ਰਾਮੂਵਾਲੀਆ ਨੇ ਖੁਦ ਕੀਤਾ ਐਲਾਨ, ਰਾਮੂਵਾਲੀਆ ਨਾਲ ਸਾਡਾ ਰਿਸ਼ਤਾ ਕੋਈ ਨਵਾਂ ਨਹੀਂ : ਬਾਦਲ
ਪੰਜਾਬ ਦੀ ਸੱਤਾ 'ਤੇ 50 ਸਾਲ ਰਾਜ ਕਰਾਂਗੇ : ਸੁਖਬੀਰ

ਦੇਤਵਾਲ (ਲੁਧਿਆਣਾ), 23 ਨਵੰਬਰ (ਸਲੂਜਾ/ ਕਾਲੀਆ)-ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅੱਜ ਉਸ ਸਮੇਂ ਰਾਜਸੀ ਤੌਰ 'ਤੇ ਬਲ ਮਿਲਿਆ। ਜਦੋਂ ਦੁਨੀਆ 'ਚ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦੇ ਆ ਰਹੇ  ਸਾਬਕਾ ਕੇਂਦਰੀ ਮੰਤਰੀ ਤੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਸੂਬੇ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਦੀ ਮੌਜੂਦਗੀ ਵਿਚ ਆਪਣੀ ਪਾਰਟੀ ਦੇ ਅਕਾਲੀ ਦਲ 'ਚ ਰਲੇਵੇਂ ਦਾ ਐਲਾਨ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਭਲਾਈ ਪਾਰਟੀ ਦੇ ਵਰਕਰਾਂ ਦੀ ਸਹਿਮਤੀ 'ਤੇ ਪ੍ਰਵਾਨਗੀ ਉਪਰੰਤ ਰਾਮੂਵਾਲੀਆ ਨੇ ਬਹੁਤ ਹੀ ਜਜ਼ਬਾਤੀ ਤਕਰੀਰ ਦੌਰਾਨ ਦੱਸਿਆ ਕਿ ਉਹ ਅਕਾਲੀ ਦਲ ਨਾਲੋਂ 27 ਨਵੰਬਰ 1989 ਨੂੰ ਅਲੱਗ ਹੋਏ ਪਰ ਕਿਸੇ ਵੀ ਹੋਰ ਪਾਰਟੀ 'ਚ ਸ਼ਾਮਲ ਨਹੀਂ ਹੋਏ। ਸੀਨੀਅਰ ਤੇ ਜੂਨੀਅਰ ਬਾਦਲ ਨੂੰ ਜ਼ੁਬਾਨ ਦੇ ਪੱਕੇ, ਨੇਕ ਕਹਿ ਕੇ ਸਤਿਕਾਰ ਭੇਟ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਉਹ ਪੰਥਕ ਏਕਤਾ ਚਾਹੁੰਦੇ ਹਨ। ਪੰਜਾਬ ਦਾ ਵਿਕਾਸ ਹੋਵੇ, ਹਰ ਇਕ ਨੂੰ ਰੁਜ਼ਗਾਰ ਤੇ ਨਿਆਂ ਮਿਲੇ। ਐੱਨ. ਆਰ. ਆਈਜ਼ ਦੀਆਂ  ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਹੋਵੇ। ਢਾਡੀ ਸਿੰਘਾਂ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਰਪਸ ਫੰਡ ਸਥਾਪਤ ਕਰੇ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੋਰੇ ਕਾਗਜ਼ 'ਤੇ ਦਸਤਖਤ ਕਰਕੇ ਦੇ ਦਿੱਤੇ ਹਨ ਕਿ ਉਨ੍ਹਾਂ ਸਮੇਤ ਉਨ੍ਹਾਂ ਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ  ਨੂੰ ਢੁੱਕਵਾਂ ਸਨਮਾਨ ਦਿੱਤਾ ਜਾਵੇਗਾ। ਰਾਮੂਵਾਲੀਆ ਨੇ ਕਿਹਾ ਕਿ ਉਹ 7 ਨਵੰਬਰ 2011 ਨੂੰ 15 ਸੂਤਰੀ ਪ੍ਰੋਗਰਾਮ 'ਤੇ ਸ. ਬਾਦਲ ਵਲੋਂ ਸਹਿਮਤੀ ਪ੍ਰਗਟਾਉਣ ਉਪਰੰਤ ਹੀ ਅੱਜ ਲੋਕ ਭਲਾਈ ਪਾਰਟੀ ਨੂੰ ਭੰਗ ਕਰਨ ਦਾ ਐਲਾਨ ਕਰਦੇ ਹਨ।

ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ. ਬਲਵੰਤ ਸਿੰਘ ਰਾਮੂਵਾਲੀਆ ਨਾਲ ਸਾਡਾ ਕੋਈ ਨਵਾਂ ਰਿਸ਼ਤਾ ਨਹੀਂ ਹੈ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੰਨੇ ਵਰ੍ਹੇ ਪਾਰਟੀ ਤੋਂ ਦੂਰ ਰਹਿ ਕੇ ਕਿਸੇ ਹੋਰ ਪਾਰਟੀ 'ਚ ਸ਼ਾਮਲ ਨਹੀਂ ਹੋਏ। ਬਲਕਿ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਚ ਹਜ਼ਾਰਾਂ ਵਰਕਰਾਂ ਸਮੇਤ ਸ਼ਾਮਲ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਅਤੇ 1984 ਦੇ ਦਿੱਲੀ ਸਿੱਖ ਕਤਲੇਆਮ ਲਈ ਸਿੱਧੇ ਤੌਰ 'ਤੇ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ। ਦੇਸ਼ ਦੇ ਕੇਂਦਰੀ ਅੰਨ ਭੰਡਾਰ ਵਿਚ 60 ਫੀਸਦੀ ਯੋਗਦਾਨ ਪੰਜਾਬ ਦਾ ਹੈ। ਉਨ੍ਹਾਂ ਨੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਸਮੇਤ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਅਕਾਲੀ ਦਲ ਦੀਆਂ ਸੱਜੀਆਂ-ਖੱਬੀਆਂ ਬਾਹਾਂ ਬਣਨ ਤਾਂ ਜੋ ਕਾਂਗਰਸ ਦਾ ਰਾਜਸੀ ਤੌਰ 'ਤੇ ਸਫਾਇਆ ਕਰਕੇ ਇਕ ਵਾਰ ਫਿਰ ਤੋਂ ਪੰਜਾਬ ਅੰਦਰ ਲੋਕਾਂ ਦੀ ਆਪਣੀ ਸਰਕਾਰ ਬਣਾ ਸਕੀਏ।
ਉਨ੍ਹਾਂ ਕਿਹਾ ਕਿ ਜਿਥੇ ਉਹ ਪਹਿਲਾਂ ਇਹ ਐਲਾਨ ਕਰ ਚੁੱਕੇ ਹਨ ਕਿ ਅਕਾਲੀ ਦਲ ਪੰਜਾਬ ਅੰਦਰ 25 ਵਰ੍ਹੇ ਰਾਜ ਕਰੇਗਾ, ਉਥੇ ਅੱਜ ਲੋਕ ਭਲਾਈ ਪਾਰਟੀ ਦੇ ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਇਹ ਦਾਅਵਾ ਕਰ ਸਕਦੇ ਹਨ ਕਿ ਹੁਣ ਘੱਟੋ-ਘੱਟ 50 ਸਾਲ ਅਸੀਂ ਰਾਜ ਕਰਾਂਗੇ।  ਉਨ੍ਹਾਂ ਕਿਹਾ ਕਿ ਅੱਜ ਦੀ ਇਸ ਵਿਸ਼ਾਲ ਰੈਲੀ ਤੋਂ ਸੂਬੇ ਅੰਦਰ ਚੋਣਾਵੀ ਜੰਗ ਸ਼ੁਰੂ ਹੋ ਚੁੱਕੀ ਹੈ। ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਰਾਮੂਵਾਲੀਆ  ਅਤੇ ਅਵਤਾਰ ਸਿੰਘ ਮੁੱਲਾਂਪੁਰੀ ਸਮੇਤ ਲੋਕ ਭਲਾਈ ਦੀ ਸੀਨੀਅਰ ਲੀਡਰਸ਼ਿਪ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ 'ਚ ਸਿਰੋਪੇ ਭੇਟ ਕਰਕੇ ਸਨਮਾਨਤ ਕਰਦਿਆਂ ਇਹ ਵੀ ਵਾਅਦਾ ਦੁਹਰਾਇਆ ਕਿ ਪਾਰਟੀ 'ਚ ਪੂਰਾ ਸਨਮਾਨ ਦੇਵਾਂਗੇ। ਇਸ ਮੌਕੇ ਸਾਬਕਾ ਸੰਸਦ ਮੈਂਬਰ ਗੁਰਚਰਨ ਸਿੰਘ ਗਾਲਿਬ, ਸੈਰ-ਸਪਾਟਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਇਯਾਲੀ, ਮਦਨ ਲਾਲ ਬੱਗਾ, ਸੰਤਾ ਸਿੰਘ ਉਮੈਦਪੁਰੀ, ਅਮਰਜੀਤ ਸਿੰਘ ਭਾਟੀਆ, ਕੁਲਵਿੰਦਰ ਸਿੰਘ ਦਹੀਂ ਅਤੇ ਸਤੀਸ਼ ਢਾਂਡਾ ਆਦਿ ਮੌਜੂਦ ਸਨ।