Saturday, February 23, 2013

ਕਿਲੋ ਚਰਸ ਸਣੇ ਤਸਕਰ ਕਾਬੂ



ਚੰਡੀਗੜ੍ਹ, 22 ਫ਼ਰਵਰੀ   -ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਹਿਮਾਚਲ ਪ੍ਰਦੇਸ਼ ਦੇ 2 ਨਸ਼ਾ ਤਸਕਰਾਂ ਆਤਮਾ ਰਾਮ ਤੇ ਸੋਨੂੰ ਠਾਕੁਰ ਦੋਵੇਂ ਵਾਸੀ ਜ਼ਿਲ੍ਹਾ ਕੁੱਲੂ ਨੂੰ ਸੈਕਟਰ 43 ਬੱਸ ਅੱਡੇ ਤੋਂ 900 ਗਰਾਮ ਤੋਂ ਵੱਧ ਚਰਸ ਸਣੇ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਿਮਾਚਲ ਪ੍ਰਦੇਸ਼ ਦੇ ਕੁੱਝ ਤਸਕਰ ਕੁੱਲੂ ਵਾਦੀ 'ਚੋਂ ਚਰਸ ਆਦਿ ਲਿਆ ਕੇ ਚੰਡੀਗੜ੍ਹ 'ਚ ਅਮੀਰ ਘਰਾਂ ਦੇ ਨੌਜਵਾਨਾਂ ਨੂੰ ਮਹਿੰਗੇ ਭਾਅ 'ਤੇ ਵੇਚਦੇ ਹਨ | ਜਿਸ ਪਿੱਛੋਂ ਆਪ੍ਰੇਸ਼ਨ ਸੈੱਲ ਨੇ ਗੁਪਤ ਤੌਰ 'ਤੇ ਸੈਕਟਰ 43 ਦੇ ਅੰਤਰਰਾਜੀ ਬੱਸ ਅੱਡੇ 'ਤੇ ਨਾਕੇਬੰਦੀ ਕਰ ਦਿੱਤੀ | ਜਿਉਂ ਹੀ ਉਕਤ ਦੋਵੇਂ ਵਿਅਕਤੀ ਬੱਸ 'ਚੋਂ ਉੱਤਰੇ ਤਾਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ, ਜਿਸ ਉਪਰੰਤ ਲਈ ਗਈ ਤਲਾਸ਼ੀ ਦੌਰਾਨ ਉਨ੍ਹਾਂ ਤੋਂ ਚਰਸ ਬਰਾਮਦ ਹੋਈ, ਜੋਕਿ ਉਨ੍ਹਾਂ ਨੇ ਪਾਲੀਥੀਨ ਦੇ ਲਿਫ਼ਾਫਿਆਂ ਵਿਚ ਪਾ ਕੇ ਪਤਲੀਆਂ ਪੱਟੀਆਂ ਦੇ ਰੂਪ 'ਚ ਆਪਣੇ ਸਰੀਰ ਨਾਲ ਬੰਨ੍ਹੀ ਹੋਈ ਸੀ | ਦੋਸ਼ੀਆਂ ਵਿਰੁੱਧ ਥਾਣਾ ਸੈਕਟਰ 36 ਵਿਖੇ ਮਾਮਲਾ ਦਰਜ ਕੀਤਾ ਗਿਆ |
ਫਰਜ਼ੀ ਚੈੱਕ ਦੇ ਕੇ ਖ਼ਰੀਦੀ ਕਾਰ
ਚੰਡੀਗੜ੍ਹ ਪੁਲਿਸ ਨੇ ਸਾਢੇ 4 ਲੱਖ ਰੁਪਏ ਦਾ ਫਰਜ਼ੀ ਚੈੱਕ ਦੇ ਕੇ ਚੰਡੀਗੜ੍ਹ ਦੀ ਪਦਮ ਮੋਟਰਜ਼ ਪ੍ਰਾ.ਲਿ. ਤੋਂ ਬੀਟ ਕਾਰ ਖ਼ਰੀਦਣ ਵਾਲੇ ਡੇਰਾਬੱਸੀ ਦੀ ਗੁਲਮੋਹਰ ਸਿਟੀ ਦੇ ਨਿਵਾਸੀ ਦੀਪਕ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਅਨੁਸਾਰ ਕੰਪਨੀ ਦੇ ਸੀਨੀਅਰ ਸੇਲਜ਼ ਮੈਨੇਜ਼ਰ ਧਰਮਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਦੀਪਕ ਕੁਮਾਰ ਨੇ 97 ਹਜ਼ਾਰ ਰੁਪਏ ਨਕਦ ਤੇ ਇੰਡੀਅਨ ਬੈਂਕ ਦਾ ਸਾਢੇ 4 ਲੱਖ ਰੁਪਏ ਦਾ ਚੈੱਕ ਦੇ ਕੇ ਕਾਰ ਹਾਸਲ ਕੀਤੀ ਸੀ, ਪਰ ਬਾਅਦ 'ਚ ਚੈੱਕ ਫਰਜ਼ੀ ਨਿਕਲਿਆ, ਜਦੋਂ ਦੀਪਕ ਤੋਂ ਬਾਕੀ ਰਾਸ਼ੀ ਮੰਗੀ ਗਈ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ |
ਟੂਰਿਸਟ ਵੀਜ਼ਾ 'ਤੇ ਟਿੱਕਟਾਂ ਦਿਵਾਉਣ ਦੇ ਨਾਂਅ 'ਤੇ ਪੌਣੇ 2 ਲੱਖ ਦੀ ਠੱਗੀ
ਪੁਲਿਸ ਨੇ ਟੂਰਿਸਟ ਵੀਜ਼ਾ ਤੇ ਟਿੱਕਟਾਂ ਦਿਵਾਉਣ ਦੇ ਨਾਂ 'ਤੇ ਚੰਡੀਗੜ੍ਹ ਸੈਕਟਰ 43 ਨਿਵਾਸੀ ਨੀਰਜ ਕੁਮਾਰ ਤੋਂ 1,68,000 ਰੁਪਏ ਠੱਗਣ ਵਾਲੇ ਇੰਡੋ ਕੇਨੈਡੀਅਨ ਇੰਟਰਪ੍ਰਾਈਜਜ਼ ਕੰਪਨੀ ਦੇ ਮਾਲਕਾਂ ਸੰਜੀਤ ਕੁਮਾਰ ਤੇ ਜਤਿੰਦਰ ਕੁਮਾਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਅਨੁਸਾਰ ਉਕਤ ਵਿਅਕਤੀਆਂ ਨੇ ਨੀਰਜ ਕੁਮਾਰ ਨੂੰ ਟੂਰਿਸਟ ਪੈਕੇਜ ਦੇਣ ਦਾ ਭਰੋਸਾ ਦਿਵਾਇਆ ਸੀ ਤੇ ਸੈਰ ਲਈ ਕਈ ਦੇਸ਼ਾਂ ਦੇ ਵੀਜ਼ੇ ਤੇ ਟਿੱਕਟਾਂ ਦਿਵਾਉਣ ਬਦਲੇ ਉਕਤ ਰਾਸ਼ੀ ਲਈ ਸੀ, ਪਰ ਬਾਅਦ 'ਚ ਉਨ੍ਹਾਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਹੀ ਪੈਸੇ ਮੋੜੇ | ਇਸੇ ਤਰ੍ਹਾਂ ਮੋਹਾਲੀ ਦੇ ਨਵਾਂ ਗਰਾਉਂ ਨਿਵਾਸੀ ਗੁਰਵਿੰਦਰ ਸਿੰਘ ਨੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਵਿਅਕਤੀ ਸਾਹਿਲ ਸ਼ਰਮਾ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਦੋਸ਼ ਹੈ ਕਿ ਸਾਹਿਲ ਨੇ ਉਸ ਦਾ ਬੀ.ਪੀ.ਐਲ. ਕਾਰਡ ਬਣਾਉਣ ਬਦਲੇ ਉਸ ਤੋਂ 35 ਹਜ਼ਾਰ ਰੁਪਏ ਠੱਗ ਲਏ ਨਾ ਤਾਂ ਕਾਰਡ ਬਣਾਇਆ ਅਤੇ ਨਾ ਹੀ ਪੈਸੇ ਮੋੜੇ |
ਚੋਰੀਆਂ
ਸ਼ਹਿਰ 'ਚ ਹੋਈਆਂ ਚੋਰੀਆਂ ਤੇ ਮਾਮਲੇ 'ਚ ਪੁਲਿਸ ਨੇ ਅਜੈ ਕੁਮਾਰ ਵਾਸੀ ਸੈਕਟਰ 38 ਅਤੇ ਰਜਿੰਦਰ ਕੁਮਾਰ ਵਾਸੀ ਸੈਕਟਰ 25 ਨੂੰ ਗਿ੍ਫ਼ਤਾਰ ਕੀਤਾ ਹੈ | ਜੋਕਿ ਸੈਕਟਰ 38 ਦੀ ਮਿੰਨੀ ਮਾਰਕੀਟ 'ਚੋਂ ਸਰਕਾਰੀ ਪਾਈਪਾਂ ਚੋਰੀ ਕਰ ਰਹੇ ਸਨ | ਇਸ ਤੋਂ ਇਲਾਵਾ ਅਰੁਨਦੀਪ ਸਿੰਘ ਵਾਸੀ ਸੈਕਟਰ 22 ਦਾ ਲੈਪਟਾਪ ਕ੍ਰੈਡਿਟ ਕਾਰਡ ਡੈਬਿਟ ਕਾਰਡ ਅਤੇ ਕੁੱਝ ਜ਼ਰੂਰੀ ਕਾਗ਼ਜ਼ਾਤ ਉਸ ਦੇ ਘਰ 'ਚੋਂ ਚੋਰੀ ਕਰ ਲਏ ਗਏ ਅਤੇ ਫਿਰ ਕ੍ਰੈਡਿਟ ਕਾਰਡ ਤੋਂ 5000 ਰੁਪਏ ਵੀ ਕੱਢਵਾ ਲਿਆ ਗਿਆ | ਪੁਲਿਸ ਨੇ ਨਵਾਂ ਗਰਾਉਂ ਨਿਵਾਸੀ ਮੁਹੰਮਦ ਹੁਸੈਨ, ਅਨਿਲ ਕੁਮਾਰ ਤੇ ਅਮਰੀਕ ਵਾਸੀ ਬੁੜੈਲ ਨੂੰ ਕਮਿਓਨਿਟੀ ਸੈਂਟਰ ਸੈਕਟਰ 45 ਨੇੜਿਉਂ ਜੂਆ ਖੇਡਦਿਆਂ ਫੜ ਕੇ ਉਨ੍ਹਾਂ ਤੋਂ 8 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>