ਦੋਦਾ, ਕੋਟਭਾਈ 19 ਨਵੰਬਰ (ਜਸਵੰਤ ਗਿੱਲ) = ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਮਾਂ ਪਾਰਟੀ ਨਾਲ ਧ੍ਰੋਹ ਕਰਦਿਆਂ ਕੇਂਦਰ ਦੀ ਕਾਂਗਰਸ ਸਰਕਾਰ ਨਾਲ ਸਮਝੌਤੇਬਾਜੀ ਕਰਕੇ ਅਕਾਲੀ ਭਾਜਪਾ ਸਰਕਾਰ ਨੂੰ ਡੇਗਣ ਦੀ ਨਕਾਮ ਕੋਸ਼ਿਸ਼ ਕੀਤੀ ਸੀ। ਇਹ ਖੁਲਾਸਾ ਕਰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਖ਼ਜਾਨਾ ਮੰਤਰੀ ਪ੍ਰਣਬ ਮੁਖਰਜੀ ਨੇ ਮਨਪ੍ਰੀਤ ਬਾਦਲ ਨੂੰ ਲਾਲਚ ਦਿੱਤਾ ਸੀ ਕਿ ਜੇਕਰ ਉਹ ਅਕਾਲੀ ਦਲ ਦੇ 25-30 ਵਿਧਾਇਕ ਤੋੜ ਲਵੇ ਤਾਂ ਕਾਂਗਰਸ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਵੇਗੀ। ਪਰ ਸ਼੍ਰੋਮਣੀ ਅਕਾਲੀ ਦਲ ਦਾ ਸਤਿਕਾਰ ਕਰਨ ਵਾਲੇ ਵਿਧਾਇਕਾਂ ਵਿਚੋਂ ਕਿਸੇ ਨੇ ਉਸ ਨੂੰ ਮੂੰਹ ਨਹੀਂ ਲਾਇਆ ਅਤੇ ਜਦ ਉਹ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਕੋਲ ਗਿਆ ਤਾਂ ਉਨ੍ਹਾਂ ਵੀ ਮੁਕਰਨ ਵੇਲੇ ਦੇਰ ਨਹੀਂ ਲਗਾਈ। ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਗਿੱਦੜਬਾਹਾ ਦੇ ਪਿੰਡਾਂ ਖਿੜਕੀਆਂ ਵਾਲਾ, ਭੁੱਟੀਵਾਲਾ, ਹਰੀਕੇ ਕਲਾਂ, ਸਮਾਘ, ਸੂਰੇ ਵਾਲਾ, ਆਸਾ ਬੁੱਟਰ, ਕਾਉਣੀ ਅਤੇ ਗੂੜੀ ਸੰਗਰ ਵਿਖੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਹਲਕਾ ਗਿੱਦੜਬਾਹਾ ਨਾਲ ਬਾਦਲ ਪਰਿਵਾਰ ਦੀ ਨਿੱਘੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ
ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਨੂੰ ਇੱਥੇ ਆਉਣ ਹੀ ਨਹੀਂ ਦਿੱਤਾ। ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਮਨਪ੍ਰੀਤ ਬਾਦਲ ਨੂੰ ਉਨ੍ਹਾਂ ਤੋਂ ਵੀ ਵਧੇਰੇ ਪਿਆਰ ਦਿੱਤਾ ਅਤੇ ਸਿਆਸਤ ਵਿਚ ਲੈ ਕੇ ਆਉਣ ਵਿਚ ਵੀ ਮਨਪ੍ਰੀਤ ਬਾਦਲ ਨੂੰ ਹੀ ਪਹਿਲ ਦਿੱਤੀ ਸੀ। ਪਰ ਮਨਪ੍ਰੀਤ ਸਿੰਘ ਬਾਦਲ ਆਪਣੇ ਸੌੜੇ ਸਿਆਸੀ ਹਿੱਤਾ ਕਾਰਨ ਸ: ਬਾਦਲ ਦੀ ਪਿੱਠ ਵਿਚ ਛੁਰਾ ਮਾਰ ਗਿਆ ਅਤੇ ਉਸਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਆਪਣੇ ਹਲਕੇ ਦੇ ਲੋਕਾਂ ਤੋਂ ਵੀ ਮੁੰਹ ਮੋੜ ਲਿਆ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੀ ਕਹਿਣੀ ਅਤੇ ਕਰਨੀ ਵਿਚ ਫਰਕ ਹੈ, ਇਸੇ ਕਾਰਨ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਸਨੇ ਲੋਕ ਭਲਾਈ ਸਕੀਮਾਂ ਦੇ ਹੱਕ ਵਿਚ ਲੋਕਾਂ ਤੋਂ ਫਤਵਾ ਲਿਆ ਪਰ ਸਰਕਾਰ ਬਣਦੇ ਹੀ ਕਾਂਗਰਸ ਦੇ ਹੱਥਾਂ ਵਿਚ ਖੇਡਦਿਆਂ ਆਪਣੀ ਹੀ ਸਰਕਾਰ ਨੂੰ ਅਸਥਿਰ ਕਰਨ ਹਿੱਤ ਲੋਕ ਭਲਾਈ ਦੀਆਂ ਸਕੀਮਾਂ ਅਤੇ ਸਬਸਿਡੀਆਂ ਦਾ ਵਿਰੋਧ ਕਰਨ ਲੱਗਿਆ ਅਤੇ ਇਸੇ ਅਧਾਰ ‘ਤੇ ਪਾਰਟੀ ਤੱਕ ਛੱਡ ਗਿਆ ਪਰ ਹੁਣ ਫਿਰ ਕਹਿਣ ਲੱਗ ਪਿਆ ਹੈ ਕਿ ਉਹ ਇਹ ਅਜਿਹੀਆਂ ਸਕੀਮਾਂ ਦੇ ਪੱਖ ਵਿਚ ਹੈ।