Sunday, May 13, 2012

                   ਸੁਧਾਰ ਘਰ
     ਜੇਲ੍ਹਾਂ 'ਚ ਸਰਕਾਰੀ ਨਸ਼ੇ ਦੇ ਭੰਡਾਰ
              
chandigarh: ਕੇਂਦਰੀ ਜੇਲ੍ਹਾਂ ਦੇ ਬੰਦੀ ਜੇਲ੍ਹ ਦੇ ਡਰੋਂ ਗੋਲੀਆਂ ਦੇ ਫੱਕੇ ਮਾਰਨ ਲੱਗੇ ਹਨ। ਜੇਲ੍ਹ ਦਾ ਮਾਹੌਲ ਕੈਦੀਆਂ ਦੀ ਨੀਂਦ ਉਡਾ ਦਿੰਦਾ ਹੈ ਜਿਸ ਕਰਕੇ ਉਹ ਨੀਂਦ ਵਾਲੀਆਂ ਗੋਲੀਆਂ ਲੈ ਕੇ ਸੌਂਦੇ ਹਨ। ਜੇਲ੍ਹ ਵਿਭਾਗ ਵਲੋਂ ਜੇਲ੍ਹਾਂ ਨੂੰ ਹਰ ਵਰ੍ਹੇ ਨੀਂਦ ਵਾਲੀਆਂ ਲੱਖਾਂ ਗੋਲੀਆਂ ਦੀ ਸਪਲਾਈ ਕੀਤੀ ਜਾਂਦੀ ਹੈ। ਜੇਲ੍ਹਾਂ ਵਿੱਚ ਇਨ੍ਹਾਂ ਗੋਲੀਆਂ ਦੀ ਮੰਗ ਵੱਧ ਗਈ ਹੈ। ਨੀਂਦ ਵਾਲੀਆਂ ਗੋਲੀਆਂ ਹੀ ਜੇਲ੍ਹਾਂ ਵਿੱਚ ਬੰਦੀਆਂ ਨੂੰ ਨਸ਼ੇ ਦੀ ਚਾਟ 'ਤੇ ਲਾ ਦਿੰਦੀਆਂ ਹਨ। ਇੱਥੋਂ ਤੱਕ ਕਿ ਜੇਲ੍ਹਾਂ ਵਿੱਚ ਬੰਦ ਔਰਤਾਂ ਵੀ ਨੀਂਦ ਵਾਲੀਆਂ ਗੋਲੀਆਂ ਤੇ ਲੱਗ ਗਈਆਂ ਹਨ। ਇਕੱਲੀ ਬਠਿੰਡਾ ਜੇਲ੍ਹ 'ਚ ਨੀਂਦ ਵਾਲੀਆਂ ਦੋ ਲੱਖ ਗੋਲੀਆਂ ਦੀ ਸਲਾਨਾ ਖਪਤ ਹੈ। ਜੋ ਨੀਂਦ ਵਾਲੇ ਇੰਨਜੈਕਸ਼ਨ ਦੀ ਖਪਤ ਹੈ, ਉਹ ਵੱਖਰੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਜੇਲ੍ਹ ਵਿੱਚ ਇਸ ਵੇਲੇ ਕੁੱਲ 1319 ਬੰਦੀ ਹਨ ਜਿਨ੍ਹਾਂ ਚੋਂ 850 ਦੇ ਕਰੀਬ ਬੰਦੀ ਨੀਂਦ ਵਾਲੀਆਂ ਗੋਲੀਆਂ ਖਾ ਕੇ ਸੌਂਦਾ ਹੈ। ਜੇਲ੍ਹ ਦੇ ਹਸਪਤਾਲ ਵਿੱਚ ਇਨ੍ਹਾਂ ਬੰਦੀਆਂ ਦੀ ਭੀੜ ਲੱਗੀ ਰਹਿੰਦੀ ਹੈ ਜੋ ਕਿ ਦਿਨ ਚੜ੍ਹਦੇ ਹੀ ਗੋਲੀਆਂ ਦੀ ਮੰਗ ਰੱਖ ਦਿੰਦੇ ਹਨ। ਗੋਲੀਆਂ ਖਾਣ ਵਾਲਿਆਂ ਚੋਂ ਤਾਂ 40 ਤੋਂ 50 ਫੀਸਦੀ ਤਾਂ ਨਸ਼ੇੜੀ ਹਨ ਜੋ ਕਿ ਜੇਲ੍ਹ 'ਚ ਆਉਣ ਤੋਂ ਪਹਿਲਾਂ ਨਸ਼ੇ ਦੀ ਚਾਟ 'ਤੇ ਲੱਗੇ ਹੋਏ ਸਨ। ਉਨ੍ਹਾਂ ਨੂੰ ਜੇਲ੍ਹ ਅੰਦਰ ਤੋੜ ਲੱਗ ਜਾਂਦੀ  ਹੈ ਜਿਸ ਕਰਕੇ ਉਹ ਨੀਂਦ ਵਾਲੀਆਂ ਗੋਲੀਆਂ ਨਾਲ ਡੰਗ ਲੰਘਾਉਂਦੇ ਹਨ।
           ਵੇਰਵਿਆਂ ਅਨੁਸਾਰ ਬਠਿੰਡਾ ਜੇਲ੍ਹ ਵਿੱਚ ਨੀਂਦ ਵਾਲੀ ਗੋਲੀ ਟਰੈਮਾਡੋਲ ਅਤੇ ਐਲਪ੍ਰੈਕਸ ਦੀ ਮੰਗ ਬਹੁਤ ਹੈ ਅਤੇ ਖਾਸ ਹਾਲਾਤਾਂ ਵਿੱਚ ਡੈਜੀਪਾਮ ਦਾ ਇੰਨਜੈਕਸ਼ਨ ਵੀ ਦਿੱਤਾ ਜਾਂਦਾ ਹੈ। ਜੋ ਗੋਲੀਆਂ ਦੀ ਮੰਗ ਕਰਦੇ ਹਨ, ਉਨ੍ਹਾਂ ਬੰਦੀਆਂ ਨੂੰ ਪ੍ਰਤੀ ਬੰਦੀ ਇੱਕ ਜਾਂ ਦੋ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਬਠਿੰਡਾ ਜੇਲ੍ਹ ਵਿੱਚ 1.20 ਲੱਖ ਐਲਪ੍ਰੈਕਸ ਗੋਲੀਆਂ ਦੀ ਸਲਾਨਾ ਖਪਤ ਹੈ ਜਦੋਂ ਕਿ ਟਰੈਮਾਡੋਲ ਗੋਲੀ ਦੀ ਖਪਤ ਸਲਾਨਾ ਦੀ 90 ਹਜ਼ਾਰ ਹੈ। ਜੇਲ੍ਹ ਸੂਤਰਾਂ ਨੇ ਦੱਸਿਆ ਕਿ ਜੋ ਨਵੇਂ ਬੰਦੀ ਜੇਲ੍ਹ ਅੰਦਰ ਆਉਂਦੇ ਹਨ, ਉਹ ਤਾਂ ਨੀਂਦ ਲਈ ਜਿਆਦਾ ਗੋਲੀਆਂ ਦੀ ਮੰਗ ਵੀ ਕਰਦੇ ਹਨ। ਬਠਿੰਡਾ ਜੇਲ੍ਹ ਦੇ ਅੰਦਰ ਹੀ ਨਸ਼ਾ ਛੁਡਾਉਣ ਵਾਲੀ ਬੈਰਕ ਵੀ ਹੈ ਅਤੇ ਜੇਲ੍ਹ ਹਸਪਤਾਲ ਵਿੱਚ ਵੀ ਏਦਾ ਦੇ 8-9 ਮਰੀਜ਼ ਦਾਖਲ ਰਹਿੰਦੇ ਹਨ। ਜੋ ਜਿਆਦਾ ਨਸ਼ੇ ਖਾਣ ਵਾਲੇ ਜੇਲ੍ਹ ਅੰਦਰ ਆਉਂਦੇ ਹਨ,ਉਨ੍ਹਾਂ ਨੂੰ ਇਲਾਜ ਲਈ ਜੇਲ੍ਹ ਤੋਂ ਬਾਹਰ ਸਰਕਾਰੀ ਹਪਸਤਾਲ ਵਿੱਚ ਭੇਜ ਦਿੱਤਾ ਜਾਂਦਾ ਹੈ। ਬਠਿੰਡਾ ਜੇਲ੍ਹ ਵਿੱਚ ਜੋ ਔਰਤਾਂ ਦੀ ਬੈਰਕ ਹੈ, ਉਸ ਵਿੱਚ ਇਸ ਵੇਲੇ 90 ਔਰਤ ਬੰਦ ਹਨ। ਜੇਲ੍ਹ ਦੇ ਡਾਕਟਰ ਵਲੋਂ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਔਰਤਾਂ ਦਾ ਮੈਡੀਕਲ ਚੈਕ ਅਪ ਵਿਸ਼ੇਸ਼ ਤੌਰ 'ਤੇ ਕੀਤਾ ਜਾਂਦਾ ਹੈ। ਇਨ੍ਹਾਂ ਔਰਤਾਂ ਚੋਂ 50 ਫੀਸਦੀ ਔਰਤਾਂ ਨੀਂਦ ਵਾਲੀਆਂ ਗੋਲੀਆਂ ਦਾ ਸਹਾਰਾ ਲੈ ਕੇ ਸੌਂਦੀਆਂ ਹਨ। ਜੇਲ੍ਹ ਅੰਦਰ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਵਲੋਂ ਵੀ ਦੌਰਾ ਕੀਤਾ ਜਾਂਦਾ ਹੈ। 
             ਸੂਤਰ ਦੱਸਦੇ ਹਨ ਕਿ ਨੀਂਦ ਵਾਲੀਆਂ ਗੋਲੀਆਂ ਦੀ ਜਿਆਦਾ ਮੰਗ ਬਠਿੰਡਾ, ਬਰਨਾਲਾ, ਸੰਗਰੂਰ, ਫਿਰੋਜਪੁਰ, ਪਟਿਆਲਾ ਅਤੇ ਲੁਧਿਆਣਾ ਦੀਆਂ ਜੇਲ੍ਹਾਂ ਵਿੱਚ ਹੈ। ਦੱਖਣੀ ਪੰਜਾਬ ਵਿੱਚ ਜਿਆਦਾ ਨਸ਼ਿਆਂ ਦਾ ਪ੍ਰਭਾਵ ਹੈ ਜਿਸ ਕਰਕੇ ਜੇਲ੍ਹ ਅੰਦਰ ਵੀ ਨਸ਼ੇੜੀ ਗੋਲੀਆਂ ਦੀ ਮੰਗ ਕਰਦੇ ਹਨ। ਸੂਤਰ ਨੇ ਦੱਸਿਆ ਕਿ ਬਹੁਤੇ ਬੰਦੀਆਂ ਨੂੰ ਜੇਲ੍ਹ ਦਾ ਮਾਹੌਲ ਗੋਲੀਆਂ 'ਤੇ ਲਗਾ ਦਿੰਦਾ ਹੈ ਜਿਸ ਕਰਕੇ ਗੋਲੀਆਂ ਲੈਣੀਆਂ ਉਨ੍ਹਾਂ ਦੀ ਮਜ਼ਬੂਰੀ ਬਣ ਜਾਂਦੀ ਹੈ। ਹਰ ਵਰ੍ਹੇ ਹਰ ਜੇਲ੍ਹ ਦੇ ਹਸਪਤਾਲ ਵਲੋਂ ਇਨ੍ਹਾਂ ਗੋਲੀਆਂ ਦੀ ਮੰਗ ਜੇਲ੍ਹ ਵਿਭਾਗ ਪੰਜਾਬ ਨੂੰ ਭੇਜ ਦਿੱਤੀ ਜਾਂਦੀ ਹੈ। ਜੇਲ੍ਹ ਵਿਭਾਗ ਵਲੋਂ ਇਹ ਮੰਗ ਸਰਕਾਰ ਦੀਆਂ ਮਾਨਤਾ ਪ੍ਰਾਪਤ ਮੈਡੀਸ਼ਨ ਕੰਪਨੀਆਂ ਨੂੰ ਭੇਜ ਦਿੱਤੀ ਜਾਂਦੀ ਹੈ। ਇਨ੍ਹਾਂ ਕੰਪਨੀਆਂ ਵਲੋਂ ਹਰ ਸਾਲ ਜੇਲ੍ਹਾਂ ਨੂੰ ਸਿੱਧੀ ਸਪਲਾਈ ਭੇਜ ਦਿੱਤੀ ਜਾਂਦੀ ਹੈ। ਹਾਲਾਂਕਿ ਜੇਲ੍ਹਾਂ ਵਿੱਚ ਇਹ ਗੋਲੀਆਂ ਦੇਣ ਵਿੱਚ ਕੋਈ ਕੰਜ਼ੂਸੀ ਨਹੀਂ ਵਰਤੀ ਜਾਂਦੀ ਪ੍ਰੰਤੂ ਬੰਦੀ ਹਮੇਸ਼ਾ ਇਹੋ ਸ਼ਿਕਾਇਤ ਰੱਖਦੇ ਹਨ ਕਿ ਉਨ੍ਹਾਂ ਨੂੰ ਪ੍ਰਤੀ ਇੱਕ ਜਾਂ ਦੋ ਗੋਲੀਆਂ ਹੀ ਮਿਲਦੀਆਂ ਹਨ। ਸਰਕਾਰੀ ਸੂਤਰ ਦੱਸਦੇ ਹਨ ਕਿ ਪਹਿਲਾਂ ਇਨ੍ਹਾਂ ਬੰਦੀਆਂ ਨੂੰ ਹਫਤੇ ਦੀਆਂ ਇਕੱਠੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਸਨ ਪ੍ਰੰਤੂ ਇਹ ਬੰਦੀ ਸਾਰੀਆਂ ਗੋਲੀਆਂ ਇੱਕੋ ਦਿਨ ਵਿੱਚ ਛੱਕ ਜਾਂਦੇ ਸਨ ਅਤੇ ਅਗਲੇ ਦਿਨ ਫਿਰ ਗੋਲੀਆਂ ਦੀ ਮੰਗ ਕਰਦੇ ਸਨ। ਜੇਲ੍ਹ ਵਿਭਾਗ ਵਲੋਂ ਹਰ ਜੇਲ੍ਹ ਦਾ ਸਿਹਤ ਬਜਟ ਰੱਖਿਆ ਜਾਂਦਾ ਹੈ ਅਤੇ ਇਸ ਬਜਟ ਦਾ ਕੁਝ ਹਿੱਸਾ ਇਨ੍ਹਾਂ ਨੀਂਦ ਵਾਲੀਆਂ ਗੋਲੀਆਂ 'ਤੇ ਵੀ ਖਰਚ ਹੋ ਜਾਂਦਾ ਹੈ। ਮੋਟੇ ਅੰਦਾਜੇ ਅਨੁਸਾਰ ਪੰਜਾਬ ਭਰ ਦੀਆਂ ਜੇਲ੍ਹਾਂ ਨੂੰ ਨੀਂਦ ਵਾਲੀਆਂ ਗੋਲੀਆਂ ਦੀ ਸਪਲਾਈ ਕਰੀਬ 15 ਲੱਖ ਗੋਲੀ ਦੀ ਸਲਾਨਾ ਹੋਵੇਗੀ। ਨਿਯਮਾਂ ਅਨੁਸਾਰ ਕਿਸੇ ਵੀ ਕੈਦੀ ਨੂੰ ਇਹ ਗੋਲੀਆਂ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਜੇਲ੍ਹ ਬਾਹਰ ਕੋਈ ਵੀ ਮੈਡੀਕਲ ਸਟੋਰ ਤੋਂ ਕੋਈ ਵੀ ਵਿਅਕਤੀ ਇਹ ਗੋਲੀਆਂ ਨਹੀਂ ਲੈ ਸਕਦਾ ਹੈ। ਡਾਕਟਰ ਦੀ ਸਿਫਾਰਸ਼ 'ਤੇ ਹੀ ਇਹ ਗੋਲੀਆਂ ਦਿੱਤੀਆਂ ਜਾ ਸਕਦੀਆਂ ਹਨ।
                                                   ਗੋਲੀਆਂ ਦੀ ਮੰਗ ਜਿਆਦਾ ਹੈ- ਡਾਕਟਰ   
ਕੇਂਦਰੀ ਜੇਲ੍ਹ ਬਠਿੰਡਾ ਦੇ ਡਾਕਟਰ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਜੇਲ੍ਹ ਤਰਫੋਂ ਹਰ ਸਾਲ ਲੋੜੀਦੀ ਮੈਡੀਸ਼ਨ ਦੀ ਮੰਗ ਜੇਲ੍ਹ ਵਿਭਾਗ ਨੂੰ ਭੇਜੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਸ ਕਿਸਮ ਦੀ ਮੈਡੀਸ਼ਨ ਦੀ ਜਿਆਦਾ ਲੋੜ ਹੁੰਦੀ ਹੈ, ਉਸ ਦੀ ਮੰਗ ਜਿਆਦਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨੀਂਦ ਵਾਲੀਆਂ ਗੋਲੀਆਂ ਦੀ ਖਪਤ 2 ਲੱਖ ਗੋਲੀਆਂ ਤੋਂ ਜਿਆਦਾ ਸਲਾਨਾ ਦੀ ਹੈ। ਉਨ੍ਹਾਂ ਆਖਿਆ ਕਿ ਉਹ ਸਿਰਫ ਉਸ ਮਰੀਜ਼ ਨੂੰ ਹੀ ਇਹ ਗੋਲੀਆਂ ਦਿੰਦੇ ਹਨ, ਜਿਨ੍ਹਾਂ ਦੀ ਸਿਹਤ ਠੀਕ ਰੱਖਣ ਲਈ ਇਹ ਜ਼ਰੂਰੀ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਕਿਸੇ ਵੀ ਬੰਦੀ ਨੂੰ ਇਹ ਗੋਲੀਆਂ ਦੋ ਤੋਂ ਜਿਆਦਾ ਨਹੀਂ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਜਿਆਦਾ ਬੰਦੀਆ ਦੀ ਸ਼ਿਕਾਇਤ ਨੀਂਦ ਨਾ ਆਉਣ ਦੀ ਹੁੰਦੀ ਹੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੋਲੀਆਂ ਦੀ ਮੰਗ ਤਾਂ ਬਹੁਤ ਜਿਆਦਾ ਹੈ ਪ੍ਰੰਤੂ ਉਹ ਲੋੜ ਮੁਤਾਬਿਕ ਹੀ ਮੈਡੀਸ਼ਨ ਦਿੰਦੇ ਹਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>