ਜਲੰਧਰ  -   ਪੈਸੇ ਲੈ ਕੇ ਤਿੰਨ ਦਿਨਾਂ ਵਿਚ ਵਿਦੇਸ਼ ਨਾ ਭੇਜਣ ਵਾਲੇ ਠੱਗ ਤਾਂਤਰਿਕ ਨੂੰ ਕੁਝ ਨੌਜਵਾਨਾਂ ਨੇ ਅਗਵਾ ਕਰ ਲਿਆ। ਤਾਂਤ੍ਰਿਕ ਦੇ ਅਗਵਾ ਦੀ ਖਬਰ ਸੁਣਦੇ ਹੀ ਪੁਲਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਹਾਲਾਂਕਿ ਪੁਲਸ ਨੇ ਦੇਰ ਰਾਤ ਤਾਂਤਰਿਕ ਨੂੰ ਅਗਵਾ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਪਰ ਉਸਦੇ ਬਾਕੀ ਸਾਥੀ ਫਰਾਰ ਹੋ ਗਏ। ਬੱਸ ਸਟੈਂਡ ਚੌਕੀ ਇੰਚਾਰਜ ਨਰੇਸ਼ ਜੋਸ਼ੀ ਨੇ ਦੱਸਿਆ ਕਿ ਬੱਸ ਸਟੈਂਡ ਨੇੜੇ ਤਾਂਤਰਿਕ ਮੀਆਂ ਸੁਭਾਨੀ ਸਮਰਾਟ ਦੇ ਦਫਤਰ ਵਿਚ ਬੈਠੇ ਤਾਂਤਰਿਕ ਸ਼ੋਏਬ ਨੇ ਤੰਤਰ-ਮੰਤਰ ਜ਼ਰੀਏ ਹੁਸ਼ਿਆਰਪੁਰ ਨਿਵਾਸੀ  ਗੌਰਵ ਹਾਂਡਾ ਨੂੰ ਤਿੰਨ ਦਿਨਾਂ ਵਿਚ ਵਿਦੇਸ਼ ਭੇਜਣ ਦੇ ਨਾਂ 'ਤੇ 2500 ਰੁਪਏ ਠੱਗ ਲਏ। ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਜਦੋਂ ਉਹ ਵਿਦੇਸ਼ ਨਾ ਪਹੁੰਚਿਆ ਤਾਂ  ਗੌਰਵ ਹਾਂਡਾ ਆਪਣੇ ਸਾਥੀਆਂ ਸਮੇਤ ਦਫਤਰ ਆ ਕੇ ਤਾਂਤਰਿਕ ਤੋਂ ਪੈਸੇ ਮੰਗਣ ਲੱਗਾ, ਜੋ ਉਸਨੇ ਨਹੀਂ ਦਿੱਤੇ ਤਾਂ ਉਕਤ ਨੌਜਵਾਨਾਂ ਨੇ ਤਾਂਤਰਿਕ ਦੇ ਦਫਤਰ ਵਿਚ ਬੈਠੇ ਨੌਜਵਾਨ ਸਵੈਮ ਨੂੰ ਅਗਵਾ ਕਰਕੇ ਆਪਣੀ ਗੱਡੀ ਵਿਚ ਬਿਠਾ ਲਿਆ। ਪਤਾ ਲੱਗਣ 'ਤੇ ਪੁਲਸ ਨੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਗੱਡੀ ਦਾ ਨੰਬਰ ਪਤਾ ਕਰਵਾਇਆ। ਪੁਲਸ ਨੇ ਦੇਰ ਰਾਤ ਹੁਸ਼ਿਆਰਪੁਰ ਵਿਚ ਛਾਪੇਮਾਰੀ ਕਰਕੇ ਤਾਂਤਰਿਕ ਨੂੰ ਅਗਵਾ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਤਾਂਤਰਿਕ ਨੂੰ ਬਰਾਮਦ ਕਰ ਲਿਆ ਤੇ ਉਸਦੇ ਬਾਕੀ ਸਾਥੀ ਫਰਾਰ ਹੋ ਗਏ। ਪੁਲਸ ਨੇ ਅਗਵਾਕਾਰ ਦੀ ਪਛਾਣ ਗੌਰਵ ਹਾਂਡਾ ਪੁੱਤਰ ਕਵੀਰਾਜ ਹਾਂਡਾ ਨਿਵਾਸੀ ਹੁਸ਼ਿਆਰਪੁਰ ਦੇ ਰੂਪ ਵਿਚ ਕੀਤੀ ਹੈ। ਗੌਰਵ ਤੇ ਉਸਦੇ ਸਾਥੀਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ।