ਚੰਡੀਗੜ੍ਹ, 7 ਜਨਵਰੀ— ਸੱਤਾ ਦੀ ਲੜਾਈ ਸਦੀਆਂ ਤੋਂ ਚੱਲਦੀ ਆ ਰਹੀ ਹੈ। ਸੱਤਾ ਖਾਤਰ ਹਜ਼ਾਰਾਂ ਸਾਲ ਪਹਿਲਾਂ ਕੌਰਵ ਅਤੇ ਪਾਂਡਵ ਭਰਾ ਆਹਮੋ-ਸਾਹਮਣੇ ਹੋ ਗਏ ਸਨ ਅਤੇ ਇਕ ਮਹਾ ਸੰਗਰਾਮ ਹੋਇਆ ਸੀ ਜਿਸ 'ਚ ਭਰਾ-ਭਰਾ ਦਾ ਹੀ ਵੈਰੀ ਬਣ ਗਿਆ ਸੀ। ਉਸ ਸਮੇਂ ਉਨ੍ਹਾਂ ਦਾ ਇਕੋ ਹੀ ਟੀਚਾ ਸੀ ਕਿ ਭਰਾਵਾਂ ਨੂੰ ਕੁਚਲ ਕੇ ਸੱਤਾ ਹਾਸਲ ਕਰਨੀ ਪਰ ਅੱਜ ਹਜ਼ਾਰਾਂ ਸਾਲ ਬਾਅਦ ਵੀ ਤਸਵੀਰ ਨਹੀਂ ਬਦਲੀ। ਅੱਜ ਵੀ ਸੱਤਾ ਖਾਤਰ ਭਰਾ-ਭਰਾ ਦੇ ਵਿਰੋਧ 'ਚ ਖੜ੍ਹਾ ਹੈ ਅਤੇ ਇਹ ਲੜਾਈ ਇਕ ਰਾਜਨੀਤਿਕ ਮਹਾ ਸੰਗਰਾਮ ਦਾ ਰੂਪ ਧਾਰ ਗਈ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬਾਦਲ ਪਰਿਵਾਰ ਦੀ। ਅੱਜ ਕੁਰੂਕਸ਼ੇਤਰ ਦਾ ਮੈਦਾਨ ਨਹੀਂ ਹੈ ਪਰ ਲੰਬੀ ਹਲਕਾ ਇਸ ਦੀ ਤਸਵੀਰ ਜ਼ਰੂਰ ਪੇਸ਼ ਕਰ ਰਿਹਾ ਹੈ।    ਇਸ ਹਲਕੇ ਨੂੰ ਫਤਹਿ ਕਰਨ ਲਈ ਟਾਕਰਾ ਹੈ ਤਿੰਨ ਭਰਾਵਾਂ ਵਿਚਾਲੇ- ਸ. ਪ੍ਰਕਾਸ਼ ਸਿੰਘ ਬਾਦਲ, ਗੁਰਦਾਸ ਸਿੰਘ ਬਾਦਲ ਅਤੇ ਮਹੇਸ਼ ਇੰਦਰ ਸਿੰਘ ਬਾਦਲ।   ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ, ਗੁਰਦਾਸ ਸਿੰਘ ਬਾਦਲ ਪੀਪੁਲਸ ਪਾਰਟੀ ਆਫ ਪੰਜਾਬ ਅਤੇ ਮਹੇਸ਼ਇੰਦਰ ਸਿੰਘ ਬਾਦਲ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ 'ਤੇ ਉਤਰੇ ਹਨ। ਤਿੰਨਾਂ ਭਰਾਵਾਂ ਦਾ ਇਕੋ ਹੀ ਟੀਚਾ ਹੈ ਲੰਬੀ ਹਲਕੇ ਦੀ ਸੀਟ 'ਤੇ ਕਬਜ਼ਾ ਕਰਨਾ। ਸੱਤਾ ਦੀ ਇਸ ਲੜਾਈ 'ਚ ਭਰਾ-ਭਰਾ ਵਿਚਾਲੇ ਖੁੰਡੀਆਂ ਦੇ ਸਿੰਘ ਫੰਸ ਗਏ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਦੀ ਮੰਨੀਏ ਤਾਂ ਇਹ ਉਨ੍ਹਾਂ ਦੇ ਪਿਤਾ ਦੀ ਆਖਰੀ ਚੋਣ ਹੈ। ਪਰ  ਇਨ੍ਹਾਂ ਚੋਣਾਂ 'ਚ ਉਨ੍ਹਾਂ ਸਾਹਮਣੇ ਉਨ੍ਹਾਂ ਦੇ ਹੀ ਦੋਵੇਂ ਭਰਾ ਖੜ੍ਹੇ ਹਨ। ਬਾਦਲ ਨੂੰ ਆਪਣੇ ਹੀ ਭਰਾਵਾਂ ਤੋਂ ਚੁਣੌਤੀ ਮਿਲ ਰਹੀ ਹੈ।
ਇਕ ਸਮਾਂ ਹੁੰਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਬਾਦਲ ਡੰਕੇ ਦੀ ਚੋਟ 'ਤੇ ਸ. ਬਾਦਲ ਲਈ ਵੋਟਾਂ ਮੰਗਦੇ ਹੁੰਦੇ ਸਨ ਅਤੇ ਲੋਕਾਂ ਨੂੰ ਉਨ੍ਹਾਂ  ਦੀਆਂ ਵਿਕਾਸਸ਼ੀਲ ਨੀਤੀਆਂ ਬਾਰੇ  ਜਾਣੂ ਕਰਵਾਉਂਦੇ ਸਨ ਪਰ ਅੱਜ ਸਥਿਤੀ ਬਿਲਕੁਲ ਉਲਟ ਹੈ। ਅੱਜ ਗੁਰਦਾਸ ਬਾਦਲ ਘੁੰਮ-ਘੁੰਮ ਕੇ ਆਪਣੇ ਭਰਾ ਨੂੰ ਭ੍ਰਿਸ਼ਟ ਦੱਸ ਰਹੇ ਹਨ ਅਤੇ ਲੋਕਾਂ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੋਟ ਨਾ ਦੇਣ। ਗੁਰਦਾਸ ਲੰਬੀ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਵਲੋਂ ਖੜ੍ਹੇ ਹਨ। 2010 ਤੱਕ ਗੁਰਦਾਸ ਬਾਦਲ ਆਪਣੇ ਭਰਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਚਹੇਤੇ ਸਨ ਪਰ ਜਿਵੇਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਬਾਦਲ  ਨੂੰ ਵਿੱਤ ਮੰਤਰੀ ਅਹੁਦੇ ਤੋਂ ਹਟਾਇਆ ਗੁਰਦਾਸ ਬਾਦਲ ਉਨ੍ਹਾਂ ਖਿਲਾਫ ਹੋ ਗਏ। ਉਨ੍ਹਾਂ ਨੇ ਆਪਣੀ ਪਾਰਟੀ ਬਣਾਈ ਅਤੇ ਹੁਣ ਜਨਤਾ ਨੂੰ ਭਰਾ ਦੇ ਭ੍ਰਿਸ਼ਟਾਚਰ ਦੀ ਕਹਾਣੀ ਸੁਣਾ ਰਹੇ ਹਨ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਖਿਲਾਫ ਉਨ੍ਹਾਂ ਦੇ ਗ੍ਰਹਿ ਖੇਤਰ ਲੰਬੀ ਤੋਂ ਉਨ੍ਹਾਂ ਦੇ ਦੂਜੇ ਛੋਟੇ ਭਰਾ ਮਹੇਸ਼ਇੰਦਰ ਸਿੰਘ ਬਾਦਲ ਚੋਣ ਲੜ ਰਹੇ ਹਨ। ਉਹ ਸੀ. ਐਮ. ਦੇ ਚਚੇਰੇ ਭਰਾ ਹਨ। ਮਹੇਸ਼ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ 'ਚ ਹਨ। ਉਹ ਬਾਦਲ ਖਿਲਾਫ ਸਾਲਾਂ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਦੇ ਆ ਰਹੇ ਹਨ। 2007 'ਚ ਤਾਂ ਉਨ੍ਹਾਂ ਨੇ ਲਗਭਗ ਬਾਜ਼ੀ ਮਾਰ ਹੀ ਲਈ ਸੀ। ਮਹੇਸ਼ ਪ੍ਰਕਾਸ਼ ਸਿੰਘ ਬਾਦਲ ਤੋਂ ਸਿਰਫ 1 ਹਜ਼ਾਰ ਵੋਟਾਂ ਨਾਲ ਹਾਰੇ ਸਨ। ਉਧਰ ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਦੋਵੇਂ ਮੇਰੇ ਭਰਾ ਹਨ। ਮੈਂ ਕਦੇ ਉਨ੍ਹਾਂ ਖਿਲਾਫ ਚੋਣ ਨਹੀਂ ਲੜਿਆ। ਉਹੀ ਮੇਰੇ ਖਿਲਾਫ ਚੋਣ ਲੜ ਰਹੇ ਹਨ। ਦੇਖਣਾ ਹੈ ਕਿ ਇਸ ਮਹਾਭਾਰਤ 'ਚ ਜਿੱਤ ਕਿਸਦੀ ਹੁੰਦੀ ਹੈ। ਫਿਲਹਾਲ ਤਾਂ ਪੰਜਾਬ ਦੀ ਜਨਤਾ ਦੀਆਂ ਨਜ਼ਰਾਂ ਲੰਬੀ ਵਿਧਾਨ ਸਭਾ ਹਲਕੇ 'ਤੇ ਲੱਗੀਆਂ ਹਨ।