Friday, May 9, 2014

ਗੁਰੁ ਗ੍ਰੰਥ ਸਾਹਿਬ ਨੂੰ ਬੇਅਦਬੀ ਨਾਲ ਵਿਦੇਸ਼ਾਂ ਨੂੰ ਸਮਗਲਿੰਗ ਕਰਨਾ ਸ਼੍ਰੋਮਣੀ ਕਮੇਟੀ ਲਈ ਮਾੜੀ ਗੱਲ : ਰਾਣੂੰ

ਰਾਇਕੋਟ -ਪਿਛਲੇ ਦਿਨੀਂ ਦਿੱਲੀ ਗੁਰਦਵਾਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ 27 ਅਪ੍ਰੈਲ ਨੂੰ ਯੂਨਾਈਟਿਡ ਸਿੱਖ ਮਿਸ਼ਨ ਦਿੱਲੀ ਦੇ ਨੌਜਵਾਨਾਂ ਨੇ ਇਕ ਟਰੱਕ ਕੰਟੇਨਰ ਸਮੇਤ ਫੜਿਆ, ਜਿਸ ਵਿਚ 150 ਦੇ ਕਰੀਬ ਗੁਰੂ ਸਾਹਿਬ ਜੀ ਦੇ ਸਰੂਪ ਲੱਦੇ ਹੋਏ ਸਨ ਤੇ ਉਨ੍ਹਾਂ ਦੀ ਸਮਗਲਿੰਗ ਵਿਦੇਸ਼ਾਂ ਵਿਚ ਕੀਤੀ ਜਾ ਰਹੀ ਸੀ। ਪਤਾ ਲੱਗਾ ਹੈ ਕਿ ਇਹ ਕੰਮ ਕਿਸੇ ਅਖੌਤੀ ਬਾਬੇ ਜਾਂ ਸਾਧ ਦਾ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੇ ਦਿੱਲੀ ਦੋਵਾਂ ਦਾ ਹੀ ਸੀ, ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ 2009 ਵਿਚ ਲਿਖੇ ਇਕ ਪੱਤਰ ਰਾਹੀਂ ਪ੍ਰਵਾਨਗੀ ਮਿਲੀ ਹੋਈ ਸੀ ਤੇ ਹੁਣ ਇਸ ਮਾਮਲੇ ਬਾਰੇ ਖੁਲਾਸਾ ਹੋਣ ਉਪਰੰਤ ਦੋਬਾਰਾ 27 ਅਪ੍ਰੈਲ ਨੂੰ ਜਥੇਦਾਰ ਨੇ ਚਿੱਠੀ ਲਿਖ ਕੇ ਇਸ ਤਰੀਕੇ ਨਾਲ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਜਾਣ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਵਿਚਾਰ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂੰ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਡੇ ਸਿੱਖ ਲੀਡਰ ਕਰੋੜਾਂ ਦਾ ਖਰਚਾ ਜਹਾਜ਼ਾਂ ਵਿਚ ਸਫ਼ਰ ਕਰਨ 'ਤੇ ਕਰ ਸਕਦੇ ਹਨ ਤਾਂ ਕੀ ਗੁਰੂ ਸਾਹਿਬ, ਜਿਨ੍ਹਾਂ ਨੂੰ ਅਸੀਂ ਜਗਤਗੁਰੂ, ਜਗਦੀ ਜੋਤ ਹਾਦਰਾ ਹਜ਼ੂਰ ਮੰਨਦੇ ਹਾਂ, ਦੇ 150 ਸਰੂਪਾਂ ਨੂੰ ਲੈ ਕੇ ਜਾਣ ਵਾਸਤੇ ਸ਼੍ਰੋਮਣੀ ਕਮੇਟੀ ਇਕ ਚਾਰਟਰ ਫਲਾਈਟ ਦਾ ਇੰਤਜ਼ਾਮ ਨਹੀਂ ਕਰ ਸਕਦੀ ਸੀ? ਉਨ੍ਹਾਂ ਦੱਸਿਆ ਕਿ ਭਾਰਤ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ 2500 ਰੁਪਏ ਦਾ ਮਿਲਦਾ ਹੈ, ਉਹ ਵਿਦੇਸ਼ ਵਿਚ 3 ਲੱਖ ਦਾ ਵਿਕਦਾ ਹੈ। ਇਸ ਲਈ ਸਾਡੇ ਸਿੱਖ ਲੀਡਰ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮਿਲ ਕੇ ਗੁਰੂ ਸਾਹਿਬ ਦੀ ਵਿਦੇਸ਼ਾਂ ਵਿਚ ਸਮਗਲਿੰਗ ਦਾ ਧੰਦਾ 2009 ਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੰਟੇਨਰ ਦਿੱਲੀ ਤੋਂ ਤੁਗਲਕਾਬਾਦ ਜਾਂਦਾ ਹੈ ਤੇ ਫਿਰ ਇਸ ਦੀ ਜਾਂਚ ਕਸਟਮ ਕਲੀਅਰੈਂਸ ਲਈ ਹੁੰਦੀ ਹੈ ਤੇ ਸਿਕਿਓਰਟੀ ਚੈਕਿੰਗ ਸਮੇਂ ਹਰ ਤਰ੍ਹਾਂ ਦੇ ਲੋਕ ਇਸ ਦੇ ਅੰਦਰ ਵੜ ਕੇ ਬੇਅਦਬੀ ਨਾਲ ਗੁਰੂ ਸਾਹਿਬ ਦੇ ਸਰੂਪਾਂ ਨੂੰ ਗੰਦੇ-ਮੰਦੇ ਹੱਥ ਲਾ ਕੇ ਚੈਕ ਕਰਦੇ ਹਨ ਕਿ ਇਸ ਵਿਚ ਕੋਈ ਹਥਿਆਰ ਤਾਂ ਨਹੀਂ। ਫਿਰ ਇਹ ਚੈਕਿੰਗ ਮੁੰਬਈ ਦੇ ਸਮੁੰਦਰੀ ਪੋਰਟ 'ਤੇ ਹੁੰਦੀ ਹੈ ਤੇ ਸਮੁੰਦਰੀ ਜਹਾਜ਼ ਵਿਚ ਲੱਦਣ ਤੋਂ 2-3 ਮਹੀਨੇ ਬਾਅਦ ਇਸ ਨੂੰ ਵਿਦੇਸ਼ਾਂ ਵਿਚ ਪੋਰਟ 'ਤੇ ਉਤਾਰਿਆ ਜਾਂਦਾ ਹੈ, ਜਿਥੇ ਫਿਰ ਇਸ ਨੂੰ ਹਰ ਕਿਸਮ ਤੇ ਲੋਕ ਬਿਨਾਂ ਕਿਸੇ ਅਦਬ ਦੇ ਦੋਬਾਰਾ ਚੈਕ ਕਰਦੇ ਹਨ ਤੇ ਕਲੀਅਰੈਂਸ ਦਿੰਦੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਨੂੰ ਤਾੜ ਕੇ ਬੇਅਦਬੀ ਨਾਲ ਲੈ ਕੇ ਜਾਣ ਵਾਲੇ ਤਾਂ ਭਨਿਆਰੇ ਵਾਲੇ ਤੇ ਸਰਸੇ ਵਾਲੇ ਬਾਬੇ ਜਾਂ ਹੋਰਨਾਂ ਤੋਂ ਵੀ ਜ਼ਿਆਦਾ ਗੁਨਾਹਗਾਰ ਹਨ। ਇਹੀ ਕੰਮ ਅੱਜ ਕਿਸੇ ਹੋਰ ਨੇ ਕੀਤਾ ਹੁੰਦਾ ਤਾਂ ਜਥੇਦਾਰਾਂ ਨੇ ਅੱਗਾਂ ਲਾ ਕੇ ਦੰਗੇ ਕਰਵਾ ਦੇਣੇ ਸੀ ਪਰ ਹੁਣ ਇਨ੍ਹਾਂ ਨੂੰ ਸਜ਼ਾ ਕੌਣ ਦੇਵੇਗਾ? ਇਨ੍ਹਾਂ ਨੂੰ ਪੰਥ ਵਿਚੋਂ ਛੇਕਣ ਵਾਲਾ ਕੀ ਕੋਈ ਮਾਈ ਦਾ ਲਾਲ ਨਹੀਂ ਹੈ? ਕੀ ਇਸ ਵਿਸ਼ੇ 'ਤੇ ਮੱਕੜ ਸਾਹਿਬ ਦਾ ਕੋਈ ਬਿਆਨ ਨਹੀਂ ਆਵੇਗਾ? ਕੀ ਸਿੱਖਾਂ ਦੀ ਧਰਤੀ 'ਤੇ ਰਾਜ ਕਰਨ ਵਾਲੀ ਸਿੱਖਾਂ ਦੀ ਅਖੌਤੀ ਸਰਕਾਰ ਵੀ ਚੁੱਪ ਹੀ ਰਹੇਗੀ? ਇਹ ਕਈ ਸਵਾਲ ਅੱਜ ਸਿੱਖ ਕੌਮ ਵਿਚ ਵਧ ਰਹੇ ਬੇਚਾਰੇਪਨ ਤੇ ਖ਼ੁਦਗ਼ਰਜ਼ੀ ਨੂੰ ਦਰਸਾਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕੇ ਸਾਡੇ ਆਪਣੇ ਹੀ ਸਾਡੇ ਧਰਮ ਦੇ ਦੁਸ਼ਮਣ ਬਣ ਚੁੱਕੇ ਹਨ। ਡਾ. ਰਾਣੂੰ ਨੇ ਕਿਹਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਮਾਮਲੇ ਦੀ ਸੰਜੀਦਗੀ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਅੱਗੇ ਤੋਂ ਗੁਰੂ ਸਾਹਿਬਾਨ ਦੀ ਬੇਅਦਬੀ ਨੂੰ ਰੋਕਣ ਲਈ ਠੋਸ ਪ੍ਰਬੰਧ ਉਠਾਉਣੇ ਚਾਹੀਦੇ ਹਨ ਤੇ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਖਿਲਾਫ ਤੇ ਦਿੱਲੀ ਕਮੇਟੀ ਦੇ ਉਨ੍ਹਾਂ ਲੋਕਾਂ ਜੋ ਇਸ ਮਾਮਲੇ ਨਾਲ ਸਬੰਧਿਤ ਹਨ, ਨੂੰ ਵੀ ਤਨਖਾਹ ਲਾਉਣੀ ਚਾਹੀਦੀ ਹੈ। 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>