ਰਾਲੇਗਣ ਸਿੱਧੀ, 25 ਨਵੰਬਰ— ਕੱਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਹਰਵਿੰਦਰ ਸਿੰਘ ਨਾਮਕ ਨੌਜਵਾਨ ਵਲੋਂ ਥੱਪੜ ਮਾਰੇ ਜਾਣ ਦੇ ਵਿਰੋਧ ਵਜੋਂ ਐਨ. ਸੀ. ਪੀ. ਕਾਰਜਕਰਤਾਵਾਂ ਵਿਰੋਧ ਪ੍ਰਦਰਸ਼ਨ ਕਰਨ 'ਤੇ ਅੰਨਾ ਹਜ਼ਾਰੇ ਨੇ ਕਿਹਾ ਕਿ ਸ਼ਰਦ ਪਵਾਰ ਨੂੰ ਇਕ ਥੱਪੜ ਵੱਜਣ 'ਤੇ ਐਨ. ਸੀ. ਪੀ. ਕਾਰਜਕਰਤਾਵਾਂ ਨੂੰ ਇੰਨਾ ਆਕ੍ਰੋਸ਼ ਕਿਉਂ ਹੈ। ਉਨ੍ਹਾਂ ਦਾ ਇਹ ਗੁੱਸਾ ਉਸ ਸਮੇਂ ਕਿੱਥੇ ਗਿਆ ਸੀ ਜਦੋਂ ਆਪਣਾ ਹੱਕ ਮੰਗ ਰਹੇ ਕਿਸਾਨਾਂ 'ਤੇ ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ ਸਨ। ਉਸ ਸਮੇਂ ਇਹ ਵਰਕਰ ਕਿੱਥੇ ਗਏ ਸਨ। ਉਨ੍ਹਾਂ ਨਾਲ ਹੀ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੀ ਲੜਾਈ ਹੁਣ ਸਿਰਫ ਟੀਮ ਅੰਨਾ ਤੱਕ ਹੀ ਸੀਮਤ ਨਹੀਂ ਰਹਿ ਗਈ ਹੈ। ਇਹ ਆਮ ਜਨਤਾ ਦੀ ਲੜਾਈ ਬਣ ਗਈ ਹੈ ਅਤੇ ਆਪਣੇ ਹੱਕ ਲਈ ਜਨਤਾ ਅਜਿਹੇ ਕੰਮ ਕਰਨ ਲਈ ਮਜਬੂਰ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਐਨ. ਸੀ. ਪੀ. ਵਰਕਰਾਂ ਨੇ ਅੰਨਾ ਹਜ਼ਾਰੇ ਦੇ ਪਿੰਡ ਰਾਲੇਗਣ ਸਿੱਧੀ 'ਚ ਪੁੱਜ ਕੇ ਅੰਨਾ ਹਜ਼ਾਰੇ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ।  ਪਰ ਅੰਨਾ ਹਜ਼ਾਰੇ ਨੇ ਪਹਿਲਾਂ ਹੀ ਪਿੰਡ ਵਾਲਿਆਂ ਨੂੰ ਕਿਹਾ ਸੀ ਕਿ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਹੋਣੀ ਚਾਹੀਦੀ ਹੈ।
ਕੱਲ ਪਵਾਰ ਦੇ ਥੱਪੜ ਵੱਜਣ ਤੋਂ ਬਾਅਦ ਐਨ. ਸੀ. ਪੀ. ਵਰਕਰਾਂ ਵਲੋਂ ਅੰਨਾ ਹਜ਼ਾਰੇ ਦੇ ਉਸ ਬਿਆਨ 'ਤੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਜਿਸ 'ਚ ਅੰਨਾ ਹਜ਼ਾਰੇ ਨੇ ਕਿਹਾ ਸੀ ਕਿ ਬੱਸ ਇਕ ਹੀ ਥੱਪੜ ਵੱਜਾ! ਇਸ ਦੇ ਰੋਸ ਵਜੋਂ ਐਨ. ਸੀ. ਪੀ. ਵਰਕਰਾਂ ਨੇ ਅੰਨਾ ਹਜ਼ਾਰੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਸੜਕਾਂ 'ਤੇ ਜਾਮ ਵੀ ਲਗਾ ਦਿੱਤੇ। ਅੰਨਾ ਨੇ ਹਾਲਾਂਕਿ ਬਾਅਦ 'ਚ ਆਪਣਾ ਬਿਆਨ ਬਦਲ ਕੇ ਇਸ ਗੱਲ ਦੀ ਨਿੰਦਾ ਵੀ ਕੀਤੀ ਸੀ ਅਤੇ ਦੇਸ਼ ਦੀ ਜਨਤਾ ਨੂੰ ਕਿਹਾ ਸੀ ਕਿ ਉਹ ਹਿੰਸਾ ਨੂੰ ਛੱਡ ਕੇ ਅਹਿੰਸਾ ਦੇ ਰਸਤੇ 'ਤੇ ਚੱਲਣ ਅਤੇ ਅਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ। ਅੰਨਾ ਦੇ ਬਿਆਨ ਤੋਂ ਬਾਅਦ ਅੱਜ ਉਨ੍ਹਾਂ ਦੇ ਪਿੰਡ ਰਾਲੇਗਣ ਸਿੱਧੀ 'ਚ ਭਾਰੀ ਪੁਲਸ ਫੋਰਸ ਤੈਨਾਤ ਕਰ ਦਿੱਤੀ ਗਈ ਸੀ ਜਿਸ ਕਾਰਨ ਅੱਜ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰ ਸਕੀ।