Tuesday, August 30, 2011

ਹਲਕਾ ਬਰਨਾਲਾ ਤੋਂ ਅਕਾਲੀ ਦਲ ਲੌਗੋਵਾਲ ਦੇ ਉਮੀਦਵਾਰ


ਹਲਕਾ ਬਰਨਾਲਾ ਤੋਂ ਅਕਾਲੀ ਦਲ ਲੌਗੋਵਾਲ ਦੇ ਉਮੀਦਵਾਰ

ਕੀ ਬਾਬਾ ਟੇਕ ਸਿੰਘ ਧਨੌਲਾ ਹੁਣ ਨਾਨਕਸ਼ਾਹੀ ਕੈਲੰਡਰ ਬਾਰੇ ਆਪਣੇ ਫੈਸਲੇ 'ਤੇ ਪਛਤਾਵਾ ਕਰਨਗੇ?
ਸ਼੍ਰੋਮਣੀ ਅਕਾਲੀ ਦਲ ਨੂੰ ਫਤਹਿ ਬੁਲਾਉਣ ਤੋਂ ਤੁਰੰਤ ਬਾਅਦ ਬਾਬਾ ਟੇਕ ਸਿੰਘ ਧਨੌਲਾ ਨੇ ਜੋ ਗੱਲ ਆਖੀ ਉਹ ਧਿਆਨ ਦੇਣ ਵਾਲੀ ਹੈ। ਬਾਬਾ ਨੇ ਕਿਹਾ ਕਿ ‘ਅਕਾਲੀ ਦਲ (ਬ) ਨੇ ਉਸ ਦੀ ਵਫ਼ਾਦਾਰੀ ਦਾ ਮੁੱਲ ਨਹੀਂ ਪਾਇਆ'
ਇਸ ਲਈ ਉਹਨਾਂ ਨੂੰ ਇਹ ਪਾਰਟੀ ਛੱਡਣੀ ਪਈ ਹੈ। ਹੁਣ ਉਹ ਅਕਾਲੀ ਦਲ ਲੌਂਗੋਵਾਲ 'ਚ ਸ਼ਾਮਲ ਹੋ ਚੁੱਕੇ ਹਨ ਜਿੱਥੇ ਉਹਨਾਂ ਨੂੰ ਇਸ ਨਵੀਂ ਪਾਰਟੀ ਨੇ ਵਾਇਸ ਚੇਅਰਮੈਨ ਨਿਯੁਕਤ ਕੀਤਾ ਹੈ।
ਬਾਬਾ ਧਨੌਲਾ ਦਾ ਪਾਰਟੀ ਛੱਡਣ ਸਮੇਂ ਦਿੱਤਾ ਬਿਆਨ ਐਨ ਸੱਚ ਹੈ ਕਿਉਂਕਿ ਉਹ ਅਕਾਲੀ ਦਲ 'ਚ ਰਹਿਣ ਸਮੇਂ ਸ੍ਰ. ਬਾਦਲ ਦੇ ਅਤਿ ਕਰੀਬੀਆਂ 'ਚ ਰਹੇ ਹਨ ਇਸੇ ਕਰਕੇ ਹੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਤਾਉਣ ਤੋਂ ਬਾਅਦ ਲਗਾਤਾਰ ਅੰਤਰਿੰਗ ਕਮੇਟੀ ਮੈਂਬਰ ਵਜੋਂ ਨਿਯੁਕਤ ਕੀਤਾ ਜਾਂਦਾ ਰਿਹਾ ਹੈ। ਇਹ ਅਤਿ ਮਹੱਤਵਪੂਰਨ ਅਹੁਦਾ ਉਹਨਾਂ ਦੀ ਵਫ਼ਾਦਾਰੀ ਦਾ ਹੀ ਮੁੱਲ ਸਮਝਿਆ ਜਾ ਰਿਹਾ ਸੀ। ਬਾਬਾ ਧਨੌਲਾ ਉਸ ਸਮੇਂ ਤੱਕ ਇਸ ਅਹੁਦੇ 'ਤੇ ਬਿਰਾਜਮਾਨ ਰਹੇ ਹਨ ਜਦ ਤੱਕ ਸ਼੍ਰੋਮਣੀ ਅਕਾਲੀ ਦਲ (ਬ) ਦੇ ਪਰਿਵਾਰ ਤੋਂ ਬਾਅਦ ਉਪ ਸੁਪਰੀਮੋ ਸ੍ਰ. ਸੁਖਦੇਵ ਸਿੰਘ ਢੀਂਡਸਾ ਨਾਲ ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ 'ਤੇ ਕਬਜ਼ੇ ਨੂੰ ਲੈ ਕੇ ਵਟਿੱਟ ਖੜਾ ਨਹੀਂ ਹੋ ਗਿਆ ਸੀ। ਇਸ ਝਗੜੇ ਨੂੰ ਲੈ ਕੇ ਚੱਲੇ ਅਦਾਲਤੀ ਫੇਰ-ਚੱਕਰ ਤੋਂ ਬਾਅਦ ਹੋਈ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਚੋਣ 'ਚੋਂ ਬਾਬਾ ਟੇਕ ਸਿੰਘ ਨੂੰ ਜਿੱਤਣ ਤੋਂ ਬਾਅਦ ਪਹਿਲੀ ਵਾਰ ਅੰਤਰਿੰਗ ਮੈਂਬਰ ਵਜੋਂ ਨਿਯੁਕਤੀ ਤੋਂ ਬਾਹਰ ਹੋਣਾ ਪਿਆ ਸੀ। ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ-ਧਰਤਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਵਫ਼ਾਦਾਰ ਆਗੂਆਂ ਵਜੋਂ ਵਿਚਰਦੇ ਰਹੇ ਹਨ। ਆਪਣੇ ਮਾਲਵਾ ਦੌਰੇ ਸਮੇਂ ਅਕਸਰ ਹੀ ਸ੍ਰ. ਬਾਦਲ ਬਾਬਾ ਜੀ ਦੀ ਰਿਹਾਇਸ਼ ਵਾਲੇ ਗੁਰੂ ਘਰ ਧਨੌਲਾ 'ਚ ਰੁਕਦੇ ਰਹੇ ਅਤੇ ਇਸ ਗੁਰੂ ਘਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਸਮੇਂ ਯਥਾਸਕਤ ਮੱਦਦ ਵੀ ਕੀਤੀ ਜਾਂਦੀ ਰਹੀ ਹੈ। ਆਪਣੀ ਜ਼ਿੰਦਗੀ ਵਿਚ ਬਾਬਾ ਟੇਕ ਸਿੰਘ ਨੇ ਬਾਦਲ ਸਾਹਿਬ ਨਾਲ ਵਫ਼ਾਦਾਰੀ ਪਾਲਦਿਆਂ ਜੋ ਸਭ ਤੋਂ ਵੱਡਾ ਧਰਮ ਵਿਰੋਧੀ ਫੈਸਲਾ ਲਿਆ ਹੈ ਉਹ ਸੀ ਆਪਣੀ ਅੰਤਰਿੰਗ ਕਮੇਟੀ ਦੇ ਅਹੁਦੇ ਸਮੇਂ ਸ੍ਰ. ਪਾਲ ਸਿੰਘ ਪੁਰੇਵਾਲ ਦੇ ਮੂਲ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਨੂੰ ਦਿੱਤੀ ਪ੍ਰਵਾਨਗੀ। ਬਾਬਾ ਟੇਕ ਸਿੰਘ ਧਨੌਲਾ ਨੇ ਇਸ ਫੈਸਲੇ 'ਤੇ ਦਸਤਖ਼ਤ ਕਰਨ ਨਾਲ ਸਿੱਖ ਇਤਿਹਾਸ ਵਿਚ ਆਪਣਾ ਨਾਮ ਉਹਨਾਂ ਆਗੂਆਂ ਵਜੋਂ ਪੱਕੇ ਤੌਰ 'ਤੇ ਲਿਖਾ ਲਿਆ ਹੈ ਜੋ ਕਿਸੇ ਪ੍ਰਭਾਵ ਜਾਂ ਦਬਾਅ ਅਧੀਨ ਆਪਣੀ ਕੌਮ ਦੇ ਵਫ਼ਾਦਾਰ ਨਹੀਂ ਰਹਿੰਦੇ। ਸਭ ਸਿੱਖ ਸੰਗਤ ਨੂੰ ਇਸ ਗੱਲ ਦਾ ਚੰਗੀ ਤਰਾਂ ਗਿਆਨ ਹੈ ਕਿ ਬਾਬੇ ਦਾ ਇਹ ਫੈਸਲਾ ਪਾਰਟੀ ਦੀ ਸਲਾਹ ਨਾਲ ਹੀ ਕੀਤਾ ਗਿਆ ਸੀ ਕਿਉਂਕਿ ਉਹ ਖੁਦ ਨਾ ਤਾਂ ਭੂਗੋਲ ਦੇ ਜਾਣਕਾਰ ਹਨ ਅਤੇ ਨਾ ਹੀ ਉਹ ਕੋਈ ਤਾਰਾ-ਮੰਡਲ ਦੇ ਵਿਸ਼ੇਸ਼ਗ ਹਨ। ਇਹ ਉਹਨਾਂ ਦੀ ਪਾਰਟੀ ਨਾਲ ਵਫ਼ਾਦਾਰੀ ਹੀ ਸੀ ਕਿ ਉਹਨਾਂ ਨੇ ਆਪਣੀ ਉਸ ਸਮੇਂ ਦੀ ਪਾਰਟੀ ਦੇ ਫੈਸਲੇ 'ਤੇ ਚੁੱਪ ਚੁਪੀਤੇ ਦਸਤਖ਼ਤ ਕਰ ਦਿੱਤੇ ਸਨ ਭਾਵੇਂ ਕਿ ਇਸ ਫੈਸਲੇ ਨਾਲ ਉਹਨਾਂ ਨੇ ਆਪਣੇ ਸਿਰ ਧਰਮ ਨਾਲ ਗੈਰਵਫ਼ਾਦਾਰੀ ਦਾ ਵੱਡਾ ਧੱਬਾ ਲਗਵਾ ਲਿਆ ਹੈ।
ਇਸ ਸਮੇਂ ਬਾਬਾ ਧਨੌਲਾ ਅਕਾਲੀ ਦਲ ਲੌਂਗੋਵਾਲ ਦਾ ਹਿੱਸਾ ਹਨ ਜਿਨਾਂ ਦਾ ਗੱਠਜੋੜ ਉਹਨਾਂ ਸਿਆਸੀ ਸਿੱਖ ਪਾਰਟੀਆਂ ਨਾਲ ਹੈ ਜਿਹਨਾਂ ਨੇ ਮੂਲ ਨਾਨਕਸ਼ਾਹੀ 'ਚ ਮਿਲਾਵਟ ਦਾ ਡਟਵਾਂ ਵਿਰੋਧ ਕੀਤਾ ਸੀ। ਅਕਾਲੀ ਦਲ ਲੌਂਗੋਵਾਲ ਨਾਲ ਮੁਲਾਜ਼ੇਦਾਰੀ ਗੰਢਣ ਤੋਂ ਬਾਅਦ ਬਾਬਾ ਧਨੌਲਾ ਸ਼੍ਰੋਮਣੀ ਅਕਾਲੀ ਦਲ ਤੋਂ ਜ਼ਰੂਰ ਪ੍ਰਭਾਵ ਮੁਕਤ ਹੋ ਗਏ ਹੋਣਗੇ। ਇਸ ਸਮੇਂ ਬਾਬਾ ਧਨੌਲਾ ਕੋਲ ਇਕ ਸੁਨਹਿਰੀ ਮੌਕਾ ਹੈ ਕਿ ਉਹ ਦਿਲੋਂ ਸੱਚ ਬੋਲ ਕੇ ਆਪਣੀ ਪਹਿਲਾਂ ਕੀਤੀ ਗਈ ਘੋਰ ਕੁਤਾਹੀ ਦਾ ਪਛਤਾਵਾ ਕਰ ਲੈਣ, ਇਹ ਉਹਨਾਂ ਦੀ ਆਪਣੀ ਨਵੀਂ ਪਾਰਟੀ ਨਾਲ ਵੀ ਵਫ਼ਾਦਾਰੀ ਹੋਵੇਗੀ। ਇਸ ਤਰਾਂ ਕਰਨ ਨਾਲ ਉਹਨਾਂ ਨੂੰ ਇਕ ਲਾਭ ਤਾਂ ਇਹ ਹੋਵੇਗਾ ਕਿ ਉਹ ਵਾਹਿਗੁਰੂ ਦੇ ਦਰ 'ਤੇ ਸੁਰਖਰੂ ਹੋ ਕੇ ਪਰਤਣਗੇ ਦੂਸਰਾ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗ ਦੇ ਮੁੜ ਕਰੀਬ ਹੋ ਜਾਣਗੇ ਕਿਉਂਕਿ ਗਿਆਨੀ ਨੰਦਗੜ ਹੀ ਇਕੋ ਇਕ ਅਜਿਹੇ ਸਿੱਖ ਧਾਰਮਿਕ ਆਗੂ ਹਨ ਜਿਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੀ ‘ਜੱਖਣਾ ਪੁੱਟਣ' ਦਾ ਸਖ਼ਤ ਵਿਰੋਧ ਕੀਤਾ ਸੀ। ਤੀਸਰਾ ਉਹ ਸਿੱਖ ਸੰਗਤ ਵੀ ਬਾਬਾ ਧਨੌਲਾ ਨੂੰ ‘ਜੀ ਆਇਆ ਨੂੰ' ਆਖੇਗੀ ਜਿਸ ਨੇ ਉਕਤ ਫੈਸਲੇ ਤੋਂ ਬਾਅਦ ਬਾਬਾ ਨਾਲ ਦੂਰੀ ਬਣਾ ਲਈ ਹੈ। ਪਰ ਅਜਿਹਾ ਸਭ ਕੁਝ ਕਰਦੇ ਸਮੇਂ ਬਾਬਾ ਧਨੌਲਾ ਨੂੰ ਰਸਮੀ ਕਾਰਵਿਹਾਰ ਕਰਨ ਦੀ ਥਾਂ ਸੰਗਤ ਦੀ ਕਚਹਿਰੀ 'ਚ ਦਿਲੋਂ ਪਛਤਾਵਾ ਕਰਨਾ ਪਵੇਗਾ। ਜੇ ਬਾਬਾ ਧਨੌਲਾ ਚਾਹੁੰਦੇ ਹਨ ਕਿ ਸਿੱਖ ਸੰਗਤ ਉਹਨਾਂ ਨੂੰ ਇਕ ਰਾਜਨੀਤਕ ਆਗੂ ਦੇ ਨਾਲ-ਨਾਲ ਕੌਮ ਦਾ ਧਾਰਮਿਕ ਆਗੂ ਵੀ ਤਸਲੀਮ ਕਰੇ ਤਾਂ ਇਹ ਵੀ ਜ਼ਰੂਰੀ ਹੈ ਕਿ ਉਹ ਕਥਿਤ ਸੰਤ ਸਮਾਜ ਦਾ ਤੁਰੰਤ ਖਹਿੜਾ ਛੱਡ ਦੇਣ। ਇਹ ਸੰਤ ਸਮਾਜ ਇਸ ਸਮੇਂ ਬਾਬਾ ਟੇਕ ਸਿੰਘ ਧਨੌਲਾ ਦੇ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਾਂ ਲੜ ਹੀ ਰਿਹਾ ਹੈ ਸਗੋਂ ਨਾਲ-ਨਾਲ ਉਹ ਪਾਲ ਸਿੰਘ ਪੁਰੇਵਾਲ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ 'ਚ ਮਿਲਾਵਟ ਕਰਵਾਉਣ ਲਈ ਬਾਦਲ ਦਲ 'ਤੇ ਸਭ ਤੋਂ ਵੱਧ ਦਬਾਅ ਬਣਾਉਣ ਦਾ ਵੀ ਦੋਸ਼ੀ ਹੈ ਜਿਸ ਪਾਰਟੀ ਨੇ ਬਾਬੇ ਦੇ ਆਖੇ ਅਨੁਸਾਰ ‘ਉਹਨਾਂ ਦੀ ਵਫ਼ਾਦਾਰੀ ਦਾ ਮੁੱਲ ਨਹੀਂ ਪਾਇਆ'।
ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅਲਵਿਦਾ ਆਖਣ ਤੋਂ ਬਾਅਦ ਬਾਬਾ ਟੇਕ ਸਿੰਘ ਧਨੌਲਾ ਨੂੰ ਆਪਣੇ ਰਾਜਸੀ ਜੀਵਨ ਦੀ ਨਵੇਂ ਸਿਰਿਓਂ ਸ਼ੁਰੂਆਤ ਕਰਨੀ ਪਵੇਗੀ। ਉਹ ਆਪਣੇ ਇਸ ਜੀਵਨ 'ਚ ਤਾਂ ਹੀ ਕਾਮਯਾਬ ਹੋ ਸਕਦੇ ਹਨ ਜੇ ਉਹ ਆਪਣੀ ਧਾਰਮਿਕ ਅਤੇ ਸਿਆਸੀ ਨੀਤੀਆਂ ਨੂੰ ਪੂਰੀ ਤਰਾਂ ਸਪੱਸ਼ਟ ਕਰਨ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਸੰਭਵ ਹੈ ਕਿ ਬਾਬਾ ਧਨੌਲਾ ਦਾ ਭਵਿੱਖ ਡਾਵਾਂਡੋਲ ਹੋ ਜਾਵੇ। ਪਹਿਲਾਂ ਹੀ ਕਈ ਨਿੱਜੀ ਝਮੇਲਿਆਂ 'ਚ ਉਲਝੇ ਬਾਬਾ ਧਨੌਲਾ ਆਪਣੀ ਰਾਜਸੀ ਤੇ ਧਾਰਮਿਕ ਗੱਡੀ ਦੀ ਲੀਹ 'ਤੇ ਚੜਨ ਲਈ ਸ਼ੁਰੂਆਤ ਨਾਨਕਸ਼ਾਹੀ ਕੈਲੰਡਰ 'ਚ ਮਿਲਾਵਟ ਨੂੰ ਪ੍ਰਵਾਨਗੀ ਦੇਣ ਵਾਲੇ ਆਪਣੇ ਫੈਸਲੇ 'ਤੇ ਪਛਤਾਵਾ ਕਰਕੇ ਕਰ ਸਕਦੇ ਹਨ। ਜੇ ਉਹ ਅਜਿਹਾ ਕਰਦੇ ਹਨ ਤਾਂ ਸਿੱਖ ਸੰਗਤ ਉਹਨਾਂ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕਰੇਗੀ।
 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>