Tuesday, February 26, 2013

ਨਵੇਂ ਮੇਅਰ ਦੇ ਦਾਅਵੇਦਾਰਾਂ ਨੇ ਕੱਸੇ ਲੰਗੋਟ

ਪਟਿਆਲਾ 25 ਫਰਵਰੀ  - -ਪੂਰੇ 5 ਮਹੀਨਿਆਂ ਬਾਅਦ ਹੁਣ ਸ਼ਾਹੀ ਸ਼ਹਿਰ ਪਟਿਆਲਾ ਨੂੰ ਨਵਾਂ ਮੇਅਰ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ। 5 ਮਹੀਨੇ ਪਹਿਲਾਂ ਵੀ ਮੇਅਰ ਲਈ ਪਟਿਆਲਾ 'ਚ ਜ਼ਬਰਦਸਤ ਰਾਜਨੀਤਕ ਜੰਗ ਹੋਈ ਸੀ ਤੇ ਉਦੋਂ ਪਟਿਆਲਾ ਵਿਚ ਕਈ ਦਹਾਕਿਆਂ ਤੋਂ ਅਕਾਲੀ ਦਲ ਦੇ ਥੰਮ੍ਹ ਚਲੇ ਆ ਰਹੇ ਕੋਹਲੀ ਤੇ ਬਜਾਜ ਗਰੁੱਪ ਨੂੰ ਪਛਾੜਦੇ ਹੋਏ ਜਸਪਾਲ ਸਿੰਘ ਪ੍ਰਧਾਨ ਮੇਅਰ ਬਣੇ ਸਨ ਪਰ ਹੁਣ ਇਕ ਵਾਰ ਫਿਰ ਮੇਅਰ ਲਈ ਰਾਜਨੀਤਕ ਜੰਗ ਛਿੜ ਗਈ ਹੈ ਤੇ ਮੇਅਰ ਦੇ ਦਾਅਵੇਦਾਰਾਂ ਨੇ ਲੰਗੋਟ ਕੱਸ ਲਏ ਹਨ।
ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਜੋ ਕਿ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਸਪੁੱਤਰ ਹਨ ਤੇ ਸਤੰਬਰ 2012 ਤੱਕ ਉਹ ਨਗਰ ਨਿਗਮ ਦੇ ਮੇਅਰ ਵੀ ਰਹੇ ਹਨ, ਪਹਿਲਾਂ ਵੀ ਪ੍ਰਮੁੱਖ ਦਾਅਵੇਦਾਰ ਸਨ ਪਰ ਅਖੀਰਲੇ ਸਮੇਂ ਜਸਪਾਲ ਸਿੰਘ ਪ੍ਰਧਾਨ ਉਨ੍ਹਾਂ ਨੂੰ ਪਛਾੜ ਕੇ ਮੇਅਰ ਬਣੇ ਸਨ। 
ਜਿਉਂ ਹੀ ਇਹ ਖ਼ਬਰ ਪਟਿਆਲਾ ਪੁੱਜੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੇਅਰ ਜਸਪਾਲ ਸਿੰਘ ਪ੍ਰਧਾਨ ਨੂੰ ਅਸਤੀਫਾ ਦੇਣ ਦੇ ਹੁਕਮ ਦੇ ਦਿੱਤੇ ਹਨ, ਤਿਉਂ ਹੀ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਇਕ ਪ੍ਰਮੁੱਖ ਦਾਅਵੇਦਾਰ ਵਜੋਂ ਸਾਹਮਣੇ ਆ ਗਏ ਹਨ।
ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ ਦੇ ਸਪੁੱਤਰ ਅਮਰਿੰਦਰ ਸਿੰਘ ਬਜਾਜ ਜੋ ਦੂਸਰੀ ਵਾਰ ਕੌਂਸਲਰ ਬਣੇ ਹਨ, ਵੀ ਇਕ ਵਾਰ ਫਿਰ ਮੇਅਰ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਸਾਹਮਣੇ ਆ ਗਏ ਹਨ। ਜ਼ਿਕਰਯੋਗ ਹੈ ਕਿ ਸਤੰਬਰ 2012 ਵਿਚ ਵੀ ਅਮਰਿੰਦਰ ਸਿੰਘ ਬਜਾਜ ਦਾ ਨਾਂ ਸਭ ਤੋਂ ਉੱਪਰ ਚੱਲ ਰਿਹਾ ਸੀ। ਲੰਮੇ ਸਮੇਂ ਤੋਂ ਬਾਦਲਾਂ ਦੇ ਵਫਾਦਾਰ ਗਿਣੇ ਜਾਂਦੇ ਇਸ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੂਰੀਆਂ ਪਾਵਰਾਂ ਵਿਚ ਰੱਖਿਆ ਹੈ ਅਤੇ ਇਸ ਪਰਿਵਾਰ ਕੋਲ ਅੱਜ ਵੀ ਕਈ ਅਹੁਦੇ ਹਨ। ਇਸ ਪਰਿਵਾਰ ਕੋਲ ਇਸ ਤੋਂ ਪਹਿਲਾਂ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨੀ ਸੀ ਪਰ ਪਿਛਲੇ ਸਮੇਂ ਵਿਚ ਸਰਕਾਰ ਵਲੋਂ ਟਰੱਸਟਾਂ ਨੂੰ ਭੰਗ ਕਰਨ ਨਾਲ ਹੁਣ ਇਹ ਚੇਅਰਮੈਨੀ ਇਸ ਪਰਿਵਾਰ ਕੋਲ ਨਹੀਂ ਹੈ।  ਪਟਿਆਲਾ ਤੋਂ ਤਾਕਤਵਰ ਹਿੰਦੂ ਨੇਤਾ ਹਰਪਾਲ ਜੁਨੇਜਾ ਜੋ ਕਿ ਪਹਿਲਾਂ ਵੀ ਮੇਅਰ ਅਹੁਦੇ ਦੇ ਪ੍ਰਮੁੱਖ ਦਾਅਵੇਦਾਰ ਸਨ, ਵੀ ਮੇਅਰ ਲਈ ਫਿਰ ਦਾਅਵੇਦਾਰ ਬਣ ਕੇ ਸਾਹਮਣੇ ਆਏ ਹਨ। ਹਰਪਾਲ ਜੁਨੇਜਾ ਪਹਿਲਾਂ ਵੀ ਪਛੜ ਗਏ ਸਨ ਪਰ ਇਸ ਪਰਿਵਾਰ ਵਲੋਂ ਲੋਕਾਂ ਦੀਆਂ ਕੀਤੀਆਂ ਸੇਵਾਵਾਂ ਕਿਸੇ ਤੋਂ ਛੁਪੀਆਂ ਨਹੀਂ ਹਨ। ਅੱਜ ਵੀ ਬਤੌਰ ਕੌਂਸਲਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਖਜ਼ਾਨਚੀ ਵਜੋਂ ਉਹ ਲੋਕਾਂ ਦੀਆਂ ਸੇਵਾਵਾਂ ਕਰ ਰਹੇ ਹਨ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਸਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਵੀ ਸਤੰਬਰ 2012 ਵਿਚ ਮੇਅਰ ਦੇ ਪ੍ਰਮੁੱਖ ਦਾਅਵੇਦਾਰ ਸਨ। ਟੌਹੜਾ ਪਰਿਵਾਰ ਵਲੋਂ ਵਿਸ਼ੇਸ਼ ਤੌਰ 'ਤੇ ਹਰਿੰਦਰਪਾਲ ਸਿੰਘ ਟੌਹੜਾ ਨੂੰ ਜ਼ਿਲਾ ਪ੍ਰੀਸ਼ਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਕੌਂਸਲਰ ਦੀ ਚੋਣ ਲੜਾਈ ਗਈ ਸੀ। ਹੁਣ ਇਕ ਵਾਰ ਫਿਰ ਹਰਿੰਦਰਪਾਲ ਸਿੰਘ ਟੌਹੜਾ ਅਤੇ ਟੌਹੜਾ ਪਰਿਵਾਰ ਨੇ ਮੇਅਰ ਦੀ ਦਾਅਵੇਦਾਰੀ ਲਈ ਆਪਣੀ ਵਿਉਂਤਬੰਦੀ  ਸ਼ੁਰੂ ਕਰ ਦਿੱਤੀ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>