ਚੰਡੀਗੜ੍ਹ,25ਅਗਸਤ(ਪੰਜਾਬ ਹੈੱਡਲਾਈਨ):-ਸੁਰੱਖਿਆ ਘੇਰੇ ਵਿਚ ਰਹਿਣ ਵਾਲੇ ਵੀਵੀਆਈਪੀ ਆਮ ਸੈਕਟਰਾਂ ’ਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਤਾਮਿਲਨਾਡੂ ਦੇ ਗਵਰਨਰ ਸੁਰਜੀਤ ਸਿੰਘ ਬਰਨਾਲਾ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਵੀਵੀਆਈਪੀ ਸੈਕਟਰ ਵਿਚ ਬੰਗਲਾ ਮੰਗਿਆ ਹੈ। ਇਸ ਪੱਤਰ ਵਿਚ ਬਰਨਾਲਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਮ ਸੈਕਟਰਾਂ ਵਿਚ ਜਾਨ ਦਾ ਖਤਰਾ ਦੱਸਦੇ ਹੋਏ ਵੀਵੀਆਈਪੀ ਸੈਕਟਰਾਂ ਵਿਚ ਕੋਠੀ ਦੇਣ ਦੀ ਮੰਗ ਕੀਤੀ ਹੈ। ਪੰਜਾਬ ਦੇ ਚੀਫ਼ ਸੈਕਟਰੀ ਨੇ ਚੰਡੀਗੜ੍ਹ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਕੋਟੇ ਤੋਂ ਬਰਨਾਲਾ ਨੂੰ ਸੈਕਟਰ 7 ਵਿਚ ਮਕਾਨ ਨੰ 11 ਅਲਾਟ ਕਰਨ ਦੀ ਮੰਗ ਕੀਤੀ ਹੈ। ਅਜੇ ਉਨ੍ਹਾਂ ਨੂੰ ਸੈਕਟਰ 39 ਏ ਪੰਜਾਬ ਦੇ
ਵਿਧਾਇਕਾਂ ਅਤੇ ਸੀਨੀਅਰ ਅਫ਼ਸਰਾਂ ਨੂੰ ਅਲਾਟ ਮਕਾਨਾਂ ਦੇ ਏਰੀਆ ਵਿਚ ਮਕਾਨ ਦਿੱਤਾ ਗਿਆ ਹੈ। ਇਸ ਏਰੀਆ ਵਿਚ ਹਰ ਆਉਣ ਜਾਣ ਵਾਲੀ ਗੱਡੀ ’ਤੇ ਐਂਟਰੀ ਗੇਟ ’ਤੇ ਤੈਨਾਤ ਪੁਲਿਸ ਕਰਮਚਾਰੀ ਨਜ਼ਰ ਰਖਦੇ ਹਨ। ਇਸ ਦੇ ਬਾਵਜੂਦ ਪੱਤਰ ਵਿਚ ਇਸ ਏਰੀਆ ਨੂੰ ਅਸੁਰੱਖਿਅਤ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵਿਚ ਐਸਐਸਪੀ ਨੌਨਿਹਾਲ ਸਿੰਘ ਨੇ ਵੀ ਉਨ੍ਹਾਂ ਨੂੰ ਮਿਲੇ ਘਰਨੂੰ ਅਸੁਰੱਖਿਅਤ ਦੱਸਦੇ ਹੋਏ ਕੁਝ ਮਹੀਨੇ ਪਹਿਲਾਂ ਸੈਕਟਰ 16 ਵਿਚ ਸਰਕਾਰੀ ਮਕਾਨ ਦੇਣ ਦੀ ਮੰਗ ਕੀਤੀ ਸੀ। ਅਫ਼ਸਰ ਕਹਿੰਦੇ ਹਨ ਕਿ ਇਨ੍ਹਾਂ ਸੈਕਟਰਾਂ ਤੋਂ ਸੈਰ ਦੇ ਲਈ ਸੁਖਨਾ ਲੇਕ, ਰੋਜ਼ ਗਾਰਡਨ ਅਤੇ ਕੰਮਕਾਜ ਤੋਂ ਬਾਅਦ ਰਿਫਰੈਸ਼ ਹੋਣ ਦੇ ਲਈ ਗੋਲਫ ਕਲੱਬ ਨਜ਼ਦੀਕ ਪੈਂਦੇ ਹਨ। ਇਹੀ ਕਾਰਨ ਹੈ ਕਿ ਹਰ ਅਫ਼ਸਰ ਵੀਵੀਆਈਪੀ ਸੈਕਟਰਾਂ ਵਿਚ ਹੀ ਮਕਾਨ ਲੈਣਾ ਚਾਹੁੰਦਾ ਹੈ। ਦੂਜੇ ਪਾਸੇ ਪ੍ਰਸ਼ਾਸਨ ਹਾਈ ਕੋਰਟ ਦੇ ਜੱਜਾਂ ਦੇ ਲਈ ਵੀ ਵੀਆਈਪੀ ਸੈਕਟਰਾਂ ਵਿਚ ਵੀ ਬੰਗਲੇ ਬਣਾ ਰਿਹਾ ਹੈ। ਸੈਕਟਰ 19 ਵਿਚ ਜੱਜਾਂ ਦੇ ਲਈ ਨਵੇਂ ਬੰਗਲੇ ਬਣ ਰਹੇ ਹਨ। ਸੈਕਟਰ 10 ਵਿਚ ਵੀ ਜੱਜਾਂ ਦੇ ਲਈ ਕਈ ਬੰਗਲੇ ਬਣਾਏ ਜਾਣਗੇ।