Tuesday, February 15, 2011

ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀਆਂ ਅੰਤਮ ਰਸਮਾਂ ਦੀ ਗਾਥਾ

ਨਰਾਇਣ ਸਿੰਘ
ਫੌਜ ਨੇ ਪਹਿਲਾਂ ਆਪਣੀ ਕਾਰਵਾਈ ਨੂੰ ਜਾਇਜ਼ ਦਰਸਾਉਣ ਅਤੇ ਹਿੰਦੂਆਂ ਵਿਚ ਆਪਣੀ ਬੱਲੇ-ਬੱਲੇ ਕਰਵਾਉਣ ਲਈ ਡਾ. ਬਲਦੇਵ ਪ੍ਰਕਾਸ਼ ਸਾਬਕਾ ਐਮ.ਪੀ. ਦੀ ਅਗਵਾਈ ਹੇਠ ਹਿੰਦੂਆਂ ਦੇ ਜਥਿਆਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਲਾਸ਼ਾਂ ਦਿਖਾਉਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਸਿੱਖਾਂ ਦੇ ਵੱਡੇ-ਵੱਡੇ ਜਥਿਆਂ ਦੀ ਅੰਮ੍ਰਿਤਸਰ ਵੱਲ ਰਵਾਨਗੀ ਹੋਈ ਦੇਖ ਕੇ ਫੌਜ ਉਧਰ ਰੁਝ ਗਈ ਅਤੇ ਹਿੰਦ ਫੌਜ ਅਤੇ ਦਿੱਲੀ ਸਰਕਾਰ ਦੇ ਫ਼ਿਰਕੂ ਅਫ਼ਸਰਾਂ ਅਤੇ ਅਧਿਕਾਰੀਆਂ ਦਾ ਹਿੰਦੂਆਂ ਨੂੰ ਖੁਸ਼ ਕਰਨ ਦਾ ਵਿਚਾਰ ਵਿਚ ਹੀ ਰਹਿ ਗਿਆ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਾਸ਼ ਦਾ ਕਰੀਬ 8.00 ਵਜੇ ਅੰਮ੍ਰਿਤਸਰ ਦੇ ਮੁਰਦਾ ਘਰ ਵਿਖੇ ਡਾਕਟਰ ਕੰਗ ਦੀ ਅਗਵਾਈ ਹੇਠ ਪੋਸਟ-ਮਾਰਟਮ ਕੀਤਾ ਗਿਆ। ਪੋਸਟ-ਮਾਰਟਮ ਦੀ ਰਿਪੋਰਟ ਅਨੁਸਾਰ ਸੰਤਾਂ ਦੇ ਸਰੀਰ 'ਤੇ ਚੌਦਾਂ ਗੋਲੀਆਂ ਲੱਗੀਆਂ ਹੋਈਆਂ ਸਨ। ਇਹਨਾਂ ਵਿੱਚੋਂ ਸੱਤ ਸਿਰ ਦੇ ਇਕ ਪਾਸੇ, ਦੋ ਛਾਤੀ ਵਿਚ, ਇਕ ਡੌਲੇ ਵਿਚ, ਤਿੰਨ ਪੈਰਾਂ ਵਿਚ ਅਤੇ ਇਕ ਪਿੰਨੀ ਵਿਚ ਸਨ। ਇਹਨਾਂ ਵਿਚੋਂ ਗਿਆਰਾਂ ਗੋਲੀਆਂ ਸਾਹਮਣੇ ਅਤੇ ਦੋ ਸਾਈਡ 'ਤੇ ਲੱਗੀਆਂ ਹੋਈਆਂ ਸਨ। ਇਸ ਰਿਪੋਰਟ ਤੋਂ ਸਪੱਸ਼ਟ ਹ ਕਿ ਸਿੱਖ ਕੌਮ ਦੇ ਅਣਖੀਲੀ ਜਰਨੈਲ ਸੰਤ ਜਰਨੈਲ ਸਿੰਘ ਨੇ ਸਨਮੁਖ ਜੂਝਦਿਆਂ ਛਾਤੀ ਤਾਣ ਕੇ ਗੋਲੀਆਂ ਖਾਧੀਆਂ ਅਤੇ ਸ਼ਹੀਦੀ ਪਾਈ।
ਪੋਸਟ-ਮਾਰਟਮ ਸਮੇਂ ਬੀ-ਡਵੀਜ਼ਨ ਥਾਣੇ ਦੇ ਤਿੰਨ ਹਵਾਲਦਾਰ ਗੁਲਜ਼ਾਰ ਸਿੰਘ ਪਿੰਡ ਜੌੜਾ, ਤਰਲੋਕ ਸਿੰਘ ਅਤੇ ਅਰਜਨ ਸਿੰਘ ਮੌਜੂਦ ਸਨ। ਹਵਾਲਦਾਰ ਗੁਲਜ਼ਾਰ ਸਿੰਘ ਜੌੜਾ, ਜੋ ਬਾਅਦ ਵਿਚ ਏ.ਐਸ.ਆਈ ਵਜੋਂ ਰਿਟਾਇਰ ਹੋਇਆ, ਅਨੁਸਾਰ ਉਸ ਨੇ ਸੰਤਾਂ ਨੂੰ ਚੰਗੀ ਤਰ੍ਹਾਂ ਪਛਾਣਿਆ ਅਤੇ ਉਹਨਾਂ ਦੀ ਇਕ ਲੱਤ ਗੋਲੀਆਂ ਵੱਜਣ ਨਾਲ ਲਮਕ ਚੁੱਕੀ ਸੀ। ਗੁਲਜ਼ਾਰ ਸਿੰਘ ਨੇ ਭਾਵੁਕ ਹੋ ਕੇ ਸ਼ਰਧਾ ਵਜੋਂ ਸੰਤਾਂ ਦੇ ਦੁਆਲੇ ਪਰਿਕਰਮਾ ਕੀਤੀ। ਸੰਤਾਂ ਦੇ ਉਪਰ ਡੱਬੀਆਂ ਵਾਲੀ ਚਾਦਰ ਦਿੱਤੀ ਹੋਈ ਸੀ। ਹੌਲਦਾਰ ਗੁਲਜ਼ਾਰ ਸਿੰਘ ਜੌੜਾ ਨੂੰ ਜਦ ਇਹ ਪੁੱਛਿਆ ਗਿਆ ਕਿ ‘ਤੁਸੀਂ ਸੰਤਾਂ ਨੂੰ ਕਿਵੇਂ ਪਛਾਣਿਆ ਸੀ' ਤਾਂ ਉਸ ਦਾ ਜਵਾਬ ਸੀ ਕਿ ‘ਮੇਰੇ ਭਰਾ ਬਖਸ਼ੀਸ਼ ਸਿੰਘ ਨੂੰ ਬਲੂ-ਸਟਾਰ ਤੋਂ ਪਹਿਲਾਂ ਐਨ.ਐਸ.ਏ. ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੈਂ ਆਪਣੇ ਭਰਾ ਦੇ ਕਹਿਣ 'ਤੇ ਕੇਸ ਦੀ ਪੈਰਵਾਈ ਲਈ ਵਕੀਲ ਕਰਨ ਲਈ ਸੰਤਾਂ ਨੂੰ ਅਕਸਰ ਮਿਲਦਾ ਰਹਿੰਦਾ ਸਾਂ।'
ਕਾਰ ਸੇਵਾ ਵਾਲੇ ਬਾਬਾ ਬੁੱਧ ਸਿੰਘ, ਹਵੇਲੀ ਰਾਂਝੇ ਵਾਲੀ, ਨੇੜੇ ਸ਼ਮਸ਼ਾਨ-ਘਾਟ ਸ਼ਹੀਦਾਂ, ਅੰਮ੍ਰਿਤਸਰ ਅਨੁਸਾਰ ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਦੀਆਂ ਲਾਸ਼ਾਂ ਕਰੀਬ 10.00 ਵਜੇ ਰਾਤ ਇਕ ਗੱਡੀ ਵਿਚ ਲਿਆਂਦੀਆਂ ਗਈਆਂ। ਇਸ ਸਮੇਂ 150 ਦੇ ਕਰੀਬ ਫੌਜੀ ਜਵਾਨ ਅਤੇ ਕਾਫ਼ੀ ਗਿਣਤੀ ਵਿਚ ਪੁਲੀਸ ਵੀ ਮੌਜੂਦ ਸੀ। ਬਾਬਾ ਬੁੱਧ ਸਿੰਘ ਅਨੁਸਾਰ ਮੈਂ ਉਸ ਸਮੇਂ ਮਸਤਾਨਾ ਬਣ ਕੇ, ਪਾਟੇ ਕੱਪੜੇ ਪਹਿਨ ਕੇ ਅਤੇ ਵਾਲ ਖਿਲਾਰ ਕੇ ਸ਼ਮਸ਼ਾਨ-ਘਾਟ ਦੇ ਨੇੜੇ ਮੱਲਾਂ ਦੇ ਅਖਾੜੇ ਵਿਚ ਮੌਜੂਦ ਸੀ ਅਤੇ ਅਖਾੜੇ ਦੇ ਇਕ ਕਮਰੇ ਦੀ ਕੰਧ ਸ਼ਮਸ਼ਾਨ-ਘਾਟ ਨਾਲ ਸਾਂਝੀ ਸੀ। ਮੈਂ ਇਸ ਕੰਧ ਵਿਚਲੇ ਸੁਰਾਖ਼ ਰਾਹੀਂ ਸੰਤਾਂ ਦੇ ਸਸਕਾਰ ਦਾ ਸਾਰਾ ਦ੍ਰਿਸ਼ ਦੇਖ ਰਿਹਾ ਸੀ। ਮੜ੍ਹੀਆਂ ਵਿਚ ਮੌਜੂਦ ਦੋ ਮੁਲਾਜ਼ਮਾਂ, ਗੰਗਾ ਰਾਮ ਅਤੇ ਬਾਊ ਰਾਮ ਨੇ ਗੱਡੀ ਵਿਚ ਹੀ ਸੰਤਾਂ ਅਤੇ ਭਾਈ ਅਮਰੀਕ ਸਿੰਘ ਦੀਆਂ ਦੇਹਾਂ ਦਾ ਇਸ਼ਨਾਨ ਕਰਾਇਆ। ਫੌਜ ਦੀ ਗੱਡੀ ਭੇਜ ਕੇ ਗੁਰਦੁਆਰਾ ਸ਼ਹੀਦਾਂ ਤੋਂ ਮਨਜੀਤ ਸਿੰਘ ਗਰੰਥੀ ਦੁਆਰਾ ਰਾਮਸਰ, ਨੂੰ ਅਰਦਾਸ ਕਰਨ ਲਈ ਲਿਆਂਦਾ ਗਿਆ। ਉਹ ਚਿਖਾ 'ਤੇ ਪਾਉਣ ਲਈ ਆਪਣੇ ਨਾਲ ਗੁਰਦੁਆਰਾ ਸ਼ਹੀਦਾਂ ਤੋਂ ਘਿਉ ਵੀ ਲੈ ਗਿਆ। ਉਸ ਨੇ ਅਰਦਾਸ ਕਰਨ ਤੋਂ ਪਹਿਲਾਂ ਇਹਨਾਂ ਦਾ ਮੂੰਹ ਵਿਖਾਲਣ ਲਈ ਕਿਹਾ ਪਰ ਫੌਜ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਅਰਦਾਸ ਵੀ ਮਰਿਯਾਦਾ ਅਨੁਸਾਰ ਚਿਖਾ ਚਿਣਨ ਤੋਂ ਬਾਅਦ ਕਰਨ ਦੀ ਥਾਂ ਉਸ ਸਮੇਂ ਹੀ ਕਰਵਾ ਲਈ ਜਦੋ ਕਿ ਲਾਸ਼ਾਂ ਅਜੇ ਗੱਡੀ ਵਿਚ ਹੀ ਸਨ।
ਗੰਗਾ ਰਾਮ ਅਤੇ ਬਾਊ ਰਾਮ ਅਨੁਸਾਰ ਪਹਿਲਾਂ ਫੌਜਾਂ ਨੇ ਕਿਹਾ ਕਿ ਤੇਲ ਪਾ ਕੇ ਤੁਰੰਤ ਸਸਕਾਰ ਕਰ ਦਿਓ, ਪਰ ਅਸੀਂ ਕਿਹਾ ਕਿ ‘‘ਸਾਨੂੰ ਬੜੀ ਦੇਰ ਹੋ ਗਈ ਹੈ ਇਸ ਸ਼ਮਸ਼ਾਨ-ਘਾਟ ਵਿਚ, ਅਜਿਹਾ ਤਾਂ ਇਥੇ ਕਦੇ ਕਿਸੇ ਲਾਵਾਰਸ ਲਾਸ਼ ਨਾਲ ਵੀ ਨਹੀਂ ਕੀਤਾ ਗਿਆ। ਇਥੇ ਹਰ ਪ੍ਰਾਣੀ 'ਤੇ ਮਰਿਆਦਾ ਅਨੁਸਾਰ ਪੂਰਾ ਬਾਲਣ, ਕਫ਼ਨ ਅਤੇ ਘਿਉ ਪਾਇਆ ਜਾਦੰਾ ਹੈ।
ਡੀ.ਐਸ.ਪੀ. ਸ. ਅਪਾਰ ਸਿੰਘ ਬਾਜਵਾ ਨੇ ਵੀ ਸੰਤਾਂ ਦਾ ਸਸਕਾਰ ਮਰਿਆਦਾ ਅਨੁਸਾਰ ਕਰਨ 'ਤੇ ਜ਼ੋਰ ਦਿੱਤਾ। ਸਸਕਾਰ ਸਮੇਂ ਮੌਜੂਦ ਐਸ.ਪੀ. ਸਿਟੀ ਸੀਤਲ ਦਾਸ ਨੇ ਵੀ ਕਿਹਾ ਕਿ ‘ਭਿੰਡਰਾਂਵਾਲੇ ਸੰਤ ਸਿੱਖਾਂ ਦੇ ਨੇਤਾ ਸਨ, ਇਹਨਾਂ ਦਾ ਸਸਕਾਰ ਸਿੱਖ ਰਹਿਤ ਮਰਿਆਦਾ ਅਨੁਸਾਰ ਨਾ ਕੀਤਾ ਗਿਆ ਤਾਂ ਸਾਡੇ ਖਿਲਾਫ਼ ਕਾਰਵਾਈ ਹੋ ਸਕਦੀ ਹੈ।'
ਇਸ ਸਮੇਂ ਦੋ ਪੁਲੀਸ ਇੰਸਪੈਕਟਰ ਸੁਰਿੰਦਰਪਾਲ ਸਿੰਘ ਐਸ.ਐਚ.ਓ. ਥਾਣਾ ਬੀ ਡਵੀਜ਼ਨ ਅਤੇ ਇੰਸਪੈਕਟਰ ਨਿਰਮਲ ਸਿੰਘ ਵੀ ਮੌਜੂਦ ਸਨ। ਐਸ.ਪੀ. ਸੀਤਲ ਦਾਸ ਦੇ ਇਹ ਕਹਿਣ 'ਤੇ ਉਹਨਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਕਫ਼ਨ ਅਤੇ ਘਿਉ ਲਿਆਉਣ ਲਈ ਕਿਹਾ। ਕਰਫਿਊ ਹੋਣ ਕਾਰਨ ਸਭ ਦੁਕਾਨਾਂ ਬੰਦ ਸਨ ਪਰ ਉਹਨਾਂ ਨੂੰ ਹੁਕਮ ਕੀਤਾ ਗਿਆ ਕਿ ਕੋਈ ਦੁਕਾਨ ਖੁਲ੍ਹਵਾ ਕੇ ਇਹ ਚੀਜ਼ਾਂ ਜ਼ਰੂਰ ਲਿਆਉ।
ਇਹ ਮੁਲਾਜ਼ਮ ਪੁਲੀਸ ਦੇ ਜਾਣੂ ਅਵਤਾਰ ਸਿੰਘ ਤਾਰੀ (ਸੁਲਤਾਨਵਿੰਡ) ਦੇ ਘਰ ਗਏ ਅਤੇ ਉਸ ਦਾ ਕੁੰਡਾ ਖੜਕਾਇਆ। ਉਸ ਤੋਂ ਘਿਉ ਲਿਆਂਦਾ ਗਿਆ।
ਗੰਗਾ ਰਾਮ ਅਤੇ ਬਾਊ ਰਾਮ ਨੇ ਸੰਤਾਂ ਅਤੇ ਭਾਈ ਅਮਰੀਕ ਸਿੰਘ ਦੀਆਂ ਦੋ ਵੱਖਰੀਆਂ-ਵੱਖਰੀਆਂ ਚਿਖਾ ਚਿਣੀਆਂ। ਸੰਤਾਂ ਦੀ ਚਿਖਾ ਨੂੰ ਗੰਗਾ ਰਾਮ ਨੇ ਅਗਨੀ ਦਿਖਾਈ।
ਬਾਬਾ ਬੁੱਧੂ ਸਿੰਘ ਅਨੁਸਾਰ ਸੰਤਾਂ ਦੇ ਸਰੀਰ ਤੋਂ ਉਤਾਰੇ ਕੱਪੜਿਆਂ ਵਿਚੋਂ ਕੇਸਰੀ ਰੰਗ ਦੀ ਕੇਸਕੀ, ਜਿਸ ਨਾਲ ਸੰਤਾਂ ਦੇ ਲਹੂ ਨਾਲ ਲਿਬੜੇ ਕੁਝ ਵਾਲ ਚਿੰਬੜੇ ਹੋਏ ਸਨ, ਫੌਜ ਦੇ ਜਾਣ ਤੋਂ ਬਾਅਦ ਮੇਰੇ ਹੱਥ ਆ ਗਈ ਪਰ ਉਥੇ ਤਾਇਨਾਤ ਪੀ.ਏ.ਪੀ. ਦੀ ਗਾਰਦ ਦੇ ਇੰਚਾਰਜ ਨੇ ਨਿਸ਼ਾਨੀ ਵਜੋਂ ਆਪਣੇ ਕੋਲ ਰੱਖਣ ਲਈ ਇਹ ਕਹਿ ਕੇ ਮੇਰੇ ਤੋਂ ਲੈ ਲਈ ਕਿ ‘ਮੈਂ ਤੈਨੂੰ ਸੰਤਾਂ ਦੇ ਫੁੱਲ ਚੁਗ ਕੇ ਦੇ ਦੇਵਾਂਗਾ, ਤੂੰ ਉਹਨਾਂ ਨੂੰ ਆਪਣੇ ਘਰ ਲੈ ਜਾਵੀਂ ਅਤੇ ਬਾਅਦ ਵਿਚ ਸੰਤਾਂ ਦੇ ਪਿੰਡ ਰੋਡੇ ਪਹੁੰਚ ਦੇਵੀਂ।'
ਇਹ ਕੇਸਕੀ ਸੰਤਾਂ ਦੇ ਸਿਵੇ ਦੇ ਪੈਰਾਂ ਵੱਲ ਸੁੱਟੀ ਹੋਈ ਸੀ। ਮੈਂ ਇਹ ਸੋਚ ਕੇ ਕਿ ਕੇਸਕੀ ਨਾਲ ਚਿੰਬੜੇ ਹੋਏ ਵਾਲ ਸੰਤਾਂ ਤੋਂ ਪਹਿਲਾਂ ਸਸਕਾਰ ਕੀਤੇ ਗਏ 64 ਸਿੰਘਾਂ ਦੇ ਬਲ ਰਹੇ ਸਿਵਿਆਂ 'ਤੇ ਸੁੱਟ ਦਿੱਤੇ ਕਿ ਸੰਤਾਂ ਦੀ ਛੋਹ ਇਹਨਾਂ ਸ਼ਹੀਦ ਸਿੰਘਾਂ ਨੂੰ ਵੀ ਪ੍ਰਾਪਤ ਹੋ ਜਾਵੇ । ਅਗੇਲ ਦਿਨ ਜਦ ਮੈਂ ਪੀ.ਏ.ਪੀ. ਦੀ ਗਾਰਦ ਦੇ ਇੰਚਾਰਜ ਦੇ ਕਹਿਣ 'ਤੇ ਫੁੱਲਾਂ ਵਾਸਤੇ ਘਰੋਂ ਗੁਥ੍ਰੀ ਪਲੈਣ ਵਾਸਤੇ ਗਿਆ ਤਾਂ ਮੇਰੇ ਮਗਰੋਂ ਰਮੇਸ਼ ਇੰਦਰ ਸਿੰਘ ਡੀ.ਸੀ. ਦੀ ਅਗਵਾਈ ਹੇਠ ਆਏ ਕਾਫ਼ਲੇ ਨੇ ਸੰਤਾਂ ਦੇ ਫੁੱਲ ਇਕੱਠੇ ਕਰ ਲਏ ਅਤੇ ਮੇਰੀ ਅਤੇ ਪੀ.ਏ.ਪੀ. ਗਾਰਦ ਦੇ ਸਿੱਖ ਇੰਚਾਰਜ ਦੀ ਯੋਜਨਾ ਵਿਚੇ ਹੀ ਰਹਿ ਗਈ।
ਸੰਤਾਂ ਦੇ ਫੁੱਲ 14 ਜੂਨ 1984 ਨੂੰ ਕੀਰਤਪੁਰ ਸਾਹਿਬ ਵਿਖੇ ਜਲ-ਪ੍ਰਵਾਹ ਕੀਤੇ ਗਏ, ਜਿਨ੍ਹਾਂ ਦੇ ਰਿਕਾਰਡ ਗੁਰਦੁਆਰਾ ਪਤਾਲਪੁਰੀ ਦੇ ਰਜਿਸਟਰ ਵਿਚ ਮੌਜੂਦ ਹੈ। ਬਾਬਾ ਬੁੱਧ ਸਿੰਘ ਇਹ ਦੱਸਦਿਆਂ ਆਪਣੇ-ਆਪ ਨੂੰ ਭਾਗਾਂ ਵਾਲਾ ਸਮਝਦਾ ਹੈ ਕਿ ‘ਮੈਨੂੰ ਬੇਸ਼ੱਕ ਸੰਤਾਂ ਦੇ ਸਰੀਰ ਦੇ ਆਖ਼ਰੀ ਵਾਰ ਖੁੱਲੇ ਦੀਦਾਰ ਤਾਂ ਨਹੀਂ ਹੋਏ ਪਰ ਉਨ੍ਹਾਂ ਦੇ ਸਰੀਰ 'ਚੋਂ ਕੌਮ ਦੀ ਚੜ੍ਹਦੀ ਕਲਾ ਲਈ ਡੁੱਲ੍ਹੇ ਲਹੂ ਦੀ ਮਹਿਕ ਨਾਲ ਮੇਰਾ ਰੋਮ-ਰੋਮ ਮਹਿਕ ਉਠਿਆ ਸੀ...।'
-0-

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>