ਨਥਾਣਾ, 22 ਨਵੰਬਰ (ਬੱਜੋਆਣੀਆਂ)-ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਗੋਬਿੰਦਪੁਰਾ ਵਿਖੇ ਸਾਂਝੇ ਮੋਰਚੇ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਦੇ ਲੋਕ ਬੀਤੇ 64 ਸਾਲਾਂ ਤੋਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਅਜ਼ਮਾਉਂਦੇ ਆ ਰਹੇ ਹਨ ਪਰ ਇਨ੍ਹਾਂ ਦੇ ਰਾਜਕਾਲ ਨੇ ਬੇਰੁਜ਼ਗਾਰੀ, ਕੰਗਾਲੀ, ਰਿਸ਼ਵਤਖੋਰੀ ਤੇ ਕਾਣੀ ਵੰਡ ਤੋਂ ਬਿਨਾਂ ਕੁਝ ਵੀ ਲੋਕਾਂ ਦੇ ਪੱਲੇ ਨਹੀਂ ਪਾਇਆ। ਸਾਬਕਾ ਖਜ਼ਾਨਾ ਮੰਤਰੀ ਅਤੇ ਸਾਂਝੇ ਮੋਰਚੇ ਦੇ ਆਗੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਪੰਜਾਬ ਵਿਚ ਖਜ਼ਾਨਾ ਮੰਤਰੀ ਦੇ ਅਹੁਦੇ 'ਤੇ ਹੁੰਦਿਆਂ ਪੰਜਾਬ ਦੀ ਇਹ ਤਰਾਸਦੀ ਸਹਿਣ ਨਹੀਂ ਕਰ ਸਕਿਆ ਅਤੇ ਪੰਜਾਬ 'ਚੋਂ ਲੋਟੂ ਨਿਜ਼ਾਮ ਦਾ ਖਾਤਮਾ ਕਰਨ ਲਈ ਕੰਡਿਆਂ ਵਾਲੇ ਰਾਹ 'ਤੇ ਤੁਰ ਪਿਆ ਹੈ।  ਇਸ ਮੌਕੇ  ਕਾਮੇਡੀ ਕਲਾਕਾਰ ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਰਾਜ ਸਰਕਾਰ ਵਲੋਂ ਖਜ਼ਾਨਾ ਖਾਲੀ ਵਿਖਾਉਣ ਕਾਰਨ ਗਰੀਬ ਲੋਕ ਮਿਆਰੀ ਵਿੱਦਿਆ ਅਤੇ ਇਲਾਜ ਤੋਂ ਸੱਖਣੇ ਮਰ ਰਹੇ ਹਨ, ਕਿਸਾਨਾਂ ਦੀਆਂ ਜਿਣਸਾਂ ਰੁਲ ਰਹੀਆਂ ਹਨ, ਬੇਰੋਜ਼ਗਾਰ ਨੌਜਵਾਨ ਹੱਥਾਂ ਵਿਚ ਡਿਗਰੀਆਂ ਫੜੀ ਪੁਲਸ ਦੀਆਂ ਡਾਂਗਾਂ ਖਾ ਰਹੇ ਹਨ ਪਰ ਦੂਜੇ ਪਾਸੇ ਕਬੱਡੀ ਕੱਪ ਦੇ ਨਾਂ ਹੇਠ ਕਰੋੜਾਂ ਰੁਪਏ ਫਿਲਮੀ ਕਲਾਕਾਰਾਂ ਅਤੇ ਆਤਿਸ਼ਬਾਜ਼ੀਆਂ ਦੇ ਲੇਖੇ ਲਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਬੱਡੀ ਦਾ ਖੋਜੀ ਸੁਖਬੀਰ ਬਾਦਲ ਨਹੀਂ ਸਗੋਂ ਇਹ ਖੇਡ ਤਾਂ ਇਥੇ ਪੁਸ਼ਤਾਂ ਤੋਂ ਖੇਡੀ ਜਾ ਰਹੀ ਹੈ। ਇਸ ਇਕੱਠ ਨੂੰ ਸੀ. ਪੀ. ਆਈ. ਦੇ ਜ਼ਿਲਾ ਸਕੱਤਰ ਜਗਜੀਤ ਸਿੰਘ ਜੋਗਾ, ਸੰਤੋਖ ਸਿੰਘ ਰਿਆੜ ਅਤੇ ਜਗਜੀਤ ਸਿੰਘ ਸਿੱਧੂ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਸਾਂਝੇ ਮੋਰਚੇ ਵਿਚ ਸ਼ਾਮਿਲ ਹੋਏ ਸੈਂਕੜੇ ਵਰਕਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।