Tuesday, May 15, 2012

ਲੋਕਾਂ ਤੋਂ ਕਰੋੜਾਂ ਲੈ ਕੇ ਰਾਇਲ ਐਂਪਾਇਰ ਦਾ ਮਾਲਕ ਹੋਇਆ ਗਾਇਬ. ਕਈ ਪ੍ਰੋਜੈਕਟ ਅੱਧਵਾਟੇ ਛੱਡੇ


 14 May, 2012
 


ਜ਼ੀਰਕਪੁਰ  : ਜ਼ੀਰਕਪੁਰ ਦਾ ਨਾਮੀ ਬਿਲਡਰ ਤੇ ਪੀਰਮੁਛੱਲਾ ਦੇ ਹਾਊਸਿੰਗ ਪ੍ਰਾਜੈਕਟ ਰਾਇਲ ਐਂਪਾਇਅਰ ਦਾ ਮਾਲਕ ਜੀਵਨ ਗਰਗ ਕਈ ਪ੍ਰਾਜੈਕਟ ਵਿਚਾਲੇ ਛੱਡ ਕੇ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਗਿਆ। ਧੋਖੇ ਦਾ ਸ਼ਿਕਾਰ ਹੋਏ ਦਰਜਨਾਂ ਲੋਕਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲੀਸ ਨੇ ਜੀਵਨ ਗਰਗ, ਉਸਦੇ ਲੜਕੇ ਪ੍ਰਿੰਸ ਗਰਗ, ਉਸਦੇ ਭਰਾ ਪਵਨ ਗਰਗ ਸਤੀਸ਼ ਗਰਗ ਤੇ ਭਤੀਜੇ ਰੋਹਿਤ ਗਰਗ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਉਸ ਦੇ ਪਿਤਾ ਆਤਮਾ ਰਾਮ ਗਰਗ, ਭਰਾ ਸਤੀਸ਼ ਗਰਗ ਤੇ ਪ੍ਰਾਜੈਕਟ ਮੈਨੇਜਰ ਧੀਰੇਂਦਰ ਨੇਗੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਹਾਸਲ ਜਾਣਕਾਰੀ ਮੁਤਾਬਕ ਜੀਵਨ ਗਰਗ ਆਪਣੇ ਪਰਿਵਾਰ ਸਮੇਤ ਵਿਦੇਸ਼ ਚ ਭੱਜਣ ਚ ਕਾਮਯਾਬ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ ਚ ਜੀਵਨ ਗਰਗ ਵੱਲੋਂ ਰਾਇਲ ਐਂਪਾਇਅਰ ਨਾਂ ਹੇਠ ਹਾਊਸਿੰਗ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਛੇਤੀ ਉਸ ਵੱਲੋਂ ਇੱਕ ਤੋਂ ਬਾਅਦ ਇੱਕ ਪੰਜ ਪ੍ਰਾਜੈਕਟ ਸ਼ੁਰੂ ਕੀਤੇ ਗਏ। ਇਨ੍ਹਾਂ ਚ ਰਾਇਲ ਅਪਾਰਟਮੈਂਟ, ਬਾਲਾ ਜੀ ਟਾਵਰ, ਰਾਇਲ ਮੈਨਸ਼ਨ ਤੇ ਰਾਇਲ ਮੀਨਾਰ ਸ਼ਾਮਲ ਹਨ। ਜੀਵਨ ਗਰਗ ਆਪਣੇ ਦੋ ਪ੍ਰਾਜੈਕਟ ਰਾਇਲ ਐਂਪਾਇਅਰ ਤੇ ਰਾਇਲ ਅਪਾਰਟਮੈਂਟ ਵਿਚਾਲੇ ਹੀ ਛੱਡ ਗਿਆ ਹੈ ਜਿਨ੍ਹਾਂ ਚ ਰਾਇਲ ਅੰਪਾਇਅਰ ਕਰੀਬ 11 ਏਕੜ ਜ਼ਮੀਨ ਤੇ 536 ਫਲੈਟ ਬਣਾਏ ਜਾ ਰਹੇ ਸਨ ਤੇ ਰਾਇਲ ਅਪਾਰਟਮੈਂਟ ਦੇ ਨਾਮ ਹੇਠ ਕਰੀਬ 650 ਫਲੈਟਾਂ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਜੋ ਵਿਚਾਲੇ ਹੀ ਲਟਕ ਗਿਆ ਹੈ। ਇਨ੍ਹਾਂ ਪ੍ਰਾਜੈਕਟਾਂ ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲੀਸ ਨੇ ਤਿੰਨ ਕੇਸ ਦਰਜ ਕੀਤੇ ਹਨ।
ਦੂਜੇ ਪਾਸੇ ਜਿਥੇ ਵੱਡੀ ਗਿਣਤੀ ਵਿੱਚ ਨਿਵੇਸ਼ਕਾਂ ਨੇ ਇੱਕ ਨੰਬਰ ਵਿੱਚ ਆਪਣੇ ਪੈਸੇ ਇਸ ਪ੍ਰਾਜੈਕਟ ਵਿੱਚ ਲਾਏ ਹੋਏ ਸਨ ਉਥੇ ਮੋਟੇ ਵਿਆਜ ਦੇ ਲਾਲਚ ਚ ਲੋਕਾਂ ਨੇ ਦੋ ਨੰਬਰ ਦਾ ਕਾਲਾ ਧਨ ਵੀ ਇਸ ਪ੍ਰਾਜੈਕਟ ਚ ਨਿਵੇਸ਼ ਕੀਤਾ ਹੋਇਆ ਹੈ। ਦੋ ਨੰਬਰ ਦੇ ਨਿਵੇਸ਼ਕਾਂ ਚ ਚੰਡੀਗੜ੍ਹ ਤੇ ਆਸਪਾਸ ਦੇ ਵੱਡੇ ਅਫਸਰ, ਸਿਆਸੀ ਆਗੂਆਂ ਸਮੇਤ ਵੱਡੇ ਬਿਜ਼ਨਸਮੈਨਾਂ ਦਾ ਨਾਂ ਸਾਹਮਣੇ ਆ ਰਿਹਾ ਹੈ,ਜਿਨ੍ਹਾਂ ਕੋਲ ਕਾਲੇ ਧਨ ਦਾ ਕੋਈ ਸਬੂਤ ਨਾ ਹੋਣ ਕਾਰਨ ਉਹ ਪੁਲੀਸ ਨੂੰ ਵੀ ਆਪਣੀ ਸ਼ਿਕਾਇਤ ਦਰਜ ਨਹੀਂ ਕਰਵਾ ਸਕਦੇ।
ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਇਸ ਪ੍ਰਾਜੈਕਟ ਦੇ ਮਾਲਕ ਦੀ ਮਾਲੀ ਸਥਿਤੀ ਖਰਾਬ ਚੱਲ ਰਹੀ ਹੈ ਜਿਸ ਤੋਂ ਬਾਅਦ ਹੀ ਉਹ ਆਪਣੇ ਨਿਵੇਸ਼ਕਾਂ ਨੂੰ ਲਗਾਤਾਰ ਲਾਅਰੇ ਲਾ ਰਿਹਾ ਸੀ। ਵਿੱਤੀ ਸੰਕਟ ਹੱਲ ਨਾ ਹੋਣ ਕਾਰਨ ਕੁਝ ਦਿਨ ਪਹਿਲਾਂ ਉਸਦਾ ਪਰਿਵਾਰ ਗਾਇਬ ਹੋ ਗਿਆ ਤੇ ਹੁਣ ਉਹ ਆਪ ਨੱਸ ਗਿਆ ਹੈ। ਰਾਇਲ ਅੰਪਾਇਰ ਦੇ ਮਾਲਕ ਦੇ ਫਰਾਰ ਹੋਣ ਦੀ ਖਬਰ ਫੈਲਦੇ ਹੀ ਪੀਰਮੁਛੱਲਾ ਵਿਖੇ ਨਿਵੇਸ਼ਕਾਂ ਦਾ ਮੇਲਾ ਲੱਗ ਗਿਆ। ਇਨ੍ਹਾਂ ਨੇ ਪੱਤਰਕਾਰਾਂ ਨੂੰ ਆਪਣੀ ਪੀੜਾ ਬਿਆਨ ਕੀਤੀ।
ਇਸ ਬਾਰੇ ਸੰਪਰਕ ਕਰਨ ਤੇ ਜ਼ੀਰਕਪੁਰ ਥਾਣਾ ਮੁਖੀ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਦਰਜਨ ਦੇ ਕਰੀਬ ਪੀੜਤ ਲੋਕਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਇਨ੍ਹਾਂ ਦੇ ਅਧਾਰ ਤੇ ਤਿੰਨ ਕੇਸ ਦਰਜ ਕੀਤੇ ਗਏ ਹਨ। ਬਾਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਦੋਸ਼ੀ ਦੇ ਪਿਤਾ ਆਤਮਾ ਰਾਮ ਗਰਗ, ਭਰਾ ਸਤੀਸ਼ ਗਰਗ ਤੇ ਪ੍ਰਾਜੈੈਕਟ ਮੈਨੇਜਰ ਧੀਰੇਂਦਰ ਨੇਗੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਜੀਵਨ ਗਰਗ ਨੂੰ ਕਾਬੂ ਕਰਨ ਲਈ ਪੁਲੀਸ ਟੀਮਾਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>