ਨਵੀਂ ਦਿੱਲੀ, 24 ਨਵੰਬਰ— ਕੇਂਦਰ 'ਚ ਖੇਤਬੀੜੀ ਮੰਤਰੀ ਸ਼ਰਦ ਪਵਾਰ ਨੂੰ ਅੱਜ ਇਕ ਨੌਜਵਾਨ ਨੇ ਚਪੇੜ ਮਾਰ ਦਿੱਤੀ। ਦਿੱਲੀ ਦੇ ਐਨ. ਡੀ. ਐਮ. ਸੀ. ਸੈਟੰਰ 'ਚ ਇਫਕੋ ਦੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਗਏ ਸ਼ਰਦ ਪਵਾਰ ਨੂੰ ਹਰਵਿੰਦਰ ਸਿੰਘ ਨਾਮਕ ਨੌਜਵਾਨ ਨੇ ਚਪੇੜ ਮਾਰੀ। ਜਦੋਂ ਸ਼ਰਦ ਪਵਾਰ ਸਮਾਗਮ 'ਚ ਭਾਸ਼ਣ ਦੇਣ ਤੋਂ ਬਾਅਦ ਬਾਹਰ ਜਾ ਰਹੇ ਸਨ ਤਾਂ ਉਕਤ ਨੌਜਵਾਨ ਨਾਅਰੇਬਾਜ਼ੀ ਕਰਦਾ ਹੋਇਆ ਸ਼ਰਦ ਪਵਾਰ ਕੋਲ ਪੁੱਜਾ ਅਤੇ ਉਸਨੇ ਸ਼ਰਦ ਪਵਾਰ ਦੇ ਜ਼ੋਰ ਦੀ ਚਪੇੜ ਮਾਰ ਦਿੱਤੀ। ਹਾਲਾਂਕਿ ਉਸ ਨੂੰ ਫੜ ਲਿਆ ਗਿਆ ਹੈ। ਹਰਵਿੰਦਰ ਨੇ ਕਿਹਾ ਕਿ ਉਹ ਵਧਦੀ ਮਹਿੰਗਾਈ ਤੋਂ ਨਾਰਾਜ਼ ਹੈ। ਇਹ ਨੇਤਾ ਭਾਸ਼ਣ ਕਰਕੇ ਚਲੇ ਜਾਂਦੇ ਹਨ ਪਰ ਕੋਈ ਕਾਰਵਾਈ ਨਹੀਂ ਕਰਦੇ। ਯਾਦ ਰਹੇ ਕਿ ਹਰਵਿੰਦਰ ਸਿੰਘ ਉਹੀ ਵਿਅਕਤੀ ਹੈ ਜਿਸਨੇ 19 ਨਵੰਬਰ ਨੂੰ ਸੁਖਰਾਮ ਦੇ ਕੋਰਟ ਕੰਪਲੈਕਸ 'ਚ ਚਪੇੜ ਮਾਰੀ ਸੀ।
ਵਾਪਰੀ ਘਟਨਾ : ਪਵਾਰ ਦਿੱਲੀ ਵਿਖੇ ਐੱਨ. ਡੀ. ਐੱਮ. ਸੀ. ਆਡੀਟੋਰੀਅਮ  ਵਿਚ ਆਯੋਜਿਤ ਸ਼੍ਰ੍ਰੀ ਸ਼ੁਕਲ ਯਾਦਗਾਰੀ ਸਮ੍ਰਿਤੀ  ਇਫਕੋ ਸਾਹਿਤ ਸਮਾਰੋਹ ਵਿਚ ਹਿੱਸਾ ਲੈਣ ਪਿੱਛੋਂ ਜਿਵੇਂ ਹੀ ਬਾਹਰ ਨਿਕਲ ਰਹੇ ਸਨ ਤਾਂ ਹਰਵਿੰਦਰ ਸਿੰਘ ਨਾਮੀ ਇਕ ਨੌਜਵਾਨ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਇਸੇ ਨੌਜਵਾਨ ਨੇ ਕੁਝ ਦਿਨ ਪਹਿਲਾਂ ਰੋਹਿਣੀ ਵਿਚ ਸਾਬਕਾ ਦੂਰਸੰਚਾਰ ਮੰਤਰੀ ਸੁਖਰਾਮ 'ਤੇ ਵੀ ਹਮਲਾ ਕੀਤਾ ਸੀ।
ਅਸੰਤੁਲਿਤ ਹੋਏ ਪਵਾਰ : ਨੌਜਵਾਨ ਵਲੋਂ ਥੱਪੜ ਮਾਰੇ ਜਾਣ ਪਿੱਛੋਂ ਸ਼੍ਰ੍ਰੀ ਪਵਾਰ ਕੁਝ ਪਲਾਂ ਲਈ ਅਸੰਤੁਲਿਤ ਹੋ ਗਏ ਅਤੇ ਕੋਈ ਪ੍ਰਤੀਕਿਰਿਆ   ਪ੍ਰਗਟਾਏ ਬਿਨਾਂ  ਆਡੀਟੋਰੀਅਮ ਵਿਚੋਂ ਬਾਹਰ ਆ ਗਏ। ਉਨ੍ਹਾਂ ਬਾਅਦ ਵਿਚ ਕਿਹਾ ਕਿ ਇਹ ਘਟਨਾ ਮੁਰਖਤਾ ਭਰੀ ਹੈ ਅਤੇ ਇਸ 'ਤੇ ਕੁਝ ਕਹਿਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਮੈਂ ਇਸ ਨੌਜਵਾਨ ਨੂੰ ਪੱਤਰਕਾਰਾਂ ਦਰਮਿਆਨ ਖ਼ੜ੍ਹਾ ਵੇਖਿਆ ਸੀ ਅਤੇ ਉਸਨੇ ਇਸ ਗੱਲ ਦਾ ਲਾਭ ਉਠਾ ਲਿਆ ਹੋਵੇਗਾ ਕਿ ਇਥੇ ਸੁਰੱਖਿਆ ਘੱਟ ਹੈ। ਇਸ ਘਟਨਾ ਦੇ ਤੁਰੰਤ ਬਾਅਦ ਉਥੇ ਮੌਜੂਦ ਨਿੱਜੀ ਸੁਰੱਖਿਆ ਗਾਰਡਾਂ ਨੇ ਨੌਜਵਾਨ ਨੂੰ ਫੜ ਲਿਆ। ਉਹ ਕਹਿ ਰਿਹਾ ਸੀ ਕਿ ਪਵਾਰ ਭ੍ਰਿਸ਼ਟ ਹਨ। ਇਕ ਅਧਿਕਾਰੀ ਨੇ ਇਸ ਨੌਜਵਾਨ ਨੂੰ ਕੁਝ ਘਸੁੰਨ ਵੀ ਮਾਰੇ।
ਯੋਜਨਾ ਬਣਾ ਕੇ ਆਇਆ ਸੀ : ਹਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਸ਼੍ਰੀ ਪਵਾਰ ਨੂੰ ਥੱਪੜ ਮਾਰਨ ਦੀ ਯੋਜਨਾ ਬਣਾ ਕੇ ਆਇਆ ਸੀ, ਇਹ ਸਾਰੇ ਭ੍ਰਿਸ਼ਟ ਹਨ। ਉਸਨੇ ਆਪਣੇ ਗਾਤਰੇ ਵਿਚੋਂ ਕ੍ਰਿਪਾਨ ਵੀ ਕੱਢੀ ਤੇ ਕਿਹਾ ਕਿ ਜੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਨਾ ਹੁੰਦਾ ਤਾਂ ਕੁਝ ਵੀ ਭਿਆਨਕ ਹੋ ਸਕਦਾ ਸੀ।
ਹਰਵਿੰਦਰ ਸਿੰਘ ਕੋਲੋਂ ਏਜੰਸੀਆਂ ਵਲੋਂ ਪੁੱਛਗਿੱਛ : ਬਾਅਦ ਵਿਚ ਹਰਵਿੰਦਰ ਸਿੰਘ ਕੋਲੋਂ ਪੁਲਸ ਤੇ ਖੁਫੀਆ ਏਜੰਸੀਆਂ ਨੇ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕੀਤੀ। ਦਿੱਲੀ ਪੁਲਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਹਰਵਿੰਦਰ ਸਿੰਘ ਵਿਰੁੱਧ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ, ਇਸ ਲਈ  ਉਸ ਵਿਰੁੱਧ  ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ ਪਰ ਦਿੱਲੀ ਪੁਲਸ ਤੇ ਖੁਫੀਆ ਏਜੰਸੀਆਂ ਇਹ ਜਾਣਕਾਰੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਕਿ ਉਸਦਾ ਹਮਲੇ ਦਾ ਮਕਸਦ ਕੀ ਸੀ ਅਤੇ ਉਸਨੂੰ ਇਸ ਲਈ ਕਿਸ ਨੇ ਉਕਸਾਇਆ ਸੀ। ਹਰਵਿੰਦਰ ਸਿੰਘ ਆਪਣੇ-ਆਪ ਨੂੰ ਲੋਕਪਾਲ ਬਿੱਲ ਦਾ ਹਮਾਇਤੀ ਦੱਸਦਾ ਸੀ।
ਮਨਮੋਹਨ ਸਿੰਘ ਨੇ ਪੁੱਛਿਆ ਹਾਲ-ਚਾਲ : ਪ੍ਰਧਾਨ  ਮੰਤਰੀ ਡਾ. ਮਨਮੋਹਨ ਸਿੰਘ ਨੇ ਘਟਨਾ ਵਾਪਰਨ ਤੋਂ ਤੁਰੰਤ ਬਾਅਦ ਸ਼ਰਦ ਪਵਾਰ ਦਾ ਹਾਲਚਾਲ ਪੁੱਛਿਆ। ਉਨ੍ਹਾਂ ਇਸ ਹਮਲੇ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਆਪਣੀ ਅਸਹਿਮਤੀ ਪ੍ਰਗਟਾਉਣ ਲਈ ਹਿੰਸਾ ਦਾ ਰਾਹ ਅਖਤਿਆਰ ਕਰਨਾ ਬਿਲਕੁਲ ਗਲਤ ਹੈ। ਉਨ੍ਹਾਂ ਅਜਿਹੇ ਰੁਝਾਨ ਦੇ ਵਾਪਰਨ 'ਤੇ ਦੁੱਖ ਪ੍ਰਗਟਾਇਆ।
ਯਸ਼ਵੰਤ ਦੇ ਬਿਆਨ ਕਾਰਨ ਹੋਇਆ ਹਮਲਾ : ਕਾਂਗਰਸ
ਕਾਂਗਰਸ ਨੇ ਸ਼ਰਦ ਪਵਾਰ 'ਤੇ ਹੋਏ ਹਮਲੇ ਸੰਬੰਧੀ ਟਿੱਪਣੀ ਕਰਦਿਆਂ ਹੈ ਕਿ ਇਹ ਭਾਜਪਾ ਨੇਤਾ ਯਸ਼ਵੰਤ ਸਿਨਹਾ ਦੇ ਬਿਆਨ ਕਾਰਨ ਹੋਇਆ ਹੈ। ਪਾਰਟੀ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਸਿਆਸੀ ਪਾਰਟੀ ਦੇ ਇਸ ਤਰ੍ਹਾਂ ਦੇ ਬਿਆਨ ਲੋਕਰਾਜ ਨੂੰ ਕਮਜ਼ੋਰ ਕਰਦੇ ਹਨ। ਯਸ਼ਵੰਤ ਸਿਨਹਾ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ।  ਉਨ੍ਹਾਂ ਕਿਹਾ ਕਿ ਪਾਰਟੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਿਨਹਾ ਨੇ ਹੁਣੇ ਜਿਹੇ ਹੀ ਕਿਹਾ ਸੀ ਕਿ ਜੇ ਮਹਿੰਗਾਈ 'ਤੇ ਸਰਕਾਰ ਸੁੱਤੀ ਰਹੀ ਅਤੇ ਕੋਈ ਗੰਭੀਰ ਕਦਮ ਨਾ ਚੁੱਕੇ ਗਏ ਤਾਂ ਮਹਿੰਗਾਈ ਦੇਸ਼ ਵਿਚ ਹਿੰਸਾ ਦਾ ਕਾਰਨ ਬਣ ਸਕਦੀ ਹੈ।
ਘਟਨਾ ਨੂੰ ਮੇਰੇ ਬਿਆਨ ਨਾਲ ਜੋ²ੜ ਕੇ ਵੇਖਣਾ ਗਲਤ : ਯਸ਼ਵੰਤ ਸਿਨਹਾ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਸ਼ਰਦ ਪਵਾਰ 'ਤੇ ਹੋਏ ਹਮਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਸ ਘਟਨਾ ਨੂੰ ਉਨ੍ਹਾਂ ਦੇ ਬਿਆਨ ਨਾਲ ਜੋੜ ਕੇ ਦੇਖਿਆ ਜਾਣਾ ਸਰਾਸਰ ਗਲਤ ਹੈ।  ਮੇਰੇ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਬੇਲੋੜੀਆਂ ਹਨ। ਮੇਰੇ ਬਿਆਨ ਦਾ ਇਸ ਘਟਨਾ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਪਵਾਰ ਇਕ ਸਨਮਾਨਿਤ ਨੇਤਾ ਅਤੇ ਸੀਨੀਅਰ ਮੰਤਰੀ ਹਨ। ਉਨ੍ਹਾਂ ਨਾਲ ਇਸ ਤਰ੍ਹਾਂ ਦਾ ਰਵੱਈਆ   ਨਿਖੇਧੀਯੋਗ ਹੈ ਅਤੇ ਇਹ ਕਿਸੇ ਸਿਰਫਿਰੇ ਵਿਅਕਤੀ ਦੀ ਹੀ ਕੋਸ਼ਿਸ਼ ਹੋ ਸਕਦੀ ਹੈ।
ਥੱਪੜ ਮਾਰਨਾ ਕੋਈ ਤਰੀਕਾ ਨਹੀਂ : ਯੇਚੁਰੀ
ਸ਼ਰਦ ਪਵਾਰ ਨੂੰ ਥੱਪੜ ਮਾਰੇ ਜਾਣ ਦੀ ਘਟਨਾ ਨੂੰ ਬੇਲੋੜਾ ਕਰਾਰ ਦਿੰਦੇ ਹੋਏ ਮਾਕਪਾ ਨੇਤਾ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਥੱਪੜ ਮਾਰਨਾ ਕੋਈ ਤਰੀਕਾ ਨਹੀਂ ਅਤੇ ਜੇ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਆਪਣੀ ਆਵਾਜ਼ ਉਠਾਓ ਅਤੇ ਉਸ 'ਤੇ ਚਰਚਾ ਕਰੋ। ਮਹਿੰਗਾਈ ਨੂੰ ਲੈ ਕੇ ਲੋਕਾਂ ਵਿਚ ਕਾਫੀ ਗੁੱਸਾ ਹੈ, ਕਿਉਂਕਿ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਯੇਚੁਰੀ ਨੇ ਕਿਹਾ ਕਿ ਸੰਸਦ ਦੇ ਤਿੰਨ ਸੈਸ਼ਨਾਂ ਤੋਂ ਸਰਕਾਰ ਅਤੇ ਭਾਜਪਾ ਦੀ ਮਿਲੀਭੁਗਤ ਚੱਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਸਦ ਵਿਚ ਸੱਤਾ ਧਿਰ ਮੈਂਬਰ ਹੀ ਕਾਰਵਾਈ ਵਿਚ ਰੁਕਾਵਟ ਪੈਦਾ ਕਰ ਰਹੇ ਹਨ।