Sunday, November 20, 2011

ਬਾਦਲਾਂ ਲਈ ਮੁਸੀਬਤ ਬਣਿਆ ਵਰਲਡ ਕਬੱਡੀ ਕੱਪ





Friday, 18 November 2011
ਚੰਡੀਗੜ੍ਹ
ਵਿਧਾਨ ਸਭਾ ਚੋਣਾਂ ਤੋਂ ਦੋ ਕੁ ਮਹੀਨੇ ਪਹਿਲਾਂ ਰਾਜਨੀਤਕ ਲਾਹਾ ਲੈਣ ਦੀ ਸੋਚ ਪਾਲ ਕੇ ਕਰਵਾਇਆ ਗਿਆ ਦੂਜਾ ਵਿਸ਼ਵ ਕਬੱਡੀ ਕੱਪ ਹੁਣ ਬਾਦਲਾਂ ਲਈ ਮੁਸੀਬਤ ਬਣ ਗਿਆ ਹੈ। ਦੂਜੇ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਦੌਰਾਨ ਬਾਦਲ ਪਿਓ-ਪੁੱਤਰ ਦੀ, ਖਾਸਕਰ ਸੁਖਬੀਰ ਸਿੰਘ ਬਾਦਲ ਦੀ ਜੋ ਬੱਲੇ ਬੱਲੇ ਹੁੰਦੀ ਨਜ਼ਰ ਆ ਰਹੀ ਸੀ ਉਹ ਕੱਪ ਦੇ ਆਖਰੀ ਦੌਰ ਵਿਚ ਦਾਖਲ ਹੁੰਦਿਆਂ ਥੱਲੇ ਥੱਲੇ ਹੋ ਗਈ। ਨਸ਼ਿਆਂ ਨੂੰ ਠੱਲ੍ਹਣ ਦੇ ਨਾਂ ਨਾਲ ਕਰੋੜਾਂ ਦੀ ਹੋਈ ਕਬੱਡੀ ਦਾ ਮੁੱਲ ਵੱਟਣ ਲਈ ਅਕਾਲੀ ਦਲ ਵੱਲੋਂ ਕਰਵਾਏ ਇਸ ਵਿਸ਼ਵ ਕਬੱਡੀ ਕੱਪ ਨੂੰ ਸਭ ਤੋਂ ਪਹਿਲਾ ਡੰਗ ਨਸ਼ਿਆਂ ਨੇ ਹੀ ਮਾਰਿਆ। ਕੱਪ ਸ਼ੁਰੂ ਹੋਣ ਤੋਂ ਪਹਿਲਾਂ ਦਰਜਨਾਂ ਭਾਰਤੀ ਕਬੱਡੀ ਖਿਡਾਰੀ ਜਿਹਨਾਂ ਵਿਚ ਬਹੁ ਗਿਣਤੀ ਪੰਜਾਬ ਦੀ ਸੀ, ਡੋਪਿੰਗ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਟੀਮ ਦਾ ਹਿੱਸਾ ਨਾ ਬਣ ਸਕੇ। ਫਿਰ ਲਗਾਤਾਰ ਕੈਨੇਡਾ, ਅਮਰੀਕਾ, ਆਸਟਰੇਲੀਆ ਸਣੇ ਹੋਰ ਟੀਮਾਂ ਦੇ ਖਿਡਾਰੀ ਡੋਪਿੰਗ ਕਾਰਨ ਖੇਡ ਮੈਦਾਨ ਤੋਂ ਬਾਹਰ ਹੁੰਦੇ ਰਹੇ ਤੇ ਕਬੱਡੀ ਕੱਪ 'ਤੇ ਡੋਪਿੰਗ ਦਾ ਦਾਗ ਵਧਣ ਲੱਗਾ। ਆਖਰ ਆਸਟਰੇਲੀਆ ਦੀ ਟੀਮ ਕੱਪ ਤੋਂ ਬਾਹਰ ਹੋ ਗਈ ਤੇ ਇਕ ਵੱਖਰੇ ਜਿਹੇ ਵਿਵਾਦ ਨੂੰ ਜਨਮ ਦੇ ਕੇ ਅਮਰੀਕਾ ਨੇ ਵੀ ਮੈਦਾਨ ਛੱਡ ਦਿੱਤਾ। ਚਾਹੇ ਸਭ ਕੁਝ ਖੇਡ ਨਿਯਮਾਂ ਅਨੁਸਾਰ ਹੋਇਆ ਹੋਵੇ ਪਰ ਚਰਚੇ ਇਹੋ ਹਨ ਕਿ ਸਿਰਫ ਤੇ ਸਿਰਫ ਪਾਕਿਸਤਾਨ ਨਾਲ ਭਾਰਤ ਦਾ ਫਾਈਨਲ ਮੁਕਾਬਲਾ ਕਰਵਾਉਣ ਲਈ ਅਮਰੀਕਾ ਅਤੇ ਕੈਨੇਡਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅਮਰੀਕੀ ਖਿਡਾਰੀ ਖੁੱਲ੍ਹੇਆਮ ਮੀਡੀਆ ਸਾਹਮਣੇ ਇਹ ਦੋਸ਼ ਵੀ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਪ੍ਰਬੰਧਕਾਂ ਦੇ ਮੱਥੇ 'ਤੇ ਮੜ੍ਹ ਗਏ। ਇਨ੍ਹਾਂ ਵਿਵਾਦਾਂ ਨੇ ਲੋਕਾਂ ਦੇ ਮਨਾਂ ਵਿਚ ਕਬੱਡੀ ਪ੍ਰਤੀ ਵਧੇ ਉਤਸ਼ਾਹ ਨੂੰ ਥੋੜ੍ਹੀ ਜਿਹੀ ਸੱਟ ਮਾਰੀ। ਇਸਦੇ ਨਾਲ ਜੋ ਨਵੇਂ ਸਵਾਲ ਖੜ੍ਹੇ ਹੋਏ ਉਹ ਇਹੋ ਸਨ ਕਿ ਜੇਕਰ ਖਿਡਾਰੀ ਹੀ ਨਸ਼ਿਆਂ ਦੀ ਆੜ ਲੈ ਕੇ ਖੇਡਦੇ ਹਨ ਤਾਂ ਇਹ ਵੱਡੇ ਵੱਡੇ ਖੇਡ ਮੇਲੇ ਨਵੀਂ ਅਤੇ ਅਗਾਊਂ ਨੌਜਵਾਨ ਪੀੜ੍ਹੀ ਨੂੰ ਕੀ ਸੇਧ ਦੇਣਗੇ। ਦੂਸਰਾ ਇਹ ਕਿ ਜੇਕਰ ਪਾਕਿਸਤਾਨ ਨਾਲ ਫਾਈਨਲ ਕਰਵਾਉਣ ਲਈ ਸੱਚ ਹੀ ਸਾਜਿਸ਼ ਰਚੀ ਗਈ ਤਾਂ ਫਿਰ ਕਿਤੇ ਇਸਦਾ ਅਕਾਲੀ ਦਲ ਨੂੰ ਉਲਟਾ ਨੁਕਸਾਨ ਨਾ ਹੋ ਜਾਵੇ। ਕਿਉਂਕਿ ਜਿਹੜੀਆਂ ਟੀਮਾਂ ਬਾਦਲ ਦਲ ਨਾਲ ਇਸ ਕਬੱਡੀ ਕੱਪ ਦੌਰਾਨ ਰੁੱਸ ਗਈਆਂ ਹਨ ਉਹਨਾਂ ਦੇ 99 ਫੀਸਦੀ ਖਿਡਾਰੀ ਪੰਜਾਬ ਨਾਲ ਸਬੰਧਤ ਹਨ ਤੇ ਇਨ੍ਹਾਂ ਖਿਡਾਰੀਆਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸੱਜਣ ਮਿੱਤਰ ਵੀ ਅਕਾਲੀ ਦਲ ਦੇ ਖਿਲਾਫ ਭੁਗਤ ਸਕਦੇ ਹਨ। ਅਖੀਰ ਵਿਚ ਸਾਰੇ ਕੀਤੇ ਕਰਾਏ ਦੀ ਲੱਸੀ ਉਸ ਵਕਤ ਹੋ ਗਈ ਜਦੋਂ ਭਾਰਤੀ ਕਬੱਡੀ ਖਿਡਾਰਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੇਸ਼ੱਕ ਇਹ ਇਕ ਅਣਹੋਣੀ ਘਟਨਾ ਹੈ ਪਰ ਪੀੜਤਾਂ ਦੇ ਨਾਲ ਨਾਲ ਇਸਦਾ ਦਰਦ ਅਕਾਲੀ ਦਲ ਨੂੰ ਵੀ ਸਹਿਣਾ ਪੈ ਸਕਦਾ ਹੈ।  

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>