ਕੁਝ ਸਮਾਂ ਪਹਿਲਾਂ ਅਮੀਰ ਖਾਨ ਦੀ ਇਕ ਫਿਲਮ ‘ਤਾਰੇ ਜ਼ਮੀਂ ਪਰ’ ਆਈ ਸੀ ਅਤੇ ਸਾਡੇ ਵਿੱਚੋਂ ਬਹੁਤਿਆਂ ਨੇ ਆਮੀਰ ਖਾਨ ਦੀ ਇਹ ਫਿਲਮ ਜ਼ਰੂਰ ਦੇਖੀ ਹੋਵੇਗੀ। ਉਸ ਫਿਲਮ ਦੇ ਮੁੱਖ ਪਾਤਰ ਬੱਚਾ ਮੰਦ ਬੁੱਧ ਹੁੰਦਾ ਹੈ ਅਤੇ ਅਜਿਹੇ ਬੱਚਿਆਂ ਨੂੰ ਹੀ ਸਪੈਸ਼ਲ ਚਾਈਲਡ ਜਾਂ ਖਾਸ ਬੱਚੇ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ। ਇਹ ‘ਖਾਸ ਬੱਚੇ’ ਖਾਸ ਕਿਸਮ ਦੀਆਂ ਮਾਨਸਿਕ ਅਤੇ ਸ਼ਰੀਰਕ ਅਨੇਕਾਂ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਹਨ। ਮੁਲਕ ਵਿੱਚ ਇਹਨਾਂ ਬੱਚਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਦੀ ਤੇਜ਼-ਤਰਾਰ ਜ਼ਿੰਦਗੀ ਜਿਉਣ ਲਈ ਲੋੜੀਂਦੀਆਂ ਚੁਸਤ-ਚਲਾਕੀਆਂ ਵੀ ਇਹ ਬੱਚੇ ਨਹੀਂ ਸਿੱਖ ਸਕਦੇ। ਇਹ ਬੱਚੇ, ਆਮ ਬੱਚਿਆਂ ਵਾਂਗ ਚੁਸਤ-ਚਲਾਕ ਨਹੀਂ ਹੁੰਦੇ ਅਤੇ ਨਾ ਹੀ ਉਹਨਾਂ ਵਾਂਗ ਪੜ-ਲਿਖ ਸਕਦੇ ਹਨ। ਇਸੇ ਕਾਰਨ ਅਜਿਹੇ ਬੱਚਿਆਂ ਨੂੰ ਅਕਸਰ ਹੀ ਪਰਿਵਾਰ ਅਤੇ ਸਮਾਜ ਉੱਪਰ ਬੋਝ ਸਮਝਿਆ ਜਾਂਦਾ ਹੈ। ਇਹ ਇਕ ਅਜਿਹੀ ਬਿਮਾਰੀ ਹੈ ਜਿਸ ਅੱਗੇ ਐਲੋਪੈਥਿਕ ਇਲਾਜ ਪ੍ਰਣਾਲੀ ਹੱਥ ਖੜੇ ਕਰਦੀ ਵਿਖਾਈ ਦਿੰਦੀ ਹੈ ਅਤੇ ਐਲੋਪੈਥੀ ਡਾਕਟਰ ਇਲਾਜ ਦੀ ਕੋਈ ਗਾਰੰਟੀ ਲੈਂਦੇ ਵਿਖਾਈ ਨਹੀਂ ਦਿੰਦੇ।
ਕਿਵੇਂ ਕਰੀਏ ਮੰਦ-ਬੁੱਧੀ ਬੱਚੇ ਦੀ ਪਛਾਣ ?
ਜਨਮ ਉਪਰੰਤ ਤੋਂ ਬਾਅਦ ਬੱਚੇ ਦੇ ਵਿਕਾਸ ਦੇ ਅਨੇਕਾਂ ਪੜਾਵਾਂ ਜਿਵੇਂ ਕਿ ਗਰਦਨ ਸੰਭਾਲਣਾ, ਬੈਠਣਾ, ਰਿੜਣਾ, ਖੜੇ ਹੋਣਾ, ਤੁਰਣਾ, ਭੱਜਣਾ, ਹੱਸਣਾ, ਬੋਲਣਾ, ਮਾਂ-ਬਾਪ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਪਹਿਚਾਨਣਾ ਆਦਿ ਵਿੱਚੋਂ ਲੰਘਦਾ ਹੋਇਆ ਜਵਾਨ ਹੁੰਦਾ ਹੈ। ਆਮ ਬੱਚੇ ਇਹ ਸਭ ਕੁਝ ਇਕ ਖਾਸ ਉਮਰ ਹੋਣ ਦੇ ਨਾਲ ਨਾਲ ਸਹਿਜੇ ਹੀ ਕਰਨ ਜਾਂ ਸਿੱਖਣ ਲਗਦੇ ਹਨ ਪਰ ਮੰਦ-ਬੁੱਧੀ ਬੱਚਾ ਇਹ ਸਭ ਕਾਫ਼ੀ ਪਛੜ ਕੇ ਸਿੱਖਦਾ ਹੈ। ਅਜਿਹੇ ਬੱਚੇ ਸਿੱਧੜ, ਜ਼ਿੱਦੀ, ਹੁੜਚੰਗੀ, ਬੇਮਤਲਬ ਖੁਸ਼ ਜਾਂ ਉਦਾਸ ਰਹਿਣ ਵਾਲੇ ਦਿਖਾਈ ਦਿੰਦੇ ਹਨ। ਉਹ ਢੀਠ ਜਾਪਦੇ ਹਨ ਜਿਸ ਕਰਕੇ ਅਕਸਰ ਹੀ ਮਾਂ-ਬਾਪ ਤੋਂ ਅਤੇ ਅਧਿਆਪਕਾਂ ਤੋਂ ਝਿੜਕਾਂ ਅਤੇ ਮਾਰ ਖਾਂਦੇ ਰਹਿੰਦੇ ਹਨ। ਵੇਖਣ, ਸੁਨਣ ਅਤੇ ਬੋਲਣ ਦੇ ਅਨੇਕਾਂ ਨੁਕਸਾਂ ਦਾ ਸ਼ਿਕਾਰ ਹੋ ਸਕਦੇ ਹਨ। ਉਹ ਆਲੇ-ਦੁਆਲੇ ਤੋਂ ਅਗਲ ਥਲਗ ਰਹਿੰਦੇ ਹਨ। ਉਨਾਂ ਵਿਚ ਸਰੀਰਕ ਨੁਕਸ ਜਿਵੇਂ ਚੱਲਣਾ-ਫਿਰਨਾ, ਹੱਥਾਂ-ਪੈਰਾਂ ਤੋਂ ਅਪਾਹਜ ਹੋਣਾ ਅਤੇ ਪੜਾਈ-ਲਿਖਾਈ ਵਿੱਚ ਕਮਜ਼ੋਰ ਹੋਣਾ ਦਿਖਾਈ ਦਿੰਦੇ ਹਨ। ਅਜਿਹੇ ਬੱਚਿਆਂ ਦੇ ਸਰੀਰ ਦੀ ਬਿਮਾਰੀਆਂ ਪ੍ਰਤੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੁੰਦੀ ਹੈ, ਜਿਸ ਕਾਰਨ ਅਕਸਰ ਹੀ ਬਿਮਾਰ ਹੋਏ ਰਹਿੰਦੇ ਹਨ। ਵਾਰ-ਵਾਰ ਟੱਟੀਆਂ ਲੱਗਣਾ, ਜੁਕਾਮ ਅਤੇ ਛਾਤੀ ਦਾ ਜਾਮ ਹੋ ਜਾਣਾ ਵਰਗੇ ਰੋਗਾਂ ਤੋਂ ਅਜਿਹੇ ਬੱਚੇ ਆਮ ਹੀ ਪੀੜਤ ਰਹਿੰਦੇ ਹਨ। ਇਸੇ ਕਾਰਨ ਮਜਬੂਰ ਮਾਪੇ ਉਨਾਂ ਨੂੰ ਇੱਕ ਤੋਂ ਬਾਅਦ ਦੂਜੇ ਅਤੇ ਦੂਜੇ ਤੋਂ ਬਾਦ ਤੀਜੇ ਡਾਕਟਰ ਨੂੰ ਦਿਖਾਉਂਦੇ ਰਹਿੰਦੇ ਹਨ। ਇਸ ਕਾਰਨ ਪੂਰਾ ਪਰਿਵਾਰ ਹੀ ਆਰਥਿਕ ਮਾਨਸਿਕ ਤੌਰ ਤੇ ਪੀੜਤ ਹੋ ਜਾਂਦਾ ਹੈ।
ਸਮੱਸਿਆਵਾਂ ਦੇ ਕਾਰਨ?
ਖਾਸ਼ ਬੱਚਿਆਂ ਵਿਚ ਬੁੱਧੀ ਦੇ ਪੱਧਰ ਦੇ ਘੱਟ ਹੋਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਪਰ ਮਾਹਿਰਾਂ ਵੱਲੋਂ ਇਹਨਾਂ ਕਾਰਨਾਂ ਨੂੰ ਮੁੱਖ ਰੂਪ ਵਿੱਚ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ।
1) ਜਨਮ ਤੋਂ ਪਹਿਲਾਂ ਹੋਣ ਵਾਲੇ ਕਾਰਨ:- ਪਹਿਲਾਂ ਕਾਰਨ ਜਨਮ ਤੋਂ ਵੀ ਪਹਿਲਾਂ ਦਾ ਹੋ ਸਕਦਾ ਹੈ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਵਿਕਾਸ ਕਰ ਰਿਹਾ ਹੁੰਦਾ ਹੈ। ਜਣੇਪਾ ਕਾਲ ਦੌਰਾਨ ਮਾਂ ਦੇ ਸਰੀਰ ਵਿਚਲਾ ਕੋਈ ਵੀ ਜ਼ਹਿਰੀਲਾ ਪਦਾਰਥ ਜਾਂ ਨੁਕਸਾਨਦੇਹ ਕਿਰਨਾਂ ਬੱਚੇ ਨੂੰ ਨੁਕਸਾਨ ਕਰ ਸਕਦੇ ਹਨ। ਨਿੱਤ ਦਿਨ ਵੱਧ ਰਹੇ ਪ੍ਰਦੂਸਣ ਅਤੇ ਮਨੁੱਖ ਦੀਆਂ ਗਲਤ ਖੇਤੀ ਤਕਨੀਕਾਂ ਆਦਿ ਕਾਰਨ ਅੱਜ ਸਾਡੀ ਹਵਾ, ਪਾਣੀ ਅਤੇ ਭੋਜਨ ਜ਼ਹਿਰਾਂ ਨਾਲ ਭਰੇ ਪਏ ਹਨ। ਖੋਜਾਂ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਸਾਡੇ ਹਵਾ, ਪਾਣੀ ਤੇ ਭੋਜਨ ਵਿੱਚ ਅਨੇਕਾਂ ਕਿਸਮ ਦੇ ਖਤਰਨਾਕ ਕੀਟਨਾਸ਼ਕ, ਨਦੀਨਨਾਸ਼ਕ, ਰਸਾਇਣਿਕ ਖਾਦਾਂ, ਭਾਰੀ ਧਾਤਾਂ, ਅਨੇਕਾਂ ਸਨਅਤੀ ਜ਼ਹਿਰ ਅਤੇ ਯੂਰੇਨੀਅਮ ਆਦਿ ਭਾਰੀ ਮਾਤਰਾ ਵਿੱਚ ਮੌਜ਼ੂਦ ਹਨ। ਗਰਭ ਕਾਲ ਵਿਚ ਜਦ ਬੱਚੇ ਦੇ ਸਾਰੇ ਹੀ ਟਿਸ਼ੂ (ਤੰਤੂ) ਅਤੇ ਖਾਸ ਕਰਕੇ ਦਿਮਾਗ਼ ਅਤੇ ਨਾੜੀ-ਤੰਤਰ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ ਉੱਤੇ ਇਨਾਂ ਦਾ ਮਾਰੂ ਅਸਰ ਹੁੰਦਾ ਹੈ। ਹੋਰ ਤਾਂ ਹੋਰ ਜ਼ਹਿਰੀਲੇ ਮਾਦੇ ਦੀ ਘੱਟ ਤੀਬਰਤਾ ਵੀ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਮਾਂ ਦੇ ਸ਼ਰੀਰ ਵਿਚ ਇੰਨਾਂ ਤੱਤਾਂ ਦੀ ਮੌਜੂਦਗੀ ਦਾ ਅਸਰ ਉਸਦੇ ਗਰਭ ਵਿਚ ਪਲ ਰਹੇ ਭਰੂਣ ‘ਤੇ ਹੋ ਜਾਂਦਾ ਹੈ ਅਤੇ ਇਸ ਕਾਰਨ ਬੱਚੇ ਦਾ ਦਿਮਾਗ ਅਤੇ ਨਾੜੀ ਤੰਤਰ ਕਮਜੋਰ ਹੋ ਜਾਂਦਾ ਹੈ। ਇਹਨਾਂ ਜ਼ਹਿਰਾਂ ਦੇ ਪ੍ਰਭਾਵ ਕਾਰਨ, ਗਰਭਪਾਤ ਹੋ ਜਾਣਾ ਜਾਂ ਗਰਭ ਸਮਾਂ (ਨੌ ਮਹੀਨੇ ਦਸ ਦਿਨ ਜਾਂ 280 ਦਿਨ) ਪੂਰਾ ਹੋਣ ਤੋਂ ਪਹਿਲਾਂ ਹੀ ਜਨਮ ਹੋ ਜਾਣਾ ਇੱਕ ਆਮ ਵਰਤਾਰਾ ਬਣ ਗਿਆ ਹੈ।
2) ਜਨਮ ਪ੍ਰਕਿਰਿਆ ਦੌਰਾਨ ਪੈਣ ਵਾਲੇ ਨੁਕਸ: ਬੱਚੇ ਜਨਮ ਤੋਂ ਫੌਰੀ ਬਾਅਦ ਖੁੱਲ ਕੇ ਰੋਂਦੇ ਹਨ। ਬੱਚੇ ਦੀ ਸ਼ਾਹ ਲੈਣ ਦੀ ਕ੍ਰਿਆ ਜਨਮ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਣੀ ਚਾਹੀਦੀ ਹੈ। ਬੱਚੇ ਦਾ ਜਨਮ ਦੇ ਤੁਰੰਤ ਬਾਅਦ ਰੋਣਾ ਉਸਦੀ ਸਾਹ ਕ੍ਰਿਆ ਸ਼ੁਰੂ ਹੋਣ ਦਾ ਹੀ ਸੰਕੇਤ ਹੁੰਦਾ ਹੈ। ਇਸ ਲਈ ਬੱਚੇ ਦੇ ਜਨਮ ਸਮੇਂ ਮਾਹਿਰ ਡਾਕਟਰਾਂ ਅਤੇ ਇਲਾਜ ਦੀ ਲੋੜ ਹੁੰਦੀ ਹੈ। ਜੇਕਰ ਸਾਹ ਕ੍ਰਿਆ ਤੁਰੰਤ ਸ਼ੁਰੂ ਨਾ ਹੋਵੇ ਤਾਂ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਵਿਚ ਵਿਘਨ ਪੈਂਦਾ ਹੈ ਅਤੇ ਸਾਹ ਸ਼ੁਰੂ ਹੋਣ ਵਿਚ ਜਿੰਨੀ ਦੇਰ ਹੋਵੇਗੀ ਦਿਮਾਗ ਲਈ ਉਨੀ ਹੀ ਘਾਤਕ ਹੋਵੇਗੀ। ਇਸ ਲਈ ਬੱਚੇ ਦੇ ਜਨਮ ਸਮੇਂ ਜੇਕਰ ਡਾਕਟਰੀਹ ਸਹੂਲਤਾਂ ਉਪਲੱਬਧ ਨਾ ਹੋਣ ਤਾਂ ਬੱਚੇ ਦੇ ਦਿਮਾਗ ਅਤੇ ਨਾੜੀ ਤੰਤਰ ਉਪਰ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਬੱਚਾ ਮੰਦਬੁੱਧੀ ਹੋ ਜਾਂਦਾ ਹੈ। ਅਸੀ ਸਭ ਭਲੀ-ਭਾਂਤ ਜਾਣਦੇ ਹਾਂ ਕਿ ਸਾਡੇ 70 ਫ਼ੀਸਦੀ ਬੱਚਿਆਂ ਨੂੰ ਅੱਜ ਵੀ ਸੁਰੱਖਿਅਤ ਜਨਮ ਦੀ ਸਹੂਲਤ ਉਪਲੱਬਧ ਨਹੀਂ ਹੈ।
3) ਜਨਮ ਉਪਰੰਤ ਪੈਣ ਵਾਲੇ ਨੁਕਸ: ਜਨਮ ਉਪਰੰਤ ਬੱਚੇ ਦਾ ਦਿਮਾਗ ਪਹਿਲੇ ਦੋ ਸਾਲ ਬਹੁਤ ਤੇਜੀ ਨਾਲ ਵਧਦਾ ਅਤੇ ਵਿਕਾਸ ਕਰਦਾ ਹੈ। ਇਸ ਸਮੇਂ ਦੌਰਾਨ ਵੀ ਇਹ ਵਾਤਾਵਰਣਕ ਜ਼ਹਿਰਾਂ ਜਾਂ ਬਿਮਾਰੀਆਂ ਦੀ ਮਾਰ ਵਿੱਚ ਸਹਿਜੇ ਹੀ ਆ ਜਾਂਦਾ ਹੈ। ਵਧ-ਫੁੱਲ ਰਹੇ ਬੱਚੇ ਨੂੰ ਖੁਰਾਕੀ ਤੱਤਾਂ ਦੀ ਘਾਟ ਹੋਣ ਦੀ ਸੰਭਾਲਣਨਾ ਵੀ ਵਧ ਹੁੰਦੀ ਹੈ। ਖੁਰਾਕੀ ਤੱਤਾਂ ਦੀ ਘਾਟ ਕਾਰਨ ਵੀ ਬੱਚੇ ਦਾ ਦਿਮਾਗ ਅਤੇ ਨਾੜੀ-ਤੰਤਰ ਨੂੰ ਨੁਕਸਾਨ ਪਹੁੰਚਦਾ ਹੈ।
ਪਰ ਇਲਾਜ ਹੈ।
ਬੇਸ਼ਕ ਐਲੋਪੈਥੀ ਇਲਾਜ ਪ੍ਰਣਾਲੀ ਇਸ ਨੁਕਸ ਨੂੰ ਠੀਕ ਕਰਨ ਲਈ ਕੋਈ ਖਾਸ ਦਵਾਈਆਂ ਦੀ ਖੋਜ ਨਹੀਂ ਕਰ ਸਕੀ ਹੈ ਪਰ ਕੁਦਰਤੀ ਇਲਾਜ ਪ੍ਰਣਾਲੀ ਅਤੇ ਇਸ ਨਾਲ ਜੁੜੀਆਂ ਅਨੇਕਾਂ ਤਕਨੀਕਾਂ ਨਾਲ ਇਹਨਾਂ ਬੱਚਿਆਂ ਦੀ ਕਾਫ਼ੀ ਮੱਦਦ ਹੋ ਸਕਦੀ ਹੈ। ਮੈਂ ਨਿੱਜੀ ਤੌਰ ’ਤੇ ਭਾਵੇਂ ਐਲੋਪੈਥੀ ਦਾ ਡਾਕਟਰ ਹਾਂ ਪਰ ਮੈਨੂੰ ਬਦਲਵੀਆਂ ਇਲਾਜ ਪ੍ਰਣਾਲੀਆਂ ਵਿੱਚ ਸ਼ੁਰੂ ਤੋਂ ਹੀ ਡੂੰਘੀ ਦਿਲਚਸਪੀ ਰਹੀ ਹੈ। ਇਸੇ ਦਿਲਚਸਪੀ ਕਾਰਨ ਹੀ ਮੈਂ ਪਿਛਲੇ ਚਾਲੀ ਸਾਲਾਂ ਦੌਰਾਨ ਹਜ਼ਾਰਾਂ ਉਹਨਾਂ ਮਰੀਜਾਂ ਦੀ ਮੱਦਦ ਕਰ ਸਕਿਆ ਜੋ ਐਲੋਪੈਥੀ ਪ੍ਰਣਾਲੀ ਵਿੱਚ ਲਾ-ਇਲਾਜ ਸਨ। ਜਦੋਂ ਮੈਂ ਫਰੀਦਕੋਟ ਮੈਡੀਕਲ ਕਾਲਜ ਵਿੱਚ ਨੌਕਰੀ ਕਰਦਾ ਸੀ ਤਾਂ ਮੈਨੂੰ ਬਾਬਾ ਫ਼ਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਦੀ ਟੀਮ ਨੂੰ ਇਹਨਾਂ ਬੱਚਿਆਂ ਦਾ ਇਲਾਜ ਕਰਦੇ ਹੋਏ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਬੱਚਿਆਂ ਦਾ ਮਾਹਿਰ ਹੋਣ ਦੇ ਨਾਤੇ ਮੈਂ ਇਹਨਾਂ ਬੱਚਿਆਂ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂ ਸੀ। ਮੈਨੂੰ ਖੁਸ਼ੀ ਵੀ ਅਤੇ ਹੈਰਾਨੀ ਵੀ ਹੋਈ ਕਿ ਇਸ ਸੈਂਟਰ ਦੇ ਇਲਾਜ ਨਾਲ ਇਹਨਾਂ ਬੱਚਿਆਂ ਨੂੰ 25 ਤੋਂ 100 ਫ਼ੀਸਦੀ ਤੱਕ ਲਾਭ ਹੋ ਰਿਹਾ ਹੈ। ਇਹ ਦੇਖਣ ਉਪਰੰਤ ਮੈਂ ਇਸ ਲਾਭ ਦੇ ਕਾਰਨ ਲੱਭਣ ਲੀ ਕਾਫ਼ੀ ਮੈਡੀਕਲ ਸਾਹਿਤ ਪੜਿਆ ਜੋ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।
ਮੈਡੀਕਲ ਕਾਲਜਾਂ ਵਿੱਚ ਪੜਾਈ ਜਾ ਰਹੀ ਐਲੋਪੈਥਕ ਇਲਾਜ ਪ੍ਰਣਾਲੀ ਅਨੁਸਾਰ ਇਹਨਾਂ ਬੱਚਿਆਂ ਦੇ ਦਿਮਾਗ ਅਤੇ ਨਾੜੀ-ਤੰਤਰ ਨੂੰ ਹੋ ਚੁੱਕ ਨੁਕਸਾਨ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਪਰ ਹੁਣ ਹੋ ਰਹੀਆਂ ਵਿਗਿਆਨਕ ਖੋਜ਼ਾਂ ਵਿੱਚ ਕੁਝ ਵੱਖਰੇ ਤੱਤ ਸਾਹਮਣੇ ਆਏ ਹਨ।
1) ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਦਿਮਾਗ ਦੇ ਜੋ ਕੋਸ਼ਿਕਾਵਾਂ ਸੈਲ ਇੱਕ ਵਾਰ ਕੰਡਮ ਹੋ ਜਾਣ ਉਹਨਾਂ ਨੂੰ ਨਾ ਤਾਂ ਠੀਕ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਹਨਾਂ ਦੀ ਥਾਂ ’ਤੇ ਨਵੇਂ ਕੋਸਿਕਾਵਾਂ ਬਣ ਸਕਦੀਆਂ ਹਨ। ਪਰ ਹੁਣ ਹੋਈਆਂ ਤਾਜਾ ਖੋਜਾਂ ਨਾਲ ਸਿੱਧ ਹੋਇਆ ਹੈ ਕਿ ਕੰਡਮ ਸੈੱਲਾਂ ਦੀ ਥਾਂ ’ਤੇ ਉਹਨਾਂ ਸੈਲਾਂ ਨੂੰ ਵੀ ਕੰਮ ਕਰਨ ਲਾਇਆ ਜਾ ਸਕਦਾ ਹੈ ਜੋ ਪਹਿਲਾਂ ਕਿਰਿਆਸ਼ੀਲ ਨਹੀਂ ਸਨ ਜਾਂ ਪੂਰੇ ਵਿਕਸਿਤ ਨਹੀਂ ਸਨ। ਇੱਥੋਂ ਤੱਕ ਕਿ ਨਵੇਂ ਸੈੱਲ ਵੀ ਬਣ ਸਕਦੇ ਹਨ। ਕੁਦਰਤੀ ਇਲਾਜ ਪ੍ਰਣਾਲੀ ਯੋਗਾ, ਆਯੁਰਵੈਦ , ਨਿਊਰੋਥੈਰੇਪੀ, ਬਾਇਡਾਇਨਾਮਿਕ ਕਰੈਨੀਓਸੈਕਰਲ ਥੈਰੇਪੀ ਆਡੀਟਰੀਇੰਟੀਗਰੇਸ਼ਨ ਥੈਰੇਪੀ ਅਤੇ ਹੋਰ ਅਨੇਕਾਂ ਨੁਕਸਾਨ-ਰਹਿਤ ਤਕਨੀਕਾਂ ਨਾਲ ਇਹ ਕੰਮ ਕੀਤਾ ਜਾ ਸਕਦਾ ਹੈ। ਇਸ ਨਾਲ ਬੱਚੇ ਦੇ ਦਿਮਾਗ ਅਤੇ ਨਾੜੀ-ਤੰਤਰ ਦੀ ਕਮਜ਼ੋਰੀ ਦੀਆਂ ਅਲਾਮਤਾਂ ਹੌਲੀ-ਹੌਲੀ ਠੀਕ ਹੋਣ ਲੱਗਦੀਆਂ ਹਨ। ਇਹ ਪ੍ਰਣਾਲੀਆਂ ਨਵੀਆਂ ਕੋਸਿਕਾਵਾਂ ਬਣਾਉਣ ਲਈ ਵੀ ਮੱਦਦ ਕਰਦੀਆਂ ਹਨ।
2) ਵਾਤਾਵਰਣਕ ਜ਼ਹਿਰਾਂ ਕਾਰਨ ਸਾਡੇ ਜੀਨਾਂ (ਜੋ ਕਿ ਸਾਡੇ ਜੀਵਨ ਦਾ ਅਧਾਰ ਹਨ) ਵਿੱਚ ਵੀ ਨੁਕਸ ਪੈ ਜਾਂਦੇ ਹਨ ਜੋ ਅਗਲੀ ਪੀੜ•ੀ ਵਿੱਚ ਵੀ ਪਹੁੰਚ ਜਾਂਦੇ ਹਨ। ਪਹਿਲਾਂ ਇਹਨਾਂ ਨੁਕਸਾਂ ਨੂੰ ਪੱਕੇ ਅਤੇ ਲਾਇਲਾਜ ਸਮਝਿਆ ਜਾਂਦਾ ਸੀ। ਇਸ ਬਾਰੇ ਵੀ ਹੁਣ ਨਵੀਆਂ ਖੋਜਾਂ ਹੋਈਆਂ ਹਨ। ਜੈਨੇਟਿਕਸ ਦੇ ਨਾਲ ਹੁਣ ਐਪੀ ਜੈਨੇਟਿਕਸ ਦਾ ਵਿਗਿਆਨ ਵੀ ਕਾਫ਼ੀ ਵਿਕਸਿਤ ਹੋ ਗਿਆ ਹੈ। ਐਪੇਜੈਨੇਟਿਕਸ ਦੀਆ ਖੋਜਾਂ ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਜੀਨਾਂ ਦੇ ਆਲੇ-ਦੁਆਲੇ ਦਾ ਵਾਤਾਵਰਣ ਵਧੀਆ ਹੋਵੇ ਤਾਂ ਨੁਕਸਦਾਰ ਜ਼ੀਨ ਵੀ ਵਧੀਆ ਕੰਮ ਕਰਨ ਲੱਗ ਪੈਂਦੇ ਹਨ। ਇਸ ਦੇ ਉਲਟ ਜੇਕਰ ਜ਼ੀਨਾਂ ਦੇ ਆਲੇ-ਦੁਆਲੇ ਵਾਤਾਵਰਣ ਠੀਕ ਨਾਂ ਹੋਵੇ ਤਾਂ ਵਧੀਆ ਜੀਨ ਵੀ ਠੀਕ ਕੰਮ ਨਹੀਂ ਕਰ ਸਕਦੇ। ਇਸ ਤਰ•ਾਂ ਐਪੇਜੈਨੇਟਿਕਸ ਯਾਨੀਕਿ ਜੀਨਾਂ ਦੇ ਆਲੇ-ਦੁਆਲੇ ਦੇ ਰਸਾਇਣ ਜੇਕਰ ਸਿਹਤ ਵਰਧਕ (ਗੁਡ ਕੈਮੀਕਲਜ਼) ਹੋਣ ਤਾਂ ਉਹ ਜੀਨ ਵਧੀਆ ਕੰਮ ਕਰਦੇ ਹਨ। ਇਸ ਦੇ ਉਲਟ ਜੇਕਰ ਜੀਨਾਂ ਦੇ ਆਲੇ-ਦੁਆਲੇ ਨੁਕਸਾਨਦੇਹ ਰਸਾਇਣ (ਬੈਡ ਕੈਮੀਕਲਜ਼) ਹੋਣ ਤਾਂ ਵਧੀਆ ਜ਼ੀਨ ਵੀ ਠੀਕ ਕੰਮ ਨਹੀਂ ਕਰ ਸਕਦੇ।
ਕੁਦਰਤੀ ਇਲਾਜ ਪ੍ਰਣਾਲੀ, ਹੋਰ ਜੁੜਵੀਆਂ ਤਕਨੀਕਾਂ ਅਤੇ ਆਯੁਰਵੈਦ ਨੁਕਸਾਨਦੇਹ ਰਸਾਇਣਾਂ ਨੂੰ ਅਪਨਾਉਣ ਅਤੇ ਸਿਹਤ-ਵਰਧਕ ਰਸਾਇਣਾਂ ਨੂੰ ਵਧਾਉਣ ਲਈ ਬਹੁਤ ਮੱਦਦਗਾਰ ਹੁੰਦੇ ਹਨ। ਇਸ ਤਰਾਂ ਜੈਨੇਟਿਕ ਅਤੇ ਐਪੇਜੈਨੇਕਿਸ ਕਾਰਕਾਂ ਦਾ ਸੰਤੁਲਣ ਠੀਕ ਰੱਖਣ ਲਈ ਕੁਦਰਤੀ ਇਲਾਜ ਪ੍ਰਣਾਲੀ , ਨਿਊਰੋਥੈਰੇਪੀ, ਬਾਇਡਾਇਨਾਮਿਕ ਕਰੈਨੀਓਸੈਕਰਲ ਥੈਰੇਪੀ ਅਤੇ ਹੋਰ ਜੁੜਵੀਆਂ ਤਕਨੀਕਾਂ ਕਾਫ਼ੀ ਮੱਦਦਗਾਰ ਹੁੰਦੀਆਂ ਹਨ।
3) ਅੱਜ ਵਾਤਾਵਰਣਕ ਜ਼ਹਿਰਾਂ ਦਾ ਦੀ ਵਰਤੋਂ ਬਹੁਦ ਵੱਧ ਗਈ ਹੈ। ਇਨਾਂ ਦਾ ਪ੍ਰਕੋਪ ਇੰਨਾਂ ਜਿਆਦਾ ਹੈ ਕਿ ਮਾਂ ਦੇ ਪੇਟ ਵਿੱਚੋਂ ਹੀ ਬੱਚਾ ਇਹਨਾਂ ਜ਼ਹਿਰਾਂ ਦੇ ਦੁਸ਼ਪ੍ਰਭਾਵ ਹੇਠ ਜੰਮਦਾ ਹੈ ਅਤੇ ਫਿਰ ਜਨਮ ਉਪਰੰਤ ਮਾਂ ਦੇ ਦੁੱਧ ਰਾਹੀ ਅਤੇ ਫਿਰ ਖੁਰਾਕ ਰਾਹੀਂ ਬੱਚੇ ਦੇ ਸਰੀਰ ਵਿੱਚ ਇਹ ਜ਼ਹਿਰ ਵਧਦੇ ਰਹਿੰਦੇ ਹਨ। ਇਸ ਨਾਲ ਬੱਚੇ ਦਾ ਦਿਮਾਗ ਅਤੇ ਤੰਤੂ ਪ੍ਰਣਾਲੀ ਨੁਕਸਾਨਦੇਹ ਰਸਾਇਣਾਂ ਦੇ ਪ੍ਰਭਾਵ ਹੇਠ ਜਲਦੀ ਆ ਜਾਂਦੇ ਹਨ। ਬਾਲਗ ਵਿਅਕਤੀ ਦੇ ਮੁਕਾਬਲੇ ਬੱਚੇ ਦਾ ਦਿਮਾਗ ਅਤੇ ਤੰਤੂ ਪ੍ਰਣਾਲੀ ਵਧ ਸੰਵੇਦਨਸ਼ੀਲ ਹੁੰਦੇ ਹਨ। ਇਸ ਕਰਕੇ ਥੋੜੀ ਮਾਤਰਾ ਵਿੱਚ ਵੀ ਜ਼ਹਿਰੀਲੇ ਤੱਤ ਬੱਚੇ ਦੇ ਨਾੜੀ-ਤੰਤਰ ਨੂੰ ਨੁਕਸਾਨ ਕਰ ਦਿੰਦੇ ਹਨ। ਕੁਦਰਤੀ ਇਲਾਜ ਪ੍ਰਣਾਲੀ ਯੋਗਾ, ਅਤੇ ਆਯੁਰਵੈਦ ਇਹਨਾ ਜ਼ਹਿਰਾਂ ਨੂੰ ਸਰੀਰ ਵਿੱਚੋਂ ਕੱਢਣ ਵਿੱਚ ਕਾਫ਼ੀ ਕਾਰਗਾਰ ਹਨ। ਇਹਨਾਂ ਜ਼ਹਿਰਾਂ ਦੀ ਮਾਤਰਾ/ਤੀਬਰਤਾ ਘਟਣ ਨਾਲ ਇਹਨਾਂ ਬੱਚਿਆਂ ਨੂੰ ਕਾਫ਼ੀ ਲਾਭ ਹੋ ਜਾਂਦਾ ਹੈ।
4) ਕੁਦਰਤ ਨੇ ਸਾਡੇ ਸਰੀਰ ਵਿੱਚ ਪਏ ਨੁਕਸਾਂ ਨੂੰ ਠੀਕ ਕਰਨ ਲਈ ਕਾਫੀ ਸ਼ਕਤੀ ਦਿੱਤੀ ਹੋਈ ਹੈ। ਇਸ ਸ਼ਕਤੀ ਨੂੰ ਜਲਣ-ਅਗਣੀ ਜਾਂ ਪ੍ਰਾਣ-ਊਰਜਾ ਦਾ ਨਾਮ ਵੀ ਦਿੱਤਾ ਗਿਆ ਹੈ। ਇਹ ਪ੍ਰਾਣ-ਊਰਜਾ ਜੇਕਰ ਸੁਸਤ/ਕਮਜ਼ੋਰ ਹੋਵੇ ਤਾਂ ਅਸੀਂ ਬਿਮਾਰ ਹੋ ਜਾਂਦੇ ਹਾਂ। ਪਰ ਜੇਕਰ ਇਹ ਅਗਣੀ ਪ੍ਰਚੰਡ ਹੋ ਜਾਵੇ ਤਾਂ ਅਸੀਂ ਸਿਹਤਮੰਦ ਰਹਿੰਦੇ ਹਾਂ ਅਤੇ ਸਾਡੇ ਸਾਰੇ ਸਿਸਟਮ ਠੀਕ ਕੰਮ ਕਰਦੇ ਰਹਿੰਦੇ ਹਨ। ਕੁਦਰਤੀ ਇਲਾਜ ਪ੍ਰਣਾਲੀ ਦੀਆਂ ਤਕਨੀਕਾਂ ਸਾਡੇ ਸਰੀਰ ਵਿਚਲੀ ਪ੍ਰਾਣ-ਊਰਜਾ ਨੂੰ ਪ੍ਰਚੰਡ ਕਰਨ ਵਿੱਚ ਕਾਫ਼ੀ ਕਾਰਗਾਰ ਹਨ। ਇਸ ਲਈ ਇਹਨਾਂ ਤਕਨੀਕਾਂ ਨੂੰ ਅਪਨਾਉਣ ਨਾਲ ਸਰੀਰ ਵਿੱਚ ਪਏ ਪੁਰਾਣੇ ਅਤੇ ਆਮ ਭਾਸ਼ਾ ਵਿੰਚ ਲਾ-ਇਲਾਜ ਕਹੇ ਜਾਣ ਵਾਲੇ ਰੋਗ ਵੀ ਠੀਕ ਹੋ ਜਾਂਦੇ ਹਨ।
ਕੀ ਹਨ ਕੁਦਰਤੀ ਇਲਾਜ ਵਿਧੀਆਂ
ਇਸ ਤਰਾਂ ‘ਬਾਬਾ ਫ਼ਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ’ ਦੀ ਟੀਮ ਜੋ ਤਕਨੀਕਾਂ ਅਪਣਾ ਰਹੀ ਹੈ, ਉਸ ਨਾਲ ਇਹਨਾਂ ਸਪੈਸ਼ਲ ਬੱਚਿਆਂ ਨੂੰ ਜੋ ਲਾਭ ਹੋ ਰਿਹਾ ਹੈ, ਉਸ ਦਾ ਵਿਗਿਆਨਕ ਅਧਾਰ ਮੌਜ਼ੂਦ ਹੈ। ਬਾਬਾ ਫ਼ਰੀਦ ਸੈਂਟਰ ਦੀ ਟੀਮ ਮਿਹਨਤ ਲੱਗਣ ਅਤੇ ਸਿਆਣਪ ਨਾਲ ਇਹਨਾਂ ਸਪੈਸ਼ਲ ਬੱਚਿਆਂ ਦੀ ਜੋ ਮੱਦਦ ਕਰ ਰਹੀ ਹੈ, ਉਸ ਲਈ ਉਹ ਵਧਾਈ ਅਤੇ ਸ਼ਾਬਾਸ਼ ਦੇ ਹੱਕਦਾਰ ਹਨ। ‘ਜ਼ਮੀਂ ਦੇ ਇਹਨਾਂ ਤਾਰਿਆਂ’ ਦੀ ਵਿਗੜੀ ਖੂਬਸੂਰਤੀ ਨੂੰ ਫਿਰ ਤੋਂ ਬਹਾਲ ਕਰਨਾ ਇੱਕ ਵੱਡਾ ਚੈਲੇਂਜ ਹੈ। ਇਸ ਚੈਲੇਂਜ ਨੂੰ ਬਾਬਾ ਫ਼ਰੀਦ ਸੈਂਟਰ ਦੀ ਟੀਮ ਨੇ ਕਬੂਲ ਕੀਤਾ ਹੈ। ਕੁਦਰਤ ਇਹਨਾਂ ਦਾ ਮਨੋਬਲ ਇਸੇ ਤਰਾਂ ਬਣਾਈ ਰੱਖੇ।
ਇਸ ਕੇਂਦਰ ਵਿੱਚ ਬਾਇਡਾਇਨਾਮਿਕ ਕਰੈਨੀਓਸੈਕਰਲ ਥੈਰੇਪੀ ਜੋ ਕੁਦਰਤ ਦੇ ਬਹੁਤ ਹੀ ਨੇੜੇ ਲੱਗਦੀ ਹੈ। ਇਸ ਥੈਰੇਪੀ ਵਿੱਚ, ਥੈਰੇਪਿਸਟ ਨੇ ਆਪਣੇ ਹੱਥਾਂ ਦੀ ਨਰਮ ਛੋਹ ਮਰੀਜ ਦੇ ਸਿਰ ਦੇ ਵੱਖ-ਵੱਖ ਹਿੱਸਿਆਂ ਨੂੰ ਦਿੰਦਾ ਹੈ ਅਤੇ ਪੂਰੇ ਸ਼ਰੀਰ ਵਿੱਚ ਆਪਣੇ ਆਪ ਹੀ ਹਲਚਲ ਹੋਣ ਲੱਗਦੀ ਹੈ। ਸਾਹ ਅਤੇ ਦਿਲ ਦੀ ਗਤੀ ਵਿੱਚ ਵਾਰ-ਵਾਰ ਤਬਦੀਲੀ ਆਉਂਦੀ ਹੈ ਅਤੇ ਮਰੀਜ ਦੇ ਬੜੀ ਜਲਦੀ ਸਕਾਰਆਤਮਕ ਨਤੀਜੇ ਵੀ ਆਉਣ ਲੱਗਦੇ ਹਨ। ਇਸ ਥੈਰੇਪੀ ਦਾ ਪ੍ਰਚੱਲਣ ਯੂਰਪ ਵਿੱਚ ਬਹੁਤ ਜ਼ਿਆਦਾ ਹੈ ਪਰ ਭਾਰਤ ਵਿੱਚ ਪਹਿਲੀ ਵਾਰ ਇਸ ਕੇਂਦਰ ਵਿੱਚ ਦੇਖਣ ਦਾ ਮੌਕਾ ਮਿਲਿਆ ਹੈ। ਇਸੇ ਤਰਾਂ ਫਰਾਂਸ ਦੀ ਤਕਨੀਕ ਆਡੀਟਰੀਇੰਟੀਗਰੇਸ਼ਨ ਥੈਰੇਪੀ ਹੈ ਜੋ ਦਿਮਾਗ ਦੇ ਸੁਣਨ ਤੋਂ ਬਾਅਦ ਸਮਝਣ ਅਤੇ ਸਮਝਣ ਤੋਂ ਬਾਅਦ ਬੋਲਣ ਵਾਲੇ ਹਿੱਸੇ ਨੂੰ ਉਕਸਾਉਂਦੀ ਹੈ। ਕਈ ਵਾਰ ਬੱਚੇ ਵਿੱਚ ਇਹਨਾਂ ਤਿੰਨਾਂ ਵਿੱਚੋਂ ਇੱਕ ਹਿੱਸੇ ਵਿੱਚ ਖਰਾਬੀ ਆ ਜਾਣ ਕਾਰਨ ਸੁਣਨ, ਸਮਝਣ ਜਾਂ ਬੋਲਣ ਦੀ ਸਮੱਸਿਆ ਆ ਜਾਂਦੀ ਹੈ। ਕਈ ਵਾਰ ਬੱਚੇ ਨੂੰ ਸੁਣਦਾ ਤਾਂ ਸਹੀ ਪਰ ਸਮਝ ਨਹੀਂ ਸਕਦਾ ਕਿ ਕੀ ਸੁਣਿਆ ਹੈ। ਮਤਲਬ ਅਨੁਵਾਦ ਕਰਨ ਵਾਲਾ ਹਿੱਸਾ ਖਰਾਬ ਹੋਣ ਕਾਰਨ ਬੱਚਾ ਕਨਫਿਊਜ਼ ਹੋ ਜਾਂਦਾ ਹੈ ਅਤੇ ਬੜਾ ਗੁੱਸੇ ਅਤੇ ਚਿੜਚੜੇਪਣ ਦਾ ਵੀ ਸ਼ਿਕਾਰ ਹੋ ਜਾਂਦਾ ਹੈ ਜਾਂ ਉਹ ਆਮ ਤੌਰ ’ਤੇ ਅਣਸੁਣਿਆ ਕਰਨ ਲੱਗਦੇ ਹਨ। ਔਟਿਜ਼ਮ ਹਾਈਪ੍ਰੈਕਟਿਵ ਬੱਚਿਆਂ ਵਿੱਚ ਇਹ ਨੁਕਸ ਆਮ ਹੁੰਦਾ ਹੈ। ਆਡੀਟਰੀ ਇੰਟੀਗਰੇਸ਼ਨ ਥੈਰੇਪੀ ਜੋ ਸੰਗੀਤ ਦੀਆਂ ਵੱਖ-ਵੱਖ ਤਰੰਗਾਂ ਰਾਹੀਂ ਦਿਮਾਗ ਦੇ ਆਡੀਟਰੀ ਕਿਰਿਆ ਨੂੰ ਕਿਰਿਆਸ਼ੀਲ ਕਰਦੀ ਹੈ ਅਤੇ ਹੌਲੀ-ਹੌਲੀ ਬੱਚਾ ਨਾਰਮਲ ਹਾਲਤ ਵਿੱਚ ਆਉਣ ਲੱਗਦਾ ਹੈ।
ਇਸ ਲਈ ਸਾਡੇ ਸਮਾਜ ਵਿਚੋਂ ਮੰਦਬੁੱਧੀ ਬੱਚਿਆਂ ਦੀ ਗਿਣਤੀ ਵਿਚ ਗਿਰਾਵਟ ਲਿਆਉਣ ਲਈ ਜਿਥੇ ਸਾਨੂੰ ਆਪਣਾ ਆਲਾ ਦੁਆਲਾ ਸੁਧਾਰਨ ਦੀ ਲੋੜ ਹੈ, ਉਥੇ ਇਨਾਂ ਮੰਦਬੁੱਧੀ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਨਾਂ ਨੂੰ ਬੱਚਿਆਂ ਨੂੰ ਕੁਦਰਤ ਦੀ ਕਰੋਪੀ ਸਮਝਣ ਦੀ ਥਾਂ ਕੁਦਰਤੀ ਇਲਾਜ ਪ੍ਰਣਾਲੀਆਂ ਦਾ ਸਹਾਰਾ ਲੈ ਕੇ ਇਨਾਂ ਦੀ ਜਿੰਦਗੀ ਸੁਧਾਰਨ ਦੀ ਕੋਸ਼ਿਸ਼ ਕਰਨ।