Tuesday, February 15, 2011

ਜੰਗ ਦੀ ਸਿਖ਼ਰ ਤੋਂ ਸ਼ਹਾਦਤ ਤੱਕ

ਨਰਾਇਣ ਸਿੰਘ
5-6 ਜੂਨ ਦੀ ਦਰਮਿਆਨੀ ਰਾਤ ਨੂੰ ਕਰੀਬ 10.30 ਵਜੇ ਪਵਿੱਤਰ ਪਰਿਕਰਮਾ ਵਿਚ ਹਿੰਦ ਫੌਜ ਦੇ ਟੈਂਕ ਦਾਖਲ ਹੋਏ।
ਜਨਰਲ ਸੁਬੇਗ ਸਿੰਘ ਨੇ ਐਂਟੀ-ਟੈਂਕ ਰਾਕਟ -ਪ੍ਰੋਪੈਲਡ ਗੰਨ ਉਠਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਟੈਂਕਾਂ ਦੇ ਅੱਗੇ ਲੱਗੀ ਆਰ.ਪੀ.ਸੀ. ਨੂੰ ਤਬਾਹ ਕਰ ਦਿੱਤਾ।
ਜਨਰਲ ਸੁਬੇਗ ਸਿੰਘ ਦੇ ਕੋਲ ਜਿੰਨੇ ਗੋਲੇ ਸਨ, ਉਹ ਟੈਂਕਾਂ 'ਤੇ ਵਰ੍ਹਾ ਦਿੱਤੇ।
ਇਸ ਭਿਆਨਕ ਟੱਕਰ ਦੌਰਨ ਕੌਮ ਦੇ ਇਸ ਸੂਰਬੀਰ ਜਰਨੈਲ ਸਰਦਾਰ ਸੁਬੇਗ ਸਿੰਘ ਨੂੰ ਰਾਤ ਕਰੀਬ 11.30 ਵਜੇ ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਕੱਟਣ ਵਾਲੀ ਜਗ੍ਹਾ ਨੇੜੇ ਵੈਰੀ ਦੀਆਂ ਗੋਲੀਆਂ ਦਾ ਬਰੱਸਟ ਵੱਜ ਗਿਆ। ਜ਼ਖਮੀ ਹੋਏ ਇਸ ਜਰਨੈਲ ਨੂੰ ਕੁਝ ਸਿੰਘ ਸੰਤ ਜਰਨੈਲ ਸਿੰਘ ਕੋਲ ਅਕਾਲ ਤਖ਼ਤ ਸਾਹਿਬ ਦੇ ਤਹਿਖ਼ਾਨੇ ਵਿਚ ਲੈ ਗਏ। ਆਖ਼ਰੀ ਸਾਹਾਂ 'ਤੇ ਜਨਰਲ ਸੁਬੇਗ ਸਿੰਘ ਨੇ ਕਿਹਾ :
‘‘ਸੰਤ ਜੀ ਮੇਰੀ ਤਾਂ ਨਿਭ ਗਈ, ਮੇਰੇ ਲਈ ਅਰਦਾਸ ਕਰੋ, ਵਾਹਿਗੁਰੂ ਆਪਨੇ ਚਰਨਾਂ ਵਿਚ ਨਿਵਾਸ ਬਖਸ਼ੇ...।''
ਜ਼ਖਮੀ ਹੋਏ ਇਸ ਜਰਨੈਲ ਨੂੰ ਸੰਤਾਂ ਨੇ ਆਪਣੀ ਹਿੱਕ ਨਾਲ ਲਗਾਇਆ। ਸਿਰ ਆਪਣੀ ਗੋਦ ਵਿਚ ਲੈ ਕੇ ਲਿਟਾ ਦਿੱਤਾ ਅਤੇ ਕਿਹਾ :
‘‘ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਵਾਹਿਗੁਰੂ ਦੇ ਦਰ 'ਤੇ ਵੈਰੀਆਂ ਦੇ ਛੱਕੇ ਛਡਾਉਣ ਲਈ ਸਨਮੁਖ ਜੂਝਣ ਵਾਲੇ ਪੰਥ ਦੇ ਜਰਨੈਲ ਸਰਦਾਰ ਸੁਬੇਗ ਸਿੰਘ ਨੂੰ ਮੇਰੇ ਵਰਗੇ ਸਾਧ ਦੀ ਅਰਦਾਸ ਦੀ ਕਾਹਦੀ ਲੋੜ...? ਇਸ ਜਰਨੈਲ ਲਈ ਤਾਂ ਵਾਹਿਗੁਰੂ ਦੀ ਦਰਗਾਹ ਦਾ ਦਰ ਸਦਾ ਹੀ ਖੁੱਲ੍ਹਾ ਹੈ...।''
ਸੰਤਾਂ ਨੇ ਇਹ ਕਹਿ ਕੇ ਵਾਹਿਗੁਰੂ-ਵਾਹਿਗੁਰੂ ਕਿਹਾ ਅਤੇ ਜਰਨੈਲ ਸਿੰਘ ਨੂੰ ਵੀ ਵਾਹਿਗੁਰੂ-ਵਾਹਿਗਰੂ ਕਰਦਾ ਹੋਇਆ ਜਨਰਲ ਸੁਬੇਗ ਸਿੰਘ ਚੜ੍ਹਾਈ ਕਰ ਗਿਆ।
ਸੰਤਾਂ ਨੇ ਜੈਕਾਰਾ ਛੱਡ ਕੇ ਇਸ ਸੂਰਬੀਰ ਜਰਨੈਲ ਉਪਰ ਚਾਦਰ ਪਾ ਕੇ ਤਹਿਖ਼ਾਨੇ ਵਿਚ ਲਿਟਾ ਦਿੱਤਾ। ਜਨਰਲ ਸੁਬੇਗ ਸਿੰਘ ਦੀ ਸ਼ਹੀਦੀ ਸਮੇਂ ਸੰਤ ਜਰਨੈਲ ਸਿੰਘ ਅਤੇ ਸਿੰਘਾਂ ਵੱਲੋਂ ਛੱਡੇ ਜੈਕਾਰਿਆਂ ਨੂੰ ਸੁਣ ਕੇ ਹਿੰਦ ਫੌਜ ਨੇ ਸਮਝਿਆ ਕਿ ਸ਼ਾਇਦ ਅਸੀਂ ਮੋਰਚਾ ਮਾਰ ਲਿਆ ਹੈ ਅਤੇ ਸੰਤ ਖ਼ਤਮ ਹੋ ਗਏ ਹਨ। ਫੌਜ ਦੇ ਕਮਾਂਡੇ ਜਦ ਇਸ ਭੁਲੇਖੇ ਵਿਚ ਅੱਗੇ ਵਧੇ ਤਾਂ ਸਿੰਘਾਂ ਨੇ ਉਹਨਾਂ ਦੇ ਆਹੂ ਲਾਹ ਸੁੱਟੇ।
ਕਰੀਬ 12.00 ਵਜੇ ਇਕ ਸਿੰਘ ਸੰਤਾਂ ਕੋਲ ਤਹਿਖ਼ਾਨੇ ਵਿਚ ਪੁੱਜਾ ਅਤੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦਾ ਗੁੰਬਦ ਤੋਪਾਂ ਦੇ ਗੋਲਿਆਂ ਨਾਲ ਉਡ ਗਿਆ ਹੈ। ਇਹ ਸੁਣ ਕੇ ਸੰਤਾਂ ਨੇ ਕਿਹਾ,
‘‘ਲਉ ਭਾਈ! ਫਿਰ ਸ਼ਹੀਦੀਆਂ ਪਾਉਣ ਦਾ ਵੇਲਾ ਆ ਗਿਆ ਜੇ।''
ਸੰਤਾਂ ਨੇ ਇਕ ਵਾਰੀ ਸਾਰੇ ਮੋਰਚਿਆਂ ਦਾ ਦੁਬਾਰਾ ਜਾਇਜ਼ ਲਿਆ। ਭਾਈ ਅਮਰੀਕ ਸਿੰਘ ਅਤੇ ਹੋਰ ਸਿੰਘਾਂ ਨਾਲ ਸਲਾਹ ਕਰਕੇ 6 ਜੂਨ ਨੂੰ ਸਵੇਰੇ 7.30 ਵਜੇ ਤਕ ਮੁਕਾਬਲਾ ਕਰਨ ਅਤੇ ਫਿਰ ਬਾਹਰ ਨਿਕਲ ਕੇ ਨਿਸ਼ਾਨ ਸਾਹਿਬ ਹੇਠ ਸ਼ਹੀਦ ਹੋਣ ਦਾ ਫੈਸਲਾ ਲੈ ਲਿਆ।
ਜਨਰਲ ਸੁਬੇਗ ਸਿੰਘ ਦੀ ਸ਼ਹੀਦੀ ਤੋਂ ਬਾਅਦ ਕਰੀਬ 12.00 ਵਜੇ ਸੰਤਾਂ ਨੇ ਉਸ ਮਕਾਨ, ਜਿਥੇ ਕਦੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸਾਧੂ ਸਿੰਘ ਭੌਰਾ ਆਪਣੇ ਕਾਰਜਕਾਲ ਦੌਰਾਨ ਰਿਹਾਇਸ਼ ਰੱਖਦੇ ਹੁੰਦੇ ਸਨ, ਦੇ ਗੁਸਲਖ਼ਾਨੇ ਵਿਚ ਇਸ਼ਨਾਨ ਕੀਤਾ ਅਤੇ ਵਾਪਸ ਤਹਿਖਾਨੇ 'ਚ ਚਲੇ ਗਏ।
ਤਹਿਖਾਨੇ ਵਿਚ ਨਿਤਨੇਮ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਪਰ ਆ ਕੇ ਅਰਦਾਸ ਕੀਤੀ ਅਤੇ ਆਪਣਾ ਤੀਰ ਸਿੱਖ ਕੌਮ ਦੀ ਇਤਿਹਾਸਕ ਵਿਰਾਸਤ ਸਮਝ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਇਤਿਹਾਸਕ ਸ਼ਸ਼ਤਰਾਂ ਦੇ ਲਾਗੇ ਰੱਖ ਦਿੱਤੇ।
ਤੀਰ ਰੱਖਣ ਤੋਂ ਬਾਅਦ ਸੰਤ ਫਿਰ ਤਹਿਖ਼ਾਨੇ ਵਿਚ ਚਲੇ ਗਏ ਅਤੇ ਚਾਦਰ ਉਪਰ ਲੈ ਕੇ ਇਸ ਤਰ੍ਹਾਂ ਬੇਫ਼ਿਕਰ ਹੋ ਕੇ ਸੌਂ ਗਏ, ਜਿਵੇਂ ਉਥੇ ਕੋਈ ਜੰਗ ਹੋ ਹੀ ਨਾ ਰਹੀ ਹੋਵੇ।
ਕਰੀਬ ਪੌਣਾ ਘੰਟਾ ਬਾਅਦ ਸੰਤ ਉਠੇ ਅਤੇ ਉਥੇ ਹਾਜ਼ਰ ਸਿੰਘਾਂ ਨੂੰ ਇਕ ਵਾਰੀ ਫਿਰ ਕਿਹਾ :
‘‘ਜਿਹੜਾ ਜਾਣਾ ਚਾਹੇ ਜਾ ਸਕਦਾ ਹੈ। ਕੋਈ ਇਹ ਨਾ ਕਹੇ ਕਿ ਸਾਧ ਨੇ ਮਰਵਾ ਦਿੱਤਾ। ਇਥੇ ਹੁਣ ਉਹੋ ਹੀ ਰਹੇ, ਜਿਸ ਨੇ ਸ਼ਹੀਦੀ ਪਾਉਣੀ ਹੈ।''
ਸੰਤਾਂ ਨੇ ਮਖੌਲੀਆ ਲਹਿਜੇ ਵਿਚ ਹੱਸਦਿਆਂ ਹੋਇਆਂ ਇਹ ਵੀ ਕਿਹਾ :
‘‘ਕਿਸੇ ਦੀ ਸਿੰਘਣੀ ਵੀ ਮੈਨੂੰ ਗਾਲ੍ਹਾਂ ਨਾ ਕੱਢੇ ਕਿ ਸਾਧ ਨੇ ਮੇਰਾ ਬੰਦਾ (ਪਤੀ) ਮਰਵਾ ਦਿੱਤਾ। ਜਿਸ ਨੂੰ ਪਰਿਵਾਰ ਦੀ ਖਿੱਚ ਹੈ, ਉਹ ਚਲਾ ਜਾਵੇ।''
ਇਸ ਸਮੇਂ ਭਿਆਨਕ ਜੰਗ ਜਾਰੀ ਸੀ ਅਤੇ ਹਿੰਦੁੱਸਤਾਨ ਟੈਂਕਾਂ ਅਤੇ ਤੋਪਾਂ ਅੱਗ ਦੇ ਗੋਲੇ ਵਰ੍ਹਾ ਰਹੇ ਸਨ। ਚਾਰ-ਚੁਫੇਰਿਓਂ ਫੌਜ ਦੇ ਕਟਕ ਮੁੱਠੀ ਭਰ ਸਿੰਘਾਂ ਨੂੰ ਦਰੜ ਸੁੱਟਣ ਲਈ ਦੰਦ ਪੀਹ-ਪੀਹ ਕੇ ਹਮਲੇ ਕਰ ਰਹੇ ਸਨ, ਜਦਕਿ ਹਰਮਿੰਦਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਸਿੱਖੀ ਸਿਦਕ ਦੇ ਸਹਾਰੇ ਮੁੱਠੀ ਭਰ ਦਸਮੇਸ਼ ਦੇ ਦੁਲਾਰੇ ਸਿੰਘ ਚੜ੍ਹਦੀ ਕਲਾ ਨਾਲ ਫੌਜ ਦਾ ਮੁਕਾਬਲਾ ਕਰ ਰਹੇ ਸਨ।
ਸਿੰਘਾਂ ਅਤੇ ਫੌਜ ਦਰਮਿਆਨ ਚੱਲ ਰਹੀ ਇਸ ਜੰਗ ਨੂੰ ਜਦ ਇਕ ਹੋਰ ਦਿਨ ਚੜ੍ਹ ਗਿਆ ਤਾਂ ਸੰਤਾਂ ਨੇ ਜੰਗ ਦਾ ਜਾਇਜ਼ਾ ਲੈਣ ਪਿੱਛੋਂ ਇਕ ਵਾਰ ਮੁੜ ਸਿੰਘਾਂ ਨਾਲ ਵਿਚਾਰ ਕੀਤੀ ਅਤੇ 7.30 ਵਜੇ ਸ਼ਹੀਦੀਆਂ ਪਾਉਣ ਦੇ ਫੈਸਲੇ ਨੂੰ ਇਹ ਦੇਖ ਕੇ ਕਿ ਅਜੇ ਹੋਰ ਸਮਾਂ ਜੰਗ ਲੜ ਸਕਦੇ ਹਾਂ, 9.30 ਵਜੇ ਤਕ ਵਧਾ ਦਿੱਤਾ।
ਗਿਆਨੀ ਪ੍ਰੀਤਮ ਸਿੰਘ ਹੈਡ ਗ੍ਰੰਥੀ, ਸ੍ਰੀ ਅਕਾਲ ਤਖ਼ਤ ਸਾਹਿਬ ਅਨੁਸਾਰ ਭਾਈ ਅਮਰੀਕ ਸਿੰਘ ਸਵੇਰੇ 8.30 ਵਜੇ ਦੇ ਕਰੀਬ ਸ੍ਰੀ ਅਕਾਲ ਤਖ਼ਤ ਦੇ ਉਪਰ ਆਏ ਅਤੇ ਮੈਨੂੰ ਹੇਠਾਂ ਬੈਠੇ ਨੂੰ ਦੇਖ ਕੇ ਕਿਹਾ
‘‘ਸਿੰਘ ਸਾਹਿਬ ਜੀ, ਤੁਸੀਂ ਇਸ ਤਰ੍ਹਾਂ ਬੈਠੇ ਚੰਗੇ ਨਹੀਂ ਲੱਗਦੇ, ਕਿਸੇ ਕਮਰੇ ਵਿਚ ਚਲੇ ਜਾਉ।'' ਤਾਂ ਮੈਂ ਅੱਗੋਂ ਇਹ ਕਿਹਾ ਕਿ ‘‘ਇਥੇ ਸੁਰੱਖਿਆ ਸਮਝ ਕੇ ਹੀ ਬੈਠਾ ਹਾਂ, ਬਾਕੀ ਕਮਰਿਆਂ ਵਿਚ ਤਾਂ ਗੋਲੀਆਂ ਵਰ੍ਹ ਰਹੀਆਂ ਹਨ।'' ਜਦ ਮੈਂ ਭਾਈ ਅਮਰੀਕ ਸਿੰਘ ਨੂੰ ਪੁੱਛਿਆ ਕਿ ‘‘ਤੁਹਾਡਾ ਕੀ ਪ੍ਰੋਗਰਾਮ ਹੈ?'' ਤਾਂ ਉਨ੍ਹਾਂ ਨੇ ਅੱਗੋਂ ਦੱਸਿਆ ਕਿ ‘‘ਅਸੀਂ ਪਹਿਲਾਂ 7.30 ਵਜੇ ਬਾਹਰ ਨਿਕਲ ਕੇ ਸ਼ਹੀਦ ਹੋਣ ਦਾ ਫੈਸਲਾ ਕੀਤਾ ਸੀ, ਪਰ ਹੁਣ 9.30 ਵਜੇ ਤਕ ਲੜਾਂਗੇ ਅਤੇ ਫਿਰ 9.30 ਵਜੇ ਬਾਹਰ ਨਿਕਲ ਕੇ ਸ਼ਹੀਦ ਹੋ ਜਾਵਾਂਗੇ।''
ਗਿਆਨੀ ਪ੍ਰੀਤਮ ਸਿੰਘ ਅਨੁਸਾਰ ਭਾਈ ਅਮਰੀਕ ਸਿੰਘ ਤੋਂ ਪਹਿਲਾਂ ਕੋਈ 8.00 ਵਜੇ ਦੇ ਕਰੀਬ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਗੁਸਲਖ਼ਾਨੇ ਵਿਚ ਆਏ ਸਨ ਅਤੇ ਟੂਟੀਆਂ ਤੋਂ ਮੂੰਹ-ਹੱਥ ਧੋ ਕੇ ਨਾਲ ਆਏ ਸਿੰਘਾਂ ਨਾਲ ਗੱਲਾਂ ਕਰਦੇ ਹੋਏ ਵਾਪਸ ਤਹਿਖ਼ਾਨੇ ਵਿਚ ਚਲੇ ਗਏ ਸਨ।
ਜਦ 6 ਜੂਨ 1984 ਦੇ 9.30 ਵਜੇ ਤਾਂ ਸੰਤਾਂ ਨੇ ਇਕਦਮ ਕਿਹਾ, ‘‘ਆਉ ਸਿੰਘੋ ਚੱਲੀਏ' ਅਤੇ ਅੱਗੇ ਲੱਗ ਕੇ ਤਹਿਖ਼ਾਨੇ ਦੀਆਂ ਪੌੜੀਆਂ ਚੜ੍ਹਨ ਲੱਗ ਪਏ।
ਭਾਈ ਗੁਰਮੁਖ ਸਿੰਘ ਗੜਵਈ (ਭੂਰੇ ਕੋਹਨੇ), ਭਾਈ ਰਾਮ ਸਿੰਘ ਕਾਲਾ ਗੜਵਈ, ਭਾਈ ਤਰਲੋਚਨ ਸਿੰਘ ਲੱਧੂਵਾਲ, ਭਾਈ ਅਨੰਦ ਸਿੰਘ, ਭਾਈ ਜਸਵਿੰਦਰ ਸਿੰਘ ਮਨਾਵਾਂ, ਭਾਈ ਮੁਖਤਿਆਰ ਸਿੰਘ ਮੁਖੀ, ਭਾਈ ਗੁਰਸ਼ਰਨ ਸਿੰਘ ਰਾਗੀ, ਭਾਈ ਠਾਕੁਰ ਸਿੰਘ ਕਥਾਕਾਰ, ਭਾਈ ਗੁਰਭੇਜ ਸਿੰਘ ਆਦਿ ਸਮੇਤ ਉਥੇ ਮੌਜੂਦ 30-32 ਸਿੰਘ ਸੰਤਾਂ ਦੇ ਮਗਰ ਤੁਰ ਪਏ। ਇਹ ਪੌੜੀਆਂ ਬਹੁਤ ਛੋਟੀਆਂ ਹੋਣ ਕਰਕ ਕੇ ਇਕ ਬੰਦਾ ਹੀ ਇਕ ਵਾਰੀ ਚੜ੍ਹ ਸਕਦਾ ਸੀ, ਇਸ ਲਈ ਸੰਤਾਂ ਦੇ ਪਿੱਛੇ ਸਿੰਘਾਂ ਦੀ ਇਕ ਕਤਾਰ ਜਿਹੀ ਬਣ ਗਈ।
ਸੰਤ ਜੀ ਇਹਨਾਂ ਪੌੜੀਆਂ ਦੀ ਸਿਖਰਲੀ ਪੌੜੀ 'ਤੇ ਖੜ੍ਹੇ ਹੋ ਕੇ ਅਰਦਾਸ ਕਰਨ ਲੱਗ ਪਏ ਅਤੇ ਸਿੰਘਾਂ ਦੀ ਸਾਰੀ ਕਤਾਰ ਵੀ ਪਿੱਛੇ ਖੜ੍ਹੀ ਹੋ ਗਈ।
ਪਿੱਛੋਂ ਇਕ ਸਿੰਘ ਨੇ ਪੁੱਛਿਆ - ‘‘ਖੜ੍ਹ ਕਿਉਂ ਗਏ ਹੋ?''
ਤਾਂ ਸੰਤਾਂ ਤੋਂ ਪਿਛਲੇ ਤੀਜੇ ਸਿੰਘ ਨੇ ਕਿਹਾ- ‘‘ਸੰਤ ਜੀ ਅਰਦਾਸ ਕਰ ਰਹੇ ਨੇ।''
ਇਸ ਸਮੇਂ ਸੰਤਾਂ ਦੇ ਗਲ ਵਿਚ ਉਹਨਾਂ ਦਾ ਪਿਸਤੌਲ ਸੀ ਅਤੇ ਹੱਥ ਵਿਚ ਤੀਰ ਦੀ ਥਾਂ ਏ.ਕੇ. 47 ਰਾਈਫ਼ਲ ਸੀ।
ਸੰਤ ਜੀ ਅਰਦਾਸ ਕਰਨ ਉਪਰੰਤ ਅਕਾਲ ਤਖ਼ਤ ਸਾਹਿਬ ਤੋਂ ਹੇਠਾਂ ਉਤਰੇ ਅਤੇ ਫਿਰ ਤੇਜ਼ੀ ਨਾਲ ਦਰਸ਼ਨੀ ਡਿਓੜ੍ਹੀ ਵੱਲ ਨੂੰ ਕੁਝ ਕਦਮ ਵਧੇ। ਦਰਬਾਰ ਸਾਹਿਬ ਵੱਲ ਸਿਰ ਨਿਵਾ ਕੇ ਮੱਥਾ ਟੇਕਿਆ ਅਤੇ ਇਕਦਮ ਨਿਸ਼ਾਨ ਸਾਹਿਬ ਵੱਲ ਮੁੜ ਪਏ।
ਭਾਈ ਅਮਰੀਕ ਸਿੰਘ ਨੂੰ ਪੌੜੀਆਂ ਤੋਂ ਉਤਰਦਿਆਂ ਹੀ ਗੋਲੀ ਲੱਗ ਗਈ ਸੀ। ਉਹ ਜ਼ਖਮੀ ਹੋ ਕੇ ਨਿਸ਼ਾਨ ਸਾਹਿਬ ਤੋਂ ਅਗੇ ਬਰਾਂਡੇ ਵਿਚ ਇਕ ਕੌਲੇ ਦੀ ਆੜ ਹੇਠ ਕੰਧ ਨੂੰ ਢੋਅ ਲਾ ਕੇ ਬੈਠ ਗਏ।
ਸੰਤਾਂ ਦੇ ਮਗਰ ਆ ਰਹੇ ਸਿੰਘਾਂ ਵਿਚੋਂ ਕਈ ਤਾਂ ਪੌੜੀਆਂ ਦੇ ਵਿਚ ਹੀ ਗੋਲੀਆਂ ਲਗਣ ਨਾਲ ਸ਼ਹੀਦ ਹੋ ਗਏ। ਇਸ ਸਮੇਂ ਘਮਸਾਣ ਦਾ ਜੰਗ ਹੋ ਰਿਹਾ ਸੀ ਅਤੇ ਗੋਲੀਆਂ ਮੀਂਹ ਵਾਂਗ ਵਰ੍ਹ ਰਹੀਆਂ ਸਨ । ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਨਿਸ਼ਾਨ ਸਾਹਿਬ ਦੇ ਦਰਮਿਆਨ ਵਾਲੀ ਖੁੱਲ੍ਹੀ ਜਗ੍ਹਾ ਵਿਚ ਗੋਲੀਆਂ ਲੱਗਣ ਨਾਲ ਸੰਗਮਰਮਰ ਦੀਆਂ ਇੱਟਾਂ ਟੁੱਟ ਕੇ ਤੂਫ਼ਾਨ ਵਾਂਗ ਉਂਡ ਰਹੀਆਂ ਸਨ। ਇਸ ਸਥਾਨ 'ਤੇ ਗੋਲੀਆਂ ਅਤੇ ਬੰਬਾਂ ਦਾ ਧੂੰਆਂ ਹੀ ਧੂੰਆਂ ਫੈਲਿਆ ਹੋਇਆ ਸੀ।
ਭਾਈ ਮੁਖਤਿਆਰ ਸਿੰਘ ਮੁਖੀ, ਭਾਈ ਠਾਕੁਰ ਸਿੰਘ ਕਥਾਕਾਰ ਅਤੇ ਭਾਈ ਗੁਰਸ਼ਰਨ ਸਿੰਘ ਰਾਗੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਵੱਲੋਂ ਦੀ ਹੋ ਕੇ ਕੁਆਰਟਰਾਂ ਵਿਚ ਚਲੇ ਗਏ ਅਤੇ ਉਧਰ ਸੰਤ ਜਰਨੈਲ ਸਿੰਘ ਹੱਥ ਵਿਚ ਫੜੀ ਚੀਨੀ ਆਟੋਮੈਟਿਕ ਰਾਈਫਲ ਨਾਲ ਦੁਸ਼ਮਣ 'ਤੇ ਗੋਲੀਆਂ ਵਰ੍ਹਾਉਣ ਲੱਗ ਪਏ।
ਭਾਈ ਗੁਰਜੀਤ ਸਿੰਘ , ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਅਨੁਸਾਰ, ਉਹ (ਗੁਰਜੀਤ ਸਿੰਘ) ਖ਼ੁਦ ਵੀ ਉਸ ਬਰਾਂਡੇ ਵਿਚ ਹੀ ਚਲੇ ਗਏ, ਜਿਥੇ ਭਾਈ ਅਮਰੀਕ ਸਿੰਘ ਅਤੇ ਸੰਤਾਂ ਦੇ ਭਰਾ ਭਾਈ ਜਗੀਰ ਸਿੰਘ ਜ਼ਖਮੀ ਹੋ ਕੇ ਬੈਠੇ ਹੋਏ ਸਨ।
ਭਾਈ ਗੁਰਜੀਤ ਸਿੰਘ ਅਨੁਸਾਰ, ਜਦ ਸੰਤਾਂ ਨੂੰ ਫੌਜ ਦੀਆਂ ਗੋਲੀਆਂ ਦਾ ਬਰੱਸਟ ਵੱਜਾ ਤਾਂ ਇਸ ਇਤਿਹਾਸਕ ਦ੍ਰਿਸ਼ ਨੂੰ ਦੇਖ ਕੇ ਬਰਾਂਡੇ ਵਿਚ ਜ਼ਖਮੀ ਹਾਲਾਤ ਵਿਚ ਪਏ ਭਾਈ ਅਮਰੀਕ ਸਿੰਘ ਨੇ ਕਿਹਾ, ‘‘ਲਓ ਭਾਈ! ਭਾਣਾ ਵਰਤ ਗਿਆ ਜੇ, ਸੰਤ ਸ਼ਹੀਦ ਹੋ ਗਏ।''
ਭਾਈ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਭਾਈ ਅਮਰੀਕ ਸਿੰਘ ਦੇ ਮੂੰਹ 'ਚੋਂ ਸੰਤਾਂ ਦੇ ਸ਼ਹੀਦ ਹੋਣ ਦੇ ਸ਼ਬਦ ਸੁਣੇ ਤਾਂ ਇਕਦਮ ਉਸ ਪਾਸੇ ਵਲ ਵੇਖਿਆ, ਪਰ ਉਸ ਸਮੇਂ ਨਿਸ਼ਾਨ ਸਾਹਿਬ ਹੇਠ ਧੂੰਆਂ ਅਤੇ ਘੱਟਾ ਛਾਇਆ ਹੋਇਆ ਸੀ ਅਤੇ ਬਹੁਤ ਸਾਰੇ ਸਿੰਘਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਗੋਲੀਆਂ ਅਤੇ ਬੰਬਾਂ ਦਾ ਮੀਂਹ ਵਰ੍ਹਾ ਰਿਹਾ ਹੋਣ ਕਾਰਨ, ਮੈਂ ਕੋਸ਼ਿਸ਼ ਕਰਨ 'ਤੇ ਵੀ ਸੰਤਾਂ ਨੂੰ ਦੇਖ ਨਾ ਸਕਿਆ।
ਸੰਤਾਂ ਨੂੰ ਇਹ ਬਰੱਸਟ ਕੜਾਹ ਪ੍ਰਸ਼ਾਦ ਵਾਲੇ ਪਾਸੇ ਪਹੁੰਚ ਚੁੱਕੇ ਹਿੰਦੂ ਫੌਜ ਦੇ ਜੁਆਨਾਂ ਨੇ ਮਾਰਿਆ ਸੀ। ਸੰਤ ਜੀ ਉਸ ਸਮੇਂ ਇਕ ਪਾਸੇ ਨੂੰ ਮੂੰਹ ਕਰ ਕੇ ਪਰਿਕਰਮਾ ਵਿਚ ਪਹੁੰਚੇ ਵੈਰੀਆਂ 'ਤੇ ਆਪਣੀ ਅਸਾਲਟ ਰਾਈਫ਼ਲ 'ਚੋਂ ਗੋਲੀਆਂ ਚਲਾ ਰਹੇ ਸਨ। ਭਾਈ ਗੁਰਜੀਤ ਸਿੰਘ ਦਾ ਕਹਿਣਾ ਸੀ, ‘‘ਜਦ ਮੈਂ ਭਾਈ ਜਗੀਰ ਸਿੰਘ ਨੂੰ ਬਰਾਂਡੇ ਵਿਚ ਸੌਂ ਰਹੇ ਦੇਖਿਆ ਤਾਂ ਪੁੱਛਿਆ :
‘‘ਇੱਧਰ ਗੋਲੀ ਵਰ੍ਹ ਰਹੀ ਹੈ ਅਤੇ ਤੁਸੀਂ ਸੌਂ ਰਹੇ ਹੋ?''
ਤਾਂ ਉਸ ਨੇ ਅਗੋ ਬੇਪਰਵਾਹ ਹੋ ਕੇ ਹੱਸਦਿਆਂ ਹੋਇਆਂ ਜੁਆਬ ਦਿੱਤਾ :
‘‘ਹੁਣ ਤਾਂ ਥੋੜ੍ਹੀ ਦੇਰ ਬਾਅਦ ਗੂੜ੍ਹੀ ਨੀਂਦ ਸੌਵਾਂਗਾ।''
ਸੰਤਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੂਝ ਮਰਨ ਦੇ ਚਾਉ ਨਾਲ ਇਸ ਖੁੱਲ੍ਹੀ ਜਗ੍ਹਾ ਵੱਲ ਉਤਰੇ ਬਾਕੀ ਸਾਰੇ ਸਿੰਘ ਤਾਂ ਸ਼ਹੀਦ ਹੋ ਗਏ ਪਰ ਭਾਈ ਗੁਰਜੀਤ ਸਿੰਘ, ਭਾਈ ਠਾਕੁਰ ਸਿੰਘ, ਭਾਈ ਗੁਰਸ਼ਰਨ ਸਿੰਘ ਅਤੇ ਭਾਈ ਮੁਖਤਿਆਰ ਸਿੰਘ ਬਚ ਨਿਕਲੇ। ਬਚ ਨਿਕਲੇ ਉਪਰੋਕਤ ਸਿੰਘਾਂ ਵਿਚੋਂ ਮੁਖਤਿਆਰ ਸਿੰਘ ਮੁਖੀ ਫੌਜ ਦੇ ਕਾਬੂ ਆ ਗਿਆ ਅਤੇ ਜੋਧਪੁਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ।
ਇਹ ਸਾਰੇ ਸਿੰਘ ਸੰਤਾਂ ਦੀ ਸ਼ਹਾਦਤ ਦੇ ਚਸ਼ਮਦੀਦ ਗਵਾਹ ਹਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>