Saturday, May 12, 2012

ਬਾਰਦਾਨੇ ਦਾ ਮਾਮਲਾ ਲਾਲ ਸਿੰਘ ਦਾ ਬਿਆਨ ਪ੍ਰਣਾਬ ਮੁਖਰਜੀ ਦੇ ਬਿਆਨ ਦੇ ਉਲਟ : ਡਾ. ਚੀਮਾ

ਚੰਡੀਗੜ੍ਹ, 10 ਮਈ (punj) : ਸ਼੍ਰੋਮਣੀ ਅਕਾਲੀ ਦਲ ਨੇ ਬਾਰਦਾਨੇ ਦੀ ਕਮੀ ਬਾਰੇ ਪੰਜਾਬ ਕਾਂਗਰਸ ਦੇ ਆਗੂ ਸ੍ਰੀ ਲਾਲ ਸਿੰਘ ਵੱਲੋਂ ਦਿੱਤੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਆਖਿਆ ਹੈ ਕਿ ਇਹ ਬਿਆਨ ਕੇਂਦਰੀ ਵਿੱਤ ਮੰਤਰੀ ਸ੍ਰੀ ਪ੍ਰਣਾਬ ਮੁਖਰਜੀ ਵੱਲੋਂ ਲੋਕ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਸਵਾਲ ਦੇ ਦਿੱਤੇ ਜਵਾਬ ਤੋਂ ਉਲਟ ਹੈ।
ਪੰਜਾਬ ਕਾਂਗਰਸੀ ਆਗੂ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸੂਬਾਈ ਕਾਂਗਰਸ ਨੂੰ ਚੇਤੇ ਕਰਵਾਇਆ ਕਿ ਸ੍ਰੀ ਪ੍ਰਣਾਬ ਮੁਖਰਜੀ ਨੇ ਬੁੱਧਵਾਰ ਨੂੰ ਖੁਦ ਸਦਨ ਵਿਚ ਇਹ ਪ੍ਰਵਾਨ ਕੀਤਾ ਹੈ ਕਿ ਬਾਰਦਾਨੇ ਦੀ ਕਮੀ ਚਲ ਰਹੀ ਹੈ ਅਤੇ ਪੱਛਮੀ ਬੰਗਾਲ ਵਿਚ ਰੋਜ਼ਾਨਾ ਦੋ ਲੱਖ ਬੋਰੀਆਂ ਦਾ ਉਤਪਾਦਨ ਹੋ ਰਿਹਾ ਹੈ ਅਤੇ ਪਿਛਲੇ ਹਫਤੇ ਤੋਂ 25 ਹਜ਼ਾਰ ਬੋਰੀ ਰੋਜ਼ਾਨਾ ਵਾਧੂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਤਾਂ ਆਪਣੀ ਬੇਵਸੀ ਪ੍ਰਗਟ ਕਰਦਿਆਂ ਇਹ ਵੀ ਆਖਿਆ ਹੈ ਕਿ ਇਸ ਮੌਕੇ ਬਾਰਦਾਨੇ ਦੀ ਦਰਾਮਦ ਵੀ ਸੰਭਵ ਨਹੀਂ ਤੇ ਇਸ ਲਈ ਇਹ ਸੰਕਟ ਬਣਿਆ ਹੋਇਆ ਹੈ।
ਡਾ. ਚੀਮਾ ਨੇ ਅਜਿਹੇ ਸੰਵੇਦਨਸ਼ੀਲ ਮਾਮਲੇ 'ਤੇ ਕਾਂਗਰਸੀ ਆਗੂਆਂ ਦੇ ਵਿਵਹਾਰ 'ਤੇ ਗੁੱਸਾ ਜ਼ਾਹਰ ਕਰਦਿਆਂ ਆਖਿਆ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸਦਨ ਵਿਚ ਇਹ ਮਾਮਲਾ ਉਠਾਇਆ ਤਾਂ ਉਹਨਾਂ ਦੀ ਹਮਾਇਤ ਕਰਨ ਦੀ ਥਾਂ ਕਾਂਗਰਸ ਪਾਰਟੀ ਦੇ ਸੀਨੀਅਰ ਸਾਂਸਦ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਸੰਸਦ ਦੇ ਅੰਦਰ ਉਹਨਾਂ ਦੇ ਵਿਰੋਧ ਕਰਨ ਨੂੰ ਤਰਜੀਹ ਦਿੱਤੀ ਅਤੇ ਪੰਜਾਬ ਕਾਂਗਰਸ ਦੇ ਆਗੂ ਸਸਤੀ ਸ਼ੋਹਰਤ ਹਾਸਲ ਕਰਨ ਲਈ ਅਜਿਹੇ ਬਿਆਨ ਦਾਗ ਰਹੇ ਹਨ। ਉਹਨਾਂ ਕਿਹਾ ਕਿ ਲੋਕ ਕਾਂਗਰਸ ਦੀ ਯੋਜਨਾ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ ਕਿ ਉਹ ਅਜਿਹੇ ਮਾਮਲਿਆਂ ਦੀ ਉਸ ਥਾਂ ਵਿਰੋਧਤਾ ਕਰਦੀ ਹੈ ਜਿਥੇ ਉਸਨੂੰ ਹਮਾਇਤ ਕਰਨੀ ਚਾਹੀਦੀ ਹੈ ਅਤੇ ਤਰਸਯੋਗ ਹਾਲਤ ਵਿਚ ਕਿਸਾਨਾਂ ਨੂੰ ਮੂਰਖ ਬਣਾਉਣ ਲਈ ਮਗਰਮੱਛ ਦੇ ਹੰਝੂ ਵਹਾ ਰਹੀ ਹੈ।
ਉਹਨਾਂ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸੂਬਾ ਕਾਂਗਰਸ ਲੀਡਰਸ਼ਿਪ ਵਿਧਾਨ ਸਭਾ ਚੋਣਾਂ ਵਿਚ ਮਾਯੂਸੀ ਭਰੀ ਹਾਰ ਮਿਲਣ ਦੇ ਦੋ ਮਹੀਨਿਆਂ ਬਾਅਦ ਵੀ ਇਸ ਹਾਰ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਤੇ ਆਧਾਰਹੀਣ, ਸ਼ਰਾਰਤੀ ਤੇ ਗੁੰਮਰਾਹਕੁੰਨ ਬਿਆਨ ਜਾਰੀ ਕਰ ਰਹੀ ਹੈ।
ਡਾ. ਚੀਮਾ ਨੇ ਕਾਂਗਰਸੀ ਲੀਡਰਸ਼ਿਪ ਨੂੰ ਸਲਾਹ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਖਿਲਾਫ ਝੂਠੇ ਅਤੇ ਗੁੰਮਰਾਹਕੁੰਨ ਮੁੱਦੇ ਉਠਾਉਣ ਦੀ ਥਾਂ 'ਤੇ ਉਹਨਾਂ ਨੂੰ ਸੱਚਾਈ ਨਾਲ ਸਮਝੌਤਾ ਕਰਨਾ ਚਾਹੀਦਾ ਹੈ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>