Tuesday, March 6, 2012

ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਵਾਪਸੀ, ਰਚਿਆ ਇਤਿਹਾਸ

ਚੰਡੀਗੜ੍ਹ, 6 ਮਾਰਚ : ਪੰਜਾਬ ‘ਚ ਪਿਛਲੇ ਚਾਰ ਦਹਾਕਿਆਂ ‘ਚ ਜੋ ਨਹੀਂ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ (ਐਸ. ਏ. ਡੀ.)- ਭਾਰਤੀ ਜਨਤਾ ਪਾਰਟੀ (ਭਾਜਪਾ) ਗਠਬੰਧਨ ਨੇ ਕਰ ਦਿਖਾਇਆ। ਸੱਤਾ ਵਿਰੋਧੀ ਰੁਝਾਨਾਂ ਨੂੰ ਦਰਕਿਨਾਰਾ ਕਰਦੇ ਹੋਏ ਇਸ ਗਠਬੰਧਨ ਨੇ ਲਗਾਤਾਰ ਦੂਜੀ ਵਾਰ ਪੰਜਾਬ ਦੀ ਸੱਤਾ ‘ਤੇ ਕਬਜ਼ਾ ਜਮਾਇਆ। ਸੂਬੇ ਦੀਆਂ 117 ਸੀਟਾਂ ‘ਚੋਂ ਅਕਾਲੀ-ਭਾਜਪਾ ਗਠਬੰਧਨ ਨੇ 68 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ ਜਦੋਂਕਿ ਕਾਂਗਰਸ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ 46 ਸੀਟਾਂ ‘ਤੇ ਆ ਕੇ ਸਿਮਟ ਗਈ। ਅਕਾਲੀ ਦਲ ਨੂੰ 56 ਸੀਟਾਂ ‘ਤੇ ਜਿੱਤ ਹਾਸਲ ਹੋਈ ਤਾਂ ਭਾਜਪਾ ਨੇ 12 ਸੀਟਾਂ ‘ਤੇ ਫਤਿਹ ਹਾਸਲ ਕੀਤੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਜਿੱਤ ‘ਤੇ ਖੁਸ਼ੀ ਜਤਾਈ ਹੈ, ਉਧਰ ਕਾਂਗਰਸ ਨੇ ਚੋਣ ਨਤੀਜਿਆਂ ‘ਤੇ ‘ਹੈਰਾਨੀ’ ਜਤਾਈ ਹੈ।
ਚੋਣ ਕਮਿਸ਼ਨ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਅਕਾਲੀ ਦਲ-ਭਾਜਪਾ ਗਠਬੰਧਨ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ 68 ਸੀਟਾਂ ਜਿੱਤ ਚੁੱਕਾ ਹੈ ਜਦੋਂਕਿ ਕਾਂਗਰਸ 46 ਸੀਟਾਂ ‘ਤੇ ਜਿੱਤ ਚੁੱਕੀ ਹੈ। ਤਿੰਨ ਸੀਟਾਂ ਹੋਰਨਾਂ ਉਮੀਦਵਾਰਾਂ ਦੇ ਖਾਤੇ ‘ਚ ਗਈਆਂ ਹਨ। ਕਾਂਗਰਸ ਦੀਆਂ ਉਮੀਦਾਂ ‘ਤੇ ਪਾਣੀ ਫੇਰਦੇ ਹੋਏ ਇਹ ਗਠਬੰਧਨ ਲਗਾਤਾਰ ਦੂਜੀ ਵਾਰ ਸੂਬੇ ਦੀ ਸੱਤਾ ‘ਤੇ ਵਾਪਸ ਆਇਆ ਹੈ। ਇਹ ਆਪਣੇ ਆਪ ‘ਚ ਇਕ ਇਤਿਹਾਸ ਹੈ। ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਕੋਈ ਵੀ ਪਾਰਟੀ ਲਗਾਤਾਰ ਦੂਜੀ ਵਾਰ ਸੱਤਾ ‘ਤੇ ਕਾਬਜ਼ ਹੋਣ ‘ਚ ਕਾਮਯਾਬ ਨਹੀਂ ਹੋਈ ਹੈ।
ਚੋਣ ਨਤੀਜਿਆਂ ਤੋਂ ਬੇਹੱਦ ਖੁਸ਼ ਦਿਖ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ‘ਚ ਆਪਣੇ ਘਰ ‘ਤੇ ਪੱਤਰਕਾਰਾਂ ਦੀ ਮੌਜੂਦਗੀ ‘ਚ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ। ਲੰਬੀ ਤੋਂ ਵਿਧਾਨ ਸਭਾ ਖੇਤਰ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰ ਤੇ ਆਪਣੇ ਚਚੇਰੇ ਭਰਾ ਮਹੇਸ਼ਇੰਦਰ ਸਿੰਘ ਬਾਦਲ ਨੂੰ 24,739 ਵੋਟਾਂ ਨਾਲ ਹਰਾਇਆ ਜਦੋਂਕਿ ਜਲਾਲਾਬਾਦ ਸੀਟ ਤੋਂ ਉਨ੍ਹਾਂ ਦੇ ਬੇਟੇ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ 50246 ਵੋਟਾਂ ਨਾਲ ਜਿੱਤ ਹਾਸਲ ਕੀਤੀ। ਸੁਖਬੀਰ ਨੇ ਆਜ਼ਾਦ ਉਮੀਦਵਾਰ ਹੰਸਰਾਜ ਜੋਸਨ ਨੂੰ ਹਰਾਇਆ।  ਕ੍ਰਿਕਟ  ਦੀ ਦੁਨੀਆ ਤੋਂ ਰਾਜਨੀਤੀ ‘ਚ ਆਏ ਸੰਸਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਤੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਸਿਮਰਪ੍ਰੀਤ ਕੌਰ ਨੂੰ 7099 ਵੋਟਾਂ ਨਾਲ ਹਰਾਇਆ. ਸਾਬਕਾ ਓਲੰਪੀਅਨ ਪਰਗਟ ਸਿੰਘ ਵੀ ਜਿੱਤ ਗਏ। ਉਨ੍ਹਾਂ ਨੇ ਆਪਣੇ ਨਿੜਲੇ ਵਿਰੋਧੀ ਜਗਬੀਰ ਸਿੰਘ ਬਰਾੜ ਨੂੰ 6798 ਵੋਟਾਂ ਨਾਲ ਹਰਾਇਆ।
ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਵੀ ਜਿੱਤ ਗਏ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਰਜਿੰਦਰ ਬੇਰੀ ਨੂੰ 1065 ਵੋਟਾਂ ਨਾਲ ਹਰਾਇਆ। ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਵਿਧਾਨ ਸਭਾ ਸੀਟ ਤੋਂ 42000 ਵੋਟਾਂ ਦੇ ਫਰਕ ਨਾਲ ਜਿੱਤ ਗਏ ਜਦੋਂਕਿ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਸਮਾਣਾ ਸੀਟ ਤੋਂ ਹਾਰ ਗਏ। ਉਨ੍ਹਾਂ ਨੂੰ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੇ ਸੱਤ ਹਜ਼ਾਰ ਵੋਟਾਂ ਨਾਲ ਹਰਾਇਆ।
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਰਜਿੰਦਰ ਕੌਰ ਭੱਠਲ ਨੇ ਲਹਿਰਾ ਸੀਟ ਬਰਕਰਾਰ ਰੱਖੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੰਤ ਸਿੰਘ ਨੂੰ 3355 ਵੋਟਾਂ ਨਾਲ ਹਰਾਇਆ. ਪੀਪਲਜ਼ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਅਤੇ ਮੌੜ ਦੋਵਾਂ ਸੀਟਾਂ ਤੋਂ ਹਾਰ ਗਏ। ਵਿੱਤ ਮੰਤਰੀ ਉਪਿੰਦਰਜੀਤ ਕੌਰ ਸੁਲਤਾਨਪੁਰ ਲੋਧੀ ਸੀਟ ਤੋਂ ਕਾਂਗਰਸ ਦੇ ਨਵਤੇਜ ਸਿੰਘ ਤੋਂ 4298 ਵੋਟਾਂ ਨਾਲ ਹਾਰ ਗਈ। ਸਹਿਕਾਰਤਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਰਮਨਜੀਤ ਸਿੰਘ ਤੋਂ ਹਾਰ ਗਏ ਹਨ।
ਰਣਜੀਤ 2007 ‘ਚ ਨੌਸ਼ਹਿਰਾ ਪੰਨੂਆ ਤੋਂ ਖੜੇ ਹੋਏ ਸਨ। ਕਾਂਗਰਸ ਦੇ ਹੋਰ ਜੇਤੂਆਂ ‘ਚ ਜੁਗਿੰਦਰ ਸਿੰਘ (ਜੈਤੋ), ਰਾਜ ਕੁਮਾਰ (ਅੰਮ੍ਰਿਤਸਰ ਪੱਛਮੀ), ਕੇਵਲ ਢਿੱਲੋਂ (ਬਰਨਾਲਾ), ਐਸ. ਏ. ਐਸ. ਨਗਰ (ਮੋਹਾਲੀ) ਅਤੇ ਬਲਬੀਰ ਸਿੰਘ ਸਿੱਧੂ  ਸ਼ਾਮਲ ਹਨ। ਅਕਾਲੀ    ਉਮੀਦਵਾਰ ਜਨਮੇਜਾ ਸਿੰਘ (ਮੌੜ), ਹਰਮੀਤ ਸਿੰਘ ਸੰਧੂ (ਤਰਨਤਾਰਨ), ਗੁਰਬਚਨ ਸਿੰਘ ਬੱਬੇਹਾਲੀ (ਗੁਰਦਾਸਪੁਰ) ਅਤੇ ਅਜੀਤ ਸਿੰਘ ਕੋਹਾੜ (ਸ਼ਾਹਕੋਟ) ਆਪਣੀਆਂ-ਆਪਣੀਆਂ ਸੀਟਾਂ ਬਚਾਉਣ ‘ਚ ਕਾਮਯਾਬ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਜੇਤੂਆਂ ‘ਚ ਮਨਪ੍ਰੀਤ ਸਿੰਘ (ਡੈਖਾ), ਪਵਨ ਕੁਮਾਰ ਟੀਨੂੰ (ਆਦਮਪੁਰ), ਸ਼ਰਨਜੀਤ ਸਿੰਘ ਢਿੱਲੋਂ (ਸਾਹਨੇਵਾਲ), ਸਰਵਨ ਸਿੰਘ (ਕਰਤਾਰਪੁਰ), ਮੰਤਰ ਸਿੰਘ ਬਰਾੜ (ਕੋਟਕਪੂਰਾ) ਅਤੇ ਸਿਕੰਦਰ ਸਿੰਘ ਮਲੂਕਾ (ਰਾਮਪੁਰਾ ਫੂਲ) ਤੋਂ ਸ਼ਾਮਲ ਹਨ। ਭਾਜਪਾ ਦੇ ਜੇਤੂਆਂ ‘ਚ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਮਨੋਰੰਜਨ ਕਾਲੀਆ (ਜਲੰਧਰ ਸੈਂਟਰਲ), ਸਾਬਕਾ ਮੰਤਰੀ ਮਦਨ ਮੋਹਨ ਮਿੱਤਲ (ਆਨੰਦਪੁਰ ਸਾਹਿਬ) ਅਤੇ ਸਾਬਕਾ ਆਈ. ਐਸ. ਆਈ. ਅਧਿਕਾਰੀ ਸੋਮ ਪ੍ਰਕਾਸ਼ ਫਗਵਾੜਾ ਸ਼ਾਮਲ ਹਨ। ਕਾਂਗਰਸ ਨੇ ਤਲਵੰਡੀ ਸਾਬੋ, ਅੰਮ੍ਰਿਤਸਰ ਮੱਧ, ਰਾਜਪੁਰਾ, ਨਾਭਾ ਅਤੇ ਪਟਿਆਲਾ ਸੀਟਾਂ ਜਿੱਤ ਲਈਆਂ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਬਲਾਚੌਰ, ਅਟਾਰੀ, ਫਰੀਦਕੋਟ ਅਤੇ ਘਨੌਰ ‘ਤੇ ਜਿੱਤ ਹਾਸਲ ਕੀਤੀ।
ਭਾਜਪਾ ਨੇ ਅੰਮ੍ਰਿਤਸਰ ਪੂਰਬੀ ਸੀਟ ਜਿੱਤ ਲਈ ਹੈ। ਸਾਬਕਾ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਕਾਂਗਰਸ ਅਮਰਿੰਦਰ ਸਿੰਘ ਨੇ ਪਟਿਆਲਾ ਸੀਟ ‘ਤੇ ਕਬਜ਼ਾ ਬਰਕਰਾਰ ਰੱਖਿਆ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਕੋਹਲੀ ਨੂੰ 42 ਹਜ਼ਾਰ 318 ਵੋਟਾਂ ਨਾਲ ਹਰਾਇਆ। ਸ਼੍ਰੋਮਣੀ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ ਨੇ ਅਟਾਰੀ ਸੀਟ ‘ਤੇ ਕਬਜ਼ਾ ਬਰਕਰਾਰ ਰੱਖਿਆ।  ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਤਰਸੇਮ ਸਿੰਘ (ਕਾਂਗਰਸ) ਨੂੰ 4983 ਵੋਟਾਂ ਨਾਲ ਹਰਾਇਆ। ਦੀਪ ਮਲਹੋਤਰਾ (ਸ਼੍ਰੋਮਣੀ ਅਕਾਲੀ ਦਲ) ਮੌਜੂਦਾ ਵਿਧਾਇਕ ਅਵਤਾਰ ਸਿੰਘ ਬਰਾੜ (ਕਾਂਗਰਸ) ਨੂੰ 2727 ਵੋਟਾਂ ਨਾਲ ਹਰਾ ਕੇ ਫਰੀਦਕੋਟ ਤੋਂ ਜੇਤੂ ਰਹੇ। ਐਸ. ਏ. ਡੀ. ਦੀ ਹੀ ਹਰਪ੍ਰੀਤ ਕੌਰ ਨੇ ਕਾਂਗਰਸ ਦੇ ਮਦਨ ਲਾਲ ਜਲਾਲਪੁਰ ਨੂੰ ਘਨੌਰ ਤੋਂ 1778 ਵੋਟਾਂ ਨਾਲ ਹਰਾਇਆ।  ਭਾਜਪਾ ਸੰਸਦ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਅੰਮ੍ਰਿਤਸਰ ਪੂਰਬੀ ਤੋਂ ਆਜ਼ਾਦ ਉਮੀਦਵਾਰ ਸਿਮਰਪ੍ਰੀਤ ਕੌਰ ਨੂੰ 7099 ਵੋਟਾਂ ਨਾਲ ਹਰਾਇਆ.
ਪੰਜਾਬ ‘ਚ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਵੀਰਵਾਰ ਨੂੰ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਬੈਠਕ ਦੀ ਸੰਭਾਵਨਾ ਹੈ। ਉਧਰ ਕਾਂਗਰਸ ਨੇ ਚੋਣਾਂ ‘ਚ ਹਾਰ ਮੰਨ ਲਈ ਹੈ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਆਪਣੇ ਘਰ ‘ਚ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਅਸੀਂ ਹਾਰ ਮੰਨ ਲਈ ਹੈ। ਅਸੀਂ ਦੇਖਾਂਗੇ ਕਿ ਕਿੱਥੇ ਗਲਤੀ ਹੋਈ। ਚੋਣ ਨਤੀਜੇ ਹੈਰਾਨੀ ਜਤਾਉਂਦਿਆਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਹਾਰ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਨਤੀਜੇ ਹੈਰਾਨੀਜਨਕ ਸਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>