ਅੱਤਵਾਦ ਦੀਆਂ ਜੜ੍ਹਾਂ ਪੁੱਟਣ ਲਈ ਸਰਕਾਰ ਠੋਸ ਕਾਰਵਾਈ ਕਰੇ-ਸਵਰਾਜ
ਨਵੀਂ ਦਿੱਲੀ, 22 ਫਰਵਰੀ ( ਪ.ਪ )-ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਅੱਜ ਮਨਮੋਹਨ ਸਿੰਘ ਸਰਕਾਰ ਨੂੰ ਇਸ ਦੇ ਦੇਸ਼ ਅੰਦਰ ਅੱਤਵਾਦ ਨਾਲ ਨਜਿੱਠਣ ਦੇ ਤੌਰ-ਤਰੀਕੇ ਨੂੰ ਲੈ ਕੇ ਕਟਹਿਰੇ ਵਿਚ ਖੜ੍ਹਾ ਕੀਤਾ ਅਤੇ ਇਸ ਦੀਆਂ ਜੜ੍ਹਾਂ ਪੁੱਟਣ ਲਈ ਕਾਰਗਰ ਕਾਰਵਾਈ ਕਰਨ ਦੀ ਚੁਣੌਤੀ ਦਿੱਤੀ।
ਲੋਕ ਸਭਾ ਵਿਚ
ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਹੈਦਰਾਬਾਦ ਬੰਬ ਧਮਾਕਿਆਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਸ੍ਰੀਮਤੀ ਸਵਰਾਜ ਨੇ ਕਿਹਾ ਕਿ ਜੋ ਵੀ ਸ੍ਰੀ ਸ਼ਿੰਦੇ ਨੇ ਕਿਹਾ ਹੈ ਉਹ ਝੂਠ ਨਹੀਂ ਹੈ। ਪਰ ਸੁਆਲ ਤਾਂ ਇਹ ਹੈ ਕਿ ਸਰਕਾਰ ਅੱਤਵਾਦ ਨੈੱਟਵਰਕ ਨੂੰ ਜਿਹੜਾ ਬਹੁਤ ਸਾਰੇ ਰਾਜਾਂ ਵਿਚ ਫ਼ੈਲ ਚੁੱਕਿਆ ਹੈ, ਖ਼ਤਮ ਕਰਨ ਲਈ ਕੀ ਠੋਸ ਕਾਰਵਾਈ ਕਰ ਰਹੀ ਹੈ। ਸ੍ਰੀ ਸ਼ਿੰਦੇ ਦੇ ਬਿਆਨ ਦੇ ਅਹਿਮ ਤਿੰਨ ਬਿੰਦੂਆਂ ਬਾਰੇ ਵੇਰਵੇ ਸਹਿਤ ਸੁਆਲ ਕਰਦਿਆਂ, ਵਿਰੋਧੀ ਧਿਰ ਦੀ ਨੇਤਾ ਨੇ ਪੁੱਛਿਆ ਕਿ ਪਹਿਲਾ ਸੁਆਲ ਤਾਂ ਇਹ ਹੈ ਕਿ ਗ੍ਰਹਿ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੀ ਰਾਜ ਸਰਕਾਰ ਨੂੰ ਧਮਾਕਿਆਂ ਬਾਰੇ ਅਗਾਊਂ ਜਾਣਕਾਰੀ ਦੇ ਦਿੱਤੀ ਸੀ, ਪਰ ਜੇ ਤੁਸੀਂ ਇਹ ਜਾਣਕਾਰੀ ਨਾ ਵੀ ਦਿੰਦੇ ਤਾਂ ਵੀ ਰਾਜ ਸਰਕਾਰ ਨੂੰ ਨਾਜ਼ੁਕ ਇਲਾਕਿਆਂ ਵਿਚ ਅਫ਼ਜ਼ਲ ਗੁਰੂ ਨੂੰ ਫਾਂਸੀ ਦੇਣ ਪ੍ਰਤੀ ਸੰਭਾਵਿਤ ਪ੍ਰਤੀਕਰਮ ਨੂੰ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ ਸੀ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਜੋੜਿਆ ਕਿ ਅਫ਼ਜ਼ਲ ਗੁਰੂ ਨੂੰ 9 ਸਾਲ ਫ਼ਾਂਸੀ ਨਾ ਦੇਣ ਅਤੇ ਫਿਰ ਫਾਂਸੀ ਦੇਣ ਪਿੱਛੇ ਵੀ ਵੋਟ ਦੀ ਰਾਜਨੀਤੀ ਹੀ ਕੰਮ ਕਰ ਰਹੀ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਮਨਮੋਹਨ ਸਿੰਘ ਸਰਕਾਰ ਅੱਤਵਾਦ ਦਾ ਖਾਤਮਾ ਕਰਨ ਬਾਰੇ ਗੰਭੀਰ ਨਹੀਂ ਹੈ।