ਨਵੀਂ ਦਿੱਲੀ- ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਦੇ 83 ਸਾਲਾਂ ਬਾਅਦ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਬ੍ਰਿਟਿਸ਼ ਪੁਲਸ ਅਫਸਰ ਜਾਨ ਸੈਂਡਰਸ ਦੀ ਹੱਤਿਆ ਦੇ ਮਾਮਲੇ ਵਿਚ ਪਾਕਿਸਤਾਨ ਦੇ ਲਾਹੌਰ ਵਿਚ ਦਰਜ ਐਫ. ਆਈ. ਆਰ. 'ਚ ਭਗਤ ਸਿੰਘ ਦਾ ਨਾਂ ਨਹੀਂ ਸੀ। ਭਗਤ ਸਿੰਘ ਨੂੰ ਸੈਂਡਰਸ ਦੀ ਹੱਤਿਆ ਦੇ ਦੋਸ਼ ਵਿਚ 23 ਸਾਲ ਦੀ ਉਮਰ ਵਿਚ ਮਾਰਚ 1931 'ਚ ਸਜ਼ਾ-ਏ-ਮੌਤ ਦਿੱਤੀ ਗਈ ਸੀ। ਪਾਕਿਸਤਾਨ ਵਿਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਇਮਤਿਆਜ਼ ਕੁਰੈਸ਼ੀ ਨੇ ਸੈਂਡਰਸ ਦੀ ਹੱਤਿਆ ਦੇ ਮਾਮਲੇ ਵਿਚ ਦਰਜ ਐਫ. ਆਈ. ਆਰ. ਦੀ ਕਾਪੀ ਹਾਸਲ ਕੀਤੀ ਹੈ। ਉਰਦੂ ਵਿਚ ਲਿਖੀ ਐਫ. ਆਈ. ਆਰ. 17 ਦਸੰਬਰ 1928 ਦੀ ਸ਼ਾਮ ਨੂੰ 4.30 ਵਜੇ ਲਾਹੌਰ ਦੇ ਅਨਾਰਕਲੀ ਥਾਣੇ ਵਿਚ ਦਰਜ ਕਰਵਾਈ ਗਈ ਸੀ, ਜਿਸ ਵਿਚ 2 ਅਣਪਛਾਤੇ ਲੋਕਾਂ 'ਤੇ ਸੈਂਡਰਸ ਦੀ ਹੱਤਿਆ ਦਾ ਦੋਸ਼ ਲਾਇਆ ਗਿਆ।
ਸ਼ਿਕਾਇਤ ਕਰਤਾ ਇਸ ਥਾਣੇ ਦਾ ਇਕ ਅਧਿਕਾਰੀ ਸੀ ਅਤੇ ਮਾਮਲੇ ਦਾ ਚਸ਼ਮਦੀਦ ਵੀ ਸੀ। ਉਸ ਦੇ ਮੁਤਾਬਕ ਜਿਸ ਸ਼ਖਸ ਦਾ ਉਸ ਨੇ ਪਿਛਾ ਕੀਤਾ ਉਹ 5 ਫੁੱਟ 5 ਇੰਚ ਲੰਬਾ ਸੀ, ਉਸ ਦੀ ਮੁੱਛਾਂ ਛੋਟੀਆਂ ਅਤੇ ਸਰੀਰ ਪਤਲਾ ਸੀ। ਉਹ ਸਫੇਦ ਰੰਗ ਦਾ ਪਜਾਮਾ ਅਤੇ ਭੂਰੇ ਰੰਗ ਦੀ ਕਮੀਜ ਅਤੇ ਕਾਲੇ ਰੰਗ ਦੀ ਛੋਟੀ ਕ੍ਰਿਸਟੀ ਵਾਂਗ ਟੋਪੀ ਪਾਈ ਹੋਈ ਸੀ। ਮਾਮਲਾ ਆਈ. ਪੀ. ਸੀ. ਦੀ ਧਾਰਾ 302, 120 ਅਤੇ 109 ਅਧੀਨ ਦਰਜ ਕੀਤਾ ਗਿਆ ਸੀ।
ਕੁਰੈਸ਼ੀ ਨੇ ਕਿਹਾ ਕਿ ਭਗਤ ਸਿੰਘ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਫੋਰਮ ਦੇ ਵਿਸ਼ੇਸ਼ ਜੱਜਾਂ ਨੇ ਮਾਮਲੇ ਦੇ 450 ਗਵਾਹਾਂ ਨੂੰ ਸੁਣੇ ਬਿਨਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਭਗਤ ਸਿੰਘ ਦੇ ਵਕੀਲਾਂ ਨੂੰ ਜਿਰਹਾਂ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਸੀ। ਕੁਰੈਸ਼ੀ ਨੇ ਲਾਹੌਰ ਹਾਈਕੋਰਟ ਵਿਚ ਵੀ ਇਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਭਗਤ ਸਿੰਘ ਮਾਮਲੇ ਨੂੰ ਮੁੜ ਖੋਲਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸੈਂਡਰਸ ਮਾਮਲੇ ਵਿਚ ਭਗਤ ਸਿੰਘ ਦੀ ਬੇਗੁਨਾਹੀ ਨੂੰ ਸਾਬਤ ਕਰਨਾ ਚਾਹੁੰਦਾ ਹਾਂ। ਲਾਹੌਰ ਹਾਈਕੋਰਟ ਨੇ ਮਾਮਲੇ ਨੂੰ ਮੁੱਖ ਜੱਜ ਕੋਲ ਭੇਜਿਆ ਹੈ।