Monday, May 5, 2014

ਭਗਤ ਸਿੰਘ ਨੂੰ ਸ਼ਹੀਦ ਕਿਉਂ ਨਾ ਮੰਨਿਆ ਜਾਵੇ ???

* ਭਗਤ ਸਿੰਘ ਨੂੰ ਸ਼ਹੀਦ ਕਿਉਂ ਨਾ ਮੰਨਿਆ ਜਾਵੇ ??? ***

.......... ਅੱਜਕਲ ਫਿਰ ਤੋਂ ਇਹ ਅਵਾਜਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਭਗਤ ਸਿੰਘ ਦੀ ਕੁਰਬਾਨੀ 'ਸ਼ਹੀਦ' ਵਾਲੀ ਕਸਵੱਟੀ ਉੱਤੇ ਪੂਰੀ ਨਹੀਂ ਉੱਤਰਦੀ| ਇਹ ਵੀ ਸੁਣਿਆ ਜਾਂਦਾ ਹੈ ਕਿ ਭਗਤ ਸਿੰਘ ਸਿਖੀ ਪਰੰਪਰਾਵਾਂ ਅਨੁਸਾਰ 'ਸ਼ਹੀਦ' ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਨਾਸਤਿਕ ਅਖਵਾਉਂਦਾ ਸੀ| ਪਤਾ ਨਹੀਂ 'ਸਿਰਦਾਰ ਕਪੂਰ ਸਿੰਘ' ਦੀ 'ਸਾਚੀ ਸਾਖੀ' ਕਿਸੇ ਨੇ ਪੜ੍ਹੀ ਵੀ ਹੈ ਜਾਂ ਨਹੀਂ, ਪਰ ਕਈ ਸੱਜਣ, ਵਿਦਵਾਨ ਬਣਨ ਦੇ ਚੱਕਰ ਵਿਚ ਇਤਿਹਾਸ ਨਾਲ ਖਿਲਵਾੜ ਕਰਨ ਤੇ ਜਰੂਰ ਤੁਲੇ ਹੋਏ ਹਨ |
...........ਸਵਾਲ ਉਠਾਇਆ ਜਾਂਦਾ ਹੈ ਕਿ ਭਗਤ ਸਿੰਘ ਨੇ ਇੱਕ ਨਿਰਦੋਸ਼ ਪੁਲਿਸ ਅਫਸਰ ਸਾਂਡਰਸ ਨੂੰ ਮਾਰਿਆ| ਸਿਖੀ ਵਿਚ ਬੇਕਸੂਰਾਂ ਦਾ ਕਤਲ ਕਰਨ ਵਾਲੇ ਨੂੰ ਸ਼ਹੀਦ ਨਹੀਂ ਮੰਨਿਆ ਜਾ ਸਕਦਾ| ਇਹ ਵੀ ਸਵਾਲ ਉਠਾਇਆ ਜਾਂਦਾ ਹੈ ਕਿ ਫਲਾਣੇ 'ਇਤਿਹਾਸਕਾਰ' ਨੇ ਖੋਜ ਕੀਤੀ ਹੈ ਕਿ ਭਗਤ ਸਿੰਘ ਹੱਸਦਾ ਹੋਇਆ ਫਾਂਸੀ ਨਹੀਂ ਚੜਿਆ ਸੀ ਬਲਕਿ ਮੌਤ ਵੇਲੇ ਉਹ ਨਿਰਾਸ਼ ਸੀ| ਕਈਆਂ ਨੂੰ ਇਹ ਤਕਲੀਫ਼ ਹੈ ਕਿ ਭਗਤ ਸਿੰਘ ਨੂੰ ਬਹੁਤਾ ਹੀਰੋ ਕਾਮਰੇਡਾਂ ਨੇ ਹੀ ਬਣਾ ਛੱਡਿਆ ਹੈ ਤੇ ਸਰਾਭੇ, ਊਧਮ ਸਿੰਘ ਅਤੇ ਬੱਬਰ ਅਕਾਲੀਆਂ ਦੀਆਂ ਕੁਰਬਾਨੀਆਂ ਨੂੰ ਪਿਛੇ ਧੱਕ ਦਿੱਤਾ ਗਿਆ ਹੈ| ਕੋਈ ਇਹ ਕਹਿੰਦਾ ਹੈ ਕਿ ਆਖਰੀ ਮੌਕੇ ਭਗਤ ਸਿੰਘ ਨੇ ਅਮਰਿਤ ਛਕਣ ਦੀ ਇਛਾ ਪਰਗਟਾਈ ਸੀ| ਯਾਨੀ ਕਿ ਜੇ ਉਹ ਅਮਰਿਤ ਛਕ ਲੈਂਦਾ ਤਾਂ ਉਹ ਸ਼ਹੀਦ ਮੰਨਿਆ ਜਾ ਸਕਦਾ ਸੀ ਪਰ ਹੁਣ ਨਹੀਂ|
.......... ਪਹਿਲਾਂ ਤਾਂ ਸਾਂਡਰਸ ਵਾਲੀ ਗੱਲ ਹੀ ਲੈ ਲਈਏ| ਵੈਸੇ ਤਾਂ ਹੁਣੇ ਹੁਣੇ ਜੋ ਪਾਕਿਸਤਾਨ ਵਿਚ ਸਾਂਡਰਸ ਕਤਲ ਕੇਸ ਦੀ F .I .R . ਸਾਹਮਣੇ ਆਈ ਹੈ ਉਸ ਹਿਸਾਬ ਨਾਲ ਤਾਂ ਭਗਤ ਸਿੰਘ ਉੱਤੇ ਸਾਂਡਰਸ ਦੇ ਕਤਲ ਦਾ ਝੂਠਾ ਇਲਜ਼ਾਮ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ FIR ਵਿਚ ਭਗਤ ਸਿੰਘ ਦਾ ਕਿਤੇ ਵੀ ਨਾਮ ਨਹੀਂ ਹੈ| ਪਰ ਜੇ ਮੰਨ ਵੀ ਲਈਏ ਕਿ ਸਾਂਡਰਸ ਦਾ ਕਤਲ ਉਹਨਾਂ ਨੇ ਹੀ ਕੀਤਾ, ਤਾਂ ਵੀ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਅਸਲੀ ਨਿਸ਼ਾਨਾ 'ਸਾਂਡਰਸ' ਨਹੀਂ 'ਸਕਾਟ' ਸੀ ਪਰ ਗਲਤੀ ਨਾਲ ਸਾਂਡਰਸ ਮਾਰਿਆ ਗਿਆ| ਨਾਲ ਉਸਦਾ ਬਾਡੀਗਾਰਡ ਚੰਨਣ ਸਿੰਘ ਵੀ ਮਾਰਿਆ ਗਿਆ| ਪਰ ਭਗਤ ਸਿੰਘ ਹੋਰਾਂ ਨੇ ਜਾਣ-ਬੁਝ ਕੇ ਤਾਂ ਸਾਂਡਰਸ ਨੂੰ ਨਹੀਂ ਸੀ ਮਾਰਿਆ, ਬਾਅਦ ਵਿਚ ਉਹਨਾਂ ਨੇ ਇਸ ਦਾ ਭਾਰੀ ਅਫਸੋਸ ਵੀ ਕੀਤਾ| ਵੈਸੇ ਵੀ ਇਹ ਭਗਤ ਸਿੰਘ ਦੀ ਮੁਢਲੀ ਹੀ ਕਾਰਵਾਈ ਸੀ| ਉਹਨਾਂ ਅੰਦਰਲਾ ਅਸਲੀ ਕਰਾਂਤੀਕਾਰੀ ਤਾਂ ਅਜੇ ਅੱਗੇ ਜਾ ਕੇ ਨਿਖਰਨਾ ਸੀ| ਭਗਤ ਸਿੰਘ ਕਿਸੇ ਵੀ ਤਰਾਂ ਖੂਨ ਖਰਾਬੇ ਵਿਚ ਵਿਸ਼ਵਾਸ ਰਖਣ ਵਾਲਾ ਨਹੀਂ ਸੀ, ਬਲਕਿ ਲੋਕਾਂ ਨੂੰ ਜਗਾ ਕੇ ਕਰਾਂਤੀ ਲਿਆਉਣੀ ਲੋਚਦਾ ਸੀ|
............ ਨਾਲੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਹੋਵੇਗੀ ਤਾਂ ਓਦੋਂ ਕਿਹੜਾ ਸਾਰੇ ਗੁਨਾਹਗਾਰ ਹੀ ਕਤਲ ਹੋਏ ਹੋਣਗੇ, ਕਈ ਬੇਦੋਸ਼ੇ ਵੀ ਤਾਂ ਉਸ ਭਿਆਨਕ ਜੰਗ ਦੀ ਭੇਟ ਚੜੇ ਹੋਣਗੇ| ਫੇਰ ਕੀ ਅਸੀਂ ਉਸ ਮਹਾਨ ਜਰਨੈਲ ਨੂੰ ਸ਼ਹੀਦ ਮੰਨਣੋ ਇਨਕਾਰੀ ਹੋ ਜਾਈਏ ? ਆਪਣੇ ਬੈਰਾਗੀ ਜੀਵਨ ਨੂੰ ਛੱਡ ਕੇ ਆਪਣਾ ਸਭ ਕੁਝ ਜੰਗ ਦੀ ਅੱਗ ਵਿਚ ਝੋਕ ਦੇਣਾ ਕੋਈ ਮਖੌਲ ਨਹੀਂ ਹੁੰਦਾ| ਪਰ ਜਦੋਂ ਜੰਗ ਲੱਗੀ ਹੋਵੇ ਤਾਂ ਦੁਸ਼ਮਨ ਦੀ ਪਛਾਣ ਵਿਚ ਕੁਝ ਵਾਧੇ ਘਾਟੇ ਹੋ ਹੀ ਜਾਂਦੇ ਹਨ| ਨਾਲੇ ਸਾਂਡਰਸ ਵੀ ਤਾਂ ਉਸੇ ਹੀ ਵਿਦੇਸ਼ੀ ਰਾਜ ਦਾ ਇੱਕ ਪੁਰਜਾ ਸੀ|
............ਹੁਣ ਆਈਏ ਹੱਸਦੇ ਹੋਏ ਫਾਂਸੀ ਦਾ ਰੱਸਾ ਚੁੰਮਣ ਵਾਲੀ ਗੱਲ ਤੇ| ਅਸਲ ਵਿਚ ਇਹ ਇੱਕ ਮੁਹਾਵਰਾ ਹੈ ਜਿਸ ਦਾ ਅਰਥ ਹੁੰਦਾ ਹੈ ਕਿ ਉਹ ਇਨਸਾਨ ਆਖਰੀ ਸਮੇਂ ਤੱਕ ਵੀ ਆਪਣੇ ਸਿਦਕ ਤੋਂ ਨਹੀ ਡੋਲਿਆ | ਹੋਰ ਹੱਸਣ ਨੂੰ ਕਿਹੜਾ ਉਥੇ ਜਲਾਦ ਨੇ ਕੋਈ ਚੁਟਕਲਾ ਸੁਣਾਉਣਾ ਹੁੰਦਾ ਹੈ| ਦੁਨੀਆ ਤੋਂ ਜਾਣ ਵੇਲੇ ਦੇ ਉਹਨਾਂ ਆਖਰੀ ਪਲਾਂ ਵਿਚ, ਥੋੜਾ ਬਹੁਤਾ 'ਅੰਦਰ' ਤਾਂ ਸ਼ਾਇਦ ਹਰ ਕਿਸੇ ਦਾ ਹੀ ਹਿੱਲਦਾ ਹੋਵੇ ਪਰ ਮਰਜੀਵੜਾ ਉਹ ਹੁੰਦਾ ਹੈ ਜਿਹੜਾ ਉਸ ਮੌਕੇ ਵੀ ਸਹਿਜ ਰਹੇ ਤੇ ਆਪਣੇ ਆਪ ਨੂੰ ਸੰਭਾਲ ਲਵੇ|
......... ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ, ਟੁੱਟੇ ਫੁੱਟੇ ਪਰਚਾਰਕ, ਗਲਤ ਢੰਗ ਨਾਲ ਸਾਖੀਆਂ ਸੁਣਾਉਂਦੇ ਹਨ ਅਤੇ ਸੰਗਤਾਂ ਨੂੰ ਜਜ਼ਬਾਤੀ ਕਰ ਕੇ ਉਹਨਾਂ ਤੋਂ ਮਾਇਆ ਬਟੋਰਦੇ ਹਨ ਕਿ ਜਦੋਂ 'ਨੂਰੇ ਮਾਹੀ' ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ ਦੀ ਖਬਰ ਲਿਆਂਦੀ ਤਾਂ 'ਗੁਰੂ ਜੀ ਹੱਸ ਪਏ'| ਪਰ ਹੱਸਣ ਦੀ ਕਿਹੜੀ ਗੱਲ ਸੀ ਉਥੇ ? ਕਿਸੇ ਦਾ ਸਾਰਾ ਪਰਿਵਾਰ ਵੈਰੀਆਂ ਹਥੋਂ ਖਤਮ ਹੋ ਜਾਵੇ ਤਾਂ ਉਹ ਹੱਸੇਗਾ ਨਹੀਂ| ਅਸੀਂ ਆਪਣੇ ਬਚੇ ਦੇ ਇੱਕ ਟੀਕਾ ਲਗਦਾ ਨਹੀਂ ਸਹਾਰ ਸਕਦੇ ਅਤੇ ਗੁਰੂ ਤੋਂ ਉਮੀਦਾਂ ਰਖਦੇ ਹਾਂ ਕਿ ਉਹ ਆਪਣੇ ਬਚਿਆਂ ਦੀ ਮੌਤ ਸੁਣ ਕੇ ਹੱਸ ਪਏ ਹੋਣਗੇ| ..... ਅਸਲ ਵਿਚ ਇਸਦਾ ਭਾਵ ਹੈ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਆਪਣੇ ਮਿਸ਼ਨ ਵਿਚ ਲੱਗੇ ਰਹੇ|
.......... ਇਹੀ ਗੱਲ ਭਗਤ ਸਿੰਘ ਦੇ, ਫਾਂਸੀ ਦੇ ਰੱਸੇ ਨੂੰ ਹੱਸ ਕੇ ਚੁੰਮਣ ਵਾਲੀ ਗੱਲ ਨਾਲ ਸੰਬੰਧ ਰਖਦੀ ਹੈ| ਹੋਰ ਹੱਸਣ ਦਾ ਮਤਲਬ ਕੋਈ ਠਹਾਕੇ ਲਗਾਉਣਾ ਨਹੀਂ ਹੁੰਦਾ| ਕਿਉਂਕਿ ਜੇ ਭਗਤ ਸਿੰਘ ਮਰਨ ਤੋਂ ਇੰਨਾ ਹੀ ਡਰਦਾ ਹੁੰਦਾ ਤਾਂ ਅਸੈਂਬਲੀ ਵਿਚ ਬੰਬ ਸੁੱਟਣ ਹੀ ਕਿਉਂ ਜਾਂਦਾ ? ਸਾਫ਼ ਹੀ ਪਤਾ ਸੀ ਕਿ ਉਥੋਂ ਬਚਣ ਦਾ ਕੋਈ ਚਾਂਸ ਹੀ ਨਹੀਂ ਸੀ|
**** ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ****
**** ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਉਂ ਹੁੰਦੇ ****
.......... ਨਾਲੇ ਸਿਖ ਧਰਮ ਵਿਚ ਕਿਸੇ ਨੂੰ ਸ਼ਹੀਦ ਮੰਨਣ ਵਾਲੀ ਕਸਵੱਟੀ ਬਣਾਈ ਕਿਸ ਨੇ ਹੈ ? ਉਹਨਾਂ ਦੇ ਹਿਸਾਬ ਨਾਲ ਤਾਂ ਫਿਰ ਜਲਿਆਂ ਵਾਲੇ ਬਾਗ ਵਿਚ ਗੋਲੀਆਂ ਖਾਣ ਵਾਲੇ ਵੀ ਸ਼ਹੀਦ ਨਹੀਂ ਮੰਨੇ ਜਾ ਸਕਦੇ ਹੋਣੇ| ਕਿਉਂਕਿ ਉਹ ਤਾਂ ਜਾਨ ਬਚਾਉਣ ਲਈ ਇਧਰ ਉਧਰ ਦੌੜੇ ਸਨ| ਉਹਨਾਂ ਨੇ ਤਾਂ ਗੋਲੀਆਂ ਤੋਂ ਬਚਣ ਲਈ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਸੀ| ਇਸ ਹਿਸਾਬ ਨਾਲ ਤਾਂ ਫਿਰ ਕਿਸੇ ਵੀ ਘੱਲੂਘਾਰੇ ਵਿਚ, ਜਿਹੜੇ ਵੀ ਲੋਕ ਦੁਸ਼ਮਨ ਦੇ ਹਥ ਆ ਗਏ, ਉਹ 'ਸ਼ਹੀਦ' ਮੰਨੇ ਹੀ ਨਹੀਂ ਜਾ ਸਕਦੇ ਕਿਉਂਕਿ ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਸ਼ਾਇਦ ਉਹ ਦੌੜ ਜਾਂਦੇ|
...........ਇਸੇ ਤਰਾਂ ਹੀ ਕੁਝ 'ਕਚ- ਘਰੜ ਨਾਸਤਿਕਾਂ' ਦੇ ਹਿਸਾਬ ਨਾਲ ਉਹ ਬੀਬੀਆਂ ਵੀ ਮਹਾਨ ਨਹੀਂ ਮੰਨੀਆਂ ਜਾ ਸਕਦੀਆਂ ਜਿੰਨਾ ਨੇ ਆਪਣੇ ਬਚਿਆਂ ਦੇ ਟੋਟੇ ਕਰਵਾਕੇ ਗਲਾਂ ਵਿਚ ਹਾਰ ਪਵਾ ਲਏ, ਪਰ ਜ਼ੁਲਮ ਅੱਗੇ ਧੌਣ ਨਹੀਂ ਝੁਕਾਈ| ਕਿਉਂਕਿ 'ਨਵੇਂ ਨਵੇਂ ਬਣੇ ਨਾਸਤਿਕਾਂ' ਨੂੰ ਇਹ ਇਤਰਾਜ਼ ਹੋ ਜਾਂਦਾ ਹੈ ਉਹ ਬੀਬੀਆਂ ਵਾਹਿਗੁਰੂ ਵਾਹਿਗੁਰੂ ਕਿਉਂ ਜਪਦੀਆਂ ਰਹੀਆਂ, ਕਿਉਂਕਿ ਰੱਬ ਦੀ ਤਾਂ ਹੋਂਦ ਹੀ ਨਹੀਂ ਹੈ| ਕੱਟੜ ਆਸਤਿਕਾਂ ਨੂੰ ਵੀ ਤਾਂ ਇਹੀ ਇਤਰਾਜ਼ ਹੈ ਕਿ ਜੇ ਭਗਤ ਸਿੰਘ ਨਾਸਤਿਕ ਸੀ ਤਾਂ ਉਸ ਨੂੰ ਸ਼ਹੀਦ ਕਿਵੇਂ ਮੰਨ ਲਿਆ ਜਾਵੇ| ਕਿਉਂਕਿ ਸ਼ਹੀਦ ਤਾਂ ਧਰਮੀ ਬੰਦਾ ਹੀ ਹੋ ਸਕਦਾ ਹੈ|
.......... ਪਰ ਅਸਲੀ ਗੱਲ, ਰੱਬ ਦੇ ਹੋਣ ਜਾਂ ਨਾ ਹੋਣ ਦੀ ਨਹੀਂ ਹੈ| ਅਸਲੀ ਗੱਲ ਆਪਣੇ ਸਿਦਕ ਉੱਤੇ ਕਾਇਮ ਰਹਿਣ ਦੀ ਹੈ| ਕੈਦਖਾਨਿਆਂ ਤੇ ਤਸੀਹਾ ਕੇਂਦਰਾਂ ਵਿਚ, ਤਸੀਹੇ ਸਹਿਣ ਵੇਲੇ ਭਾਵੇਂ ਕੋਈ ਵਾਹਿਗੁਰੂ-ਵਾਹਿਗੁਰੂ ਜਪਦਾ ਰਿਹਾ, ਭਾਵੇਂ ਕੋਈ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਰਿਹਾ ਤੇ ਭਾਵੇਂ ਕੋਈ ਤਸੀਹੇ ਦੇਣ ਵਾਲਿਆਂ ਨੂੰ ਮਾਂਵਾਂ ਭੈਣਾਂ ਦੀਆਂ ਗਾਹਲਾਂ ਹੀ ਕਢਦਾ ਰਿਹਾ ਹੋਵੇ| ਜੇ ਕਿਸੇ ਨੇ ਇਹ ਸਾਰੇ ਤਸੀਹੇ, ਆਪਣੇ ਨਿੱਜ ਖਾਤਰ ਨਹੀਂ ਬਲਕਿ ਲੋਕ ਹਿੱਤ ਖਾਤਰ ਸਹੇ, ਅਤੇ ਆਖਰੀ ਸਮੇਂ ਤੱਕ ਆਪਣੇ ਲੋਕ-ਮਿਸ਼ਨ ਨਾਲ ਗ਼ਦਾਰੀ ਨਹੀਂ ਕੀਤੀ , ਤਾਂ ਉਹ ਸ਼ਹੀਦ ਤੇ ਮਰਜੀਵੜਾ ਹੀ ਮੰਨਿਆ ਜਾਏਗਾ| ਉਹਨੂੰ ਕਿਸੇ 'ਏਅਰ ਕੰਡੀਸ਼ਨਡ' ਇਤਿਹਾਸਕਾਰ ਤੋਂ 'ਸ਼ਹੀਦ' ਦਾ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ| ਮੌਤ ਦੀਆਂ ਗੱਲਾਂ ਕਰਨ ਵਿਚ ਅਤੇ ਮੌਤ ਦਾ ਸਾਹਮਣਾ ਕਰਨ ਵਿਚ ਬਹੁਤ ਫਰਕ ਹੁੰਦਾ ਹੈ|
.......... ਅਗਲੀ ਗੱਲ ਆ ਗਈ ਭਗਤ ਸਿੰਘ ਨੂੰ ਹੀਰੋ ਬਣਾਏ ਜਾਣ ਦੀ| ਇਹ ਦੋਸ਼ ਲਾਉਣਾ ਕਿ ਬਾਕੀ ਸ਼ਹੀਦਾਂ ਨੂੰ ਪਿਛੇ ਕਰ ਕੇ ਸਿਰਫ ਭਗਤ ਸਿੰਘ ਨੂੰ ਹੀ ਕਿਉਂ ਅੱਗੇ ਲਿਆਂਦਾ ਗਿਆ| ਪਹਿਲੀ ਗੱਲ ਤਾਂ ਇਹ ਕਿ ਇਸ ਵਿਚ ਭਗਤ ਸਿੰਘ ਦੀ ਕੀ ਗਲਤੀ ਹੋਈ ? ਦੂਸਰੀ ਗੱਲ ਇਹ ਵੀ ਹੈ ਕਿ ਭਗਤ ਸਿੰਘ ਇਕਲੌਤਾ ਸ਼ਹੀਦ ਨਹੀਂ ਬਲਕਿ ਸ਼ਹੀਦੀ ਦਾ ਇੱਕ ਪਰ੍ਤੀਕ ਬਣ ਕੇ ਸਾਹਮਣੇ ਆਇਆ ਹੈ| ਜਿਵੇਂ ਕਿ ਭਾਵੇਂ ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋਏ ਸੀ, ਪਰ ਛੋਟੀ ਉਮਰ ਦੇ ਸ਼ਹੀਦਾਂ ਵਜੋਂ ਛੋਟੇ ਸਾਹਿਬਜ਼ਾਦੇ, ਸਾਡੇ ਚੇਤਿਆਂ ਵਿਚ ਵਧ ਉਕਰੇ ਗਏ| ਪਰ ਇਸ ਨਾਲ ਵੱਡੇ ਸਾਹਿਬਜ਼ਾਦਿਆਂ ਦੀ ਮਹਾਨਤਾ ਘਟ ਨਹੀਂ ਜਾਂਦੀ|
......... ਸਰਾਭਾ ਬੜੀ ਛੇਤੀ ਸਾਡੇ ਤੋਂ ਵਿਛੜ ਗਿਆ, ਉਸਦੀ ਇੱਕ ਹੀ ਕਵਿਤਾ ਸਾਡੇ ਚੇਤਿਆਂ ਵਿਚ ਵਸ ਗਈ (ਹਿੰਦ ਵਾਸੀਉ ਰਖਣਾ ਯਾਦ ਸਾਨੂੰ), ਪਰ ਭਗਤ ਸਿੰਘ ਦੀਆਂ ਜ਼ਿਆਦਾ ਲਿਖਤਾਂ ਸਾਹਮਣੇ ਆ ਗਈਆਂ| ਊਧਮ ਸਿੰਘ 21 ਸਾਲ ਓਡਵਾਇਰ ਦੀ ਭਾਲ ਵਿਚ ਭਟਕਦਾ ਰਿਹਾ ਤੇ ਫਿਰ ਇੰਗਲੈਂਡ ਵਿਚ ਹੀ ਫਾਂਸੀ ਚੜ ਗਿਆ| ਪਰ ਭਗਤ ਸਿੰਘ ਦੀ ਫਾਂਸੀ ਵੇਲੇ ਦੇਸ਼ ਵਿਚ ਇੱਕ ਲੋਕ ਲਹਿਰ ਪੈਦਾ ਹੋ ਚੁੱਕੀ ਸੀ| ਗਦਰੀ ਬਾਬਿਆਂ ਤੇ ਬੱਬਰ ਅਕਾਲੀਆਂ ਨੂੰ ਸਰਕਾਰੀ ਮੀਡੀਏ ਅਤੇ ਅੰਗਰੇਜ-ਪ੍ਰ੍ਸਤ ਲੇਖਕਾਂ ਨੇ ਲੋਕਾਂ ਵਿਚ, ਡਾਕੂ ਬਣਾ ਕੇ ਪੇਸ਼ ਕਰ ਦਿੱਤਾ| ਪਰ ਅੱਜ ਵੀ ਬਥੇਰੇ ਲੋਕ ਹਨ ਜਿਹੜੇ ਉਹਨਾਂ ਦਾ ਅਸਲੀ ਸੁਨੇਹਾ ਸਾਡੇ ਤੱਕ ਪਹੁੰਚਾਉਣ ਵਿਚ ਲੱਗੇ ਹੋਏ ਹਨ| 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>