Tuesday, March 12, 2013

ਚੰਡੀਗੜ੍ਹ ਤੇ ਦੂਜੇ ਪੰਜਾਬੀ ਬੋਲਦੇ ਖੇਤਰ ਤੁਰੰਤ ਪੰਜਾਬ ਨੂੰ ਦਿੱਤੇ ਜਾਣ


  • ਬਜਟ ਸਮਾਗਮ ਦੌਰਾਨ ਰਾਜਪਾਲ ਨੇ ਪੜ੍ਹਿਆ ਵਿਧਾਨ ਸਭਾ 'ਚ ਭਾਸ਼ਣ
  • ਰਾਜਾਂ 'ਚ ਸਮਾਜਿਕ ਅਸ਼ਾਂਤੀ ਨੂੰ ਦੂਰ ਕਰਨ ਲਈ ਕੇਂਦਰ ਆਰਥਿਕ ਪਹਿਲ ਕਦਮੀ ਕਰੇ
ਚੰਡੀਗੜ੍ਹ, 11  ;– ਪੰਜਾਬ ਵਿਧਾਨ ਸਭਾ ਦੇ ਬਜਟ ਸਮਾਗਮ ਦੀ ਅੱਜ ਪਲੇਠੀ ਮੀਟਿੰਗ ਦੌਰਾਨ ਰਾਜਪਾਲ ਪੰਜਾਬ ਸ੍ਰੀ ਸ਼ਿਵਰਾਜ ਪਾਟਿਲ ਵੱਲੋਂ ਰਾਜ ਸਰਕਾਰ ਵੱਲੋਂ ਪੜ੍ਹੇ ਗਏ ਭਾਸ਼ਣ ਵਿਚ ਕਿਸਾਨੀ ਦੇ ਮਸਲਿਆਂ, ਦੇਸ਼ ਵਿਚ ਸਮਾਜਿਕ ਅਸ਼ਾਂਤੀ ਦੇ ਕਾਰਨਾਂ, ਪੰਜਾਬ ਦੇ ਖੇਤਰੀ ਮੁੱਦਿਆਂ ਅਤੇ 1984 ਦੇ ਦੰਗਿਆਂ ਨਾਲ ਸੰਬੰਧਿਤ ਮਸਲਿਆਂ 'ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ ਗਿਆ | ਰਾਜ ਸਰਕਾਰ ਵੱਲੋਂ ਪ੍ਰਵਾਨਿਤ ਭਾਸ਼ਣ, ਜਿਸ ਨੂੰ ਅੱਜ ਰਾਜਪਾਲ ਵੱਲੋਂ ਤਕਰੀਬਨ ਇੱਕ ਘੰਟੇ ਵਿਚ ਪੜਿ੍ਹਆ ਗਿਆ, ਵਿਚ ਕੇਂਦਰ ਸਰਕਾਰ ਦੀ ਇਸ ਗੱਲ ਲਈ ਨੁਕਤਾਚੀਨੀ ਕੀਤੀ ਗਈ ਕਿ ਉਸ ਵੱਲੋਂ ਰਾਜਾਂ ਵਿਚ ਸਮਾਜਿਕ ਅਸ਼ਾਂਤੀ ਦੇ ਮੁੱਢਲੇ ਕਾਰਨਾਂ ਨੂੰ ਦੂਰ ਕਰਨ ਲਈ ਲੋੜੀਂਦੀ ਪਹੁੰਚ ਨਹੀਂ ਅਪਣਾਈ ਜਾ ਰਹੀ, ਜਦੋਂ ਕਿ ਇਸ ਲਈ ਪੁਖ਼ਤਾ ਆਰਥਿਕ ਪਹਿਲ ਕਦਮੀਆਂ ਕੀਤੇ ਜਾਣ ਦੀ ਜ਼ਰੂਰਤ ਹੈ | ਖੇਤੀਬਾੜੀ ਉਤਪਾਦਨ ਵਿਚ ਆਈ ਵਿਕਾਸ ਖੜੋਤ ਦਾ ਜ਼ਿਕਰ ਕਰਦਿਆਂ ਖੇਤੀਬਾੜੀ ਆਰਥਿਕਤਾ ਨੂੰ ਵੱਡੇ ਪੱਧਰ 'ਤੇ ਹਲਾਸ਼ੇਰੀ ਦੇਣ ਅਤੇ ਫ਼ਸਲੀ ਵਿਭਿੰਨਤਾ ਦੇਣ ਲਈ 5 ਹਜ਼ਾਰ ਕਰੋੜ ਰੁਪਏ ਦੇ ਆਰਥਿਕ ਪੈਕਜ ਦੀ ਮੰਗ ਨੂੰ ਅੱਜ ਦੁਹਰਾਇਆ ਗਿਆ ਅਤੇ ਇਹ ਮੰਗ ਵੀ ਕੀਤੀ ਗਈ ਕਿ ਗੁਆਂਢੀ ਰਾਜਾਂ ਨੂੰ ਸਨਅਤੀਕਰਨ ਲਈ ਦਿੱਤੀਆਂ ਵਿਸ਼ੇਸ਼ ਰਿਆਇਤਾਂ ਕਾਰਨ ਪੰਜਾਬ ਦੀਆਂ ਸਨਅਤਾਂ ਜੋ ਗੁਆਂਢੀ ਰਾਜਾਂ ਵਿਚ ਚਲੀਆਂ ਗਈਆਂ ਹਨ ਅਤੇ ਰਾਜ ਦੇ ਸਨਅਤੀਕਰਨ ਵਿਚ ਜੋ ਖੜੋਤ ਆਈ ਹੈ, ਉਸ ਕਾਰਨ ਪੰਜਾਬ ਨੂੰ ਵੀ ਸਨਅਤੀਕਰਨ ਲਈ ਵਿਸ਼ੇਸ਼ ਰਿਆਇਤਾਂ ਦੇਣ ਦੇ ਨਾਲ ਰਾਜ ਦੇ ਹੋਏ ਨੁਕਸਾਨ ਦੀ ਵਾਜਬ ਪੂਰਤੀ ਕੀਤੀ ਜਾਵੇ | ਰਾਜਪਾਲ ਦੇ ਭਾਸ਼ਣ ਵਿਚ ਸੰਘੀ ਭਾਵਨਾ ਨੂੰ ਦਿਨ-ਬ-ਦਿਨ ਕਮਜ਼ੋਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਗਿਆ ਕਿ ਸੰਵਿਧਾਨ ਵਿਚ ਰਾਜਾਂ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਨੂੰ ਲਗਾਤਾਰ ਖੋਰਾ ਲਗਾਇਆ ਜਾ ਰਿਹਾ ਹੈ ਅਤੇ ਰਾਜਾਂ ਨੂੰ ਕੇਂਦਰ ਦੀਆਂ ਧੋ੍ਰਹਾਂ 'ਤੇ ਭਿਖਾਰੀ ਬਣਾ ਦਿੱਤਾ ਹੈ | ਕੇਂਦਰੀ ਫ਼ੰਡਾਂ ਦੀ ਵੰਡ ਸਬੰਧੀ ਫ਼ਾਰਮੂਲੇ 'ਤੇ ਮੁੜ ਵਿਚਾਰ ਦੀ ਮੰਗ ਕਰਦਿਆਂ ਰਾਜਾਂ 'ਚੋਂ ਇਕੱਤਰ ਹੁੰਦੇ ਮਾਲੀਏ ਦਾ 50 ਪ੍ਰਤੀਸ਼ਤ ਰਾਜਾਂ ਨੂੰ ਦਿੱਤੇ ਜਾਣ ਦੀ ਮੰਗ ਉਠਾਈ ਗਈ | ਰਾਜਪਾਲ ਦੇ ਭਾਸ਼ਣ ਵਿਚ ਦੋਸ਼ ਲਗਾਇਆ ਗਿਆ ਕਿ ਪੰਜਾਬੀਆਂ ਨੂੰ ਪਹਿਲਾਂ ਭਾਸ਼ਾਈ ਸ਼ਨਾਖ਼ਤ ਦੇ ਆਧਾਰ 'ਤੇ ਰਾਜ ਦੇ ਨਿਰਮਾਣ ਕਰਨ ਦੇ ਜਾਇਜ਼ ਅਧਿਕਾਰ ਤੋ ਵਾਂਝਾ ਕੀਤਾ ਗਿਆ ਸੀ, ਲੇਕਿਨ ਲੰਮੇ ਸੰਘਰਸ਼ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਬੋਲੀ ਦੇ ਖੇਤਰਾਂ ਨੂੰ ਪੰਜਾਬ ਤੋਂ ਬਾਹਰ ਰੱਖਦਿਆਂ ਪੰਜਾਬ ਨਾਲ ਵੱਡਾ ਵਿਤਕਰਾ ਕੀਤਾ ਗਿਆ | ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ ਦੇ ਫੈਸਲੇ ਅਤੇ 1985 ਵਿਚ ਸੰਸਦ ਦੇ ਦੋਵਾਂ ਸਦਨਾਂ ਵਿਚ ਚੰਡੀਗੜ੍ਹ ਦੀ ਤਬਦੀਲੀ ਬਾਰੇ ਕੀਤੀਆਂ ਵਚਨਬੱਧਤਾਵਾਂ ਦੇ ਬਾਵਜੂਦ ਇਸ ਤਬਦੀਲੀ ਨੂੰ ਸਿਰੇ ਨਹੀਂ ਚਾੜਿ੍ਹਆ ਗਿਆ | ਰਾਜਪਾਲ ਦੇ ਭਾਸ਼ਣ ਵਿਚ ਮੰਗ ਕੀਤੀ ਗਈ ਕਿ ਚੰਡੀਗੜ੍ਹ ਅਤੇ ਦੂਜੇ ਪੰਜਾਬੀ ਬੋਲਦੇ ਖੇਤਰ ਤੁਰੰਤ ਪੰਜਾਬ ਨੂੰ ਦਿੱਤੇ ਜਾਣ | ਭਾਸ਼ਣ ਵਿਚ ਰਾਜ ਦੇ ਪਾਣੀਆਂ ਦਾ ਮੁੱਦਾ ਵੀ ਉਠਾਇਆ ਗਿਆ ਅਤੇ ਦੋਸ਼ ਲਾਇਆ ਗਿਆ ਕਿ ਪਾਣੀਆਂ ਦੀ ਵੰਡ ਸਬੰਧੀ ਪ੍ਰਵਾਨਿਤ ਰਿਪੇਰੀਅਨ ਸਿਧਾਂਤ ਦੀ ਕੇਵਲ ਪੰਜਾਬ ਵਿਚ ਉਲੰਘਣਾ ਕੀਤੀ ਗਈ | ਭਾਸ਼ਣ ਵਿਚ ਸਪੱਸ਼ਟ ਕੀਤਾ ਗਿਆ ਕਿ ਮੌਜੂਦਾ ਸਰਕਾਰ ਉਸ ਹਰੇਕ ਕੌਮੀ ਦਰਿਆਈ ਪਾਣੀਆਂ ਦੀ ਯੋਜਨਾ ਦਾ ਵਿਰੋਧ ਕਰਦੀ ਹੈ, ਜੋ ਰਿਪੇਰੀਅਨ ਸਿਧਾਂਤ ਦੀ ਉਲੰਘਣਾ ਕਰਕੇ ਬਣਾਈ ਗਈ ਹੈ | ਭਾਸ਼ਣ ਵਿਚ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਗੈਰ ਮਨੁੱਖੀ ਕਤਲੇਆਮ ਦਾ ਨਾਂਅ ਦਿੰਦਿਆਂ ਇਸ ਨੂੰ ਦੇਸ਼ ਦੀ ਆਤਮਾ 'ਤੇ ਇੱਕ ਵੱਡਾ ਧੱਬਾ ਦੱਸਦਿਆਂ ਦੋਸ਼ ਲਾਇਆ ਗਿਆ ਕਿ ਕਸੂਰਵਾਰਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਭਾਰਤ ਸਰਕਾਰ ਦੁਆਰਾ ਤਾਕਤ ਅਤੇ ਸਨਮਾਨ ਵਾਲੇ ਅਹੁਦਿਆਂ 'ਤੇ ਨਿਵਾਜਿਆ ਹੋਇਆ ਹੈ | ਦੇਸ਼ ਲਈ ਇਹ ਨਾਮੋਸ਼ੀ ਵਾਲੀ ਗੱਲ ਹੈ 28 ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਦੋਸ਼ੀ ਖੁੱਲੇ੍ਹਆਮ ਫਿਰ ਰਹੇ ਹਨ, ਜਦੋਂਕਿ ਇਨ੍ਹਾਂ ਦੰਗਿਆਂ ਦੇ ਪੀੜਿਤ ਬੇਕਸੂਰ ਸਿੱਖਾਂ ਨੂੰ ਰਾਹਤ ਦੇਣ ਦਾ ਕੰਮ ਵੀ ਅਜੇ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ | ਭਾਸ਼ਣ ਵਿਚ ਅਕਾਲੀ-ਭਾਜਪਾ ਗੱਠਜੋੜ ਨੂੰ ਪਹਿਲਾਂ ਵਿਧਾਨ ਸਭਾ ਚੋਣਾਂ ਅਤੇ ਫਿਰ ਮੋਗਾ ਦੀ ਜ਼ਿਮਨੀ ਚੋਣ ਵਿਚ ਮਿਲੀ ਵੱਡੀ ਜਿੱਤ ਦਾ ਵੀ ਜ਼ਿਕਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਮੌਜੂਦਾ ਸਰਕਾਰ ਦੇ ਕਾਰਜਾਂ ਦੇ ਹੱਕ ਵਿਚ ਲੋਕਾਂ ਦੇ ਸਮਰਥਨ ਦਾ ਲਗਾਤਾਰ ਵਾਧਾ ਹੋ ਰਿਹਾ ਹੈ | ਭਾਸ਼ਣ ਵਿਚ ਰਾਜ ਦੀ ਇਹ ਮੰਗ ਦੁਬਾਰਾ ਉਠਾਈ ਗਈ ਕਿ ਭਾਰਤ ਸਰਕਾਰ ਪ੍ਰਵਾਸੀ ਭਾਰਤੀਆਂ ਸਬੰਧੀ ਕਾਲੀ ਸੂਚੀ 'ਤੇ ਪੁਨਰ ਵਿਚਾਰ ਕਰੇ | ਰਾਜਪਾਲ ਦੇ ਭਾਸ਼ਣ ਦੌਰਾਨ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਨੇ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ 3233 ਇਸਤਰੀ ਸਿਪਾਹੀਆਂ ਦੀ ਭਰਤੀ ਕੀਤੀ ਹੈ ਅਤੇ 1200 ਹੋਰ ਇਸਤਰੀ ਸਿਪਾਹੀ ਅਤੇ 338 ਇਸਤਰੀ ਸਬ ਇੰਸਪੈਕਟਰਾਂ ਦੀ ਭਰਤੀ ਅਗਲੇ 3 ਸਾਲਾਂ ਵਿਚ ਪੂਰੀ ਕੀਤੀ ਜਾਵੇਗੀ | ਭਾਸ਼ਣ ਵਿਚ ਦਾਅਵਾ ਕੀਤਾ ਗਿਆ ਕਿ ਮੌਜੂਦਾ ਸਰਕਾਰ ਵੱਲੋਂ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਆਦਿ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਰਾਜ ਵਿਚ ਦੁੱਧ ਉਤਪਾਦਨ ਵਿਚ ਵੱਡਾ ਵਾਧਾ ਹੋ ਰਿਹਾ ਹੈ | ਭਾਸ਼ਣ ਵਿਚ ਦੱਸਿਆ ਗਿਆ ਕਿ ਮੋਹਾਲੀ ਵਿਖੇ 450 ਕਰੋੜ ਰੁਪਏ ਦੀ ਲਾਗਤ ਨਾਲ ਕੌਮਾਂਤਰੀ ਹਵਾਈ ਅੱਡੇ ਦੀ ਉਸਾਰੀ ਜਾ ਰਹੀ ਇਮਾਰਤ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦਾ ਪਹਿਲਾ ਪੜਾਅ 2014 ਤੱਕ ਪੂਰਾ ਹੋ ਜਾਵੇਗਾ | ਬਠਿੰਡਾ ਵਿਖੇ ਘਰੇਲੂ ਹਵਾਈ ਅੱਡੇ ਦਾ ਉਸਾਰੀ ਦਾ ਕੰਮ ਮੁਕੰਮਲ ਹੋ ਜਾਣ ਅਤੇ ਲੁਧਿਆਣਾ ਹਵਾਈ ਅੱਡੇ ਦੀ ਹਵਾਈ ਪਟੜੀ ਨੂੰ 4800 ਫੁੱਟ ਤੋਂ ਵਧਾ ਕੇ 7500 ਫੁੱਟ ਕਰਨ ਦੀ ਤਜਵੀਜ਼ 'ਤੇ ਵੀ ਅਮਲ ਜਾਰੀ ਹੋਣ ਸਬੰਧੀ ਸਦਨ ਨੂੰ ਸੂਚਿਤ ਕੀਤਾ ਗਿਆ ਹੈ | ਰਾਜਪਾਲ ਦੇ ਭਾਸ਼ਣ ਵਿਚ ਦੱਸਿਆ ਗਿਆ ਕਿ ਸ੍ਰੀ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਸਥਾਪਿਤ ਕਰਨ ਤੋਂ ਇਲਾਵਾ ਸਰਕਾਰ ਵੱਲੋਂ ਗੁਰੂ ਰਵੀਦਾਸ, ਰਿਸ਼ੀ ਬਾਲਮੀਕ ਜੀ ਅਤੇ ਸਵਾਮੀ ਵਿਵੇਕਾਨੰਦ ਦੀਆਂ ਯਾਦਗਾਰਾਂ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ | ਭਾਸ਼ਣ ਵਿਚ ਦੱਸਿਆ ਗਿਆ ਕਿ 12ਵੀਂ ਸ਼੍ਰੇਣੀ ਦੇ ਸਾਰੇ ਡੇਢ ਲੱਖ ਵਿਦਿਆਰਥੀਆਂ ਨੂੰ 110 ਕਰੋੜ ਰੁਪਏ ਦੀ ਲਾਗਤ ਨਾਲ ਮੁਫ਼ਤ ਕੰਪਿਊਟਰ ਟੇਬਲਟਸ ਮੁਹੱਈਆ ਕਰਵਾਏ ਜਾਣਗੇ ਅਤੇ ਇਸ ਤੋਂ ਬਾਅਦ 11ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਅਗਲੇ ਸਾਲ ਮੁਹੱਈਆ ਕਰਵਾਏ ਜਾਣਗੇ | ਸਦਨ ਨੂੰ ਦੱਸਿਆ ਗਿਆ ਕਿ ਮਗਰਲੇ 5 ਸਾਲਾਂ ਦੌਰਾਨ ਰਾਜ ਵਿਚ ਕੈਂਸਰ ਕਾਰਨ 34,430 ਮੌਤਾਂ ਹੋਈਆਂ ਹਨ ਅਤੇ ਬੀਤੇ ਦਿਨੀਂ ਚਲਾਈ ਮੁਹਿੰਮ ਦੌਰਾਨ 87,403 ਵਿਅਕਤੀ ਕੈਂਸਰ ਦੇ ਲੱਛਣਾਂ ਵਾਲੇ ਰਾਜ ਭਰ ਵਿਚ ਪਾਏ ਗਏ | ਭਾਸ਼ਣ ਵਿਚ ਦੱਸਿਆ ਗਿਆ ਕਿ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਅਗਲੇ ਦੋ ਸਾਲਾਂ ਦੌਰਾਨ ਮਾਸਟਰ ਪਲਾਨ ਯੋਜਨਾ ਹੇਠ 90 ਕਸਬੇ ਅਤੇ ਸ਼ਹਿਰਾਂ ਨੂੰ ਚੁਣਿਆ ਗਿਆ ਹੈ, 32 ਸ਼ਹਿਰਾਂ ਵਿਚ ਮਾਸਟਰ ਯੋਜਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ 27 ਹੋਰ ਸ਼ਹਿਰਾਂ ਸਬੰਧੀ ਯੋਜਨਾ ਤਿਆਰੀ ਅਧੀਨ ਹੈ | ਇਹ ਵੀ ਦੱਸਿਆ ਗਿਆ ਕਿ ਲੁਧਿਆਣਾ ਨੇੜੇ 1700 ਏਕੜ ਵਿਚ ਫੈਲੇ ਵਾਟਰ ਫ਼ਰੰਟ ਸਿਟੀ ਅਤੇ ਮੁੱਲਾਂਪੁਰ ਨੇੜੇ ਐਜੂਕੇਸ਼ਨ ਸਿਟੀ ਸਥਾਪਤ ਕਰਨ ਦੀ ਯੋਜਨਾ ਵੀ ਚੱਲ ਰਹੀ ਹੈ | ਸਦਨ ਨੂੰ ਦੱਸਿਆ ਗਿਆ ਕਿ ਇੱਕ ਨਵੀਂ ਮਕਾਨ ਉਸਾਰੀ ਨੀਤੀ, ਜਿਸ ਵਿਚ ਮਕਾਨਾਂ ਅਤੇ ਕਲੋਨੀਆਂ ਦੇ ਵਿਕਾਸ ਨਾਲ ਨਾਲ ਸਬੰਧਿਤ ਨਿਯਮ ਅਤੇ ਉਪਨਿਯਮ ਵੀ ਸ਼ਾਮਿਲ ਹੋਣਗੇ, ਸਬੰਧੀ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ | ਇਹ ਵੀ ਦੱਸਿਆ ਗਿਆ ਕਿ ਮੋਹਾਲੀ ਵਿਖੇ 40 ਏਕੜਾਂ ਵਿਚ ਇੱਕ ਇਨਫੋਸਿਟੀ ਦੀ ਉਸਾਰੀ ਸਬੰਧੀ ਵੀ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ ਹੈ | ਸਦਨ ਨੂੰ ਦੱਸਿਆ ਗਿਆ ਕਿ ਸ਼ਹਿਰੀ ਆਬਾਦੀ ਦੇ 88 ਪ੍ਰਤੀਸ਼ਤ ਨੂੰ ਸੁਰੱਖਿਅਤ ਜਲ ਸਪਲਾਈ ਸਕੀਮ ਹੇਠ ਕਵਰ ਕੀਤਾ ਜਾ ਚੁੱਕਾ ਹੈ, ਜਦੋਂਕਿ 24 ਸ਼ਹਿਰਾਂ ਵਿਚ ਸੀਵਰੇਜ ਸਹੂਲਤਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ 57 ਹੋਰ ਸ਼ਹਿਰਾਂ ਵਿਚ ਇਨ੍ਹਾਂ ਸਹੂਲਤਾਂ ਲਈ ਕੰਮ ਜਾਰੀ ਹੈ, ਬਾਕੀ ਬਚਦੇ 64 ਸ਼ਹਿਰ ਅਗਲੇ ਪੜਾਅ ਵਿਚ ਕਵਰ ਕੀਤੇ ਜਾਣਗੇ | ਰਾਜਪਾਲ ਦੇ ਭਾਸ਼ਣ ਵਿਚ ਸਦਨ ਨੂੰ ਦੱਸਿਆ ਗਿਆ ਕਿ ਰਾਜ ਦੀ 2012-13 ਲਈ 14000 ਕਰੋੜ ਦੀ ਸਾਲਾਨਾ ਯੋਜਨਾ ਨੂੰ ਨਿਸ਼ਚਿਤ ਰੂਪ ਵਿਚ ਮਾਲੀ ਸਾਲ ਦੌਰਾਨ ਪੂਰਾ ਕਰ ਲਿਆ ਜਾਵੇਗਾ, ਪ੍ਰੰਤੂ ਦਿਲਚਸਪ ਗੱਲ ਇਹ ਹੈ ਕਿ ਹਫ਼ਤਾ ਪਹਿਲਾਂ ਯੋਜਨਾ ਕਮਿਸ਼ਨ ਦੀ ਚੰਡੀਗੜ੍ਹ ਵਿਖੇ ਆਈ ਟੀਮ ਨੂੰ ਰਾਜ ਵੱਲੋਂ ਦੱਸਿਆ ਗਿਆ ਸੀ ਕਿ ਉਕਤ ਯੋਜਨਾ 'ਤੇ ਹੁਣ ਤੱਕ 46 ਪ੍ਰਤੀਸ਼ਤ ਖ਼ਰਚ ਹੋਇਆ ਹੈ, ਪੰ੍ਰਤੂ ਬਾਕੀ ਰਹਿੰਦੇ 20-25 ਦਿਨਾਂ ਦੌਰਾਨ ਮੌਜੂਦਾ ਸਰਕਾਰ ਸਾਲਾਨਾ ਯੋਜਨਾ ਸਬੰਧੀ ਟੀਚੇ ਪ੍ਰਾਪਤ ਕਰ ਸਕੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ | ਰਾਜਪਾਲ ਦੇ ਭਾਸ਼ਣ ਵਿਚ ਕਿਹਾ ਗਿਆ ਕਿ ਸ਼ਾਂਤੀ ਅਤੇ ਵਿਕਾਸ ਅਤੇ ਭਾਈਚਾਰਕ ਸਾਂਝ ਤੇ ਵਧੀਆ ਪ੍ਰਸ਼ਾਸਕ ਦੇਣ ਵਰਗੇ ਮੁੱਦਿਆਂ ਨੇ ਮੌਜੂਦਾ ਸਰਕਾਰ ਨੂੰ ਮੁੜ ਸੱਤਾ ਵਿਚ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਮੌਜੂਦਾ ਸਰਕਾਰ ਇਨ੍ਹਾਂ ਗੱਲਾਂ ਵੱਲ ਹੋਰ ਵੀ ਵਿਸ਼ੇਸ਼ ਧਿਆਨ ਦੇਵੇਗੀ |

ਕੈਪਟਨ ਅਮਰਿੰਦਰ ਸਿੰਘ ਅੱਜ ਦੀ ਬੈਠਕ 'ਚੋਂ ਗੈਰ ਹਾਜ਼ਰ ਰਹੇ
ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵਿਧਾਨ ਸਭਾ ਦੀ ਪਹਿਲੀ ਬੈਠਕ ਤੋਂ ਗੈਰ ਹਾਜ਼ਰ ਰਹੇ ਅਤੇ ਨਾ ਹੀ ਉਹ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਹੀ ਹਾਜ਼ਰ ਹੋਏ | ਉਨ੍ਹਾਂ ਦੇ ਸਮਰਥਕਾਂ ਵੱਲੋਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਬਾਹਰ ਹੋਣ ਕਾਰਨ ਅੱਜ ਸਦਨ ਵਿਚ ਹਾਜ਼ਰ ਨਹੀਂ ਹੋ ਸਕੇ | ਅੱਜ ਸਦਨ ਦੀ ਪਹਿਲੀ ਬੈਠਕ ਹੋਣ ਕਾਰਨ ਕਾਂਗਰਸ ਅਤੇ ਹੁਕਮਰਾਨ ਧਿਰ ਤੋਂ ਕਈ ਹੋਰ ਵਿਧਾਇਕ ਵੀ ਗ਼ੈਰ ਹਾਜ਼ਰ ਸਨ, ਜਦੋਂਕਿ ਬੀਬੀ ਰਜਿੰਦਰ ਕੌਰ ਭੱਠਲ, ਸ੍ਰੀ ਬ੍ਰਹਮ ਮਹਿੰਦਰਾ, ਸ. ਲਾਲ ਸਿੰਘ, ਸ. ਜਗਮੋਹਨ ਸਿੰਘ ਕੰਗ ਆਦਿ ਵਰਗੇ ਦੂਜੇ ਬਹੁਤ ਸਾਰੇ ਸੀਨੀਅਰ ਕਾਂਗਰਸੀ ਵਿਧਾਨਕਾਰ ਸਦਨ ਵਿਚ ਹਾਜ਼ਰ ਵੀ ਸਨ |
ਰਾਜਪਾਲ ਨੇ ਮੁੱਖ ਮੰਤਰੀ ਦਾ ਨਾਂਅ ਪੜ੍ਹਨ ਤੋਂ ਕੀਤਾ ਗੁਰੇਜ਼ਰਾਜਪਾਲ ਦੇ ਭਾਸ਼ਣ ਦੌਰਾਨ ਅੱਜ ਦਿਲਚਸਪ ਗੱਲ ਇਹ ਸੀ ਕਿ ਸਮੁੱਚੇ 52 ਸਫ਼ਿਆਂ ਦੇ ਭਾਸ਼ਣ ਵਿਚ ਜਿੰਨੀਆਂ ਥਾਵਾਂ 'ਤੇ ਵੀ ਰਾਜਪਾਲ ਵੱਲੋਂ ਪੜ੍ਹਨ ਲਈ ਮੇਰੀ ਸਰਕਾਰ ਲਿਖਿਆ ਗਿਆ ਸੀ, ਰਾਜਪਾਲ ਵੱਲੋਂ ਮੇਰੀ ਸਰਕਾਰ ਦੀ ਥਾਂ ਉਸ ਨੂੰ ਸਰਕਾਰ ਹੀ ਪੜਿ੍ਹਆ ਗਿਆ ਅਤੇ ਮੇਰੀ ਸਰਕਾਰ ਕਹਿਣ ਤੋਂ ਗੁਰੇਜ਼ ਕੀਤਾ ਗਿਆ | ਇਸੇ ਤਰ੍ਹਾਂ ਭਾਸ਼ਣ ਦੇ ਅਖੀਰ ਵਿਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦੇ ਇੱਕ ਗੁੜੇ੍ਹ ਹੋਏ ਸਿਆਸਤਦਾਨ ਦੱਸਦਿਆਂ ਕਿਹਾ ਗਿਆ ਸੀ ਕਿ ਉਨ੍ਹਾਂ ਆਪਣੀ ਦੂਰ ਅੰਦੇਸ਼ੀ ਸਦਕਾ ਇਹ ਇਤਿਹਾਸ ਸਿਰਜਿਆ, ਵਿਚੋਂ ਰਾਜਪਾਲ ਵੱਲੋਂ ਸ. ਬਾਦਲ ਦਾ ਨਾਮ ਨਹੀਂ ਪੜਿ੍ਹਆ ਗਿਆ, ਜਦੋਂਕਿ ਬਾਕੀ ਲਾਈਨ ਉਨ੍ਹਾਂ ਵੱਲੋਂ ਪੜ੍ਹ ਦਿੱਤੀ ਗਈ | ਰਾਜਪਾਲ ਵੱਲੋਂ ਆਪਣੇ ਭਾਸ਼ਣ ਦੌਰਾਨ ਸਮੁੱਚਾ ਭਾਸ਼ਣ ਪੜ੍ਹਨ ਦੀ ਥਾਂ ਭਾਸ਼ਣ ਵਿਚ ਕੁੱਝ ਗੈਰ ਜ਼ਰੂਰੀ ਅੰਸ਼ ਛੱਡ ਦਿੱਤੇ ਗਏ, ਜਿਨ੍ਹਾਂ ਸਬੰਧੀ ਉਨ੍ਹਾਂ ਬਾਅਦ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਹਿੱਸਿਆਂ ਨੂੰ ਵੀ ਪੜਿ੍ਹਆ ਹੀ ਸਮਝਿਆ ਜਾਵੇ | ਰਾਜਪਾਲਾਂ ਵੱਲੋਂ ਪਹਿਲਾਂ ਵੀ ਕਈ ਵਾਰ ਸਮੁੱਚੇ ਭਾਸ਼ਣ ਪੜ੍ਹਨ ਤੋਂ ਗੁਰੇਜ਼ ਕੀਤਾ ਜਾਂਦਾ ਹੈ ਅਤੇ ਵਿਚੋਂ ਗੈਰ ਜ਼ਰੂਰੀ ਹਿੱਸਿਆਂ ਨੂੰ ਪੜ੍ਹੇ ਸਮਝੇ ਜਾਣ ਕਹਿ ਕੇ ਛੱਡ ਦਿੱਤਾ ਜਾਂਦਾ ਹੈ, ਲੇਕਿਨ ਮੌਜੂਦਾ ਸਰਕਾਰ ਵੱਲੋਂ ਰਾਜਪਾਲ ਨੂੰ ਪੜ੍ਹਨ ਲਈ ਭੇਜੇ ਗਏ ਇਸ ਭਾਸ਼ਣ ਵਿਚ ਕੇਂਦਰ ਸਰਕਾਰ ਦੀ ਕੀਤੀ ਗਈ ਤਿੱਖੀ ਨੁਕਤਾਚੀਨੀ ਕਾਰਨ ਰਾਜਪਾਲ ਵੱਲੋਂ ਵਾਰ ਵਾਰ ਮੇਰੀ ਸਰਕਾਰ ਪੜ੍ਹਨ ਤੋਂ ਟਾਲ਼ਾ ਵੱਟ ਲਿਆ ਗਿਆ |
ਪ੍ਰਤਾਪ ਸਿੰਘ ਬਾਜਵਾ ਵੀ ਸਦਨ ਦੀ ਕਾਰਵਾਈ ਵੇਖਣ ਆਏ
ਚੰਡੀਗੜ੍ਹ, 11 ਮਾਰਚ  -ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਜਦੋਂ ਅੱਜ ਪੰਜਾਬ ਵਿਧਾਨ ਸਭਾ ਦੀ ਗੈਲਰੀ ਵਿਖੇ ਆਪਣੇ 3-4 ਸਾਥੀਆਂ ਨਾਲ ਸਦਨ ਦੀ ਕਾਰਵਾਈ ਦੇਖਣ ਲਈ ਆਏ ਤਾਂ ਕੁਝ ਕਾਂਗਰਸ ਮੈਂਬਰਾਂ ਉਨ੍ਹਾਂ ਦੇ ਸਵਾਗਤ ਵਿਚ ਆਪਣੇ ਬੈਂਚ ਥਪਥਪਾਉਣੇ ਸ਼ੁਰੂ ਕਰ ਦਿੱਤੇ | ਸਦਨ ਦੀ ਕਾਰਵਾਈ ਭਾਵੇਂ ਅਜੇ ਸ਼ੁਰੂ ਨਹੀਂ ਹੋਈ ਸੀ, ਪਰ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਦੂਜੇ ਅਕਾਲੀ-ਭਾਜਪਾ ਮੰਤਰੀ ਤੇ ਮੈਂਬਰ ਸਦਨ ਵਿਚ ਰਾਜਪਾਲ ਦੇ ਪੁੱਜਣ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਮੁੱਖ ਮੰਤਰੀ ਸ:” ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਬੈਂਚ ਥਪਥਪਾਉਂਦਿਆਂ ਕਿਹਾ ਕਿ ਅਸੀਂ ਵੀ ਸ: ਬਾਜਵਾ ਦਾ ਸਵਾਗਤ ਕਰਦੇ ਹਾਂ ਤਾਂ ਦੂਜੇ ਅਕਾਲੀ ਮੰਤਰੀਆਂ ਅਤੇ ਮੈਂਬਰਾਂ ਵੀ ਸ: ਬਾਜਵਾ ਦੇ ਹੱਕ ਵਿਚ ਆਪਣੇ ਬੈਂਚ ਥਪ ਥਪਾਉਣੇ ਸ਼ੁਰੂ ਕਰ ਦਿੱਤੇ | ਅੱਜ ਸਦਨ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਿਰੋਧੀ ਧਿਰ ਵਾਲੇ ਪਾਸੇ ਜਾ ਕੇ ਕਾਂਗਰਸ ਮੈਂਬਰਾਂ ਨਾਲ ਹੱਥ ਮਿਲਾਏ ਅਤੇ ਇਵੇਂ ਨਜ਼ਰ ਆ ਰਿਹਾ ਸੀ ਕਿ ਅੱਜ ਵਿਧਾਨ ਸਭਾ ਦਾ ਮਾਹੌਲ ਬਿਲਕੁੱਲ ਬਦਲ ਗਿਆ ਹੈ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>