ਸਆਦਤ ਹਸਨ ਮੰਟੋ ਦੀ ਜਨਮ ਸ਼ਤਾਬਦੀ ਤੇ ਇੱਕ ਸਜਦਾ |
42 ਵਰ੍ਹਿਆਂ ਦੀ ਉਮਰ ਚ ਮੰਟੋ ਦੀ ਸਾਹਿਤ ਨੂੰ ਅਨੋਖੀ ਦੇਣ |
|
| ਬੀਰ ਦਵਿੰਦਰ ਸਿੰਘ, ਸਾਬਕਾ ਡਿਪਟੀ ਸਪੀਕਰ, ਪੰਜਾਬ, ਸੰਪਰਕ :09814033362 | |
|
ਦੱਖਣੀ ਏਸ਼ੀਆ ਦੇ ਪ੍ਰਸਿੱਧ ਅਫ਼ਸਾਨਾ-ਨਿਗਾਰ ਅਤੇ ਅਤੀ ਸੰਵੇਦਨਸ਼ੀਲ ਲੇਖਕ ਸਾਅਦਤ ਹਸਨ ਮੰਟੋ ਦਾ ਜਨਮ 11 ਮਈ 1912 ਨੂੰ, ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਵਿੱਚ ਪੈਂਦੇ ਪਿੰਡ ਪਪੜੌਦੀ ਵਿਖੇ ਹੋਇਆ।ਸਾਅਦਤ ਹਸਨ ਮੰਟੋ ਦਾ ਪਰਿਵਾਰਿਕ ਪਿਛੋਕੜ ਕਸ਼ਮੀਰੀ ਮੁਸਲਮਾਨਾ ਦੇ ਇੱਕ ਬੈਰਿਸਟਰ ਪ੍ਰੀਵਾਰ ਨਾਲ ਬਾ-ਵਾਸਤਾ ਹੈ।ਇਹ ਦੁੱਖ ਦੀ ਗੱਲ ਹੈ ਕਿ ਇਸ ਅਤਿ ਸੰਵੇਦਨਸ਼ੀਲ ਕਲਮਗੀਰ ਦੇ ਸੀਮਤ ਜੀਵਨ ਕਾਲ ਦੀ ਅਧੂਰੀ ਗਾਥਾ ਦਾ ਅੰਤ 18 ਜਨਵਰੀ 1955 ਨੂੰ ਲਹੌਰ (ਪਾਕਿਸਤਾਨ) ਵਿੱਚ ਹੋ ਗਿਆ ਤੇ ਉਹ 42 ਵਰ੍ਹਿਆਂ ਦੀ ਭਰ ਜਵਾਨੀ ਦੀ ਉਮਰ ਵਿੱਚ ਹੀ ਸਪੁਰਦ-ਏ-ਖ਼ਾਕ ਹੋ ਗਏ।ਆਪਣੇ ਇਸ ਸੀਮਤ ਜੀਵਨ ਕਾਲ ਵਿੱਚ ਮੰਟੋ ਨੇ ਨਾਮਣਾ ਯੋਗ ਪੁਲਾਂਘਾਂ ਪੁੱਟੀਆਂ।ਭਾਵੇਂ ਸਾਅਦਤ ਹਸਨ ਮੰਟੋ ਹੋਰਾਂ ਜ਼ਿਆਦਾਤਰ ਉਰਦੂ ਵਿੱਚ ਹੀ ਲਿਖਿਆ ਪਰ ਉਨ੍ਹਾਂ ਦੁਆਰਾ ਲਿਖੇ ਉਪਨਿਆਸ ਤੇ ਨਾਵਲ ਸਾਹਿਤ ਨੂੰ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦਤ ਕੀਤਾ ਗਿਆ ਹੈ ।ਮੰਟੋ ਦੀਆਂ ਬਹੁ-ਚਰਚਿਤ ਲਿਖਤਾਂ ਵਿੱਚ ਠੰਡਾ-ਗੋਸ਼ਤ, ਟੋਭਾ-ਟੇਕ ਸਿੰਘ, ਬੂ, ਖੋਲ੍ਹ-ਦੋ, ਧੂਆਂ, ਆਤਿਸ਼-ਪਾਰੇ, ਸਿਆਹ-ਹਾਸ਼ੀਏ, ਸੜਕ-ਕੇ-ਕਿਨਾਰੇ, ਸ਼ਿਕਾਰੀ-ਔਰਤੇਂ, ਰੱਤੀ-ਮਾਸ਼ਾ, ਕਾਲੀ-ਸਲਵਾਰ, ਖ਼ਾਲੀ-ਬੋਤਲੇਂ, ਸਰਕੰਦੋਂ-ਕੇ-ਪੀਛੇ, ਮੰਟੋ-ਕੇ ਅਫ਼ਸਾਨੇ ਇਤਿਆਦਿ ਸ਼ਾਮਲ ਹਨ।
ਸਆਦਤ ਹਸਨ ਮੰਟੋ ਦਿੱਲੀ ਵਿੱਚ ਆਲ ਇੰਡੀਆ ਰੇਡਿਓ ਦੀ ਉਰਦੂ ਸੇਵਾ ਲਈ ਵਾਰਤਾ ਅਤੇ ਨਾਟਕ ਲਿਖਣ ਦਾ ਕਾਰਜ ਵੀ ਕਰਦੇ ਰਹੇ, ਉਨ੍ਹਾਂ ਕਈ ਫ਼ਿਲਮਾ ਲਈ ਕਹਾਣੀਆਂ ਵੀ ਲਿਖੀਆਂ। ਮੰਟੋ ਸਾਹਿਬ ਦੀਆਂ ਨਿੱਕੀਆਂ ਕਹਾਣੀਆਂ ਦੇ 22 ਸੰਗ੍ਰਹਿ, ਇੱਕ ਨਾਵਲ, ਰੇਡਿਓ ਨਾਟਕਾਂ ਦੇ ੫ ਸੰਗ੍ਰਹਿ, 3 ਨਿਬੰਧ ਸੰਗ੍ਰਹਿ ਮੌਜੂਦ ਹਨ।ਇਸ ਤੋਂ ਇਲਾਵਾ ਉਨ੍ਹਾਂ ਦੀ ਸਵੈ-ਜੀਵਨੀ ਤੇ ਅਧਾਰਤ ਰੇਖਾ-ਚਿੱਤਰਾਂ ਦੇ ਵੀ 2 ਸੰਗ੍ਰਹਿ ਉਪਲਭਦ ਹਨ।ਉਨ੍ਹਾਂ ਦੀਆਂ ਕਥਾ-ਕਹਾਣੀਆਂ ਦੀ ਪਿੱਠ-ਭੂਮੀ ਤੇ ਵਿਸ਼ਾ-ਵਸਤੂ ਤੇ ਇੱਧਰਲਾ ਤੇ ਉਧੱਰਲਾ ਪੰਜਾਬ ਹੀ ਭਾਰੂ ਰਿਹਾ।ਜਿਸ ਦਰਦ ਨਾਲ ਮੰਟੋ ਨੇ ੧੯੪੭ ਦੇ ਲਹੂ-ਲੁਹਾਣ ਬਟਵਾਰੇ ਦੇ ਸੰਤਾਪ ਅਤੇ ਉਸ ਸਮੇ ਦੇ ਮਨੁੱਖੀ-ਮਨ ਵਿੱਚ ਉਪਜੀ ਦਰਿੰਦਗੀ ਅਤੇ ਪੀੜਾ, ਦੋਵ੍ਹਾਂ ਨੂੰ ਬਿਆਨ ਕੀਤਾ ਹੈ, ਉਸਨੂੰ ਪੜ੍ਹ ਕੇ ਅੱਜ ਵੀ ਮਨ ਕੁਰਲਾ ਉਠੱਦਾ ਹੈ।
ਮੰਟੋ ਦੇ ਮਨੋਵੇਗ ਦਾ ਵਿਸ਼ਲੇਸ਼ਨ ਜੇ ਇਨਸਾਨੀ ਫ਼ਿਤਰਤ ਦੇ ਰਵੱਈਏ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸ਼ਾਇਦ ਹੀ ਵੀਹਵੀਂ ਸਦੀ ਵਿੱਚ ਉਸ ਦੇ ਪਾਏ ਦਾ ਕੋਈ ਹੋਰ ਅਫ਼ਸਾਨਾ ਨਿਗਾਰ ਹੋਵੇ।ਬਾਵਜੂਦ ਇਸ ਪਹਿਲੂ ਦੇ ਕਿ ਉਹ ਇੱਕ ਵਿਵਾਦਪੂਰਣ ਕਿਰਦਾਰ ਸਨ, ਪਰ ਜਦੋਂ ਉਹ ਦੇਸ਼ ਦੇ ਬਟਵਾਰੇ ਸਮੇਂ, ਬਟਵਾਰੇ ਤੋਂ ਪਹਿਲਾਂ ਅਤੇ ਬਟਵਾਰੇ ਤੋਂ ਬਾਦ ਵਿੱਚ ਪਸਰੀ ਸਮੂਹਿਕ-ਦਰਿੰਦਗੀ ਅਤੇ ਪਾਗਲਪਣ ਨੂੰ ਕਲਮਬੱਧ ਕਰਦੇ ਹਨ, ਤਾਂ ਹੋਰ ਕਿਸੇ ਵੀ ਲੇਖਕ ਦੀ ਕਲਮ, ਸਆਦਤ ਹਸਨ ਮੰਟੋ ਦੀ ਕਲਮ ਦੀ ਕਰੁਣਾਮਈ ਦਾਸਤਾਂ ਦੇ ਨੇੜੇ-ਤੇੜੇ ਵੀ ਨਹੀਂ ਢੁੱਕਦੀ।ਉਸਦੀ ਕਬਰ ਤੇ ਉਕੱਰੇ ਇਹ ਸ਼ਬਦ " ਅਫ਼ਸਾਨਾ ਨਿਗਾਰੀ ਕਾ ਹੁਨਰ, ਉਸ ਕੇ ਸਾਥ ਹੀ ਦਫ਼ਨ ਹੋ ਗਯਾ" ਇਸ ਸਚਾਈ ਦੇ ਗਵਾਹੀ ਭਰਦੇ ਹਨ।
ਮੰਟੋ ਨੇ ਆਪਣੇ ਸਾਹਿਤਕ ਸਫ਼ਰ ਦੀ ਪਹਿਲੀ ਪਾਰੀ ਵਿਕਟਰ ਹਿਊਗੋ, ਆਸਕਰ ਵਾਈਲਡ ਜਿਹੇ ਕੱਦਾਵਰ ਸਾਹਿਤ-ਸ਼ਾਸਤਰੀਆਂ ਦੀਆਂ ਉਤਮ ਕ੍ਰਿਤਾਂ ਦੇ ਅਨੁਵਾਦ ਨਾਲ ਸ਼ੁਰੂ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਚੈਖਵ ਅਤੇ ਗੋਰਕੀ ਜਿਹੇ ਮਹਾਨ ਰੂਸੀ ਲੇਖਕਾਂ ਦੀਆਂ ਉਤੱਮ ਲਿਖਤਾਂ ਦੇ ਅਨੁਵਾਦ ਵੀ ਕੀਤੇ। ਇਨ੍ਹਾਂ ਸਾਰਿਆਂ ਦੇ ਸਾਂਝੇ ਪ੍ਰਭਾਵ ਨੇ ਉਸਦੇ ਮਨ ਅੰਦਰ ਆਪਣੇ-ਆਪ ਦੀ ਤਾਲਾਸ਼, ਦੀ ਜਗਿਆਸਾ ਜਗਾ ਦਿੱਤੀ।ਇਸੇ ਤਾਲਾਸ਼ ਵਿੱਚੋਂ ਉਸਦੀ ਪਹਿਲੀ ਕਹਾਣੀ 'ਤਮਾਸ਼ਾ' ਦਾ ਜਨਮ ਹੋਇਆ ਜੋ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ਦੇ, ਖ਼ੂਨੀ ਸਾਕੇ ਤੇ ਅਧਾਰਤ ਸੀ ।ਬਾਅਦ ਵਿੱਚ aਸਦੀਆਂ ਲਿਖਤਾਂ ਦੇ ਨਕਸ਼ਾਂ ਵਿਚ ਵਧੇਰੇ ਕਰਕੇ ਮਨੁੱਖੀ ਮਨੋ-ਬਿਰਤੀ ਦੀ ਹਨੇਰਗਰਦੀ ਅਤੇ ਕਦਰਾਂ-ਕੀਮਤਾਂ ਦੇ ਡਿੱਗਦੇ-ਢਹਿੰਦੇ ਮਿਆਰਾਂ ਦਾ ਚਿਤਰਣ ਨਜ਼ਰੀ ਪੈਂਦਾ ਹੈ। ਉਸਨੇ ਇਨਸਾਨੀ ਫ਼ਿਤਰਤ ਵਿੱਚੋਂ ਲਗਾਤਾਰ ਮਨਫ਼ੀ ਹੋ ਰਹੇ ਇਨਸਾਨੀਅਤ ਦੇ ਅੰਸ਼ ਤੇ ਵੀ ਗਹਿਰੀ ਚੋਟ ਕੀਤੀ ਹੈ। ਮੰਟੋ ਦੇ ਜੀਵਨ ਵਿੱਚ ਆਰਥਿਕ ਮੰਦਹਾਲੀ ਦੀ ਜੱਦੋ-ਜਹਿਦ ਨੇ ਉਸਦੇ ਅੰਤਰੀਵ ਮਨ ਦੀ ਸੂਖ਼ਮਤਾ ਤੇ ਬੁੱਧੀ-ਵਿਵੇਕ ਨੂੰ ਇੱਕ ਲਾਚਾਰ ਅਵਸਥਾ ਵੱਲ ਧਕੇਲ ਦਿੱਤਾ ਜਿਸਨੇ ਉਸਨੂੰ ਸਮਾਜਿਕ ਵਾਤਾਵਰਣ ਵਿੱਚ ਆਏ ਨਿਘਾਰਾਂ ਦੇ ਹਨੇਰਿਆਂ ਦੀ ਚਰਨ-ਸੀਮਾ ਦਾ ਗਹਿਰਾ ਅਹਿਸਾਸ ਕਰਵਾਇਆ, ਇਸ ਅਹਿਸਾਸ ਦੀ ਝਲਕ ਉਸਦੀ ਆਖ਼ਰੀ aੁੱਤਮ ਕਿਰਤ 'ਟੋਭਾ ਟੇਕ ਸਿੰਘ' ਵਿੱਚ ਸਾਫ਼ ਨਜ਼ਰ ਪੈਂਦੀ ਹੈ।
ਸਆਦਤ ਹਸਨ ਮੰਟੋ ਇੱਕ ਖ਼ੁੱਦਾਰ ਤੇ ਸੰਵੇਦਨਸ਼ੀਲ ਕਿਰਦਾਰ ਦੇ ਮਾਲਕ ਸਨ, ਸਵੈਮਾਣ ਦਾ ਅੰਸ਼ ਉਨ੍ਹਾ ਦੀ ਤਬੀਅਤ ਵਿੱਚ ਕੁੱਝ ਵਧੇਰੇ ਹੀ ਭਾਰੂ ਸੀ । ਅਜਿਹੇ ਵਿਅਕਤੀ ਸੁਭਾਅ ਪੱਖੋਂ, ਸੁਭਾਵਿਕ ਹੀ ਸਮਝੌਤਾਵਾਦੀ ਨਹੀਂ ਹੁੰਦੇ, ਉਹ ਆਪਣੇ ਅਨੁਭਵ ਦੀ ਸੋਝੀ ਅਤੇ ਪ੍ਰਤੱਖਤਾ ਤੇ ਹਮੇਸ਼ਾਂ ਹੀ ਅੜੀਅਲ ਰਵੱਈਆ ਅਖ਼ਤਿਆਰ ਕਰਦੇ ਹਨ। ਉੰਝ ਵੀ ਹਰ ਬਾਸ਼ਊਰ ਮਨੁੱਖ ਦਾ, ਇਨਸਾਨੀ ਸਮਾਜ ਵਿੱਚ ਵਾਪਰ ਰਹੀਆਂ ਨਿਤਾ-ਪ੍ਰਤੀ ਦੀਆਂ ਘਟਨਾਵਾਂ ਤੇ ਇੱਕ ਆਪਣਾ ਅੱਡਰਾ ਨਜ਼ਰੀਆ ਹੁੰਦਾ ਹੈ, ਉਸਦੀ ਹਰ ਵੇਲੇ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਦੂਸਰਿਆਂ ਨੂੰ ਨਾ ਕੇਵਲ ਆਪਣੇ ਦ੍ਰਿਸ਼ਟੀਕੋਨ ਤੋਂ ਜਾਣੂ ਕਰਵਾਵੇ, ਸਗੋਂ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਵਿੱਚ ਕਈ ਵਾਰੀ ਤਾਂ ਉਹ ਬੇਕਾਰ ਦੁਸ਼ਮਨੀਆਂ ਵੀ ਸਹੇੜ ਬੈਠਦਾ ਹੈ।ਅਜਿਹਾ ਸਆਦਤ ਹਸਨ ਮੰਟੋ ਨਾਲ ਤਾਂ ਅਕਸਰ ਹੀ ਹੁੰਦਾ ਆਇਆ ਹੈ।ਸਾਲ ੧੯੩੪ ਵਿੱਚ ਜਦੋਂ ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਆਪਣੀ ਗਰੈਜੁਏਸ਼ਨ ਦੇ ਸਿਲਸਲੇ ਵਿੱਚ ਗਏ ਤਾਂ ਇਸ ਠਹਿਰ ਸਮੇਂ ਮੰਟੋ ਦੀ ਮੁਲਾਕਾਤ ਅਗਾਂਹਵਧੂ ਲੇਖਕ ਅਲੀ ਸਰਦਾਰ ਜਾਫ਼ਰੀ ਨਾਲ ਹੋਈ, ਜਿਨ੍ਹਾਂ ਦੀ ਸੋਬ੍ਹਤ ਸਦਕਾ ਸਆਦਤ ਹਸਨ ਮੰਟੋ ਦੀ ਕਲਮ ਵਿੱਚ ਇੱਕ ਨਵੀਂ ਜੁੰਬਸ਼ ਤੇ ਉਬਾਲ ਨਮੁਂਦਾਰ ਹੋਇਆ ਤੇ ਮੰਟੋ ਦੀ ਦੂਸਰੀ ਕਹਾਣੀ 'ਇਨਕਲਾਬ ਪਸੰਦ' ੧੯੩੫ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਮੈਗਜ਼ੀਨ ਵਿੱਚ ਛਪੀ।ਬੱਸ ਫਿਰ ਕੀ ਸੀ, ਇਸ ਤੋਂ ਪਿਛੋਂ ਤਾਂ ਸਆਦਤ ਹਸਨ ਮੰਟੋ ਨੇ ਕਦੇ ਪਿੱਛੇ ਪਰਤ ਕੇ ਨਹੀਂ ਵੇਖਿਆ। ਉਨ੍ਹਾਂ ਦਾ ਪਹਿਲਾ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਆਤਿਸ਼-ਪਾਰੇ ਉਰਦੂ ਵਿੱਚ ਸਾਲ 1936 ਵਿੱਚ ਛਪਿਆ।ਅਲੀਗੜ੍ਹ ਤੋਂ ਮੰਟੋ ਮੁੱਢਲੇ ਤੌਰ ਤੇ ਪਹਿਲਾਂ ਲਾਹੌਰ ਲਈ ਰਵਾਨਾ ਹੋਏ ਜਿੱਥੋਂ ਬਾਅਦ ਵਿੱਚ ਉਹ ਬੰਬਈ ਪਹੁੰਚ ਗਏ, ਜਿੱਥੇ ਕੁੱਝ ਸਾਲ 'ਮੁਸੱਵਰ' ਨਾਮ ਦੇ ਮਾਹਵਾਰੀ ਫ਼ਿਲਮੀ ਮੈਗਜ਼ੀਨ ਦੀ ਸੰਪਾਦਨਾ ਕਰਦੇ ਰਹੇ ਤੇ ਨਾਲ-ਨਾਲ ਕੁੱਝ ਹਿੰਦੀ ਫ਼ਿਲਮਾ ਦੀਆਂ ਫ਼ਿਲਮੀ ਕਹਾਣੀਆਂ (Scripts) ਅਤੇ ਵਾਰਤਾਲਾਪ (Dialogues) ਲਿਖਣ ਵਿੱਚ ਵੀ ਮਸ਼ਰੂਫ ਰਹੇ ਤੇ ਚੰਗਾ ਪੈਸਾ ਵੀ ਕਮਾਇਆ, ਇਥੇ ਹੀ ਉਨ੍ਹਾਂ ਦੀ ਸ਼ਾਦੀ 26 ਅਪ੍ਰੈਲ 1939 ਵਿੱਚ ਸਾਫ਼ੀਆ ਨਾਲ ਹੋਈ। ਸ਼ਾਦੀ ਤੋਂ ਬਾਦ ਉਨ੍ਹਾਂ ਨੂੰ ਭਾਰੀ ਮਾਲੀ ਸੰਕਟ ਵਿੱਚੋਂ ਗੁਜ਼ਰਨਾ ਪਿਆ।
ਸਾਲ 1941 ਵਿੱਚ ਉਨ੍ਹਾਂ ਦਿੱਲੀ ਵਿੱਚ ਆਲ ਇੰਡੀਆ ਰੇਡਿਓ ਵਿੱਚ ਨੌਕਰੀ ਕਰ ਲਈ ਅਤੇ ਰੇਡਿਓ ਦੀ ਉਰਦੂ ਸੇਵਾ ਲਈ ਲਿਖਣਾ ਸ਼ੁਰੂ ਕਰ ਦਿੱਤਾ। ਇਹ ਸਮਾ ਮੰਟੋ ਦੇ ਜੀਵਨ ਕਾਲ ਦਾ ਵਿਸ਼ੇਸ਼ ਕਰਕੇ ਰਚਨਾਤਮਕ-ਸਿਖਰ ਦਾ ਸਮਾਂ ਸੀ, ਇੱਥੇ ਹੀ ਉਨ੍ਹਾਂ ਨੇ ਆਪਣੇ ਚਾਰ ਰੇਡਿਓ ਨਾਟਕ ਸੰਗ੍ਰਹਿ ਛਪਵਾਏ ਜਿਨ੍ਹਾਂ ਵਿੱਚ, ਆਓ, ਮੰਟੋ ਕੇ ਡਰਾਮੇ, ਜਨਾਜ਼ੇ ਅਤੇ ਤੀਨ ਔਰਤੇਂ ਸ਼ਾਮਲ ਹਨ।ਉਨ੍ਹਾਂ ਦੇ ਅਗਲੇ ਕਹਾਣੀ ਸੰਗ੍ਰਹਿ ਧੂਏਂ, ਮੰਟੋ ਕੇ ਅਫ਼ਸਾਨੇਂ ਅਤੇ ਪਹਿਲਾ ਵਿਸ਼ਾਮਈ ਨਿਬੰਧ ਸੰਗ੍ਰਹਿ ' ਮੰਟੋ ਕੇ ਮਜ਼ਾਮੀਨ' ਅਤੇ ਇੱਕ ਰਲਿਆ-ਮਿਲਆਿ ਸੰਗ੍ਰਹਿ 'ਅਫ਼ਸਾਨੇ ਔਰ ਡਰਾਮੇ' ਵੀ ਇਸ ਸਮੇਂ ਵਿੱਚ ਹੀ ਛਪਿਆ।ਇਸ ਦੌਰਾਨ ਮੰਟੋ ਦਾ, ਉਸਦੇ ਸੁਭਾਅ ਅਨੁਸਾਰ, ਰੇਡਿਓ ਸਟੇਸ਼ਨ ਦੇ ਉਸ ਸਮੇਂ ਦੇ ਨਿਰਦੇਸ਼ਕ ਅਤੇ ਸ਼ਾਇਰ ਐਨ. ਐਮ. ਰਸ਼ੀਦ ਨਾਲ ਕਿਸੇ ਗੱਲੋਂ ਤਕਰਾਰ ਹੋ ਗਿਆ ਤੇ ਉਹ ਰੇਡਿਓ ਸਟੇਸ਼ਨ ਦੀ ਨੌਕਰੀ ਛੱਡ ਕੇ, ਇੱਕ ਵਾਰ ਫੇਰ ਬੰਬਈ ਪਰਤ ਗਏ ਤੇ ਦੁਬਾਰਾ ਫ਼ਿਲਮਾ ਲਈ ਕੰਮ ਕਰਨਾ ਸੁਰੂ ਕਰ ਦਿੱਤਾ।
ਮੰਟੋ ਦੇ ਜੀਵਨ ਦੇ ਅਨੇਕਾਂ ਹੀ ਦਿਲਚਸਪ ਮਰਹਲੇ ਹਨ, ਮੰਟੋ ਨੇ ਕਦੇ ਵੀ ਕਿਸੇ ਅਫ਼ਸਾਨੇ, ਕਹਾਣੀ ਜਾ ਮਜ਼ਮੂਨ ਨੂੰ ਕਿਸੇ ਦੀ ਖ਼ੁਸ਼ਨੂਦੀ ਹਾਸਲ ਕਰਨ ਲਈ ਨਾ ਤਾਂ ਲਿਖਿਆ ਹੈ ਤੇ ਨਾ ਹੀ, ਜੋ ਉਸ ਨੇ ਆਪਣੀ ਸਮਝ ਅਨੁਸਾਰ ਲਿਖ ਦਿੱਤਾ, ਉਸ ਵਿੱਚ ਕਦੇ ਕੋਈ ਤਰਮੀਮ ਜਾਂ ਬਾਅਦ ਵਿੱਚ ਤਰਦੀਦ ਕੀਤੀ ਹੈ।ਇੱਕ ਵਾਰੀ ਦਾ ਜ਼ਿਕਰ ਹੈ ਕਿ ਲਾਹੌਰ ਦੀ ਇੱਕ ਅਦਬੀ ਮਹਿਫ਼ਲ ਵਿੱਚ ਮੰਟੋ ਸਾਹਿਬ ਮੌਲਾਨਾ ਚਿਰਾਗ ਹਸਨ ਹਸਰਤ ਸਾਹਿਬ ਦੇ ਸਿਹਤ-ਯਾਬ ਹੋਣ ਦੀ ਖ਼ੁਸ਼ੀ ਦੇ ਸਬੰਧ ਵਿੱਚ ਕਰਵਾਏ ਗਏ ਸਮਾਰੋਹ ਵਿੱਚ, ਇੱਕ ਰੇਖਾ-ਚਿੱਤ੍ਰ ਪੜ੍ਹ ਰਹੇ ਸਨ, ਜਿਸਦਾ ਸਿਰਲੇਖ ਸੀ 'ਬੈਲ ਔਰ ਕੁੱਤਾ'। ਇਹ ਰੇਖਾ-ਚਿਤ੍ਰ ਉਨ੍ਹਾਂ ਆਪਣੇ ਹੀ ਵਿਸ਼ੇਸ਼ ਅੰਦਾਜ਼ ਵਿੱਚ ਪੇਸ਼ ਕਰਨਾ ਸ਼ੁਰੂ ਕੀਤਾ, ਜੋ ਮੌਲਾਨਾ ਚਿਰਾਗ ਹਸਨ ਹਸਰਤ ਸਾਹਿਬ ਦੇ ਜੀਵਨ ਦੇ ਕੁੱਝ ਛੁਪੇ ਹੋਏ ਪਹਿਲੂਆਂ ਦਾ ਪਰਤ-ਦਰ-ਪਰਤ ਪਰਦਾਫ਼ਾਸ਼ ਕਰ ਰਿਹਾ ਸੀ।ਮਹਿਮਾਨੇ-ਖ਼ਸੂਸੀ ਨੇ ਸਦਰੇ-ਮਹਿਫ਼ਲ ਦੀ ਹੈਸੀਅਤ ਵਿੱਚ, ਮੰਟੋ ਨੂੰ ਆਪਣਾ ਮਜ਼ਮੂਨ ਪੜ੍ਹਨ ਤੋਂ ਰੋਕ ਦਿੱਤਾ ਤੇ ਨਾਲ ਹੀ ਹੁਕਮ ਦਿੱਤਾ ਕਿ ਉਹ ਤੁਰੰਤ ਮੰਚ ਤੋਂ ਉਤਰ ਜਾਂਣ, ਪ੍ਰੰਤੂ ਮੰਟੋ ਤਾਂ ਆਪਣੀ ਗੱਲ ਕਹਿਣ ਲਈ ਏਨੇ ਉਤੇਜਿਤ ਸਨ ਕਿ ਉਨ੍ਹਾਂ ਮੰਚ ਤੇ ਹੀ ਧਰਨਾ ਦੇ ਦਿੱਤਾ। ਬੜੀ ਮੁਸ਼ਕਿਲ ਨਾਲ ਪ੍ਰਬੰਧਕਾਂ ਨੇ ਉਨ੍ਹਾਂ ਦੀ ਬੀਵੀ ਸਾਫ਼ੀਆ ਨੂੰ ਬੁਲਾਇਆ ਜੋ ਸਮਝਾ-ਬੁਝਾ ਕੇ ਮੰਟੋ ਸਾਹਿਬ ਨੂੰ ਮੰਚ ਤੋਂ ਉਠਾ ਕੇ ਲੈ ਗਏ।
ਸਆਦਤ ਹਸਨ ਮੰਟੋ ਨੂੰ ਕਈ ਪ੍ਰਸਿੱਧ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ, ਉਸਦੇ ਵਿਸ਼ੇਸ਼ ਕਾਲਮ ਲਿਖਣ ਲਈ ਸੱਦਾ ਦਿੱਤਾ ਗਿਆ। ਪਰ ਗੱਲ ਉਦੋਂ ਟੁੱਟ ਜਾਂਦੀ, ਜਦੋਂ ਮੰਟੋ ਨੂੰ ਉਨ੍ਹਾਂ ਦੇ ਕਾਲਮ ਵਿੱਚ, ਕਿਸੇ ਸਤਰ ਜਾਂ ਅੱਖਰ ਨੂੰ, ਸੰਪਾਦਕ ਜਾਂ ਅਖ਼ਬਾਰ ਦੇ ਮਾਲਕ ਦੀ ਇੱਛਾ ਅਨੁਸਾਰ ਬਦਲਣ ਜਾਂ ਮਨਫ਼ੀ ਕਰਨ ਲਈ ਕਿਹਾ ਜਾਂਦਾ। ਉਹ ਕਦੇ ਆਪਣੀ ਗੱਲ ਵਿੱਚ, ਆਪਣੇ ਨੁਕਤਾ ਨਜ਼ਰੀਏ 'ਚ' 'ਟੱਸ ਤੋਂ ਮੱਸ' ਨਹੀਂ ਸਨ ਹੁੰਦੇ। ਮੰਟੋ ਨੇ ਘਟਨਾਵਾਂ ਦਾ ਚਿਤਰਣ ਆਪਣੇ ਨਿਵੇਕਲੇ ਅੰਦਾਜ਼ ਵਿੱਚ ਕੀਤਾ ਹੈ, ਉਨ੍ਹਾਂ ਨੇ ਕਦੇ ਵੀ ਨੰਗੀਆਂ ਘਟਨਾਵਾਂ ਦੀ ਤ੍ਰਾਸਦੀ ਨੂੰ ਦਰਸਾਉਂਦੀ ਸ਼ਿੱਦਤ ਨੂੰ, ਲਫ਼ਜ਼ਾਂ ਦੇ ਪਹਿਰਾਵਿਆਂ ਨਾਲ ਢਕਣ ਦੀ ਕੋਸ਼ਿਸ਼ ਨਹੀਂ ਕੀਤੀ, ਭਾਵੇਂ ਹੀ ਉਨ੍ਹਾਂ 'ਤੇ ਅਸ਼ਲੀਲ ਲਿਖ਼ਤਾਂ ਲਿਖ਼ਣ ਦੇ ਇਲਜ਼ਾਮ ਲੱਗੇ ਹੋਣ। ਜਦੋਂ ਵੀ ਮੰਟੋ ਦੀ ਰੂਹ ਨੂੰ ਕਿਸੇ ਘਟਨਾ ਨੇ ਝੰਜੋੜਿਆ ਤਾਂ ਮੰਟੋ ਨੇ ਉਸ ਘਟਨਾ ਦੇ ਉਸ ਪੱਖ ਨੂੰ ਉਜਾਗਰ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਿਸ ਪੱਖ ਨੇ, ਉਸਦੇ ਦਿਲ ਅਤੇ ਰੂਹ ਨੂੰ ਕੰਬਾਇਆ ਹੋਵੇ। ਮੰਟੋ ਚਾਹੁੰਦੇ ਸਨ ਕਿ ਘਟਨਾ ਜਾਂ ਘਟਨਾਵਾਂ ਦੇ ਚਿਤਰਣ ਨਾਲ ਨਿਆਂ ਤਦ ਹੀ ਹੁੰਦਾ ਹੈ, ਜੇ ਪਾਠਕ ਦੀ ਰੂਹ ਵੀ ਉਸੇ ਤਰ੍ਹਾਂ ਕੰਬ ਉੱਠੇ, ਜਿਵੇਂ ਉਸ ਘਟਨਾ ਨੇ, ਲੇਖਕ ਦੇ ਮਨ ਦੀ ਸੰਵੇਦਨਸ਼ੀਲਤਾ ਨੂੰ ਟੁੰਬਿਆ ਹੈ।ਸਆਦਤ ਹਸਨ ਮੰਟੋ ਨੇ ਇਹ ਅਮਲ ਆਪਣੀ ਕਲਮ ਦੇ ਅੰਗ-ਸੰਗ ਰਹਿੰਦਿਆਂ ਆਖ਼ਰੀ ਦਮ ਤੱਕ ਨਿਭਾਇਆ ਹੈ। ਮੰਟੋ ਨੇ ਆਪਣੇ ਖਿਲਾਫ਼ ਚੱਲ ਰਹੇ ਇੱਕ ਮਕੱਦਮੇ ਵਿੱਚ, ਅਦਾਲਤ ਸਾਮ੍ਹਣੇ ਬਿਆਨ ਦਿੰਦੇ ਹੋਏ ਕਿਹਾ ਸੀ , "ਲੇਖਕ ਆਪਣੀ ਕਲਮ ਉਸ ਵੇਲੇ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਸ਼ੀਲਤਾ ਵਲੁੰਦਰੀ ਜਾਂਦੀ ਹੈ"।
ਸਾਅਦਤ ਹਸਨ ਮੰਟੋ ਬਾਰੇ ਇੱਕ ਬੜੀ ਹੀ ਦਿਲਚਸਪ ਕਹਾਣੀ ਪ੍ਰਚੱਲਤ ਹੈ, ਕਹਿੰਦੇ ਹਨ ਕਿ ਮੰਟੋ ਜਦੋਂ ਆਪਣੇ ਘਰੋਂ ਬਾਹਰ ਜਾਂਦੇ ਸਨ ਤਾਂ ਘਰ ਦਾ ਦਰਵਾਜ਼ਾ ਚਪਾਟ ਖੁੱਲ੍ਹਾ ਛੱਡ ਜਾਂਦੇ ਸਨ ਤੇ ਜਦੋਂ ਘਰ ਵਾਪਿਸ ਪਰਤਦੇ ਸਨ ਤਾਂ ਗਵਾਂਢੀ ਨੂੰ ਆਖ਼ਕੇ ਘਰ ਨੂੰ ਬਾਹਰੋਂ ਤਾਲ਼ਾ ਮਰਵਾ ਦਿੰਦੇ ਸਨ। ਇੱਕ ਦਿਨ ਗਵਾਂਢੀ ਨੇ ਮੰਟੋ ਪਾਸੋਂ ਇਸ ਅਜੀਬੋ-ਗ਼ਰੀਬ ਮੰਜ਼ਰ ਦਾ ਸਬੱਬ ਜਾਨਣਾਂ ਚਾਹਿਆ ਤਾਂ ਮੰਟੋ ਸਾਹਿਬ ਨੇ ਬੜੇ ਹੀ ਦਰਦਨਾਕ ਤੇ ਉਦਾਸ ਅੰਦਾਜ਼ ਵਿੱਚ ਕਿਹਾ "ਮੇਰੇ ਭਾਈ, ਇਸ ਮਕਾਨ ਕੇ ਪਾਸ ਕੌਨਸੀ ਐਸੀ ਜਾਇਦਾਦ ਹੈ ਜਿਸ ਕੋ ਕੋਈ ਚੁਰਾਨੇਂ ਆਏਗਾ, ਲੈ ਦੇ ਕੇ ਮੈਂ ਹੀ ਤੋ ਇਸ ਕੀ ਏਕ ਜਾਇਦਾਦ ਹੂੰ, ਜਿਸਕੀ ਮਹਿਫ਼ੂਜ਼ੀਅਤ ਕੇ ਲੀਏ ਯੇ ਬੇਚਾਰਾ ਘਰ ਅਕੇਲੇ ਮੇਂ ਦੁਆਂਏਂ ਮਾਂਗਤਾ ਰਹਿਤਾ ਹੈ"
ਬੀਰ ਦਵਿੰਦਰ ਸਿੰਘ,
ਸਾਬਕਾ ਡਿਪਟੀ ਸਪੀਕਰ, ਪੰਜਾਬ,
ਸੰਪਰਕ :09814033362