Sunday, February 24, 2013

ਮੋਗਾ ਜ਼ਿਮਨੀ ਚੋਣ - 70 ਫ਼ੀਸਦੀ ਹੋਇਆ ਮਤਦਾਨ


ਮੋਗਾ, 23 ਫਰਵਰੀ-ਅੱਜ ਮੋਗਾ ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਜੋਗਿੰਦਰਪਾਲ ਜੈਨ ਅਤੇ ਕਾਂਗਰਸ ਦੇ ਵਿਜੇ ਕੁਮਾਰ ਸਾਥੀ ਸਮੇਤ 10 ਉਮੀਦਵਾਰਾਂ ਦੀ ਸਿਆਸੀ ਕਿਸਮਤ ਬਿਜਲਈ ਮਸ਼ੀਨਾ ਵਿਚ ਬੰਦ ਹੋ ਗਈ। ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਜੈਨ ਤੇ ਕਾਂਗਰਸ ਦੇ ਸਾਥੀ ਤੋਂ ਇਲਾਵਾ ਪੰਜਾਬ ਪੀਪਲਜ਼ ਪਾਰਟੀ ਅਤੇ ਸਾਂਝੇ ਮੋਰਚੇ ਦੇ ਉਮੀਦਵਾਰ ਡਾ: ਰਵਿੰਦਰ ਸਿੰਘ ਧਾਲੀਵਾਲ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਬੀਰਇੰਦਰਪਾਲ ਸਿੰਘ ਸਨੀ ਤੋਂ ਇਲਾਵਾ 6 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। ਇਨ੍ਹਾਂ ਉਮੀਦਵਾਰਾਂ ਦੀ ਚੋਣ ਲਈ 70 ਫ਼ੀਸਦੀ ਵੋਟਰਾਂ ਨੇ ਆਪਣੇ ਮਤ ਦਾ ਇਸਤੇਮਾਲ ਕੀਤਾ। ਵੋਟਾਂ ਦੀ ਗਿਣਤੀ 28 ਫਰਵਰੀ ਨੂੰ ਹੋਵੇਗੀ। ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਅਮਨ ਅਮਾਨ ਨਾਲ ਸ਼ੁਰੂ ਹੋਇਆ। ਸ਼ਹਿਰ ਦੇ ਮੁਕਾਬਲੇ ਪਿੰਡਾਂ ਵਿਚ ਵੋਟਾਂ ਪਾਉਣ ਦਾ ਰੁਝਾਨ ਕਾਫੀ ਚੰਗਾ ਰਿਹਾ। ਹਲਕਾ ਮੋਗਾ ਦੇ ਕੁੱਲ 1 ਲੱਖ 79 ਹਜ਼ਾਰ 752 ਵੋਟਰਾਂ ਵਿਚੋਂ 68 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਕੁੱਲ 1 ਲੱਖ 752 ਹਜ਼ਾਰ ਵੋਟਰਾਂ ਵਿਚ 1 ਲੱਖ 10 ਹਜ਼ਾਰ ਦੇ ਕਰੀਬ ਸ਼ਹਿਰੀ ਵੋਟਰ ਸਨ ਜਦੋਂ ਕਿ 52 ਪਿੰਡਾਂ ਦੇ 69 ਹਜ਼ਾਰ ਦੇ ਕਰੀਬ ਵੋਟਰ ਹਨ। ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚਾੜਨ ਲਈ ਜ਼ਿਲ੍ਹਾ ਚੋਣ ਅਫਸਰ ਵੱਲੋਂ ਸੁਰੱਖਿਆ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਲੋਕ ਆਪਣੀ ਆਪਣੀ ਮਰਜ਼ੀ ਅਨੁਸਾਰ ਵੋਟ ਪਾ ਸਕਣ। ਸੁਰੱਖਿਆ ਇੰਤਜ਼ਾਮ ਲਈ ਨੀਮ ਫ਼ੌਜੀ ਬਲਾਂ ਦੀਆਂ 10 ਕੰਪਨੀਆਂ ਇਨ੍ਹਾਂ ਚੋਣਾਂ ਵਿਚ ਤਾਇਨਾਤ ਕੀਤੀਆਂ ਗਈਆਂ ਸਨ। ਮੋਗਾ ਜ਼ਿਮਨੀ ਚੋਣ ਦੋਹਾਂ ਪਾਰਟੀਆਂ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਮੋਗਾ ਜ਼ਿਮਨੀ ਚੋਣ ਨੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਹੈ। ਸਾਰੀਆਂ ਪਾਰਟੀਆਂ ਦੇ ਸਮਰਥਕ ਵੋਟਰਾਂ ਨੂੰ ਲਿਆਉਣ ਲਈ ਆਪਣੀਆਂ ਮੋਟਰ ਗੱਡੀਆਂ ਦਾ ਇਸਤੇਮਾਲ ਕਰ ਰਹੇ ਸਨ। ਮੋਗਾ ਹਲਕੇ ਦੇ ਕੁੱਲ 188 ਬੂਥਾਂ ਵਿਚ 90 ਸੰਵੇਦਨਸ਼ੀਲ ਤੇ 69 ਅਤੀ ਸੰਵੇਦਨਸ਼ੀਲ ਕਰਾਰ ਦਿੱਤੇ ਗਏ ਸਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕੁੱਲ 188 ਬੂਥਾਂ 'ਤੇ ਕੈਮਰੇ, ਵੀਡੀਓਗ੍ਰਾਫੀ, ਮਾਈਕਰੋ ਅਬਜ਼ਰਵਰ ਲਗਾਏ ਸਨ। ਜ਼ਿਆਦਾਤਰ ਵੋਟਰ ਮੀਂਹ ਕਾਰਨ ਆਪੋ ਆਪਣੇ ਵਾਹਨਾਂ 'ਤੇ ਵੋਟ ਪਾਉਣ ਪੋਲਿੰਗ ਬੂਥਾਂ 'ਤੇ ਪਹੁੰਚੇ। ਬਾਰਿਸ਼ਾਂ ਦੇ ਬਾਵਜੂਦ ਵੀ ਲੋਕਾਂ ਨੇ ਲਾਈਨਾਂ ਵਿਚ ਖੜ੍ਹ ਕੇ ਵੋਟਾਂ ਪੂਰੇ ਉਤਸ਼ਾਹ ਨਾਲ ਪਾਈਆਂ ਤੇ ਇਥੋਂ ਤੱਕ ਕਿ ਬਜ਼ੁਰਗਾਂ, ਅੰਗਹੀਣ ਵੀ ਲੋਕਤੰਤਰੀ ਹੱਕ ਦਾ ਇਸਤੇਮਾਲ ਕਰਨ ਵਿਚ ਪਿੱਛੇ ਨਹੀਂ ਰਹੇ। ਭਾਵੇਂ ਵੱਖ ਵੱਖ ਪਾਰਟੀਆਂ ਦੇ ਆਗੂ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ ਪਰ ਇਹ ਤਾਂ 28 ਫਰਵਰੀ ਨੂੰ ਵੋਟਾਂ ਦੀ ਗਿਣਤੀ ਸਮੇਂ 'ਤੇ ਪਤਾ ਲੱਗੇਗਾ ਕਿ ਤਾਜ ਕਿਸ ਦੇ ਸਿਰ 'ਤੇ ਸਜਦਾ ਹੈ।
ਵਰਖਾ ਦੇ ਬਾਵਜੂਦ ਵੋਟਾਂ ਪਾਉਣ ਲਈ ਲੋਕਾਂ 'ਚ ਉਤਸ਼ਾਹ
ਬਾਘਾ ਪੁਰਾਣਾ -ਮੋਗਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਵੋਟਾਂ ਪਾਉਣ ਦਾ ਸਮਾਂ ਹੁੰਦਿਆਂ ਹੀ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ। 8 ਵਜੇ ਤੋਂ ਪਹਿਲਾਂ ਹੀ ਬੂਥਾਂ ਦੇ ਬਾਹਰ ਮੰਡੀਰਾਂਵਾਲਾ ਨਵਾਂ ਅਤੇ ਮੰਡੀਰਾਂ ਵਾਲਾ ਪੁਰਾਣਾ ਦੇ ਵੋਟਰਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਅਤੇ ਬੂਥਾਂ ਦੇ ਬਾਹਰ ਲਾਈਨਾਂ ਲੱਗ ਗਈਆਂ। ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਪਹੁੰਚਾਉਣ ਲਈ ਕਾਰਾਂ, ਜੀਪਾਂ, ਛੋਟੇ ਹਾਥੀ ਅਤੇ ਹੋਰ ਵਾਹਨਾਂ ਦੀ ਵਰਤੋਂ ਵੀ ਵੱਡੇ ਪੱਧਰ 'ਤੇ ਹੁੰਦੀ ਦੇਖੀ ਗਈ। ਬਜ਼ੁਰਗ, ਅੰਗਹੀਣ ਅਤੇ ਬਿਮਾਰ ਮਰਦ ਅਤੇ ਔਰਤਾਂ ਵੀ ਬੈਸਾਖੀਆਂ ਦੇ ਸਹਾਰੇ ਅਤੇ ਪਰਿਵਾਰਕ ਮੈਂਬਰਾਂ ਦੇ ਸਹਾਰੇ ਨਾਲ ਵੋਟਾਂ ਪਾਉਂਦੇ ਹੋਏ ਦੇਖੇ ਗਏ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰ ਅਤੇ ਸਮਰਥਕ ਵੀ ਆਪਣੇ ਆਪਣੇ ਚੋਣ ਦਫਤਰਾਂ ਵਿਚ ਬੈਠ ਕੇ ਵੋਟਰਾਂ ਨੂੰ ਵੋਟ ਪਰਚੀਆਂ ਦੇਣ ਦੀ ਉਡੀਕ ਵਿਚ ਸਰਗਰਮੀ ਦਿਖਾਉਂਦੇ ਦੇਖੇ ਗਏ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>