Friday, May 9, 2014

ਗਰੀਬਾਂ ਲਈ ਅੱਜ ਵੀ ਫਰਿੱਜ ਹੈ ਘੜਾ

ਬਰਨਾਲਾ - ਅੱਜ ਦੇ ਇਸ ਮਸ਼ੀਨੀ ਯੁੱਗ ਵਿਚ ਵੀ ਹੱਥ ਦੇ ਬਣੇ ਬਰਤਨਾਂ ਦਾ ਆਪਣਾ ਹੀ ਵਿਸ਼ੇਸ਼ ਮਹੱਤਵ ਹੈ। ਅਮੀਰਾਂ ਲਈ ਜਿੱਥੇ ਫਰਿੱਜ ਬਣ ਗਏ ਹਨ, ਉਥੇ ਗਰੀਬਾਂ ਲਈ ਘੜਾ ਅੱਜ ਵੀ ਕਿਸੇ ਫਰਿੱਜ ਤੋਂ ਘੱਟ ਨਹੀਂ ਹੈ ਅਤੇ ਗਰਮੀਆਂ ਵਿਚ ਇਹ ਜਮ ਕੇ ਵਿਕ ਰਿਹਾ ਹੈ। ਕਿਸੇ ਮਹੂਰਤ, ਹਵਨ ਯੱਗ ਵਿਚ ਅੱਜ ਵੀ ਮਿੱਟੀ ਦੇ ਬਰਤਨਾਂ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ। ਚੀਕਣੀ ਮਿੱਟੀ ਨਾਲ ਬਣੇ ਘੜੇ ਦਾ ਠੰਡਾ ਪਾਣੀ ਤਾਜ਼ਗੀ ਅਤੇ ਸਕੂਨ ਦੇਣ ਵਾਲਾ ਹੁੰਦਾ ਹੈ। ਇਕ ਜ਼ਮਾਨਾ ਸੀ ਜਦੋਂ ਦੇਸ਼ ਦੀ ਜ਼ਿਆਦਾਤਰ ਆਬਾਦੀ ਇਸਦਾ ਇਸਤੇਮਾਲ ਕਰਦੀ ਸੀ। ਪੇਂਡੂ ਖੇਤਰਾਂ ਵਿਚ ਇਸ ਨੂੰ ਅੱਜ ਵੀ ਦੇਸੀ ਫਰਿੱਜ ਕਿਹਾ ਜਾਂਦਾ ਹੈ। ਇਨ੍ਹਾਂ ਘੜਿਆਂ ਵਿਚ ਰੱਖੇ ਪਾਣੀ ਨੂੰ ਪੀਣ ਨਾਲ ਸਿਹਤ 'ਤੇ ਵੀ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਪ੍ਰੰਤੂ ਹੁਣ ਬਦਲਦੇ ਜ਼ਮਾਨੇ ਵਿਚ ਘੜੇ ਦੀ ਜਗ੍ਹਾ ਫਰਿੱਜ ਅਤੇ ਵਾਟਰ ਕੂਲਰ ਨੇ ਲੈ ਲਈ ਹੈ। ਪਹਿਲਾਂ ਗਰਮੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਘੜੇ ਵਿਕਣ ਲਈ ਗਲੀਆਂ, ਮੁਹੱਲਿਆਂ ਵਿਚ ਆ ਜਾਂਦੇ ਸਨ ਅਤੇ ਲੋਕ ਉਸ ਸਮੇਂ ਮਿੱਟੀ ਦੇ ਭਾਂਡੇ ਖਰੀਦਣਾ ਵੀ ਪਸੰਦ ਕਰਦੇ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸਰਦੀਆਂ ਵਿਚ ਬਣੇ ਮਿੱਟੀ ਦੇ ਬਰਤਨਾਂ ਵਿਚ ਪਾਣੀ ਜ਼ਿਆਦਾ ਠੰਡਾ ਹੁੰਦਾ ਹੈ ਪ੍ਰੰਤੂ ਅੱਜਕੱਲ ਘੜੇ ਵੇਚਣ ਵਾਲੇ ਦੁਕਾਨਦਾਰ ਨਾਮਾਤਰ ਹੀ ਰਹਿ ਗਏ ਹਨ। 
ਕੀ ਕਹਿੰਦੇ ਹਨ ਘੜੇ ਬਣਾਉਣ ਵਾਲੇ ? :  ਮਿੱਟੀ ਦੇ ਘੜੇ ਬਣਾਉਣ ਵਾਲੇ ਲਾਲ ਚੰਦ ਪੁੱਤਰ ਸੁਖਰਾਜ ਨੇ ਦੱਸਿਆ ਕਿ ਉਹ ਪਿਛਲੇ ਕਰੀਬ 40 ਵਰ੍ਹਿਆਂ ਤੋਂ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ। ਉਦੋਂ ਇਸ ਸਮਾਜ ਵਿਚ ਫਰਿੱਜ, ਵਾਟਰ ਕੂਲਰ ਅਤੇ ਕੈਂਪਰਾਂ ਨਹੀਂ ਸੀ ਅਤੇ ਉਸ ਸਮੇਂ ਘੜੇ ਅਤੇ ਸੁਰਾਹੀਆਂ ਦੀ ਵਿਕਰੀ ਪੂਰੇ ਜ਼ੋਰਾਂ 'ਤੇ ਹੁੰਦੀ ਸੀ। ਵੈਸਾਖ ਦੇ ਮਹੀਨੇ ਵਿਚ ਮਿੱਟੀ ਦੇ ਭਾਂਡੇ ਆਦਿ ਦਾਨ ਵਿਚ ਦੇਣ ਦਾ ਮਹੱਤਵ ਹੋਣ ਕਾਰਨ ਇਨ੍ਹਾਂ ਦਿਨਾਂ ਵਿਚ ਘੜਾ ਭਾਲਿਆਂ ਵੀ ਨਹੀਂ ਸੀ ਮਿਲਦਾ। ਉਨ੍ਹਾਂ ਦੱਸਿਆ ਕਿ ਜਿੱਥੇ ਅੱਜ ਦੇ ਜ਼ਮਾਨੇ ਵਿਚ ਘੜਿਆਂ ਦੀ ਵਿਕਰੀ ਘੱਟ ਗਈ ਹੈ, ਉਥੇ ਅੱਜ ਇਹ ਧੰਦਾ ਵੀ ਬਹੁਤ ਮਹਿੰਗਾ ਹੋ ਗਿਆ ਹੈ। ਮਿੱਟੀ ਦੀ ਇਕ ਟਰਾਲੀ ਜੋ ਲਗਭਗ 3500 ਰੁਪਏ ਵਿਚ ਸਾਨੂੰ ਖਰੀਣਦੀ ਪੈ ਰਹੀ ਹੈ ਅਤੇ ਘੜਾ ਬਣਾ ਕੇ ਅਸੀਂ ਹੋਲਸੇਲ ਵਿਚ 35 ਤੋਂ 40 ਰੁਪਏ ਤੱਕ ਵੇਚਦੇ ਹਾਂ, ਜਿਸ ਕਾਰਨ ਅੱਜ ਦੀ ਮਹਿੰਗਾਈ ਦੇ ਯੁੱਗ ਵਿਚ ਦੋ ਡੰਗ ਦੀ ਰੋਟੀ ਕਮਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ।  
ਕੀ ਕਹਿੰਦੇ ਹਨ ਘੜੇ ਵੇਚਣ ਵਾਲੇ? : ਘੜੇ ਵੇਚਣ ਵਾਲੇ ਦੁਕਾਨਦਾਰ ਮਨੀਸ਼ ਕੁਮਾਰ ਨੇ ਕਿਹਾ ਕਿ ਇਕ ਘੜਾ ਉਹ 60 ਤੋਂ 65 ਰੁਪਏ ਤੱਕ ਵੇਚਦੇ ਹਨ ਅਤੇ ਉਸ ਦੀ ਵਿਕਰੀ ਵਿਚ ਪਿਛਲੇ ਕੁਝ ਸਾਲਾਂ ਦੀ ਤੁਲਨਾ ਵਿਚ ਹੁਣ ਵਾਧਾ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਘੜੇ ਅਤੇ ਹੋਰ ਮਿੱਟੀ ਦੇ ਬਰਤਨ ਬਣਾਉਣ ਵਾਲਿਆਂ ਨੂੰ ਵਿਸ਼ੇਸ਼ ਉਤਸ਼ਾਹ ਦੇਵੇ ਤਾਂ ਕਿ ਇਹ ਕਲਾ ਬਣੀ ਰਹੇ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>