Tuesday, May 15, 2012

ਸੁਖਬੀਰ ਨੇ ਲਾਈ ਪੰਜਾਬ ਦੇ ਪੁਲਿਸ ਅਫਸਰਾਂ ਦੀ ਕਲਾਸ ਸੁਖਬੀਰ ਵਲੋਂ ਜਿਲ੍ਹਿਆਂ ਚ 5 ਸਾਲ ਤੋਂ ਤੈਨਾਤ ਐਸਐਚਓਜ਼/ਡੀਐਸਪੀਜ਼ ਨੂੰ ਬਦਲਣ ਦੇ ਹੁਕਮ, ਬੁੱਧਵਾਰ ਤੱਕ ਸਾਰੇ ਅਣਅਧਿਕਾਰਤ ਗੰਨਮੈਨਾਂ ਨੂੰ ਵੀ ਵਾਪਸ ਬੁਲਾਉਣ ਦੇ ਆਦੇਸ਼

ਸੁਖਬੀਰ ਬਾਦਲ ਵੱਲੋਂ ਪੁਲਿਸ ਦੇ ਸੁਚਾਰੂ ਕੰਮ-ਕਾਜ ਲਈ ਵਤੀਰੇ ਵਿੱਚ ਤਬਦੀਲੀ ਲਿਆਉਣ ਦੀ ਲੋੜ 'ਤੇ ਜ਼ੋਰ
ਚੰਡੀਗੜ੍ਹ, 14 ਮਈ  : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਨੂੰ ਦੇਸ਼ ਦੀ ਪੇਸ਼ੇਵਾਰਾਨਾ ਤੌਰ 'ਤੇ ਸਭ ਤੋਂ ਸਮਰੱਥ ਫ਼ੋਰਸ ਬਣਾਉਣ ਦੇ ਆਸ਼ੇ ਨਾਲ ਅਗਲੇ ਪੰਜ ਸਾਲ ਲਈ ਰਾਜ ਪੁਲਿਸ ਲਈ ਆਪਣੀਆਂ ਪ੍ਰਾਥਮਿਕਤਾਵਾਂ ਸਪੱਸ਼ਟ ਕਰ ਦਿੱਤੀਆਂ ਹਨ।
ਅੱਜ ਇੱਥੇ ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ਵਿਖੇ ਸਮੂਹ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ, ਰੇਂਜ ਡੀ.ਆਈ.ਜੀਜ਼, ਜ਼ੋਨਲ ਆਈ.ਜੀਜ਼ ਅਤੇ ਪੁਲਿਸ ਕਮਿਸ਼ਨਰਾਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਪਿਛਲੇ ਤਿੰਨ ਸਾਲਾਂ ਦੌਰਾਨ ਪੁਲਿਸ ਕਰਮਚਾਰੀਆਂ ਦੀਆਂ ਸਮੂਹ ਇੱਛਾਵਾਂ ਅਤੇ ਮੰਗਾਂ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮੰਗ ਤੋਂ ਵੀ ਜ਼ਿਆਦਾ ਪ੍ਰਵਾਨ ਕੀਤਾ ਸੀ ਤਾਂ ਜੋ ਫ਼ੋਰਸ ਦੇ ਮਨੋਬਲ ਨੂੰ ਉਚਾ ਕੀਤਾ ਜਾਵੇ ਪਰੰਤੂ ਉਨ੍ਹਾਂ ਨੂੰ ਹਾਲੇ ਤੱਕ ਫ਼ੋਰਸ ਤੋਂ ਇੱਛਤ ਨਤੀਜੇ ਪ੍ਰਾਪਤ ਨਹੀਂ ਹੋਏ ਹਨ। ਥਾਣਾ ਪੱਧਰ 'ਤੇ ਆਮ ਲੋਕਾਂ ਦੀ ਪੁਲਿਸ ਪ੍ਰਤੀ ਧਾਰਨਾ ਨੂੰ ਬਦਲਣ, ਆਮ ਲੋਕਾਂ ਨਾਲ ਸੰਪਰਕ ਨੂੰ ਹੋਰ ਖ਼ੁਸ਼ਗਵਾਰ ਬਣਾਉਣ ਅਤੇ ਅਧਿਕਾਰੀਆਂ-ਕਰਮਚਾਰੀਆਂ ਦੀ ਹੈਂਕੜਬਾਜ਼ੀ ਨੂੰ ਖ਼ਤਮ ਕਰਨ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਆਮ ਲੋਕਾਂ ਦੇ ਮਨਾਂ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਅਪਰਾਧੀ ਤੱਤਾਂ ਦੇ ਮਨਾਂ ਵਿੱਚ ਕਾਨੂੰਨ ਦਾ ਭੈਅ ਪੈਦਾ ਕਰੇ। ਨਿਗਮੀ ਸ਼ਹਿਰਾਂ ਅੰਦਰਾਂ ਅਸਰਦਾਰ ਆਵਾਜਾਈ ਵਿਵਸਥਾ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਨਸ਼ੀਲੇ ਪਦਾਰਥਾਂ ਖ਼ਿਲਾਫ਼ ਜੰਗ ਨੂੰ ਫ਼ੈਸਲਾਕੁੰਨ ਪੱਧਰ ਤੱਕ ਲਿਜਾਣ ਲਈ ਵਚਨਬੱਧ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਨਸ਼ੀਲੇ ਪਦਾਰਥਾਂ ਦੇ ਸ਼ਿਕੰਜੇ ਤੋਂ ਬਚਾਇਆ ਜਾ ਸਕੇ।
ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਚਿਤਾਵਨੀ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਹਰ ਸੀਨੀਅਰ ਪੁਲਿਸ ਕਪਤਾਨ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਮੂਹ ਉਪ ਕਪਤਾਨਾਂ ਅਤੇ ਥਾਣਾ ਮੁਖੀਆਂ ਨੂੰ ਪੂਰਨ ਜ਼ਾਬਤੇ ਵਿੱਚ ਰੱਖਣ। ਉਨ੍ਹਾਂ ਕਿਹਾ ਕਿ ਉਹ ਕਿਸੇ ਪੁਲਿਸ ਕਰਮਚਾਰੀ ਦੀ ਕਿਸੇ ਜਾਇਦਾਦ, ਖ਼ਾਸ ਕਰ ਕੇ ਕਿਸੇ ਪ੍ਰਵਾਸੀ ਭਾਰਤੀ ਦੀ ਜਾਇਦਾਦ 'ਤੇ ਨਾਜਾਇਜ਼ ਕਬਜ਼ੇ ਵਿੱਚ ਭਾਈਵਾਲੀ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਬੇਗੁਨਾਹ ਵਿਰੁੱਧ ਕੋਈ ਝੂਠਾ ਮਾਮਲਾ ਦਰਜ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਨੂੰ ਕਿਹਾ ਗਿਆ ਹੈ ਕਿ ਕਿਸੇ ਜ਼ਿਲ੍ਹੇ ਵਿੱਚ ਪਿਛਲੇ ਪੰਜ ਸਾਲਾਂ ਤੋਂ ਤੈਨਾਤ ਸਾਰੇ ਥਾਣਾ ਮੁਖੀਆਂ ਅਤੇ ਪੁਲਿਸ ਉਪ ਕਪਤਾਨਾਂ ਨੂੰ ਤੁਰੰਤ ਬਦਲ ਦਿੱਤਾ ਜਾਵੇ ਅਤੇ ਕਿਸੇ ਵੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਆਪਣੀ ਬਦਲੀ ਮੌਕੇ ਆਪਣੇ ਚਹੇਤੇ ਥਾਣਾ ਮੁਖੀਆਂ ਅਤੇ ਪੁਲਿਸ ਉਪ ਕਪਤਾਨਾਂ ਨੂੰ ਨਾਲ ਲਿਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਸ. ਬਾਦਲ ਨੇ ਸੁਰੱਖਿਆ ਵਿੰਗ ਵੱਲੋਂ ਪ੍ਰਵਾਨਤ ਗਿਣਤੀ ਤੋਂ ਵੱਧ ਕਿਸੇ ਵਿਅਕਤੀ ਨੂੰ ਅਣਅਧਿਕਾਰਤ ਤੌਰ 'ਤੇ ਅੰਗ-ਰੱਖਿਅਕ ਦੇਣ ਦਾ ਕਰੜਾ ਨੋਟਿਸ ਲੈਂਦਿਆਂ ਕਿਹਾ ਕਿ ਸਾਰੇ ਅਣਅਧਿਕਾਰਤ ਅੰਗ-ਰੱਖਿਅਕ ਤੁਰੰਤ ਆਪਣੀਆਂ ਯੂਨਿਟਾਂ ਵਿੱਚ ਜਾਣ ਅਤੇ ਯੂਨਿਟ ਕਮਾਂਡਰ ਕਲ ਤੱਕ ਇਹ ਤਸਦੀਕ ਕਰਨ ਕਿ ਉਨ੍ਹਾਂ ਕਿਸੇ ਨੂੰ ਕੋਈ ਅੰਗ-ਰੱਖਿਅਕ ਅਣਅਧਿਕਾਰਤ ਤੌਰ 'ਤੇ ਨਹੀਂ ਦਿੱਤਾ। ਖੋਹ ਅਤੇ ਜਨਤਕ ਜਾਇਦਾਦ ਦੀ ਚੋਰੀ ਦੇ ਮਾਮਲਿਆਂ ਦੀ ਗਿਣਤੀ ਵਧਣ 'ਤੇ ਆਪਣੀ ਚਿੰਤਾ ਪ੍ਰਗਟਾਉਂਦਿਆਂ ਸ. ਬਾਦਲ ਨੇ ਕਿਹਾ ਕਿ ਅਜਿਹੇ ਮਾਮਲੇ ਪੁਲਿਸ ਦੀ ਸਾਖ ਨੂੰ ਧੱਕਾ ਲਾਉਂਦੇ ਹਨ ਕਿਉਂਕਿ ਇਹ ਆਮ ਆਦਮੀ ਨਾਲ ਸਿੱਧੇ ਤੌਰ 'ਤੇ ਸਬੰਧਤ ਹਨ। ਉਨ੍ਹਾਂ ਪੁਲਿਸ ਮੁਖੀਆਂ ਨੂੰ ਕਿਹਾ ਕਿ ਉਹ ਟਰਾਂਸਫ਼ਾਰਮਰਾਂ ਦੀ ਚੋਰੀ ਨੂੰ ਰੋਕਣ ਲਈ 108 ਨੰਬਰ ਐਂਬੂਲੈਂਸ ਦੇ ਪੈਟਰਨ 'ਤੇ ਮੋਬਾਈਲ ਵਿੰਗ ਸਥਾਪਤ ਕਰਨ, ਜੋ ਅਜਿਹਾ ਕੋਈ ਮਾਮਲਾ ਸਾਹਮਣੇ ਆਉਣ 'ਤੇ 20 ਮਿੰਟਾਂ ਦੇ ਅੰਦਰ-ਅੰਦਰ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਕਾਰਵਾਈ ਕਰੇਗਾ।
ਸ. ਬਾਦਲ ਨੇ ਏ.ਡੀ.ਜੀ.ਪੀ. (ਟ੍ਰੈਫ਼ਿਕ) ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ, ਨਿਰਧਾਰਤ ਗਤੀ ਤੋਂ ਤੇਜ਼ ਡਰਾਈਵਿੰਗ ਅਤੇ ਗ਼ਲਤ ਪਾਰਕਿੰਗ ਵਿਰੁੱਧ ਇੱਕ ਠੋਸ ਮੁਹਿੰਮ ਸ਼ੁਰੂ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਫ਼ੋਟੋਗ੍ਰਾਫ਼ੀ ਸਬੂਤਾਂ ਨਾਲ ਮੌਕੇ 'ਤੇ ਚਲਾਨ ਦੀ ਵਿਵਸਥਾ ਕਰਦਿਆਂ ਇੱਕ ਹਫ਼ਤੇ ਦੇ ਅੰਦਰ-ਅੰਦਰ ਵਾਹਨ ਮਾਲਕ ਨੂੰ ਇਹ ਚਲਾਨ ਭੇਜੇ ਜਾਣ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਕਿਹਾ ਕਿ ਉਹ ਗ਼ਲਤ ਢੰਗ ਨਾਲ ਖੜੇ ਕੀਤੇ ਵਾਹਨਾਂ ਨੂੰ ਚੁੱਕਣ ਲਈ ਕਰੇਨਾਂ ਕਿਰਾਏ 'ਤੇ ਲੈਣ। ਉਨ੍ਹਾਂ ਇਹ ਵੀ ਕਿਹਾ ਕਿ ਅਕਸਰ ਆਵਾਜਾਈ ਅਣਗਹਿਲੀਆਂ ਕਰਨ ਦੇ ਆਦੀ ਵਿਅਕਤੀਆਂ ਨੂੰ ਭਾਰਤੀ ਜੁਰਮਾਨੇ ਕਰਨ ਦੇ ਨਿਯਮਾਂ ਵਿੱਚ ਸੋਧ ਕੀਤੀ ਜਾਵੇ।
ਨਸ਼ੀਲੇ ਪਦਾਰਥਾਂ ਵਿਰੁੱਧ ਫ਼ੈਸਲਾਕੁੰਨ ਲੜਾਈ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸਾਨੂੰ ਵਧੇਰੇ ਬਰਾਮਦਗੀ ਨਾਲ ਹੀ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਬਲਕਿ ਇਨ੍ਹਾਂ ਨਸ਼ੀਲੇ ਪਦਾਰਥਾਂ ਦੇ ਸਰੋਤਾਂ ਨੂੰ ਹੀ ਖ਼ਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਭੈੜ ਨੂੰ ਖ਼ਤਮ ਕਰਨ ਲਈ ਉਹ ਪੰਜਾਬ ਦੇ ਲੋਕਾਂ ਪ੍ਰਤੀ ਨਿੱਜੀ ਤੌਰ 'ਤੇ ਵਚਨਬੱਧ ਹਨ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪਾਇਰੇਸੀ ਵਿਰੁੱਧ ਵੀ ਹੋਰ ਕਰੜੀ ਕਾਰਵਾਈ ਕਰਨ ਲਈ ਆਖਿਆ। ਇੱਕ ਵਿਸ਼ੇਸ਼ ਜਾਂਚ ਵਿੰਗ ਦੀ ਸਥਾਪਨਾ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਡੀ.ਜੀ.ਪੀ. ਗੰਭੀਰ ਜੁਰਮਾਂ ਦੀ ਤੇਜ਼ੀ ਨਾਲ ਜਾਂਚ ਲਈ ਇੱਕ ਵਿਸ਼ੇਸ਼ੀਕ੍ਰਿਤ ਜਾਂਚ ਸੈੱਲ ਦੀ ਸਥਾਪਨਾ ਦਾ ਪ੍ਰਸਤਾਵ ਭੇਜਣ।
ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਮੇਧ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ 72,000 ਦੀ ਵੱਡੀ ਗਿਣਤੀ ਵਾਲੀ ਪੰਜਾਬ ਪੁਲਿਸ ਨੂੰ ਈਮਾਨਦਾਰੀ ਅਤੇ ਨਿਰਪੱਖਤਾ ਦਾ ਮੰਤਰ ਦਿੱਤਾ ਹੈ ਅਤੇ ਉਹ ਯਕੀਨੀ ਬਣਾਉਣਗੇ ਕਿ ਉਪ ਮੁੱਖ ਮੰਤਰੀ ਅਗਲੀ ਮੀਟਿੰਗ ਸਮੇਂ ਪੁਲਿਸ ਦੇ ਕੰਮ-ਕਾਜ ਵਿੱਚ ਜ਼ਾਹਿਰਾ ਤਬਦੀਲੀ ਨੂੰ ਮਹਿਸੂਸ ਕਰਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>