Saturday, February 23, 2013

ਮੋਗਾ ਚ ਬਰਸਾਤ ਦੇ ਬਾਵਜੂਦ 71.18 ਫੀਸਦੀ ਪੋਲਿੰਗ, ਅਮਨ ਅਮਾਨ ਨਾਲ ਪਈਆਂ ਵੋਟਾਂ

ਮੋਗਾ ਜ਼ਿਮਨੀ ਚੋਣ : ਜੈਨ ਤੇ ਸਾਥੀ ਨੇ ਵੀ ਪਾਈ ਆਪੋ ਆਪਣੀ ਵੋਟ ਮੋਗਾ ਚ ਬਰਸਾਤ ਦੇ ਬਾਵਜੂਦ 71.18 ਫੀਸਦੀ ਪੋਲਿੰਗ, ਅਮਨ ਅਮਾਨ ਨਾਲ ਪਈਆਂ ਵੋਟਾਂ

 (News posted on: 23 Feb 2013)






ਪਿੰਡਾਂ ਚ 77.8 ਫੀਸਦੀ ਤੇ ਮੋਗਾ ਸ਼ਹਿਰ ਚ 63.85 ਫੀਸਦੀ ਪੋਲਿੰਗ

 


ਚੰਡੀਗੜ੍ਹ, 23 ਫਰਵਰੀ : ਮੋਗਾ ਵਿਧਾਨ ਸਭਾ ਹਲਕੇ ਲਈ ਪੋਲਿੰਗ ਦਾ ਕੰਮ ਅੱਜ ਇਕਦਮ ਸ਼ਾਂਤਮਈ ਮਹੌਲ ਚ ਅਮਨ-ਅਮਾਨ ਨਾਲ ਨੇਪਰੇ ਚੜ ਗਿਆ। ਇਸ ਦੌਰਾਨ ਮੋਗਾ ਚ ਦੁਪਹਿਰ ਬਾਦ ਤਕ ਹੋਈ ਬਰਸਾਤ ਦੇ ਬਾਵਜੂਦ ਵੋਟਰਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਕੁੱਲ 71.18 ਫੀਸਦੀ ਪੋਲਿੰਗ ਹੋਈ। ਜ਼ਿਲੇ ਦੇ ਪੇਂਡੂ ਵੋਟਰਾਂ ਚ ਵੋਟਿੰਗ ਦਾ ਕੁਝ ਜ਼ਿਆਦਾ ਉਤਸ਼ਾਹ ਜਾਪਿਆ ਜਿਥੇ 77.8 ਫੀਸਦੀ ਪੋਲਿੰਗ ਹੋਈ ਜਦਕਿ ਮੋਗਾ ਸ਼ਹਿਰ ਕੁਝ ਘੱਟ 63.85 ਫੀਸਦੀ ਪੋਲਿੰਗ ਹੋਈ। ਜ਼ਿਕਰਯੋਗ ਗੱਲ ਇਹ ਹੈ ਕਿ ਆਸ ਦੇ ਉਲਟ ਪੂਰੇ ਜ਼ਿਲੇ ਚ ਕਿਸੇ ਵੀ ਹਿੰਸਕ ਜਾਂ ਅਣਸੁਖਾਵੀਂ ਘਟਨਾ ਹੋਣ ਦੀ ਰਿਪੋਰਟ ਨਹੀਂ ਆਈ।
ਸ਼ਾਮ ਨੂੰ ਪੋਲਿੰਗ ਦੇ ਖਤਮ ਹੋਣ ਸਾਰ ਹੀ ਅਕਾਲੀ ਭਾਜਪਾ ਉਮੀਦਵਾਰ ਜੋਗਿੰਦਰ ਪਾਲ ਜੈਨ, ਕਾਂਗਰਸ ਦੇ ਵਿਜੇ ਸਾਥੀ, ਸਾਂਝੇ ਮੋਰਚੇ ਦੇ ਰਵਿੰਦਰ ਧਾਲੀਵਾਲ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਬੀਰਿੰਦਰ ਪਾਲ ਸਿੰਘ ਤੇ ਕੁਝ ਅਜ਼ਾਦ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਚ ਕੈਦ ਹੋ ਗਈ। ਚੋਣਾਂ ਦਾ ਨਤੀਜਾ 28 ਫਰਵਰੀ ਨੂੰ ਆਵੇਗਾ।
ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ   ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ਚ ਵੋਟਿੰਗ ਪ੍ਰਕਿਰਿਆ ਪੂਰੀ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ ਹੈ। ਉਨ੍ਹਾਂ ਮੋਗਾ ਦੇ ਲੋਕਾਂ ਦਾ ਸ਼ਾਂਤਮਈ ਤੇ ਉਤਸ਼ਾਹ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਧੰਨਵਾਦ ਵੀ ਕੀਤਾ।
ਕਾਂਗਰਸੀ ਉਮੀਦਵਾਰ ਵਿਜੈ ਸਾਥੀ ਵਲੋਂ ਲੜਕਿਆਂ ਦੇ ਆਰੀਆ ਸਕੂਲ ਵਿਖੇ ਸਥਾਪਿਤ ਪੋਲਿੰਗ ਕੇਂਦਰ ਤੇ ਆਪਣੀ ਵੋਟ ਪਾਈ ਜਦਕਿ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜੋਗਿੰਦਰ ਪਾਲ ਜੈਨ ਨੇ ਡੀ.ਐਮ.ਕਾਲਜ ਫਾਰ ਐਜੂਕੇਸ਼ਨ ਵਿਖੇ ਬਣੇ ਪੋਲਿੰਗ ਕੇਂਦਰ ਦੇ ਬੂਥ ਨੰਬਰ 173 ਤੇ ਪੁੱਜਕੇ ਆਪਣੀ ਵੋਟ ਪਾਈ। ਦੋਵਾ ਵਲੋਂ ਹੀ ਆਪੋ-ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ।
ਚੋਣ ਕਮਿਸ਼ਨ ਵਲੋਂ ਚੋਣਾਂ ਲਈ ਸਾਰੇ ਕਾਫੀ ਸਖਤ ਇੰਤਜ਼ਾਮ ਕੀਤੇ ਗਏ ਸਨ ਤੇ ਕਿਸੇ ਪ੍ਰਕਾਰ ਦੀ ਗੜਬੜੀ ਨੂੰ ਰੋਕਣ ਲਈ 10 ਸੁਰੱਖਿਆ ਫੋਰਸਾਂ ਦੀਆਂ ਕੰਪਨੀਆਂ ਮੋਗਾ ਚ ਤੈਨਾਤ ਸਨ। ਮੋਗਾ ਦੇ ਕੁੱਲ 188 ਪੋਲਿੰਗ ਸਟੇਸ਼ਨਾਂ ਚੋਂ 90 ਸੰਵੇਦਨਸ਼ੀਲ ਤੇ 69 ਅਤੀ ਸੰਵੇਦਨਸ਼ੀਲ ਕਰਾਰ ਦਿਤੇ ਗਏ ਸਨ। ਮੋਗਾ ਦੇ ਕੁੱਲ ਵੋਟਰ 179448 ਹਨ, ਜਿਨਾਂ ਚੋਂ 94652 ਪੁਰਸ਼ ਤੇ 84796 ਮਹਿਲਾ ਵੋਟਰ ਹਨ ਜਦਕਿ 304 ਸਰਵਿਸ ਵੋਟਰ ਹਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>