Tuesday, March 26, 2013

ਸੁਖਬੀਰ ਵੱਲੋਂ ਕਾਂਗਰਸ ਨੂੰ ਸਿਆਸੀ ਨਕਸ਼ੇ ਤੋਂ ਨੁਕਰੇ ਲਾਉਣ ਦਾ ਸੱਦਾ

 
ਚੰਡੀਗੜ੍ਹ, 25 ਮਾਰਚ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਪਾਰਟੀ ਨੂੰ ਦੇਸ਼ ਦੇ ਸਿਆਸੀ ਨਕਸ਼ੇ ਤੋਂ ਨੁੱਕਰੇ ਲਾਉਣ ਦਾ ਸੱਦਾ ਦਿੰਦਿਆਂ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਲਗਾਤਾਰ 9 ਜਿੱਤਾਂ ਦੇ ਰੂਪ ਵਿਚ ਬੇਮਿਸਾਲ ਸਫਲਤਾ ਦਾ ਸਿਹਰਾ ਪਾਰਟੀ ਦੇ ਸਿਰੜੀ ਵਰਕਰਾਂ ਦੀ ਦਿਨ ਰਾਤ ਦੀ ਮਿਹਨਤ ਦੇ ਸਿਰ ਬੱਝਦਾ ਹੈ।
ਅੱਜ ਇੱਥੇ ਪਾਰਟੀ ਦੀ ਨਵੀਂ ਭਰਤੀ ਮੁਹਿੰਮ ਨੂੰ ਸ਼ੁਰੂ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਚੋਣ ਸਬੰਧੀ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਕੋਲ ਚੋਣਾਂ ਜਿੱਤਣ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ ਜਿਸ ਤਰ੍ਹਾਂ ਦਾ ਕਿ ਮੀਡੀਆ ਵਿਚ ਪ੍ਰਚਾਰ ਹੋ ਰਿਹਾ ਹੈ। ਉਹ ਇਹ ਸਫਲਤਾ ਪਾਰਟੀ ਦੇ ਯੋਧੇ ਵਰਕਰਾਂ ਦੇ ਅਣਥੱਕ ਅਤੇ ਇੱਕਮੁੱਠ ਯਤਨਾਂ ਅਤੇ ਮਿਹਨਤ ਸਦਕਾ ਹੀ ਹਾਸਲ ਕਰ ਸਕੇ ਹਨ ਕਿਉਂਕਿ ਪਾਰਟੀ ਦੇ ਇਹ ਵਫ਼ਾਦਾਰ ਸਿਪਾਹੀ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵਿਸਾਰ ਕੇ ਮਹੀਨਿਆਂ ਬੱਧੀ ਪਾਰਟੀ ਦੀਆਂ ਚੋਣ ਮੁਹਿੰਮਾਂ ਵਿਚ ਸਰਗਰਮ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਅੱਗੇ ਸਭ ਤੋਂ ਵੱਡੀ ਚੁਣੌਤੀ ਵਿਕਾਸ ਦੇ ਸੰਦੇਸ਼ ਨੂੰ ਐਨ ਹੇਠਲੇ ਪੱਧਰ ਤੱਕ ਲਿਜਾਣ ਦੀ ਹੈ। ਇਸ ਤੋਂ ਇਲਾਵਾ ਪਾਰਟੀ ਵਰਕਰ ਸਾਨੂੰ ਸਹੀ ਜਾਣਕਾਰੀ ਦੇਣ ਤਾਂ ਜੋ ਭਵਿੱਖੀ ਯੋਜਨਾਵਾਂ ਵਿਚ ਆਮ ਲੋਕਾਂ ਦੀ ਬਿਹਤਰੀ ਲਈ ਹੋਰ ਚੰਗੀ ਵਿਉਂਤਬੰਦੀ ਕੀਤੀ ਜਾ ਸਕੇ।
93 ਸਾਲ ਪੁਰਾਣੀ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਿਆਪਕ, ਪੂਰਨ ਪਾਰਦਰਸ਼ੀ ਅਤੇ ਉੱਚ ਤਕਨੀਕੀ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸਮੂਹ ਪਾਰਟੀ ਵਰਕਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪਿੰਡ ਪਿੰਡ ਤੱਕ ਪਹੁੰਚ ਕਰਕੇ ਪਾਰਟੀ ਦੇ ਆਧਾਰ ਨੂੰ ਹੋਰ ਵਿਸ਼ਾਲ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਪਹਿਲੀ ਵਾਰ ਕਿਸੇ ਸਿਆਸੀ ਪਾਰਟੀ ਵੱਲੋਂ ਇਹ ਪਹਿਲਕਦਮੀ ਕੀਤੀ ਜਾ ਰਹੀ ਹੈ ਕਿ ਹਰ ਨਵੇਂ ਮੈਂਬਰ ਦਾ ਮੋਬਾਈਲ/ਲੈਂਡਲਾਈਨ ਨੰਬਰ ਅਤੇ ਈ-ਮੇਲ ਸਿਰਨਾਵਾਂ ਵੀ ਭਰਤੀ ਫਾਰਮ ਵਿਚ ਦਰਜ ਕੀਤਾ ਜਾਵੇਗਾ ਤਾਂ ਜੋ ਤੁਰੰਤ ਕੋਈ ਵੀ ਸੰਦੇਸ਼ ਹਰ ਵਰਕਰ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਫਰਜ਼ੀ ਭਰਤੀ ਵਿਰੁੱਧ ਕਰੜੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 10 ਫ਼ੀਸਦੀ ਨਵੇਂ ਮੈਂਬਰਾਂ ਨਾਲ ਉਨ੍ਹਾਂ ਵੱਲੋਂ ਸੰਪਰਕ ਕੀਤਾ ਜਾਵੇਗਾ ਅਤੇ ਕਿਸੇ ਤਰ੍ਹਾਂ ਦੀ ''ਫ਼ਰਜ਼ੀ ਭਰਤੀ'' ਦੀ ਗੱਲ ਸਾਹਮਣੇ ਆਉਣ 'ਤੇ ਇਸ ਲਈ ਜ਼ਿੰਮੇਵਾਰ ਕਿਸੇ ਵੀ ਆਗੂ ਜਾਂ ਵਰਕਰ ਨੂੰ ਪਾਰਟੀ ਦਾ ਕੋਈ ਅਹੁਦਾ ਨਹੀਂ ਦਿੱਤਾ ਜਾਵੇਗਾ। ਜਥੇਬੰਦਕ ਚੋਣਾਂ ਲਈ ਇੱਕ ਨਿਰਧਾਰਤ ਸਮਾਂ ਸੀਮਾ ਤੈਅ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਭਰਤੀ ਮੁਹਿੰਮ 15 ਮਈ ਤੱਕ ਹੀ ਜਾਰੀ ਰਹੇਗੀ ਅਤੇ ਇਸ ਤੋਂ ਬਾਅਦ ਇਕ ਦਿਨ ਦਾ ਵੀ ਵਾਧਾ ਨਹੀਂ ਹੋਵੇਗਾ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਜੂਨ ਦੇ ਪਹਿਲੇ ਹਫ਼ਤੇ ਵਿਚ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ 22 ਅਤੇ 23 ਅਪ੍ਰੈਲ ਨੂੰ ਪਾਰਟੀ ਦਾ ਦੋ ਦਿਨਾਂ ਵਿਸ਼ੇਸ਼ ਵਰਕਰ ਸਿਖਲਾਈ ਕੈਂਪ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਵਰਕਰਾਂ ਤੋਂ ਜਾਣਕਾਰੀ ਲੈਣ ਤੋਂ ਇਲਾਵਾ ਉਨ੍ਹਾਂ ਨੂੰ ਪਾਰਟੀ ਦੀ ਵਿਚਾਰਧਾਰਾ, ਪ੍ਰਾਪਤੀਆਂ ਅਤੇ ਇਤਿਹਾਸ ਬਾਰੇ ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਈ ਮਹੀਨੇ ਵਿਚ ਜ਼ਿਲ੍ਹਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਸੇ ਤਰ੍ਹਾਂ ਦੀ ਧੜੇਬੰਦੀ ਵਿਚ ਨਾ ਉਲਝਣ ਅਤੇ ਆਗਾਮੀ ਪੰਚਾਇਤ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਵਿਚ ਸਰਬਸੰਮਤੀ ਨਾਲ ਚੋਣ ਨੂੰ ਤਰਜੀਹ ਦੇਣ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਤਰ੍ਹਾਂ ਦੀ ਗੁੱਟਬੰਦੀ ਅਤੇ ਪਾਰਟੀ ਵਿਰੋਧੀ ਕਾਰਵਾਈ ਲਈ ਜ਼ਿੰਮੇਵਾਰ ਕਿਸੇ ਵੀ ਪਾਰਟੀ ਆਗੂ ਜਾਂ ਵਰਕਰ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।
ਇਸ ਤੋਂ ਪਹਿਲਾਂ ਪਾਰਟੀ ਨੇ ਤਿੰਨ ਮਤੇ ਪਾਸ ਕਰਦਿਆਂ ਦਿੱਲੀ ਤੇ ਮੋਗਾ ਦੇ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਵਿਚ ਵਿਸ਼ਵਾਸ ਪ੍ਰਗਟ ਕਰਨ ਲਈ ਧੰਨਵਾਦ ਕੀਤਾ, ਬੀਤੇ ਇਕ ਸਾਲ ਦੌਰਾਨ ਅਕਾਲ ਚਲਾਣਾ ਕਰਨ ਵਾਲੇ ਪਾਰਟੀ ਆਗੂਆਂ ਤੇ ਵਰਕਰਾਂ ਲਈ ਸ਼ੋਕ ਮਤਾ ਪੇਸ਼ ਕੀਤਾ, ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਅੰਦਰ ਬਜਟ ਇਜਲਾਸ ਦੌਰਾਨ ਕੀਤੇ ਗਏ ਦੁਰਵਿਵਹਾਰ ਦੀ ਨਿੰਦਾ ਕੀਤੀ ਅਤੇ ਕਾਂਗਰਸ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਵਿਸਾਰ ਕੇ ਉਨ੍ਹਾਂ ਦੀ ਯਾਦ 'ਚ ਖਟਕੜ ਕਲਾਂ ਵਿਖੇ ਸਮਾਗਮ ਕਰਨ ਦੀ ਜਗ੍ਹਾ ਪਾਰਟੀ ਦੇ ਸੂਬਾ ਪ੍ਰਧਾਨ ਦੀ ਤਾਜਪੋਸ਼ੀ ਕਰਨ ਦੀ ਕਾਰਵਾਈ ਦੀ ਨਿਖੇਧੀ ਕੀਤੀ। ਪਾਰਟੀ ਵੱਲੋਂ ਪੇਸ਼ ਕੀਤੇ ਗਏ ਮਤੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਅਤੇ ਮੋਗਾ ਉਪ ਚੋਣ 'ਚ ਪਾਰਟੀ ਦੀ ਇਤਿਹਾਸਕ ਜਿੱਤ ਯਕੀਨੀ ਬਣਾਉਣ ਲਈ ਕੀਤੇ ਗਏ ਅਣਥੱਕ ਯਤਨਾਂ ਲਈ ਪਾਰਟੀ ਸਰਪ੍ਰਸਤ ਅਤੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਮੀਟਿੰਗ ਨੂੰ ਪਾਰਟੀ ਦੇ ਸਕੱਤਰ ਜਨਰਲ ਸ:"ਸੁਖਦੇਵ ਸਿੰਘ ਢੀਂਡਸਾ, ਜਨਰਲ ਸਕੱਤਰ ਸ: ਬਲਵਿੰਦਰ ਸਿੰਘ ਭੂੰਦੜ, ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਕੱਤਰ ਤੇ ਬੁਲਾਰਾ ਡਾ: ਦਲਜੀਤ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਪਾਰਟੀ ਦੀ ਭਰਤੀ ਦੀ ਚੈਕਿੰਗ ਲਈ ਕਿਸੇ ਨਿੱਜੀ ਏਜੰਸੀ ਦੀ ਸੇਵਾ ਲੈਣ ਦਾ ਫੈਸਲਾ ਵੀ ਕੀਤਾ ਗਿਆ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>