਂ ਕਾਨੂੰਨੀ ਤੇ ਰਸਮੀ ਕਾਰਵਾਈਆਂ ਪੰਜਾਬ ਵਿਧਾਨ ਸਭਾ ਦੇ ਪਿਛਲੇ ਸਾਲ ਹੋਏ ਇਜਲਾਸ ਵਿਚ ਦਸੰਬਰ ਮਹੀਨੇ ਮੁਕੰਮਲ ਕਰ ਲਈਆਂ ਗਈਆਂ ਸਨ। ਹੁਣ ਸਾਰੇ ਮਾਮਲੇ ਦਾ ਜਾਇਜ਼ਾ ਲੈਣ ਲਈ ਭਾਜਪਾ ਨਾਲ ਸਬੰਧਤ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਕਾਇਮ ਕੀਤੀ ਗਈ ਕਮੇਟੀ ਸਾਰੇ ਪੱਖਾਂ ਦੀ ਬਰੀਕੀ ਨਾਲ ਸਮੀਖਿਆ ਕਰ ਰਹੀ ਹੈ ਤੇ ਸੰਭਵ ਹੈ ਕਿ ਉਹ ਛੇਤੀ ਹੀ ਆਪਣੀ ਰਿਪੋਰਟ ਪੇਸ਼ ਕਰ ਦੇਵੇ।

ਉਨ੍ਹਾਂ ਕਿਹਾ ਕਿ ਭਾਜਪਾ ਮੰਤਰੀਆਂ ਤੇ ਮੁੱਖ ਸੰਸਦੀ ਸਕੱਤਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਕਿ ਉਹ ਲਗਾਤਾਰ ਜ਼ਿਲ੍ਹਿਆਂ ਵਿਚ ਜਾ ਕੇ ਪਾਰਟੀ ਵਰਕਰਾਂ ਨਾਲ ਜਨਤਾ ਦੀਆਂ ਸਮੱਸਿਆਵਾਂ ਹੱਲ ਕਰਨ ਬਾਰੇ ਸੰਪਰਕ ਕਰਨ। ਇਸ ਸਬੰਧ ਵਿਚ ਪਾਰਟੀ ਦੇ ਵਿਉਪਾਰੀ ਸੈਲ ਦੇ ਇੰਚਾਰਜ ਨਿਰੋਤਮ ਦੇਵ ਰੱਤੀ ਦੀ ਤਾਲਮੇਲ ਕਰਨ ਬਾਰੇ ਡਿਊਟੀ ਲਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਭਗਤ ਚੂਨੀ ਲਾਲ ਹਰ ਮਹੀਨੇ ਇਕ ਦਿਨ ਜਲੰਧਰ ਵਿਚ ਜਾ ਕੇ ਵਰਕਰਾਂ ਨਾਲ ਤਾਲਮੇਲ ਤੇ ਆਮ ਜਨਤਾ ਨਾਲ ਮੁਲਾਕਾਤਾਂ ਕਰਿਆ ਕਰਨਗੇ। ਭਾਜਪਾ ਮੰਤਰੀ ਮਾਲਵਾ ਦੇ ਉਨ੍ਹਾਂ ਜ਼ਿਲ੍ਹਿਆਂ ਵਿਚ ਵੀ ਜਾਣਗੇ ਜਿਥੇ ਭਾਜਪਾ ਦਾ ਕੋਈ ਵਿਧਾਇਕ ਜਾਂ ਮੰਤਰੀ ਨਹੀਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦਾ ਸਹਿਯੋਗ ਤੇ ਤਾਲਮੇਲ ਚੰਗੀ ਤਰ੍ਹਾਂ ਚੱਲ ਰਿਹਾ ਹੈ। ਸ੍ਰੀ ਸ਼ਰਮਾ ਦਾ ਕਹਿਣਾ ਸੀ ਕਿ ਜਾਇਦਾਦ ਟੈਕਸ ਤਾਂ ਅਕਾਲੀ ਭਾਜਪਾ ਸਰਕਾਰ ਨੇ ਕੇਂਦਰੀ ਸਰਕਾਰ ਦੇ ਦਬਾਅ ਪਾਉਣ 'ਤੇ ਲਾਇਆ ਹੈ, ਕਿਉਂਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਨੇ ਪੰਜਾਬ ਵਿਚ ਇਹ ਟੈਕਸ ਲਾਉਣ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਲਾ ਦਿੱਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 6 ਸਾਲ ਦੇ ਦੌਰ ਵਿਚ ਪੰਜਾਬ ਦਾ ਏਨਾ ਵਿਕਾਸ ਕੀਤਾ ਹੈ ਜੋ ਪਿਛਲੇ 40 ਸਾਲ ਵਿਚ ਨਹੀਂ ਹੋਇਆ। ਹੁਣ ਇਹ ਸਰਕਾਰ ਦੀ ਜ਼ੋਰਦਾਰ ਕੋਸ਼ਿਸ਼ ਹੈ ਕਿ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਏ। ਪੰਜਾਬ ਸਰਕਾਰ ਨੂੰ ਤਾਂ ਕੇਂਦਰੀ ਸਰਕਾਰ ਫੰਡ ਦੇਣ ਬਾਰੇ ਸ਼ਰਤਾਂ ਪੂਰੀਆਂ ਕਰਨ ਲਈ ਮਜ਼ਬੂਰ ਕਰ ਰਹੀ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>