ਕਾਂਗਰਸ ਨੂੰ 67 ਤੋਂ 70 ਸੀਟਾਂ
ਇੰਟੈਲੀਜੈਂਸ ਬਿਊਰੋ ਦੇ ਚੋਟੀ ਦੇ ਅਧਿਕਾਰੀਆਂ ਵਲੋਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਤਿਆਰ ਕੀਤੀ ਗਈ ਤਾਜ਼ਾ ਰਿਪੋਰਟ 'ਚ ਕਾਂਗਰਸ ਨੂੰ 67 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ। ਕੇਂਦਰੀ ਇੰਟੈਲੀਜੈਂਸ ਬਿਊਰੋ ਵਲੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਗਈ ਰਿਪੋਰਟ 'ਚ ਕਾਂਗਰਸ ਨੂੰ 70 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ ਜਦਕਿ ਸੂਬੇ ਦੇ ਇੰਟੈਲੀਜੈਂਸ ਅਧਿਕਾਰੀ ਕਾਂਗਰਸ ਨੂੰ 67 ਸੀਟਾਂ ਦੇਣ ਦੀ ਗੱਲ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇੰਟੈਲੀਜੈਂਸ ਅਧਿਕਾਰੀਆਂ ਦੇ ਨਾਲ-ਨਾਲ ਆਪਣੇ ਭਰੋਸੇਯੋਗ ਸੂਤਰਾਂ ਕੋਲੋਂ ਵੀ ਸੂਬੇ ਭਰ ਤੋਂ ਸੰਭਾਵਿਤ ਚੋਣ ਨਤੀਜਿਆਂ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਹੋਈ ਹੈ।
ਇਨ੍ਹਾਂ ਰਿਪੋਰਟਾਂ ਦੇ ਆਧਾਰ 'ਤੇ ਹੀ ਸੂਬੇ 'ਚ ਕਾਂਗਰਸ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਇਹ ਰਿਪੋਰਟ ਉਨ੍ਹਾਂ ਸੋਨੀਆ ਗਾਂਧੀ ਨੂੰ ਸੌਂਪੀ ਹੋਈ ਹੈ। ਹੁਣ 6 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਕੇਂਦਰੀ ਅਤੇ ਸੂਬਾਈ ਏਜੰਸੀਆਂ 'ਚੋਂ ਕਿਸ ਦੀ ਰਿਪੋਰਟ ਵਧੇਰੇ ਭਰੋਸੇਮੰਦ ਸਾਬਿਤ ਹੁੰਦੀ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ 65 ਤੋਂ 70 ਸੀਟਾਂ
ਇੰਟੈਲੀਜੈਂਸ ਬਿਊਰੋ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਨੂੰ ਵੱਖ-ਵੱਖ ਰਿਪੋਰਟਾਂ ਭੇਜ ਕੇ ਦੋਹਾਂ ਕੋਲੋਂ ਵਾਹ-ਵਾਹ ਲੈ ਰਿਹਾ ਹੈ ਪਰ ਅੰਦਰਖਾਤੇ ਸੂਤਰਾਂ ਦੀ ਮੰਨੀਏ ਤਾਂ ਖੁਫੀਆ ਏਜੰਸੀਆਂ ਦੋਵਾਂ ਸਿਆਸੀ ਪਾਰਟੀਆਂ ਵਿਚ ਜ਼ੋਰਦਾਰ ਟੱਕਰ ਹੋਣ ਦੀ ਗੱਲ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੰਟੈਲੀਜੈਂਸ ਬਿਊਰੋ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਅਕਾਲੀ-ਭਾਜਪਾ ਗਠਜੋੜ 65 ਤੋਂ 70 ਸੀਟਾਂ ਜਿੱਤੇਗਾ। ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਦੇ ਲੋਕਾਂ ਨੇ ਗਠਜੋੜ ਦੀ ਵਿਕਾਸ ਪੱਖੀ ਕਾਰਗੁਜ਼ਾਰੀ ਦੇਖ ਕੇ ਵੋਟਾਂ ਪਾਈਆਂ ਹਨ। ਜਿੰਨਾ ਵਿਕਾਸ ਬਾਦਲ ਸਰਕਾਰ ਨੇ 5 ਸਾਲ ਵਿਚ ਕਰਵਾਇਆ ਹੈ ਓਨਾ ਕਾਂਗਰਸ ਨੇ ਅੱਜ ਤਕ ਆਪਣੇ ਲੰਬੇ ਸਮੇਂ ਵਿਚ ਸੱਤਾ 'ਚ ਰਹਿਣ ਦੇ ਬਾਵਜੂਦ ਨਹੀਂ ਕਰਵਾਇਆ। ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਗਠਜੋੜ ਵਲੋਂ ਸ਼ੁਰੂ ਕੀਤੇ  ਗਏ ਵਿਕਾਸ ਪ੍ਰਾਜੈਕਟਾਂ ਨੂੰ ਲਗਾਤਾਰ ਜਾਰੀ ਰੱਖਣ ਕਾਰਨ ਹੀ ਲੋਕ ਗਠਜੋੜ ਦੇ ਹੱਕ ਵਿਚ ਹਨ।