ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ’ਤੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਮੁਕੱਦਮਾ ਦਰਜ
ਬਰਨਾਲਾ, 11 ਮਈ, ( punj): ਬਰਨਾਲਾ ਪੁਲਸ ਵੱਲੋਂ ਇੱਕ ਤਹਿਸੀਲਦਾਰ ਅਤੇ ਇੱਕ ਨਾਇਬ ਤਹਿਸੀਲਦਾਰ ’ਤੇ ਥੋਖਾਧੜੀ ਅਤੇ ਸਰਕਾਰੀ ਰਿਕਾਰਡ ਵਿੱਚ ਹੇਰਾ ਫੇਰੀ ਕਰਨ ਦਾ ਮੁਕਦਮਾ ਕਰਜ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਰਨਾਲਾ ਦੇ ਨਾਇਬ ਤਹਿਸੀਲਦਾਰ ਗੁਰਿੰਦਰ ਸਿੰਘ ਅਤੇ ਬਰਨਾਲਾ ਦੀ ਤਹਿਸੀਲਦਾਰ ਸ਼੍ਰੀਮਤੀ ਸਰੋਜ਼ ਰਾਣੀ ਅੱਗਰਵਾਲ ’ਤੇ ਇਹ ਮੁਕੱਦਮਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਕੀਤਾ ਗਿਆ। ਇਹਨਾਂ ਦੋਵਾਂ ਮਾਲ ਅਧਿਕਾਰੀਆਂ ਵਿਰੁੱਧ ਤਰਸੇਮ ਲਾਲ ਜਿੰਦਲ (ਨੀਲੀ ਛੱਤਰੀ ਵਾਲਾ) ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਾਈ ਗਈ ਸੀ ਕਿ ਆਪਣੇ ਕਾਰਜਕਾਲ ਦੌਰਾਨ 2006 ਅਤੇ 2007 ਦੇ ਸਾਲਾਂ ਵਿੱਚ ਇਹਨਾਂ ਮਾਲ ਅਧਿਕਾਰੀਆਂ ਨੇ ਬਰਨਾਲਾ ਤਹਿਸੀਲ ਵਿੱਚ ਗਲਤ ਕੋਡ ਲਗਾ ਕੇ ਰਜਿਸਟਰੀਆਂ ਕੀਤੀਆਂ ਹਨ, ਜਿਹਨਾਂ ਨਾਲ ਸਰਕਾਰ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਇਹਨਾਂ ਦੋਵਾਂ ਮਾਲ ਅਧਿਕਾਰੀਆਂ ਨੇ ਬੈਨਾਮਿਆਂ ਵਿੱਚ ਦਰਜ ਕੁਲੈਕਟਰ ਰੇਟਾਂ ਦੀ ਚੰਗੀ ਤਰਾਂ ਜਾਂਚ ਪੜਤਾਲ ਨਹੀਂ ਕੀਤੀ ਅਤੇ ਜਾਣ ਬੁੱਝ ਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ। ਇਹਨਾਂ ਦੋਵਾਂ ਮਾਲ ਅਧਿਕਾਰੀਆਂ ਦੇ ਨਾਲ ਸਬੰਧਿਤ ਰਜਿਸਟਰੀ ਕਲਰਕਾਂ ਦੀ ਵੀ ਇਸ ਘਪਲੇ ਵਿੱਚ ਸਮੂਲੀਅਤ ਹੈ। ਤਰਸੇਮ ਲਾਲ ਜਿੰਦਲ ਦੀ ਇਸ ਰਿੱਟ ’ਤੇ ਮਾਣਯੋਗ ਹਾਈਕੋਰਟ ਨੇ ਸੁਣਵਾਈ ਕਰਕੇ ਐਫ. ਸੀ. ਆਰ. ਨੂੰ ਆਦੇਸ਼ ਦਿੱਤੇ ਹਨ ਕਿ ਸਬੰਧਿਤ ਅਧਿਕਾਰੀਆਂ ਖਿਲਾਫ ਬਣਦੀ ਕਰਵਾਈ ਕੀਤੀ ਜਾਵੇ। ਇਸ ’ਤੇ ਐਫ ਸੀ ਆਰ ਵੱਲੋਂ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਐਸ. ਐਸ. ਪੀ ਬਰਨਾਲਾ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ। ਜਿਸ ’ਤੇ ਅਮਲ ਕਰਦਿਆਂ ਬਰਨਾਲਾ ਪੁਲਸ ਨੇ ਐਫ. ਆਈ. ਆਰ. ਨੰਬਰ 119, ਮਿਤੀ 10 ਮਈ 2012, ਧਾਰਾ 420, 120 ਬੀ, 166-ਏ 218, ਆਈ. ਪੀ. ਸੀ. (82) ਰਜਿਸਟ੍ਰੇਸ਼ਨ ਐਕਟ 1908, 13 (1) ਡੀ ਪਰਵੈਸਨ ਆਫ਼ ਕੁਰਪਸ਼ਨ ਐਕਟ 1988 ਤਹਿਤ ਥਾਣਾ ਸਿਟੀ ਬਰਨਾਲਾ ਵਿੱਚ ਜੁਆਇੰਟ ਸਬ ਰਜਿਸਟਰਾਰ ਗੁਰਿੰਦਰ ਸਿੰਘ, ਸਬ ਰਜਿਸਟਰਾਰ ਸ੍ਰੀ ਮਤੀ ਸਰੋਜ ਰਾਣੀ ਅੱਗਰਵਾਲ ਅਤੇ ਸਬੰਧਿਤ ਰਜਿਸਟਰੀ ਕਲਰਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮੁਕਦਮੇ ਦੀ ਤਫਤੀਸ ਡੀ. ਐਸ. ਪੀ. ਬਰਨਾਲਾ ਹਰਮੀਕ ਸਿੰਘ ਦਿਓਲ ਨੂੰ ਸੌਂਪੀ ਗਈ ਹੈ। ਖਿਆਲ ਰਹੇ ਕਿ ਇਹ ਦੋਵੇਂ ਮਾਲ ਅਧਿਕਾਰ 2006 ਅਤੇ 2007 ਦੇ ਸਾਲਾਂ ਵਿੱਚ ਬਰਨਾਲਾ ਵਿਖੇ ਤੈਨਾਤ ਸਨ ਅਤੇ ਅੱਜਕੱਲ ਕਿਸੇ ਹੋਰ ਜਗਾ ਡਿਊਟੀ ਦੇ ਰਹੇ ਹਨ।