ਲੁਧਿਆਣਾ- ਪੰਜਾਬ ਦੀ ਧਰਤੀ 'ਤੇ ਦੋ ਦਿਨ ਬਾਅਦ ਚੋਣ ਨਤੀਜੇ ਆਪਣਾ ਫੈਸਲਾ ਸੁਣਾ ਕੇ ਪੰਜਾਬ 'ਚ ਇਕ ਸਰਕਾਰ ਦਾ ਗਠਨ ਕਰਕੇ ਚਲਦੇ ਬਣਨਗੇ ਤੇ ਪੰਜਾਬ 'ਚ ਇਕ ਮਹੀਨੇ ਤੇ ਚੰਦ ਦਿਨਾਂ ਤੋਂ ਲੱਗੀਆਂ ਨਜ਼ਰਾਂ ਵੀ ਹੁਣ ਰੁਕ ਜਾਣਗੀਆਂ। ਇਹ ਚੋਣ ਨਤੀਜੇ ਕਿਸ ਦੀ ਸਰਕਾਰ ਬਣਾਉਣਗੇ ਇਸ ਬਾਰੇ ਹੁਣ ਤਕ ਵੱਡੀ ਬੁਝਾਰਤ ਬਣੀ ਹੋਈ ਹੈ ਕਿਉਂਕਿ ਪੰਜਾਬ ਵਿਚਲੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਆਪੋ-ਆਪਣੀ ਜਿੱਤ ਦੇ ਪੱਕੇ ਦਾਅਵੇ ਤੇ 49-51 ਦੀ ਗੱਲ  ਕਰ ਰਹੀਆਂ ਹਨ।
ਬਾਕੀ 6 ਮਾਰਚ ਨੂੰ ਚੋਣ ਨਤੀਜੇ ਜਿਸ ਵੀ ਪਾਰਟੀ ਦੇ ਹੱਕ 'ਚ ਸਰਕਾਰ ਬਣਾਉਣਗੇ, ਉਸ ਦੀ ਪੰਜਾਬ 'ਚ ਰਾਜਨੀਤੀ 'ਚ ਪਕੜ ਏਨੀ ਜ਼ਿਆਦਾ ਹੋ ਜਾਵੇਗੀ ਤੇ ਹਾਰ ਜਾਣ ਵਾਲੀ ਪਾਰਟੀ ਨੂੰ ਮੁੜ ਤੋਂ ਬਰਾਬਰੀ ਕਰਨ ਦਾ ਮੌਕਾ ਨਹੀਂ ਮਿਲੇਗਾ ਤੇ ਹਾਰਨ ਵਾਲੀ ਪਾਰਟੀ 'ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਵੇਗਾ।
ਇਸ ਸਵਾਲੀਆ ਨਿਸ਼ਾਨਾਂ ਬਾਰੇ ਰਾਜਸੀ ਪੰਡਿਤਾਂ ਨੇ ਆਪਣੀ ਚੁੱਪੀ ਤੋੜਦਿਆਂ ਦੱਸਿਆ ਕਿ ਜੇਕਰ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਰਪੀਟ ਹੋ ਜਾਂਦੀ ਹੈ ਤਾਂ ਹਰ ਪਾਸੇ ਸੁਖਬੀਰ ਬਾਦਲ ਦੀ ਜੈ-ਜੈਕਾਰ ਹੋ ਜਾਵੇਗੀ ਤੇ ਬਾਦਲ ਦਾ ਜਾਦੂ ਚੱਲ ਜਾਵੇਗਾ ਤੇ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਕੋਈ ਸਰਕਾਰ ਰਪੀਟ ਹੋ ਕੇ ਨਵਾਂ ਇਤਿਹਾਸ ਰਚ ਦੇਵੇਗੀ ਤੇ ਪ੍ਰਕਾਸ਼ ਸਿੰਘ ਬਾਦਲ ਦਾ ਸੁਪਨਾ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾਉਣ ਦਾ ਪੂਰਾ ਹੋ ਜਾਵੇਗਾ ਤੇ 25 ਸਾਲ ਦੇ ਰਾਜ ਨੂੰ ਬੂਰ ਪੈ ਜਾਵੇਗਾ। ਚਾਚੇ ਦੇ ਪੁੱਤ ਮਨਪ੍ਰੀਤ ਸਿੰਘ ਬਾਦਲ ਵਲੋਂ ਬਾਗੀ ਹੋ ਕੇ ਗੁੰਦੀਆਂ ਗਈਆਂ ਚਾਲਾਂ ਵੀ ਇਸ ਦੇ ਨਾਲ ਫੇਲ੍ਹ ਹੋ ਜਾਣਗੀਆਂ।
ਰਾਜਸੀ ਪੰਡਿਤਾਂ ਨੇ ਕਿਹਾ ਕਿ ਜੇਕਰ ਉਪਰੋਕਤ ਹਟਵਾਂ ਫੈਸਲਾ ਕਾਂਗਰਸ ਦੇ ਹੱਕ ਵਿਚ ਚਲਾ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਤੂਤੀ ਬੋਲੇਗੀ ਤੇ ਹਰ ਪਾਸੇ ਕੈਪਟਨ ਦਾ ਜਾਦੂ ਚੱਲਣ ਦੇ ਚਰਚੇ ਸ਼ੁਰੂ ਹੋ ਜਾਣਗੇ ਤੇ ਪੰਜਾਬ ਦੇ ਲੋਕ ਵੀ ਇਹ ਸਾਬਤ ਕਰ ਦੇਣਗੇ ਕਿ ਉਹ ਵਿਕਾਸ 'ਚ ਵਿਸ਼ਵਾਸ ਨਹੀਂ ਰੱਖਦੇ, ਉਹ ਤਾਂ ਸਰਕਾਰ ਬਦਲਣ 'ਚ ਆਪਣੀ ਡਿਊਟੀ ਨਿਭਾਉਂਦੇ ਹਨ ਤੇ ਪੰਜ ਸਾਲਾਂ ਬਾਅਦ ਧੋਬੀ ਪਟਕਾ ਮਾਰ ਕੇ ਬਾਹਰਲਾ ਰਾਹ ਦਿਖਾ ਦਿੰਦੇ ਹਨ।  ਇਸ ਦੇ ਨਾਲ ਚਾਚੇ ਦੇ ਪੁੱਤ ਦਾ ਵੀ ਉਹ ਸੁਪਨਾ ਪੂਰਾ ਹੋ ਜਾਵੇਗਾ ਕਿ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਚਲੀ ਜਾਵੇਗੀ ਤੇ ਸੁਖਬੀਰ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਵੀ ਪੂਰਾ ਨਹੀਂ ਹੋ ਸਕਿਆ। ਰਾਜਸੀ ਮਾਹਿਰਾਂ ਨੇ ਦੱਸਿਆ ਕਿ ਇਥੇ ਹੀ ਬੱਸ ਨਹੀਂ ਇਸ ਵਾਰ ਹਾਰਨ ਵਾਲੀ ਪਾਰਟੀ  ਨੂੰ ਵੱਡੀ ਨਿਮੋਸ਼ੀ ਤੇ ਪਾਰਟੀ ਵਿਚਲੀ ਧੜੇਬੰਦੀ ਤੋਂ ਰਾਜਸੀ ਕਾਟੋ-ਕਲੇਸ਼ ਤੇ ਟਿਕਟਾਂ ਦੀ ਗਲਤ ਵੰਡ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗਣੇ ਸ਼ੁਰੂ ਹੋ ਜਾਣਗੇ ਤੇ ਪਾਰਟੀ 'ਚ ਬਗਾਵਤੀ ਸੁਰਾਂ ਵੀ ਉੱਠ ਸਕਦੀਆਂ ਹਨ। ਸਾਰਾ ਭਾਂਡਾ ਪਾਰਟੀ ਤੋਂ ਬਾਗੀ ਹੋਏ ਆਜ਼ਾਦ ਉਮੀਦਵਾਰਾਂ ਤੋਂ ਇਲਾਵਾ ਤਰ੍ਹਾਂ-ਤਰ੍ਹਾਂ ਦੀਆਂ ਦੰਦ ਕਥਾਵਾਂ 'ਚ ਘਿਰੀ ਉਸ ਹਾਰਨ ਵਾਲੀ ਪਾਰਟੀ ਦੇ ਪ੍ਰਧਾਨ ਨੂੰ ਨੈਤਿਕ ਦੇ ਆਧਾਰ 'ਤੇ ਅਸਤੀਫਾ ਦੇਣਾ ਪਵੇਗਾ। ਰਾਜਸੀ ਮਾਹਿਰਾਂ ਨੇ ਅਖੀਰ 'ਚ ਕਿਹਾ ਕਿ ਹੁਣ 6 ਮਾਰਚ ਨੂੰ ਜਿਥੇ ਚੋਣ ਨਤੀਜੇ ਇਕ ਪਾਰਟੀ ਦੀ ਬੱਲੇ-ਬੱਲੇ ਕਰਵਾ ਜਾਣਗੇ ਤੇ ਦੂਸਰੀ ਪਾਰਟੀ ਨੂੰ ਜ਼ਰੂਰ ਪੜ੍ਹਨੇ ਪਾ ਜਾਣਗੇ। ਜੇਕਰ ਦੋਵਾਂ ਪਾਰਟੀਆਂ ਲਈ ਸੀਟਾਂ ਦਾ ਫਰਕ 50-51 ਵਾਲਾ ਰਹਿ ਗਿਆ ਤਾਂ ਆਜ਼ਾਦ ਤੇ ਬਾਗੀ ਤੇ ਪੀ. ਪੀ. ਪੀ. ਸਰਕਾਰ ਬਣਾਉਣ ਦਾ ਹੱਕ ਆਪਣੇ ਹੱਥ ਲੈ ਗਏ ਤਾਂ ਇਸ ਵਾਰ ਪੰਜਾਬ ਦੇ ਇਤਿਹਾਸਕ 'ਚ ਆਪਣੀਆਂ ਫੌੜ੍ਹੀਆਂ ਨਾਲ ਸਰਕਾਰ ਨੂੰ ਚਲਾਉਣ ਦਾ ਕੰਮ ਕਰ ਜਾਣਗੇ ਤੇ ਸਰਕਾਰ ਜਿਸ ਦੀ ਵੀ ਬਣੇਗੀ, ਉਹ ਫੂਕ-ਫੂਕ ਕੇ ਪੈਰ ਧਰੇਗੀ ਤੇ ਹਰ ਰੋਜ਼ ਨਵੇਂ ਇਮਤਿਹਾਨ ਦੇਵੇਗੀ।