ਕਾਂਗਰਸ ਦਾ ਚੋਣ ਨਤੀਜਾ ਤੈਅ ਕਰੇਗਾ ਡਿਪਟੀ ਸੀ. ਐੱਮ.
ਜਲੰਧਰ :¸ ਪੰਜਾਬ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ 'ਚ ਬਹੁਮਤ ਮਿਲਣ 'ਤੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਹੁਣ ਭਾਵੇਂ ਕੋਈ ਗੈਰ-ਯਕੀਨੀ ਵਾਲੀ ਹਾਲਤ ਨਹੀਂ ਰਹੀ ਪਰ ਉਪ ਮੁੱਖ ਮੰਤਰੀ ਦਾ ਅਹੁਦਾ ਕਿਸ ਦੀ ਝੋਲੀ 'ਚ ਜਾਵੇਗਾ, ਨੂੰ ਲੈ ਕੇ ਕਾਂਗਰਸ 'ਚ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਚੋਣ ਨਤੀਜੇ ਤੈਅ ਕਰਨਗੇ ਕਿ ਡਿਪਟੀ ਸੀ. ਐੱਮ. ਦੀ ਕੁਰਸੀ 'ਤੇ ਕੌਣ ਬੈਠਦਾ ਹੈ। ਪਿਛਲੀ ਵਾਰ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ ਤਾਂ ਕਾਂਗਰਸ ਹਾਈ ਕਮਾਨ ਨੇ ਡਿਪਟੀ ਸੀ. ਐੱਮ. ਦਾ ਅਹੁਦਾ ਬਾਅਦ 'ਚ ਰਾਜਿੰਦਰ ਕੌਰ ਭੱਠਲ ਨੂੰ ਸੌਂਪਿਆ ਸੀ। ਭੱਠਲ    ਜੇ ਲਹਿਰਾਗਾਗਾ ਅਸੈਂਬਲੀ  ਹਲਕੇ ਤੋਂ ਚੁਣੀ ਜਾਂਦੀ ਹੈ ਤਾਂ ਡਿਪਟੀ ਸੀ. ਐੱਮ. ਦੀ ਅਹੁਦੇ ਦੀ ਉਹ ਮਜ਼ਬੂਤ ਦਾਅਵੇਦਾਰ ਹੋਵੇਗੀ। ਭਾਵੇਂ ਹਿੰਦੂ ਭਾਈਚਾਰੇ 'ਚੋਂ ਅਸ਼ਵਨੀ ਸੇਖੜੀ ਅਤੇ ਓ. ਪੀ. ਸੋਨੀ ਵੀ ਇਸ ਅਹੁਦੇ 'ਤੇ ਨਜ਼ਰ ਰੱਖ ਕੇ ਚੱਲ ਰਹੇ ਹਨ ਪਰ ਇਹ ਅਹੁਦਾ ਕਿਸ ਦੀ ਝੋਲੀ 'ਚ ਪਏਗਾ, ਇਸ ਬਾਰੇ ਅੰਤਿਮ ਫੈਸਲਾ ਕਾਂਗਰਸ ਹਾਈਕਮਾਨ ਵਲੋਂ ਲਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ 'ਚ ਕੋਈ ਵਿਵਾਦ ਨਹੀਂ
ਜਲੰਧਰ :¸ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਚੋਣਾਂ 'ਚ ਬਹੁਮਤ ਮਿਲਣ ਦੀ ਸਥਿਤੀ 'ਚ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਕੋਈ ਵਿਵਾਦ ਛਿੜਣ ਦੇ ਆਸਾਰ ਨਹੀਂ ਹਨ। ਇਸ ਸਮੇਂ ਇਹ ਅਹੁਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਹੈ ਅਤੇ ਬਹੁਮਤ ਮਿਲਣ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ। ਸੁਖਬੀਰ ਨੂੰ ਹੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਅਕਾਲੀ ਹਲਕਿਆਂ ਦਾ ਕਹਿਣਾ ਹੈ ਕਿ ਭਾਜਪਾ ਕੋਲ ਪਿਛਲੀ ਵਾਰ 19 ਵਿਧਾਇਕ ਸਨ ਤਾਂ ਉਹ ਉਸ ਸਮੇਂ ਉਪ ਮੁੱਖ ਮੰਤਰੀ ਦਾ ਅਹੁਦਾ ਹਾਸਿਲ ਨਹੀਂ ਕਰ ਸਕਦੀ ਸੀ। ਇਸ ਵਾਰ ਭਾਜਪਾ ਵਲੋਂ ਉਪ ਮੁੱਖ ਮੰਤਰੀ ਦੇ ਅਹੁਦੇ 'ਤੇ ਦਾਅਵਾ ਕੀਤੇ ਜਾਣ ਦੇ ਆਸਾਰ ਨਹੀਂ ਹਨ ਕਿਉਂਕਿ ਭਾਜਪਾ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਘੱਟ ਸੀਟਾਂ ਮਿਲਣ ਦੇ ਅਨੁਮਾਨ ਲਾਏ ਜਾ ਰਹੇ ਹਨ। ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਆਪਣੇ ਪੱਤੇ ਖੋਲ੍ਹੇ ਜਾਣਗੇ।