Monday, February 25, 2013

ਮੁੱਖ ਮੰਤਰੀ ਵੱਲੋਂ ਅਤਿ ਆਧੁਨਿਕ ਆਡੀਟੋਰੀਅਮ ਦਾ ਨੀਂਹ ਪੱਥਰ

ਚੰਡੀਗੜ੍ਹ, 24 ਫਰਵਰੀ  - ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਸੈਕਟਰ-27 ਸਥਿਤ ਅਮਰ ਜੈਨ ਹੋਸਟਲ ਵਿਖੇ ਅਤਿ ਆਧੁਨਿਕ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ | ਸਮਾਗਮ ਦੌਰਾਨ ਸ੍ਰੀ ਸੁਮਨ ਮੁਨੀ ਮਹਾਰਾਜ, ਸ੍ਰੀ ਵਿਸ਼ਾਲ ਮੁਨੀ ਮਹਾਰਾਜ, ਸ੍ਰੀ ਤਾਰਿਕ ਰਿਸ਼ੀ ਜੀ ਮਹਾਰਾਜ ਤੇ ਸ੍ਰੀ ਸੁਭਾਸ਼ ਮੁਨੀ ਜੀ ਮਹਾਰਾਜ ਸਣੇ ਦੇਸ਼ ਭਰ 'ਚੋਂ ਆਏ ਸੈਂਕੜੇ ਸਾਧੂ-ਸਾਧਵੀਆਂ ਦੀ ਹਾਜ਼ਰੀ 'ਚ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਅਕਸਰ ਜੈਨ ਸਮਾਜ ਦੇ ਸੰਤਾਂ ਮਹਾਂਪੁਰਖਾਂ ਦਾ ਅਸ਼ੀਰਵਾਦ ਲੈਂਦੇ ਹਨ | ਉਨ੍ਹਾਂ ਅਮਰ ਜੈਨ ਹੋਸਟਲ ਦੀ ਤਿੰਨ ਮੰਜ਼ਿਲਾ ਆਧੁਨਿਕ ਇਮਾਰਤ ਰਿਕਾਰਡ ਸਮੇਂ 'ਚ ਉਸਾਰੇ ਜਾਣ ਲਈ 'ਐਸ. ਐਸ. ਜੈਨ ਮਹਾਂ ਸਭਾ' ਦੀ ਭਰਪੂਰ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਇਸ ਨਾਲ ਦੂਰ-ਦੁਰਾਡੇ ਤੋਂ ਆਉਂਦੇ ਵਿਦਿਆਰਥੀਆਂ ਨੂੰ ਆਪਣੀ ਉੱਚ ਪੱਧਰੀ ਪੜ੍ਹਾਈ, ਖ਼ਾਸ ਕਰ ਕੇ ਧਾਰਮਿਕ ਖੇਤਰ ਦੀ ਪੜ੍ਹਾਈ ਪੂਰੀ ਕਰਨ ਵਿਚ ਮਦਦ ਮਿਲੇਗੀ |
ਨੌਜਵਾਨਾਂ 'ਚ ਭਾਰਤੀਅਤਾ ਤੇ ਦੇਸ਼ ਭਗਤੀ ਦੀ ਭਾਵਨਾ ਪ੍ਰਚੰਡ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਮਨਸ਼ੇ ਦੀ ਪੂਰਤੀ ਲਈ ਸੂਬਾ ਸਰਕਾਰ ਨੇ ਜਲੰਧਰ ਨੇੜੇ ਕਰਤਾਰਪੁਰ ਵਿਖੇ 40 ਏਕੜ ਥਾਂ 'ਤੇ 200 ਕਰੋੜ ਰੁਪਏ ਦੀ ਲਾਗਤ ਵਾਲੀ ਜੰਗ-ਏ-ਆਜ਼ਾਦੀ ਯਾਦਗਾਰ ਸਥਾਪਤ ਕਰਨ ਦਾ ਬੀੜਾ ਚੁੱਕਿਆ ਹੈ, ਜਿਥੇ ਪੰਜਾਬੀਆਂ ਵੱਲੋਂ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਚਿਤਵਿਆ ਜਾਵੇਗਾ | ਇਸ ਤੋਂ ਇਲਾਵਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੰਜਾਬੀ ਸਿਪਾਹੀਆਂ ਨੂੰ ਮਾਣ-ਸਨਮਾਨ ਦੇਣ ਲਈ ਜੰਗੀ ਯਾਦਗਾਰ ਵੀ ਸਥਾਪਤ ਕੀਤੀ ਜਾ ਰਹੀ ਹੈ | ਮੁੱਖ ਮੰਤਰੀ ਨੇ ਅਤਿ ਆਧੁਨਿਕ ਆਡੀਟੋਰੀਅਮ ਦੇ ਨਿਰਮਾਣ ਲਈ 21 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ | ਐਸ.ਐਸ. ਜੈਨ ਮਹਾਂ ਸਭਾ ਦੇ ਪ੍ਰਧਾਨ ਸ੍ਰੀ ਰਾਕੇਸ਼ ਜੈਨ, ਸਾਬਕਾ ਸੰਸਦ ਮੈਂਬਰ ਸ੍ਰੀ ਸਤਪਾਲ ਜੈਨ, ਸ੍ਰੀ ਮਪਿੰਦਰ ਜੈਨ, ਸ੍ਰੀ ਨਰਿੰਦਰ ਜੈਨ ਅਤੇ ਸਭਾ ਦੇ ਹੋਰਨਾਂ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>