* ਰਾਮੂਵਾਲੀਆ ਸਿਆਸਤ ਦੇ ਚੱਲੇ ਹੋਏ ਕਾਰਤੂਸ
* 2007 'ਚ ਲੋਕ ਭਲਾਈ ਪਾਰਟੀ ਨੂੰ ਸਿਰਫ 0.36 ਫੀਸਦੀ ਵੋਟਾਂ ਮਿਲੀਆਂ

ਜਲੰਧਰ, 24 ਨਵੰਬਰ (ਧਵਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਡੁਬਦੀ ਬਾਦਲ ਸਰਕਾਰ ਨੂੰ ਹੁਣ ਤਿਣਕੇ ਦਾ ਸਹਾਰਾ ਵੀ ਨਹੀਂ ਹੈ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਇਕ ਡੁਬਦੇ ਵਿਅਕਤੀ ਵਾਂਗ ਹਨ ਅਤੇ ਉਹ ਅੰਤਿਮ ਸਮੇਂ ਵਿਚ ਆਪਣੀ ਹੋਂਦ ਨੂੰ ਬਚਾਉਣ ਲਈ ਸਭ ਕੁਝ ਦਾਅ 'ਤੇ ਲਾਉਣ ਲਈ ਤਿਆਰ ਹਨ, ਇਸੇ ਲਈ ਉਨ੍ਹਾਂ ਬਲਵੰਤ ਸਿੰਘ ਰਾਮੂਵਾਲੀਆ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ ਹੈ। ਉਨ੍ਹਾਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਾਮੂਵਾਲੀਆ   ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਕੇ ਉਹ ਖੁਦ ਸੱਤਾ ਵਿਚ  ਆਉਣ ਦਾ ਸੁਪਨਾ ਨਾ ਵੇਖਣ। ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ  ਨੂੰ  2002 ਵਿਚ ਹੋਈਆਂ ਚੋਣਾਂ ਦੌਰਾਨ 1. 17 ਅਤੇ 2007 ਵਿਚ ਹੋਈਆਂ ਚੋਣਾਂ ਦੌਰਾਨ 0.36 ਫੀਸਦੀ ਵੋਟਾਂ ਮਿਲੀਆਂ ਸਨ। ਹੁਣ 2012 ਵਿਚ ਤਾਂ ਉਨ੍ਹਾਂ ਦਾ ਬਿਲਕੁਲ ਸਫਾਇਆ ਤੈਅ ਸੀ, ਇਸ ਲਈ ਉਹ ਖੁਦ ਨੂੰ ਬਚਾਉਣ ਲਈ ਅਕਾਲੀ ਦਲ 'ਚ ਚਲੇ ਗਏ।  ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਅਜੇ ਆਪਣੀ ਵਿਧਾਨ ਸਭਾ  ਸੀਟ ਨੂੰ ਵੇਖ ਕੇ ਨਿਸ਼ਚਿੰਤ ਨਹੀਂ ਹਨ ਕਿ ਉਹ ਕਿਥੋਂ ਚੋਣ ਲੜਨਗੇ। ਬਾਦਲ ਆਪਣੇ ਤੇ ਆਪਣੇ ਪੁੱਤਰ ਸੁਖਬੀਰ ਲਈ ਸੁਰੱਖਿਅਤ ਸੀਟ ਦੀ ਭਾਲ ਕਰ ਰਹੇ ਹਨ। ਮੰਦਭਾਗੀ  ਗੱਲ ਹੈ ਕਿ ਬਾਦਲ ਨੇ  70 ਸਾਲ ਸਿਆਸਤ ਵਿਚ ਬਿਤਾਏ ਹਨ ਅਤੇ ਉਹ ਚਾਰ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਹਨ   ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਲਈ ਕੋਈ ਸੁਰੱਖਿਅਤ ਸੀਟ ਨਹੀਂ ਮਿਲ ਰਹੀ।
ਕੈਪਟਨ ਨੇ ਕਿਹਾ ਕਿ ਰਾਮੂਵਾਲੀਆ ਸਿਆਸਤ ਵਿਚ ਚਲੇ ਹੋਏ ਕਾਰਤੂਸ ਵਾਂਗ ਹਨ ਜਿਨ੍ਹਾਂ ਦਾ ਕੋਈ ਲੋਕ ਆਧਾਰ ਨਹੀਂ। ਸੁਖਬੀਰ ਵਲੋਂ ਪੰਜਾਬ ਵਿਚ 50 ਸਾਲ ਰਾਜ ਕਰਨ ਦਾ ਮਜ਼ਾਕ ਉਡਾਉਂਦਿਆਂ ਕੈਪਟਨ ਨੇ ਕਿਹਾ ਕਿ ਕਦੇ ਸੁਖਬੀਰ 25 ਸਾਲ ਦੀ ਗੱਲ ਕਰਦੇ ਹਨ ਤੇ ਕਦੇ 50 ਸਾਲ ਦੀ । ਸੁਖਬੀਰ ਦੀ ਮਾਨਸਿਕ ਹਾਲਤ ਦਾ ਇਸ ਸਮੇਂ ਕੋਈ  ਵੀ ਵਿਅਕਤੀ ਆਸਾਨੀ ਨਾਲ ਅਨੁਮਾਨ ਲਗਾ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਵੀ ਨਜ਼ਰ ਆ ਰਿਹਾ ਹੈ ਕਿ ਸੱਤਾ ਉਨ੍ਹਾਂ ਹੱਥੋਂ ਜਾ ਰਹੀ ਹੈ। ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦਿਆਂ ਹੀ ਸੁਖਬੀਰ ਨੂੰ ਪਤਾ ਲੱਗ ਜਾਵੇਗਾ ਕਿ ਸਰਕਾਰ ਦੇ ਦਿਨ ਕਿੰਨੇ ਰਹਿ ਗਏ ਹਨ।