Tuesday, February 15, 2011

ਇਕ ਗੈਰ ਸਿੱਖ ਦੀ ਕਲਮ ਤੋਂ:-ਜਦੋਂ ਸਿੰਘਾਂ ਨੇ ਭਾਰਤੀ ਫੌਜ ਨੂੰ ਲੋਹੇ ਦੇ ਚਨੇ ਚਬਾ ਦਿੱਤੇ

ਲੇਖਕ-ਏ.ਆਰ. ਦਰਸ਼ੀ
ਇਕ ਮੋਨੇ ਸਿੱਖ ਮੇਜਰ ਜਨਰਲ ਕੁਲਦੀਪ ਬਰਾੜ, ਜੋ ਸੰਤ ਭਿੰਡਰਾਂਵਾਲੇ ਦੀ ਗੋਤ ਨਾਲ ਹੀ ਸੰਬੰਧ ਰੱਖਦਾ ਸੀ, ਨੂੰ ਭਾਰਤ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਧਾ ਹਮਲਾ ਕਰਨ ਲਈ ਚੁਣਿਆ ਗਿਆ। ਭਾਰਤੀ ਫੌਜ ਦੀ ਨਿਪੁੰਨ ਡਵੀਜ਼ਨ ਵਜੋਂ ਜਾਣੀ ਜਾਂਦੀ 9ਵੀਂ ਡਵੀਜ਼ਨ ਦੇ ਕਮਾਂਡਰ ਮੇਜਰ ਜਨਰਲ ਬਰਾੜ ਨੇ ਅਕਾਲ ਤਖ਼ਤ 'ਤੇ ਸਿੱਧਾ ਹਮਲਾ ਬੋਲ ਦਿੱਤਾ।ਫੌਜੀ ਕਾਰਵਾਈ 'ਚ ਹਿੱਸਾ ਲੈਣ ਵਾਲੀ ਕੇਵਲ ਇਹੀ ਇਕੱਲੀ ਡਵੀਜ਼ਨ ਨਹੀਂ ਸੀ। ਛੇ ਹੋਰ ਡਵੀਜ਼ਨਾਂ ਵੀ ਇਸ ਕਾਰਵਾਈ ਵਿਚ ਸ਼ਾਮਲ ਸਨ। ਤਾਮਿਲਨਾਡੂ ਤੋਂ ਮਦਰਾਸੀ, ਕੇਂਦਰੀ ਭਾਰਤ ਦੇ ਕਬੀਲਿਆਂ 'ਚੋਂ ਬਿਹਾਰੀ, ਜੰਮੂ-ਕਸ਼ਮੀਰ ਤੋਂ ਡੋਗਰੇ ਅਤੇ ਉਤਰ ਪ੍ਰਦੇਸ਼ ਤੋਂ ਕਮਾਊਂ ਅਤੇ ਗੜ੍ਹਵਾਲੀਏ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਰਾਜਸਥਾਨ ਤੋਂ ਰਾਜਪੂਤ ਵੀ ਸਨ। ਸਿੱਖ ਵੀ ਹਾਜ਼ਰ ਸਨ, ਜਿਨ੍ਹਾਂ ਦੀ ਹਾਜ਼ਰੀ ਕੇਵਲ ਨਾਂਮਾਤਰ ਸੀ। ਇਹ ਸਿੱਖ ਭਾਰਤ ਸਰਕਾਰ ਵੱਲੋਂ ਲੋਕ-ਦਿਖਾਵੇ ਦੇ ਉਦੇਸ਼ ਨਾਲ ਸ਼ਾਮਲ ਕੀਤੇ ਗਏ ਸਨ ਤਾਂ ਕਿ ਸੰਸਾਰ ਨੂੰ ਇਹ ਵਿਖਾਇਆ ਜਾ ਸਕੇ ਕਿ ਸਿੱਖਾਂ ਨੇ ਵੀ ਇਸ ਹਮਲੇ ਵਿਚ ਹਿੱਸਾ ਲਿਆ ਹੈ। ਇਨ੍ਹਾਂ ਨਾਂ-ਮਾਤਰ ਸਿੱਖਾਂ ਨੂੰ ਸੱਚੇ ਸਿੱਖ ਨਹੀਂ ਕਿਹਾ ਜਾ ਸਕਦਾ। ਇਹ ਜ਼ਿਆਦਾਤਰ ਨਿਰੰਕਾਰੀਆਂ ਦੇ ਸਮਰਥਕ ਸਨ ਅਤੇ ਕੁਛ ਕੁ ਸਚਾਈ ਤੋਂ ਅਨਜਾਣ ਅਤੇ ਮਜ਼ਬੂਰ ਸਨ।
ਫੌਜ ਵੱਲੋਂ ਸੰਤ ਭਿੰਡਰਾਂਵਾਲਿਆਂ ਦੇ ਖਿਲਾਫ਼ ਵਰਤੋਂ ਵਿਚ ਲਿਆਂਦਾ ਗਿਆ ਜੰਗੀ ਸਮਾਨ ਹੇਠ ਲਿਖਿਆ ਸੀ :
1) 105 ਐਮ.ਐਮ. ਦੀਆਂ ਭਾਰੀ ਤੋਪਾਂ ਬੀੜੇ ਹੋਏ 38 ਟਨ ਵਿਜੰਤਾ ਟੈਂਕ।
2) ਭਾਰਤੀ ਤੋਪਖ਼ਾਨਾ ਜਿਸ ਵਿਚ 25 ਪਾਊਂਡਰ ਤੋਪਾਂ, ਹੌਵਿਟਜ਼ਰ ਗੰਨਾਂ, ਮਾਰਟਰ ਗੰਨਾਂ ਅਤੇ 3.7'' ਹਾਵਾਲ ਗੰਨਾਂ ਸ਼ਾਮਲ ਸਨ।
3) ਬਖ਼ਤਰਬੰਦ ਗੱਡੀਆਂ।
4) ਓ.ਟੀ. 64 ਬਖਤਰਬੰਦ ਗੱਡੀਆਂ-ਇਹ ਪੌਲੈਂਡ ਦੀਆਂ ਬਣੀਆਂ 8 ਪਹੀਆ ਗੱਡੀਆਂ ਸਨ।
5) ਹੈਲੀਕਾਪਟਰ।
ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਪਰੋਕਤ ਜੰਗੀ ਸਮਾਨ ਨਾਲ ਲੈਸ ਕੇ. ਸੁੰਦਰਜੀ ਨੇ ਮਕਰਪੁਣੇ ਨਾਲ ਕਿਹਾ- ‘‘ਜਦੋਂ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੀ ਹਦੂਦ 'ਚ ਦਾਖਲ ਹੋਏ ਤਾਂ ਸਾਡੇ ਮਨਾਂ 'ਚ ਨਿਮਰਤਾ ਅਤੇ ਬੁੱਲ੍ਹਾਂ 'ਤੇ ਪ੍ਰਾਰਥਨਾ ਸੀ....।'
ਸੁੰਦਰਜੀ ਦਾ ਇਹ ਕਥਨ ਹਿੰਦੂਆਂ ਵਿਚ ਪ੍ਰਚਲਿਤ ਇਕ ਵਿਸ਼ੇਸ਼ ਅਖਾਣ ਦੀ ਯਾਦ ਦਿਵਾਉਂਦਾ ਹੈ। ਇਹ ਹੈ -‘‘ਮੂੰਹ ਮੇਂ ਰਾਮ, ਬਗਲ ਮੇਂ ਛੁਰੀ...।'
ਉਨ੍ਹਾਂ ਆਪਣੇ ਦਿਲਾਂ ਅੰਦਰ ਪੂਰੀ ਬਦਨੀਤੀ ਅਤੇ ਮਨਾਂ ਵਿਚ ਪੂਰੀ ਬੇਰਹਿਮੀ ਰੱਖਦੇ ਹੋਏ ਦਰਬਾਰ ਸਾਹਿਬ ਸਮੂਹ 'ਤੇ ਹੱਲਾ ਬੋਲ ਦਿੱਤਾ। ਉਨ੍ਹਾਂ ਨੇ ਅਕਾਲ ਤਖ਼ਤ ਅਤੇ ਉਸ ਦੇ ਨਾਲ ਲੱਗਦੀਆਂ ਇਮਾਰਤਾਂ 'ਤੇ ਦਿਨ ਭਰ ਨਿਰੰਤਰ ਗੋਲੀਬਾਰੀ ਜਾਰੀ ਰੱਖੀ, ਪਰ ਉਹ ਸ਼ੇਰ ਬਹਾਦਰ ਸੰਤ ਭਿੰਡਰਾਂਵਾਲੇ ਤੇ ਉਸ ਦੇ ਲੜਾਕੂ ਸਾਥੀਆਂ ਨੂੰ ਭੈਭੀਤ ਕਰਨ ਵਿਚ ਅਸਫਲ ਰਹੇ। ਉਹ ਲੜਾਈ ਜਿੱਤਣ ਵਿਚ ਵੀ ਕਾਮਯਾਬ ਨਾ ਹੋਏ। ਇਕ ਵਾਰ ਫਿਰ ਪਹਿਲੇ ਦਿਨ ਵਾਂਗ ਇਸ ਦਿਨ ਦੀ ਲੜਾਈ ਵੀ ਬਿਨਾਂ ਨਤੀਜਾ ਰੁਕ ਗਈ, ਭਾਰਤੀ ਫੌਜ ਨੂੰ ਮੂੰਹ ਦੀ ਖਾਣੀ ਪਈ।
ਜਦੋਂ ਰਾਤ ਢਲੀ ਤਾਂ ਤਿੰਨੇ ਤਜ਼ਰਬੇਕਾਰ ਜਨਰਲ (ਕੇ. ਸੁੰਦਰਜੀ, ਆਰ.ਐਸ. ਦਿਆਲ ਅਤੇ ਕੇ.ਐਸ. ਬਰਾੜ) ਮਾਯੂਸੀ ਦੀ ਸਥਿਤੀ 'ਚ ਸਿਰ ਜੋੜ ਬੈਠੇ ਅਤੇ ਬਹਾਦਰ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਾਬੂ ਕਰਨ ਲਈ ਨਵੀਂ ਰਣਨੀਤੀ ਤਿਆਰ ਕਰਨ ਲੱਗੇ। ਉਨ੍ਹਾਂ ਇੰਦਰਾ ਗਾਂਧੀ ਦੀ ਸੰਤ ਭਿੰਡਰਾਂਵਾਲੇ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਦੀ ਇੱਛਾ ਪੂਰੀ ਕਰਨ ਲਈ ਹਰ ਕੋਸ਼ਿਸ਼ ਕੀਤੀ। ਇਹੀ ਇੰਦਰਾ ਗਾਂਧੀ ਦਾ ਇੱਕੋ-ਇੱਕ ਮੰਤਵ ਸੀ, ਜੋ ਉਸ ਨੇ ਫੌਜ ਦੇ ਜ਼ਿੰਮੇ ਲਾਇਆ ਸੀ, ਪਰ ਇਹ ਕਾਰਜ ਏਨਾ ਸੁਖਾਲਾ ਨਹੀਂ ਸੀ। ਇਸੇ ਕਾਰਨ ਹੀ ਫੌਜ ਜਨਰਲ ਅਤੇ ਇੰਦਰਾ ਗਾਂਧੀ ਸਾਰੇ ਹੀ ਬੜੇ ਚਿੰਤਾਤੁਰ ਸਨ।
ਕਮਾਂਡੋ ਹਮਲਾ
ਉਪਰੋਕਤ ਤਿੰਨਾਂ ਜਨਰਲਾਂ ਵੱਲੋਂ ਘੜੀ ਗਈ ਤਾਜ਼ਾ ਰਣਨੀਤੀ ਇਹ ਸੀ ਕਿ ਅਕਾਲ ਤਖ਼ਤ 'ਤੇ ਸਾਰੇ ਪਾਸਿਓਂ ਇਕੱਠਿਆਂ ਸਿੱਧਾ ਹਮਲਾ ਕੀਤਾ ਜਾਵੇ। ਪਹਿਲੀ ਬਟਾਲੀਅਲ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋਆਂ, ਜਿਨ੍ਹਾਂ ਕਾਲੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ ਅਤੇ ਬੁਲਟ ਪਰੂਫ਼ ਜਾਕਟਾਂ ਪਹਿਨੀ ਰੱਖੀਆਂ ਸਨ, ਨੂੰ ਕੰਪਲੈਕਸ ਦੇ ਮੁੱਖ-ਦੁਆਰ ਰਾਹੀਂ ਅੰਦਰ ਦਾਖਲ ਹੋਣ ਦੇ ਆਦੇਸ ਦਿੱਤੇ ਗਏ।
ਜਿਉਂ ਹੀ ਕਮਾਂਡੋਆਂ ਨੇ ਅੰਦਰ ਪੈਰ ਧਰੇ ਤਾਂ ਉਹ ਰਸਤੇ ਦੇ ਦੋਹੇਂ ਪਾਸੇ ਘਾਤ ਲਾਈ ਬੈਠੇ ‘ਰਾਖਿਆਂ' ਦੀਆਂ ਬੰਦੂਕਾਂ ਨੇ ਮਾਰ ਮੁਕਾਏ। ਇਹਨਾਂ 'ਚੋਂ ਜਿਹੜੇ ਥੋੜ੍ਹੇ ਕੁ ਬਚ ਕੇ ਪਰਕਰਮਾ ਵੱਲ ਨੱਠ ਗਏ ਉਹਨਾਂ ਦਾ ਅਕਾਲ ਤਖ਼ਤ ਦੇ ਦੁਆਲੇ ਸ਼ਿਸਤਾਂ ਬੰਨ੍ਹੀ ਬੈਠੇ ਰਾਖਿਆਂ ਨੇ ਮੱਕੂ ਠੱਪ ਦਿੱਤਾ। ਇਵੇਂ ਕਮਾਂਡੋਆਂ ਦਾ ਹੱਲਾ ਪੂਰੀ ਤਰ੍ਹਾਂ ਅਸਫ਼ਲ ਹੋਇਆ। ਅਖੌਤੀ ਬਹਾਦਰ ਕਮਾਂਡੋਆਂ ਨੂੰ ਆਪਣ ਜ਼ਿੰਮੇ ਲੱਗਾ ਕਾਰਜ ਨੇਪਰੇ ਚਾੜ੍ਹਾ ਅਸੰਭਵ ਪ੍ਰਤੀਤ ਹੋਇਆ।
ਰਸਾਇਣਿਕ ਹਮਲਾ
ਹੁਣ ਬਰਾੜ ਨਿਰਾਸ਼ ਹੋ ਉਠਿਆ, ਕਿਉਂਕਿ ਉਹ ਬਹਾਦਰ ਲੜਾਕੂ ਸਿੰਘਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੋਂ ਖਦੇੜਨ ਵਿਚ ਅਸਫਲ ਹੋ ਗਿਆ ਸੀ। ਉਸ ਨੇ ਆਪਣਾ ਕਾਰਜ ਨੇਪਰੇ ਚਾੜ੍ਹਨ ਲਈ ਆਪਣੀ ਫੌਜ ਨੂੰ ਸਿੱਖ ਰਾਖਿਆਂ ਉਪਰ ਬੇਹੋਸ਼ ਕਰਨ ਵਾਲੇ ਬੰਬ ਸੁੱਟਣ ਦਾ ਹੁਕਮ ਦਿੱਤਾ। ਇਹਨਾਂ ਰਸਾਇਣਕ ਹਥਿਆਰਾਂ ਨੇ ਲੜਾਕੂ ਸਿੰਘਾਂ ਨੂੰ ਨੀਮ-ਬੇਹੋਸ਼ ਕਰ ਦਿੱਤਾ। ਕੇਵਲ ਅਜਿਹਾ ਕਰਨ ਉਪਰੰਤ ਹੀ ਕਮਾਂਡੋ ਘੰਟਾ ਘਰ ਦੁਆਰਾ ਰਾਹੀਂ ਅੰਦਰ ਦਾਖਲ ਹੋ ਸਕੇ ਅਤੇ ਨੀਮ- ਬੇਹੋਸ਼ ਸਿੰਘਾਂ ਨੂੰ ਗੋਲੀਆਂ ਮਾਰ ਦਿੱਤੀਆਂ।
ਕੀ ਇਸ ਨੂੰ ਸਾਵੀਂ ਜੰਗ ਕਿਹਾ ਜਾ ਸਕਦਾ ਹੈ?
ਕੀ ਇਸ ਨੂੰ ਬਹਾਦਰੀ ਕਹਿ ਸਕਦੇ ਹਾਂ?
ਇਹ ਸਭ ਸ਼ਰਮਨਾਕ ਸੀ, ਇਸ ਤੋਂ ਵੱਧ ਕੁਝ ਨਹੀਂ।
ਖ਼ੈਰ ਜਦੋਂ 10ਵੀਂ ਬਟਾਲੀਅਨ (ਜਿਸ ਨੂੰ ਭਾਰਤੀ ਫੌਜ ਦਾ ਗੌਰਵ ਸਮਝਿਆ ਜਾਂਦਾ ਸੀ) ਦੀ ਮਦਦ ਪ੍ਰਾਪਤ ਹੋਣ 'ਤੇ ਕਮਾਂਡੋ ਪਰਕਰਮਾ 'ਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਸਾਰੀਆਂ ਦਿਸ਼ਾਵਾਂ ਤੋਂ ਗੋਲੀਆਂ ਦੀ ਬੁਛਾੜ ਦਾ ਸਾਹਮਣਾ ਕਰਨਾ ਪਿਆ। ਇਹ ਜਨਰਲ ਸ਼ੁਬੇਗ ਸਿੰਘ ਦੀ ਮਾਅਰਕੇ ਦੀ ਯੋਜਨਾਬੰਦੀ ਅਤੇ ਯੁੱਧਨੀਤੀ ਸੀ, ਜਿਸ ਨੇ ਭਾਰਤੀ ਫੌਜ ਦੇ ਤਿੰਨਾਂ ਜਨਰਲਾ ਨੂੰ ਮਾਤ ਦੇ ਦਿੱਤੀ। ਜਨਰਲ ਸ਼ੁਬੇਗ ਸਿੰਘ ਦੁਆਰਾ ਸਿੱਖਿਅਤ ਅਤੇ ਤਾਇਨਾਤ ਰਖਵਾਲੇ ਸਿੰਘਾਂ ਨੇ ਇਨ੍ਹਾਂ ਨਵੇਂ ਗਾਰਡਾਂ ਦੀ ਵਾਢੀ ਪਾ ਦਿੱਤੀ। ਇਵੇਂ ਹਮਲਾਵਰਾਂ ਨੂੰ ਭਾਰੀ ਜਾਨੀ ਨੁਕਸਾਨ ਪਹੁੰਚਾ ਕੇ ਬਹਾਦਰ ਸਿੰਘਾਂ ਨੇ ਦੂਜਾ ਹੱਲਾ ਵੀ ਪਛਾੜ ਦਿੱਤਾ।
ਤੀਜਾ ਹਮਲਾ
ਇਸ ਉਪਰੰਤ 200 ਕਮਾਂਡੋਆਂ ਅਤੇ ਲਗਭਗ ਇੰਨੇ ਹੀ ਗਾਰਡਾਂ ਵੱਲੋਂ ਕੀਤਾ ਗਿਆ ਤੀਜਾ ਹਮਲਾ ਕੁਝ ਹੱਦ ਤੱਕ ਸਫ਼ਲ ਹੋ ਗਿਆ, ਜਦੋਂ ਉਨ੍ਹਾਂ 'ਚੋਂ ਕੁਝ ਅਕਾਲ ਤਖ਼ਤ ਦੇ ਸਾਹਮਣੇ ਪਹੁੰਚ ਗਏ। ਪਰ ਜਿਉਂ ਹੀ ਉਹ ਅਕਾਲ ਤਖ਼ਤ ਅਤੇ ਦਰਸ਼ਨੀ ਡਿਓੜ੍ਹੀ ਵਿਚਾਲੇ ਵਿਹੜੇ ਵਿਚ ਪਹੁੰਚੇ ਤਾਂ ਉਹ ਅਕਾਲ ਤਖ਼ਤ ਦੇ ਅੰਦਰ ਟਿਕਾਣੇ ਬਣਾਈ ਬੈਠੇ ਰਾਖਿਆਂ ਦੇ ਦਸਤਿਆਂ ਨੇ ਭੁੰਨ ਸੁੱਟੇ। ਬਾਕੀ ਦੇ ਸੁਰੱਖਿਅਤ ਭੱਜ ਨਿਕਲੇ। ਇਹ ਕੰਪਲੈਕਸ ਦੇ ਮੁੱਖ-ਦੁਆਰ ਜਾਂ ਉਤਰੀ ਬਾਹੀ ਦੀ ਲੜਾਈ ਦਾ ਦ੍ਰਿਸ਼ ਸੀ।
ਮਦਰਾਸੀਆਂ ਨੂੰ ਸਰਾਂ (ਹੋਸਟਲ ਕੰਪਲੈਕਸ) ਵਾਲੇ ਪਾਸਿਉਂ ਦਰਬਾਰ ਸਾਹਿਬ ਸਮੂਹ 'ਚ ਦਾਖਲ ਹੋਣ ਦਾ ਹੁਕਮ ਦਿੱਤਾ ਗਿਅ ਸੀ ਪਰ ਉਹ ਪਰਕਰਮਾ ਦੇ ਨੇੜੇ-ਤੇੜੇ ਵੀ ਨਾ ਪਹੁੰਚ ਸਕੇ। ਉਹਨਾਂ ਨੂੰ ਦੱਖਣੀ ਬਾਹੀ ਵਾਲੇ ਪਾਸੇ ਤਾਇਨਾਤ ਹਲਕੇ ਹਥਿਆਰਾਂ ਨਾਲ ਲੈਸ ਸਿੱਖ ਰਾਖਿਆਂ ਦੇ ਦਸਤਿਆਂ ਨੇ ਬੁਰੀ ਤਰ੍ਹਾਂ ਮਾਰ ਮੁਕਾਇਆ। ਇਵੇਂ ਤਿੰਨਾਂ ਫੌਜੀ ਜਰਨੈਲਾਂ ਦੁਆਰਾ ਉਤਰੀ ਦਿਸ਼ਾ ਵੱਲੋਂ ਕਮਾਂਡੋਆਂ ਅਤੇ ਗਾਰਡਾਂ ਅਤੇ ਦੱਖਣੀ ਬਾਹੀ ਵੱਲੋਂ ਮਦਰਾਸੀਆਂ ਅਤੇ ਗੜ੍ਹਵਾਲੀਆਂ ਨੂੰ ਇਕੱਠਿਆਂ ਦਾਖ਼ਲ ਕਰਨ ਅਤੇ ਫਿਰ ਅਕਾਲ ਤਖ਼ਤ 'ਤੇ ਸਿੱਧੇ ਹਮਲੇ ਲਈ ਪੁਜ਼ੀਸ਼ਨਾਂ ਲੈਣ ਦੀ ਬਣਾਈ ਰਣਨੀਤੀ ਵੀ ਸਿੱਖ ਲੜਾਕੂਆਂ ਨੇ ਅਸਫਲ ਬਣਾ ਦਿੱਤੀ।
ਤਿੰਨਾਂ ਫੌਜੀ ਜਰਨੈਲਾਂ, ਸੁੰਦਰਜੀ, ਦਿਆਲ ਅਤੇ ਬਰਾੜ, ਜਿਨ੍ਹਾਂ ਇੰਦਰਾ ਗਾਂਧੀ ਕੋਲ ਸੰਤ ਭਿੰਡਰਾਂਵਾਲੇ ਨੂੰ ਦੋ ਘੰਟਿਆਂ ਦੇ ਅੰਦਰ-ਅੰਦਰ ਜ਼ਿੰਦਾ ਜਾਂ ਮੁਰਦਾ ਫੜ ਲੈਣ ਦੀਆਂ ਡੀਂਗਾਂ ਮਾਰੀਆਂ ਸਨ, ਦੀ ਫੂਕ ਨਿਕਲ ਗਈ। ਉਨ੍ਹਾਂ ਨੇ ਤਿੰਨ ਦਿਨ ਯਾਨੀ ਕਿ 72 ਘੰਟੇ ਖਚਿਤ ਕਰ ਦਿੱਤੇ, ਸਨ, ਪਰ ਅਜੇ ਉਹ ਨਿਸ਼ਾਨੇ ਦੇ ਨੇੜੇ-ਤੇੜੇ ਵੀ ਨਹੀਂ ਸਨ। ਉਹ ਮਾਯੂਸ ਅਤੇ ਨਿਰਾਸ਼ ਹੋ ਉਠੇ।
ਇਹੀ ਹਾਲ ਰਾਜੀਵ ਗਾਂਧੀ, ਕੇ.ਪੀ. ਸਿੰਘ ਦਿਓ ਅਤੇ ਅਰੁਣ ਸਿੰਘ ਦਾ ਸੀ, ਜੋ ਦਿੱਲੀ ਵਿਚਲੇ ਕੰਟਰੋਲ ਰੂਮ ਵਿਖੇ ਕੋਈ ‘ਸ਼ੁੱਭ ਸਮਾਚਾਰ' ਸੁਣਨ ਦੀ ਤੀਬਰਤਾ ਨਾਲ ਉਡੀਕ ਕਰ ਰਹੇ ਸਨ। ਸ਼ਾਇਦ ਇੰਦਰਾ ਗਾਂਧੀ ਅਜਿਹੀ ਖ਼ਬਰ ਸੁਣਨ ਲਈ ਸਭ ਤੋਂ ਵੱਧ ਬੇਚੈਨ ਸੀ। ਉਸ ਨੇ ਆਪਣੇ ਜਨਰਲਾਂ ਨੂੰ ਹੋਰ ਸਮਾਂ ਗਵਾਏ ਬਿਨਾਂ, ਉਨ੍ਹਾਂ ਦੇ ਜ਼ਿੰਮੇ ਲਾਏ ਗਏ ਕਾਰਜ ਨੂੰ ਨੇਪਰੇ ਚਾੜਨ ਦਾ ਹੁਕਮ ਦੇ ਦਿੱਤਾ, ਪਰ ਇਹ ‘ਕਰਨ' ਨਾਲੋਂ ‘ਕਹਿਣਾ' ਸੌਖਾ ਸੀ।
ਚੌਥਾ ਹਮਲਾ
ਹੁਣ ਕ੍ਰੋਧਿਤ ਹੋਏ ਸੁੰਦਰਜੀ ਅਤੇ ਦਿਆਲ ਨੇ ਕਮਾਂਡੋਆਂ ਨੂੰ ਚੌਥਾ ਹੱਲਾ ਬੋਲਣ ਦਾ ਆਦੇਸ਼ ਦਿੱਤਾ। ਇਸ ਵਾਰ ਉਹਨੇ ਮਾਤ ਖਾਧੀ ਬੈਠੇ ਮਦਰਾਸੀਆਂ ਨੂੰ 7ਵੀਂ ਗੜ੍ਹਵਾਲ ਰਾਈਫਲਜ਼ ਦੀਆਂ ਦੋ ਹੋਰ ਕੰਪਨੀਆਂ ਦੀ ਕੁਮਕ ਦੇ ਕੇ ਉਨ੍ਹਾਂ ਦੀ ਕਮਾਨ ਬਰਾੜ ਨੂੰ ਸੌਂਪ ਦਿੱਤੀ। ਉਨ੍ਹਾਂ ਦਾ ਉਦੇਸ਼ ਦੱਖਣੀ ਦੁਆਰ ਵੱਲੋਂ ਦਰਬਾਰ ਸਾਹਿਬ ਸਮੂਹ 'ਚ ਜ਼ੋਰਦਾਰ ਢੰਗ ਨਾਲ ਦਾਖਲ ਹੋਣਾ ਸੀ, ਪਰ ਸਿੱਖ ਲੜਾਕਿਆਂ ਨੇ ਮਦਰਾਸੀਆਂ ਅਤੇ ਗੜ੍ਹਵਾਲੀਆਂ ਦਾ ਫਿਰ ਬੁਰੀ ਤਰ੍ਹਾਂ ਮੂੰਹ ਭੰਨਿਆ।
ਇਕ ਗਪੌੜੀਆ ਬ੍ਰਿਗੇਡੀਅਰ ਏ.ਕੇ. ਦੀਵਾਨ, ਮਦਰਾਸੀਆ ਅਤੇ ਗੜ੍ਹਵਾਲੀਆਂ ਦੀ ਕਮਾਂਡ ਕਰ ਰਿਹਾ ਸੀ। ਆਪਣੇ ਫੌਜੀ ਜਵਾਨਾਂ ਦੇ ਦੰਦ ਖੱਟੇ ਹੁੰਦੇ ਦੇਖ ਕੇ ਉਸ ਨੇ ਬਰਾੜ ਨੂੰ ਆਪਣੇ ਸੈਨਿਕਾਂ ਲਈ ਹੋਰ ਕੁਮਕ ਭੇਜਣ ਲਈ ਕਿਹਾ, ਜਿਨ੍ਹਾਂ ਦਾ ਕਿ ਭਾਰੀ ਜਾਨੀ ਨੁਕਸਾਨ ਹੋ ਚੁੱਕਾ ਸੀ। ਨਵੀਂ ਕੁਮਕ ਦੇ ਨਾਲ ਤਰੋ-ਤਾਜ਼ਾ ਹੋਏ ਬ੍ਰਿਗੇਡੀਅਰ ਦੀਵਾਨ ਨੇ ਅਕਾਲ ਤਖ਼ਤ ਨੂੰ ਕਬਜ਼ੇ 'ਚ ਲੈਣ ਲਈ ਮੁੜ-ਮੁੜ ਕੇ ਕਈ ਹਮਲੇ ਕੀਤੇ ਪਰ ਹਰ ਵਾਰ ਉਸ ਦੀਆਂ ਫੌਜੀ ਟੁਕੜੀਆਂ ਨੂੰ ਭੱਜਣ ਲਈ ਮਜ਼ਬੂਰ ਕਰ ਦਿੱਤਾ ਗਿਆ।
ਟੈਂਕਾਂ ਦੀ ਵਰਤੋਂ
ਇਹ ਜਾਣ ਲੈਣ ਉਪਰੰਤ ਕਿ ਭਾਰਤੀ ਫੌਜ ਲਈ ਅਕਾਲ ਤਖ਼ਤ ਅਜਿੱਤ ਹੈ ਅਤੇ ਇਹ ਮਹਿਸੂਸ ਕਰਦਿਆਂ ਕਿ ਸੰਤ ਭਿੰਡਰਾਂਵਾਲੇ ਨੂੰ ਜਿੱਤਣਾ ਵੀ ਅਸੰਭਵ ਹੈ, ਬ੍ਰਿਗੇਡੀਅਰ ਦੀਵਾਨ ਨੇ ਅਕਾਲ ਤਖ਼ਤ ਨੂੰ ਉਡਾਉਣ ਲਈ ਜਨਰਲ ਬਰਾੜ ਤੋਂ ਵਿਜੰਤਾ ਟੈਂਕ ਉਪਯੋਗ ਕਰਨ ਦੀ ਇਜਾਜ਼ਤ ਮੰਗੀ। ਉਸ ਨੇ ਆਪਣੀ ਦਲੀਲ ਪੇਸ਼ ਕਰਦਿਆਂ ਕਿਹਾ ਕਿ ਜੇ ਉਸ ਨੂੰ ਜੰਗੀ ਟੈਂਕ ਵਰਤਣ ਦੀ ਆਗਿਆ ਨਾ ਦਿੱਤੀ ਗਈ ਤਾਂ ਮੈਦਾਨ-ਏ-ਜੰਗ ਵਿਚ ਘਿਰੇ ਹੋਏ ਉਸ ਦੇ ਫੌਜੀ ਜਵਾਨਾਂ ਦਾ ਭੋਗ ਪੈਂਦਿਆਂ ਭੋਰਾ ਦੇਰ ਨਹੀਂ ਲੱਗਣੀ ਕਿਉਂ ਕਿ ਉਹ ਸਿੱਖ ਜੁਝਾਰੂਆਂ ਸਾਹਮਣੇ ਬਲੀ ਦੇ ਬੱਕਰਿਆਂ ਤੋਂ ਵੱਧ ਕੁਝ ਨਹੀਂ ਸਨ।
ਇਥੇ ਇਸ ਗੱਲ ਨੂੰ ਧਿਆਨ 'ਚ ਰੱਖਣਾ ਬਹੁਤ ਤਰਕ ਸੰਗਤ ਹੈ ਕਿ ਭਾਰਤੀ ਫੌਜ ਦੇ ਸੈਨਿਕਾਂ ਨੂੰ ਵਾਰ-ਵਾਰ ਨਵੀਆਂ ਕੁਮਕਾਂ ਨਾਲ ਤਰੋ-ਤਾਜ਼ਾ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੂੰ ਕਿ ਜੀਵਨ ਦੀਆਂ ਸਾਰੀਆਂ ਸੁਖ-ਸਹੂਲਤਾਂ ਮੁਹੱਈਆਂ ਸਨ। ਉਹ ਸੰਸਾਰ ਵਿਚਲੇ ਨਫ਼ੀਸ ਤੋਂ ਨਫ਼ੀਸ ਹਥਿਆਰਾਂ ਨਾਲ ਵੀ ਲੈਸ ਸਨ। ਇਸ ਸਭ ਤੋਂ ਉਪਰ ਉਹ ਗਿਣਤੀ ਪੱਖੋਂ ‘ਸਿੱਖ ਰਾਖਿਆਂ' ਤੋਂ ਹਜ਼ਾਰਾਂ ਗੁਣਾਂ ਵੱਧ ਗਿਣਤੀ ਵਿਚ ਸਨ। ਤਾਂ ਵੀ ਮੁੱਠੀ ਭਰ ‘ਜੰਗਜੂ ਸਿੰਘਾਂ' ਨੇ ਉਹਨਾਂ ਨੂੰ ਖੁੱਡੇ ਲਾਈ ਰੱਖਿਆ।
ਦੂਜੇ ਪਾਸੇ ‘ਸਿੱਖ ਰਾਖੇ' ਤਪਸ਼ ਮਾਰਦੀਆਂ ਇਮਾਰਤਾਂ ਅੰਦਰ ਘਿਰੇ ਹੋਏ ਸਨ ਅਤੇ ਉਹ ਵੀ ਝੁਲਸਵੀਂ ਗਰਮੀ 'ਚ ਜਿਹੜਾ ਕਿ ਜੂਨ 1984 ਦੇ ਪਹਿਲੇ ਹਫ਼ਤੇ ਪੂਰੀ ਸਿਖ਼ਰ 'ਤੇ ਸੀ। ਉਹਨਾਂ ਕੋਲ ਖਾਣ ਲਈ ਭੁੱਜੇ ਹੋਏ ਦਾਣਿਆਂ ਅਤੇ ਪੀਣ ਲਈ ਆਪਣੇ ਪਸੀਨੇ ਤੋਂ ਛੁੱਟ ਹੋਰ ਕੁਝ ਨਹੀਂ ਸੀ। ਉਨ੍ਹਾਂ ਨੇ ਬਿਨਾਂ ਅਰਾਮ ਅਤੇ ਬਿਨਾਂ ਨੀਂਦ ਰਾਤਾਂ ਗੁਜ਼ਾਰੀਆਂ ਸਨ। ਉਹਨਾਂ ਕੋਲ ਫੌਜ ਵਾਂਗ ਆਪਣੀ ਸੈਨਿਕ ਸ਼ਕਤੀ ਨੂੰ ਵਧਾਉਣ ਲਈ ਨਵੀਆਂ ਕੁਮਕਾਂ ਵਾਸਤੇ ਕੋਈ ਵਿਵਸਥਾ ਅਤੇ ਕੋਈ ਸਾਧਨ ਨਹੀਂ ਸੀ। ਉਹਨਾਂ ਕੋਲ ਭਾਰਤੀ ਹਥਿਆਰਬੰਦ ਫੌਜਾਂ ਦੇ ਮੁਕਾਬਲੇ ਲਈ ਕੋਈ ਆਧੁਨਿਕ ਅਤੇ ਨਫੀਸ ਹਥਿਆਰ ਨਹੀਂ ਸਨ। ਉਹ 1 ਜੂਨ ਤੋਂ ਸੁੱਤੇ ਨਹੀਂ ਸਨ। ਅਜਿਹੇ ਹਾਲਤਾਂ ਵਿਚ ਆਮ ਮਨੁੱਖ ਦਾ ਅੱਕ-ਥੱਕ ਜਾਣਾ ਸੁਭਾਵਕ ਹੀ ਹੁੰਦਾ ਹੈ, ਪਰ ਉਹ ਆਮ ਮਨੁੱਖ ਨਹੀਂ ਸਨ, ਉਹ ਸੰਤ ਜਰਨੈਲ ਸਿੰਘ ਵੱਲੋਂ ਪੁਨਰ-ਸੁਰਜੀਤ ਅਤੇ ਪ੍ਰੇਰਿਤ ਕੀਤੇ ਅਤੇ ਜਨਰਲ ਸੁਬੇਗ ਸਿੰਘ ਵੱਲੋਂ ਸਿੱਖਿਅਤ ਕੀਤੇ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਖ਼ਾਲਸੇ ਸਨ।
ਉਪਰੋਕਤ ਤਸੀਹਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਉਹ ਨਿਧੜਕ ਅਤੇ ਬਹਾਦਰ ਜੋਧਿਆਂ ਵਾਂਗ ਡਟੇ ਰਹੇ। ਉਹ ਨਿਡਰ ਅਤੇ ਅਹਿਲ ਰਹੇ। ਭਾਰੀ ਬੰਬਾਰੀ ਅਤੇ ਬੰਦੂਕਾਂ ਦੀ ਨਿਰੰਤਰ ਗੋਲੀਬਾਰੀ ਉਹਨਾਂ ਦਾ ਮਨੋਬਲ ਨਾ ਡੇਗ ਸਕੀ। ਜੇਕਰ ਉਹ ਵੀ ਭਾਰਤੀ ਫੌਜ ਦੀ ਤਰ੍ਹਾਂ ਹੀ ਵਿਜੰਤਾ ਟੈਂਕਾਂ, ਭਾਰੀ ਫ਼ੀਲਡ ਗੰਨਾਂ ਅਤੇ ਤੋਪਖਾਨੇ ਵਰਗੇ ਹਥਿਆਰਾਂ ਨਾਲ ਲੈਸ ਹੁੰਦੇ ਤਾਂ ਇਸ ਜੰਗ ਦਾ ਨਤੀਜਾ ਕੀ ਹੋਣਾ ਸੀ? ਅਜਿਹੀ ਸੂਰਤ ਵਿਚ ਅਵੱਸ਼ ਹੀ ਲੜਾਕੂ ਸਿੰਘਾਂ ਨੇ ਭਾਰਤੀ ਫੌਜ ਨੂੰ ਜਮਨਾ ਨਦੀ ਤੋਂ ਪਾਰ ਭਜਾਉਣ ਤਕ ਪਿਛਾ ਕਰਨਾ ਸੀ। ਇਸੇ ਕਾਰਨ ਹੀ ਜਰਨਲ ਬਰਾੜ ਨੇ ਬੜੇ ਦੁੱਖ ਭਰੇ ਲਹਿਜੇ ਨਾਲ ਲੈਫ. ਜਨ. ਸੁੰਦਰਜੀ ਕੋਲ ਆਪਣੇ ਲੜਾਈ ਲੜ ਰਹੇ ਸੈਨਿਕਾਂ ਦੀ ਨਿਰਾਸ਼ਾਜਨਕ ਹਾਲਤ ਦੀ ਦੁਹਾਈ ਪਾਈ ਕਿ -
‘‘ਪੈਦਲ ਫੌਜ ਦੇ ਮਾਰੇ ਜਾਣ ਦਾ ਖ਼ਤਰ ਹੈ। ਇਕੱਲੀ ਪਿਆਦਾ ਫੌਜ ਲਈ ਇਸ ਕਾਰਜ ਨੂੰ ਜਾਰੀ ਰੱਖਣਾ ਨਾਮੁਮਕਿਨ ਹੈ। ਮੈਨੂੰ ਟੈਂਕ ਦੇ ਕੇ ਅਕਾਲ ਤਖ਼ਤ 'ਤੇ ਬੰਬਾਰੀ ਕਰਕੇ ਉਸ ਨੂੰ ਉਡਾਉਣ ਦੀ ਆਗਿਆ ਦਿੱਤੀ ਜਾਵੇ।''
ਸੁੰਦਰਜੀ ਨੇ ਦਿੱਲੀ ਸੰਪਰਕ ਕੀਤਾ ਜਿੱਥੇ ਕਿ ਇਸ ਲੜਾਈ 'ਤੇ ਲਗਾਤਾਰ ਨਜ਼ਰ ਰੱਖਣ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਸੀ। ਉਪ ਰੱਖਿਆ ਮੰਤਰੀ ਕੇ.ਪੀ. ਸਿੰਘ ਦਿਓ, ਅਰੁਣ ਸਿੰਘ ਅਤੇ ਰਾਜੀਵ ਗਾਂਧੀ ਜੋ ਕਿ ਅਪ੍ਰੇਸ਼ਨ ਨੀਲਾ ਤਾਰਾ ਦੇ ਸੰਚਾਲਨ ਲਈ ਸਮੁੱਚੇ ਰੂਪ 'ਚ ਇੰਚਾਰਜ ਸੀ, ਦੀ ਸਹਾਇਤਾ ਹਿੱਤ ਮੌਜੂਦ ਸਨ। ਰਾਜੀਵ ਗਾਂਧੀ ਨੇ ਅੱਗੋਂ ਆਪਣੀ ਮਾਂ ਇੰਦਰਾ ਗਾਂਧੀ ਨਾਲ ਵਿਚਾਰ ਕੀਤੀ ਅਤੇ ਉਸ ਨੇ ਫੌਜ ਦੇ ਮੁਖੀ ਏ.ਐਸ. ਵੈਦਯਾ ਨੂੰ ਬੁਲਾ ਲਿਆ। ਝਟਪਟ ਫੈਸਲਾ ਕੀਤਾ ਗਿਆ। ਸੁੰਦਰਜੀ ਨੂੰ ਆਗਿਆ ਦਿੱਤੀ ਗਈ ਕਿ ਸੰਤ ਭਿੰਡਰਾਂਵਾਲੇ ਨੂੰ ਕਾਬੂ ਕਰਨ ਲਈ ਜੋ ਵੀ ਹਥਿਆਰ ਕਾਰਗਰ ਹੋਣ, ਵਰਤੋਂ 'ਚ ਲਿਆਂਦੇ ਜਾਣ। ਇਸ ਹੁਕਮ ਵਿਚ ਇੱਥੋਂ ਤਕ ਵੀ ਖੁੱਲ੍ਹ ਦਿੱਤੀ ਗਈ ਕਿ ਜੇ ਮੁੱਖ ਜੰਗੀ ਵਿਜੰਤਾ ਟੈਂਕ ਮਿਥੇ ਨਿਸ਼ਾਨੇ ਨੂੰ ਪ੍ਰਾਪਤ ਨ ਕਰ ਸਕਣ ਤਾਂ ਅਕਾਲ ਤਖ਼ਤ ਨੂੰ ਉਡਾਉਣ ਲਈ ਹਵਾਈ ਬੰਬਾਰੀ ਲਈ ਜੈਟ ਜਹਾਜ਼ ਵਰਤ ਲਏ ਜਾਣ।
ਹਾਲਾਂ ਇੰਦਰਾ ਗਾਂਧੀ ਵੱਲੋਂ ਅੰਤਮ ਹੁਕਮ ਪ੍ਰਾਪਤ ਨਹੀਂ ਸਨ ਹੋਏ ਤਾਂ ਵੀ, ਪਹਿਲਾਂ ਹੀ, ਸੱਤ ਵਿਜੰਤਾ ਟੈਂਕ ਦਰਬਾਰ ਸਾਹਿਬ ਸਮੂਹ ਅੰਦਰ ਤਾਇਨਾਤ ਕਰ ਦਿੱਤੇ ਗਏ ਸਨ। ਜਿਉਂ ਹੀ ਜਰਨਲ ਬਰਾੜ ਨੂੰ ਉਸ ਦੀ ਇੱਛਾ ਅਨੁਸਾਰ ‘ਅੱਗੇ ਵਧਣ' ਦਾ ਹੁਕਮ ਮਿਲਿਆ ਉਸ ਨੇ ਟੈਂਕ ਚਾਲਕਾਂ ਨੂੰ ਅਕਾਲ ਤਖ਼ਤ 'ਤੇ ਬੰਬ ਵਰ੍ਹਾਉਣ ਦਾ ਆਦੇਸ਼ ਦੇ ਦਿੱਤਾ।
105 ਐਮ.ਐਮ. ਦੀਆਂ ਗੰਨਾਂ ਬੀੜੀ ਵਿਜੰਤ ਟੈਂਕਾਂ ਨੇ ਅਕਾਲ ਤਖ਼ਤ 'ਤੇ ਸੈਂਕੜੇ ਭਾਰੀ ਵਿਸਫੋਟਕ (ਨੋਕਦਾਰ ਛੇਦਕ-ਸਿਰੇ ਵਾਲੇ) ਗੋਲੇ ਦਾਗੇ ਅਤੇ 5-6 ਜੂਨ, 1984 ਦੀ ਦਰਮਿਆਨੀ ਰਾਤ ਨੂੰ ਸਿੱਖ ਪ੍ਰਭੁਤਾ ਦੇ ਸਰਵਉਂਚ ਕੇਂਦਰ ਇਸ ਪਵਿੱਤਰ ਅਸਥਾਨ ਨੂੰ ਢਹਿ-ਢੇਰੀ ਕਰ ਦਿੱਤਾ। ਅਕਾਲ ਤਖ਼ਤ ਦਾ ਸਾਹਮਣਾ ਪਾਸਾ ਪੂਰੇ ਦਾ ਪੂਰਾ ਤਬਾਹ ਹੋ ਗਿਆ ਅਤੇ ਮਸਾਂ ਇਕ ਥੰਮ੍ਹ ਹੀ ਖੜੋਤਾ ਰਹਿ ਗਿਆ। ਨਾਲ ਲੱਗਦੀਆਂ ਇਮਾਰਤਾਂ 'ਤੇ ਵੀ ਬੰਬਾਰੀ ਕੀਤੀ ਗਈ ਅਤੇ ਉਹ ਵੀ ਮਿੱਟੀ 'ਚ ਮਿਲਾ ਦਿੱਤੀਆਂ ਗਈਆਂ। ‘ਦਰਸ਼ਨੀ ਡਿਓੜ੍ਹੀ' ਅਤੇ ‘ਤੋਸ਼ਾਖਾਨਾ' ਤਕ ਵੀ ਤਬਾਹ ਕਰ ਦਿੱਤੇ ਗਏ।
ਇਸ ਦੇ ਨਾਲ-ਨਾਲ ਹੀ ਕੇ. ਸੁੰਦਰਜੀ ਦੀ ਕਮਾਂਡ ਹੇਠ ਹੋਸਟਲ ਸਮੂਹ ਵਿਚ ਕਾਰਵਾਈ ਕੀਤੀ ਜਾ ਰਹੀ ਸੀ ਜਿਥੇ ਕਿ ਹਰਚੰਦ ਸਿੰਘ ਲੌਂਗੋਵਾਲ ਅਤੇ ਉਸ ਦੇ ਕਾਇਰ ਝੋਲੀ-ਚੁੱਕ ਲੁਕੇ ਬੈਠੇ ਸਨ। ਇਸ ਕਾਰਵਾਈ ਦਾ ਮੁੱਖ ਉਦੇਸ਼ ਲੌਂਗੋਵਾਲ ਦੀ ਸਲਾਮਤੀ ਨੂੰ ਯਕੀਨਾ ਬਣਾਉਣਾ ਅਤੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ।
ਦਰਬਾਰ ਸਾਹਿਬ ਸਮੂਹ ਅੰਦਰ ਨਾਲੋ-ਨਾਲ ਦੋਹੀਂ ਪਾਸੀਂ ਚੱਲ ਰਹੀ ਕਾਰਵਾਈ ਦੇ ਉਦੇਸ਼ਾਂ ਵਿਚਲਾ ਅੰਤਰ ਪ੍ਰਤੱਖ ਸੀ। ਅਕਾਲ ਤਖ਼ਤ 'ਤੇ ਕੀਤੀ ਜਾ ਰਹੀ ਫੌਜੀ ਕਾਰਵਾਈ ਦਾ ਮੁੱਖ ਮੰਤਵ ਸੰਤ ਭਿੰਡਰਾਂਵਾਲੇ ਦੀ ਸਰੀਰਕ ਤੌਰ 'ਤੇ ਮੌਤ ਨੂੰ ਯਕੀਨੀ ਬਣਾਉਣਾ ਸੀ ਜਦੋਂ ਕੀ ਦੂਜੀ ਕਾਰਵਾਈ ਦਾ ਮੰਤਵ ਲੌਂਗੋਵਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਭਾਰਤ ਸਰਕਾਰ ਦੀ ਇਸ ਕਾਰਵਾਈ ਨੇ ਨਿਰਸੰਦੇਹ ਇਹ ਸਾਬਤ ਕਰ ਦਿੱਤਾ ਕਿ ਲੌਂਗੋਵਾਲ ਕਾਂਗਰਸ ਸਰਕਾਰ ਦੇ ਏਜੰਟ ਦੇ ਤੌਰ 'ਤੇ ਕੰਮ ਕਰ ਰਿਹਾ ਸੀ, ਜਦੋਂ ਕਿ ਸੰਤ ਭਿੰਡਰਾਂਵਾਲਾ ਬਹਾਦਰੀ ਨਾਲ ਦਰਬਾਰ ਸਾਹਿਬ ਸਮੂਹ ਦੀ ਰਾਖੀ ਕਰ ਰਿਹਾ ਸੀ ਅਤੇ ਇਸ ਤਰ੍ਹਾਂ ਉਸ ਨੂੰ ਭਾਰਤ ਸਰਕਾਰ ਦਾ ਦੁਸ਼ਮਣ ਮਿਥਿਆ ਗਿਆ ਸੀ।
ਹੋਸਟਲ ਕੰਪਲੈਕਸ ਦੇ ਮੁੱਖ ਦੁਆਰਾ 'ਤੇ ਮਜ਼ਬੂਤੀ ਨਾਲ ਸੁਰੱਖਿਆ ਪ੍ਰਦਾਨ ਕਰ ਰਹੇ ਲੋਹੇ ਦੇ ਗੇਟ ਕਿਉਂਕਿ ਹੋਸਟਲ ਕੰਪਲੈਕਸ 'ਚ ਦਾਖਲ ਹੋਣ ਵਿਚ ਰੁਕਾਵਟ ਬਣ ਰਹੇ ਸਨ, ਇਸ ਲਈ ਫੌਜ ਨੇ ਗੇਟ ਤੋੜਨ ਲਈ ਜੰਗੀ ਟੈਂਕ ਲੈ ਆਂਦਾ। ਲੋਹੇ-ਗੇਟ ਭੰਨਣ ਉਪਰੰਤ ਬਖ਼ਤਰਬੰਦ ਗੱਡੀਆਂ ਅੰਦਰ ਲਿਆਂਦੀਆਂ ਗਈਆਂ ਅਤੇ ਦੋਹਾਂ ਕੰਪਲੈਕਸਾਂ ਵਿਚਾਲੜੀ ਸੜਕ 'ਤੇ ਤਾਇਨਾਤ ਕਰ ਦਿੱਤੀਆਂ ਗਈਆਂ। ਇਨ੍ਹਾਂ ਦੇ ਪਿੱਛੇ ਹੀ 9ਵੀਂ ਕਮਾਊਂ ਬਟਾਲੀਅਨ ਦੀ ਫੌਜ ਅਤੇ ਕਮਾਂਡੀ ਜਿਨ੍ਹਾਂ ਨੇ ਜ਼ਰਾˆਬਖ਼ਤਰ (ਬੁਲਟ ਪਰੂਫ਼ ਜਾਕਟਾਂ) ਪਹਿਨੇ ਹੋਏ ਸਨ, ਦਾਖ਼ਲ ਹੋ ਗਏ।
ਦਾਖਲ ਹੁੰਦਿਆਂ ਸਾਰ ਹੀ ਫੌਜ, ਸੜਕ ਦੇ ਦੋਹਾਂ ਪਾਸਿਆਂ ਦੀਆਂ ਛੱਤਾਂ ਤੋਂ ਜ਼ਬਰਦਸਤ ਫਾਇਰਿੰਗੀ ਦੀ ਮਾਰ ਹੇਠ ਆ ਗਈ, ਪਰ ਇਹ ਟਾਕਰਾ ਓਨਾ ਸਖ਼ਤ ਨਹੀਂ ਸੀ ਜਿੰਨਾ ਕਿ ਫੌਜ ਨੂੰ ਦਰਬਾਰ ਸਾਹਿਬ ਸਮੂਹ ਅੰਦਰ ਸਹਿਣਾ ਪਿਆ ਸੀ। ਇਸ ਲਈ ਫੌਜ ਹੋਸਟਲ ਕੰਪਲੈਕਸ ਅੰਦਰ ਦਾਖਲ ਹੋਣ ਵਿਚ ਸਫ਼ਲ ਹੋ ਗਈ,ਜਿਥੇ ਕਿ ਤੇਜਾ ਸਿੰਘ ਸਮੁੰਦਰੀ ਹਾਲ 'ਚ ਲੌਂਗੋਵਾਲ ਆਪਣੇ ਸਾਥੀਆਂ ਸਮੇਤ ਦਫ਼ਤਰ ਵਿਚ ਸਿਮਟਿਆ ਹੋਇਆ ਸੀ।
ਜਦੋਂ ਕਮਾਂਡੋ ਇਸ ਦਫ਼ਤਰ 'ਚ ਦਾਖਲ ਹੋਏ ਤਾਂ ਉਥੇ ਲੁਕੇ ਸਾਰੇ ਵਿਅਕਤੀਆਂ ਨੇ ਬਿਨਾਂ ਕਿਸੇ ਹੀਲ-ਹੁੱਜਤ ਬਾਹਵਾਂ ਖੜ੍ਹੀਆਂ ਕਰਕੇ ਆਤਮ-ਸਮਰਪਣ ਕਰ ਦਿੱਤਾ। ਇਹਨਾਂ ਵਿਚ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਭਾਨ ਸਿੰਘ, ਬਲਵੰਤ ਸਿੰਘ ਰਾਮੂਵਾਲੀਆ ਅਤੇ ਐਸ.ਜੀ.ਪੀ.ਸੀ. ਦਾ ਸਹਾਇਕ ਸਕੱਤਰ ਅਬਿਨਾਸ਼ੀ ਸਿੰਘ ਸ਼ਾਮਲ ਸਨ। ਲੌਂਗੋਵਾਲ ਅਤੇ ਟੌਹੜਾ ਵੱਲੋਂ ਬਾਹਵਾਂ ਖੜ੍ਹੀਆਂ ਕਰਕੇ ਆਤਮ-ਸਮਰਪਣ ਕਰਨ ਵਾਲੇ ਤੱਥ ਦੀ ਪੁਸ਼ਟੀ ਮਗਰੋਂ ਅਬਿਨਾਸ਼ੀ ਸਿੰਘ ਅਤੇ ਨਾਜਰ ਸਿੰਘ, ਜੋ ਟੌਹੜਾ ਦਾ ਨਿੱਜੀ ਅੰਗ ਰੱਖਿਅਕ ਸੀ ਅਤੇ ਜੋ ਇਤਫਾਕੀਆ ਹੀ ਮੈਨੂੰ ਅਗਸਤ 1984 'ਚ ਲੁਧਿਆਣਾ ਜੇਲ੍ਹ 'ਚ ਮਿਲਿਆ, ਤੋਂ ਵੀ ਕਰ ਲਈ।
ਇਥੇ ਹੀ ਗੁਰੂ ਰਾਮ ਦਾਸ ਸਰਾਂ ਵਿਚ ਸੰਤ ਭਿੰਡਰਾਂਵਾਲੇ ਦਾ ਮੁੱਖ ਸਲਾਹਕਾਰ ਹਰਮਿੰਦਰ ਸਿੰਘ ਸੰਧੂ ਵੀ ਕੁਝ ਹੋਰ ਸਾਥੀਆਂ ਸਮੇਤ ਫੌਜ ਦੇ ਕਾਬੂ ਆ ਗਿਆ। ਮੈਨੂੰ ਇਹ ਵੀ ਪਤਾ ਚੱਲਿਆ ਕਿ ਲੌਂਗੋਵਾਲ ਜੁੰਡਲੀ ਵੱਲੋਂ ਇਥੇ ਇਨ੍ਹਾਂ ਨੂੰ ਫੌਜ ਕੋਲੋਂ ਮਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿਉਂਕਿ ਗ੍ਰਿਫ਼ਤਾਰੀ ਉਪਰੰਤ ਲੌਂਗੋਵਾਲ ਹੁਰਾਂ ਨੂੰ ਵੀ 6 ਜੂਨ ਦੀ ਸਵੇਰ 5-6 ਵਜੇ ਦੇ ਦਰਮਿਆਨ ਗੁਰੂ ਰਾਮਦਾਸ ਸਰਾਂ ਦੀ ਤੇਜਾ ਸਿੰਘ ਸਮੁੰਦਰੀ ਹਾਲ ਨਾਲ ਲਗਦੀ ਬਾਹੀ ਵਾਲੇ ਬਰਾਂਡੇ ਵਿਚ ਲਿਆ ਕੇ ਬਿਠਾਇਆ ਗਿਆ ਸੀ ਜਿਥੇ ਕਿ ਕੁਝ ਹੋਰ ਆਮ ਸਿੱਖਾਂ ਯਾਤਰੀ ਅਤੇ ਸੰਤ ਭਿੰਡਰਾਂਵਾਲੇ ਦੇ ਉਪਰੋਕਤ ਸਾਥੀ ਵੀ ਮੌਜੂਦ ਸਨ।
ਆਤਮ-ਸਮਰਪਣ ਉਪਰੰਤ ਟੌਹੜਾ ਅਤੇ ਲੌਂਗੋਵਾਲ ਨੂੰ 6 ਜੂਨ ਦੀ ਸਵੇਰ ਬਾਕੀਆਂ ਨਾਲੋਂ ਅਲਹਿਦਾ ਕਰਕੇ ਸੁਰੱਖਿਅਤ ਜਗ੍ਹਾ ਲੈ ਜਾਇਆ ਗਿਆ। ਗ੍ਰਿਫ਼ਤ ਵਿਚ ਆਏ ਬਾਕੀ ਦੇ ਲੋਕ ਪਿੱਛੇ ਰਹਿ ਗਏ। ਉਹਨਾਂ ਨੂੰ ਗੁਰੂੁ ਰਾਮ ਦਾਸ ਸਰਾਂ ਦੇ ਅੰਦਰਲੇ ਅਹਾਤੇ ਵਿਚ ਬਿਠਾ ਦਿੱਤਾ ਗਿਆ। ਅਚਾਨਕ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਹੱਥ ਗੋਲੇ ਵੀ ਸੁੱਟੇ ਗਏ। ਇਥੇ ਘੱਟੋ-ਘੱਟ 70 ਸਿੱਖਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਕੁਝ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਨਾਜਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਕਿ ਫੌਜ ਨੇ ਗੋਲੀ ਚਲਾ ਕੇ 70 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਕਈ ਹੋਰਨਾਂ ਨੂੰ ਜ਼ਖਮੀ ਕੀਤਾ ਸੀ। ਖੁਦ ਉਸ ਨੂੰ ਵੀ ਗੋਲੀਆਂ ਨਾਲ ਦੋ ਜ਼ਖਮ ਆਏ ਅਤੇ ਇਕ ਲੱਤ ਵਿਚ ਅਤੇ ਦੂਜਾ ਬਾਂਹ ਦੇ ਉਪਰਲੇ ਹਿੱਸੇ ਵਿਚ।
ਇਥੇ ਇਹ ਦਿਲਚਸਪ ਘਟਨਾ ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਦਫਤਰ ਸਕੱਤਰ ਜੋ ਕਿ ਸੰਤ ਭਿੰਡਰਾਂਵਾਲੇ ਦਾ ਇਕ ਕੱਟੜ ਵਿਰੋਧੀ ਸੀ, ਫੌਜ ਦੀ ਗੋਲੀ ਨਾਲ ਨਹੀਂ ਸੀ ਮਰਿਆ। ਉਨ੍ਹਾਂ ਨੂੰ ਸੰਤ ਭਿੰਡਰਾਂਵਾਲੇ ਦੇ ਕਿਸੇ ਸਮਰਥਕ ਨੇ ਗੋਲੀਆਂ ਨਾਲ ਮਾਰ ਮੁਕਾਇਆ। ਇਵੇਂ ਇਸ ਗੱਦਾਰ ਨੂੰ ਸਜ਼ਾ ਮਿਲ ਗਈ।
ਇਥੇ ਇਹ ਬੜਾ ਦੁਖਦਾਇਕ ਹੈ ਕਿ ਲੌਂਗੋਵਾਲ ਨੇ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਹ ਸਹੁੰ ਖਾਧੀ ਸੀ ਕਿ ਉਹ ਦਰਬਾਰ ਸਾਹਿਬ ਸਮੂਹ 'ਤੇ ਫੌਜੀ ਹਮਲਾ ਹੋਣ 'ਤੇ ਇਸ ਦੀ ਰਾਖੀ ਕਰੇਗਾ ਤੇ ਫੌਜ ਉਸ ਦੀ ਲਾਸ਼ ਉਪਰੋਂ ਲੰਘ ਕੇ ਹੀ ਅੰਦਰ ਜਾਵੇਗੀ, ਪ੍ਰੰਤੂ ਜਦੋਂ ਇਸ ਪਵਿੱਤਰ ਅਸਥਾਨ 'ਤੇ ਅਸਲੀਅਤ ਵਿਚ ਹਮਲਾ ਹੋਇਆ ਤਾਂ ਉਹ ਬਿਨਾਂ ਕਿਸੇ ਹੀਲ-ਹੁੱਜਤ ਦੇ ਆਪਣੇ ਹੀ ਲੋਕਾਂ ਦੀਆਂ ਲਾਸ਼ਾਂ ਉਤੋਂ ਲੰਘ ਗਿਆ। ਇਵੇਂ 5 ਜੂਨ, 1984 ਦੀ ਕਾਲੀ-ਬੋਲੀ ਤੇ ਭਿਅੰਕਰ ਰਾਤ ਦਾ ਅੰਤ ਹੋਇਆ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>